ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ: ਸੱਚ, ਸੇਵਾ ਅਤੇ ਆਜ਼ਾਦੀ ਦੇ ਮਹਾਯੋਧੇ
Sunday, Nov 23, 2025 - 06:10 PM (IST)
ਭਾਰਤ ਦਾ ਇਤਿਹਾਸ ਉਨ੍ਹਾਂ ਮਹਾਨ ਹਸਤੀਆਂ ਦੇ ਬਲੀਦਾਨ, ਸੱਚ ਅਤੇ ਹਿੰਮਤ ਨਾਲ ਰੌਸ਼ਨ ਹੈ, ਜਿਨ੍ਹਾਂ ਨੇ ਮਨੱੁਖਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਕ ਅਜਿਹੀ ਬ੍ਰਹਮ ਸ਼ਖਸੀਅਤ ਸਨ, ਜਿਨ੍ਹਾਂ ਦਾ ਜੀਵਨ ਦਰਸ਼ਨ ਅਤੇ ਬਲੀਦਾਨ ਅੱਜ ਵੀ ਸੰਪੂਰਨ ਮਨੁੱਖੀ ਸੱਭਿਅਤਾ ਨੂੰ ਰਸਤਾ ਦਿਖਾਉਣ ਵਾਲਾ ਚਾਨਣਮੁਨਾਰਾ ਹੈ। ਉਹ ਸਿਰਫ ਇਕ ਭਾਈਚਾਰੇ ਦੇ ਗੁਰੂ ਨਹੀਂ ਸਨ ਸਗੋਂ ਸਮੁੱਚੇ ਭਾਰਤ ਦੀ ਆਤਮਾ ਦੇ ਰੱਖਿਅਕ ਸਨ। ਇਸ ਲਈ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਗਿਆ ਜੋ ਧਰਮ, ਆਸਥਾ ਅਤੇ ਮਨੁੱਖਤਾ ਦੀ ਰੱਖਿਆ ਕਰਨ ਵਾਲੀ ਉਹ ਢਾਲ ਸਨ, ਜਿਸ ਦੀ ਚਮਕ ਸਦੀਆਂ ਬਾਅਦ ਵੀ ਓਨੀ ਹੀ ਉੱਜਵਲ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ, 1621 ਨੂੰ ਅੰਮ੍ਰਿਤਸਰ ’ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ’ਚ ਧਿਆਨ, ਚਿੰਤਨ, ਨਿਮਰਤਾ ਅਤੇ ਤਿਆਗ ਦੇ ਗੁਣ ਸਹਿਜ ਰੂਪ ਨਾਲ ਮੌਜੂਦ ਸਨ। ਮੁੱਢਲਾ ਨਾਂ ‘ਤਿਆਗ ਮੱਲ’ ਸੀ ਪਰ ਯੁੱਧ ’ਚ ਦਿਖਾਈ ਅਦੁੱਤੀ ਵੀਰਤਾ ਕਾਰਨ ਉਨ੍ਹਾਂ ਦਾ ਨਾਂ ‘ਤੇਗ ਬਹਾਦਰ’ ਭਾਵ ਤਲਵਾਰ ਦੇ ਧਨੀ ਪਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਪੂਰੇ ਉੱਤਰ ਭਾਰਤ ’ਚ ਵਿਆਪਕ ਯਾਤਰਾਵਾਂ ਕੀਤੀਆਂ। ਪੰਜਾਬ, ਬਿਹਾਰ, ਬੰਗਾਲ, ਅਸਾਮ ਅਤੇ ਹਿਮਾਲਿਆ ਤੱਕ ਫੈਲੇ ਇਨ੍ਹਾਂ ਦੌਰਿਆਂ ਦਾ ਮੂਲ ਉਦੇਸ਼ ਸੀ ਮਨੁੱਖ ਨੂੰ ਜਾਤ-ਪਾਤ, ਊਚ-ਨੀਚ ਅਤੇ ਸੌੜੀ ਸੋਚ ਤੋਂ ਉਪਰ ਉਠਾ ਕੇ ਮਨੁੱਖੀ ਧਰਮ ਅਪਣਾਉਣ ਦਾ ਸੰਦੇਸ਼ ਦੇਣਾ। ਉਨ੍ਹਾਂ ਦੀ ਬਾਣੀ ’ਚ ਜੀਵਨ ਦੀ ਅਸਥਿਰਤਾ, ਡਰ ਤੋਂ ਮੁਕਤੀ, ਸੱਚ ਦੇ ਰਾਹ ’ਤੇ ਅਡੋਲ ਰਹਿਣ ਅਤੇ ਵੈਰਾਗ ਦੇ ਮਹੱਤਵ ਦਾ ਅਨੋਖਾ ਸੰਗਮ ਮਿਲਦਾ ਹੈ।
ਉਨ੍ਹਾਂ ਦੇ 116 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹਨ ਜਿਨ੍ਹਾਂ ’ਚ ਮਨੁੱਖੀ ਮਨ ਦੀਆਂ ਕਮਜ਼ੋਰੀਆਂ, ਗੁੱਸਾ, ਲੋਭ, ਮੋਹ ਅਤੇ ਹੰਕਾਰ ’ਤੇ ਡੂੰਘਾ ਹਮਲਾ ਹੈ।
1664 ’ਚ ਗੁਰੂ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦਾ ਜੀਵਨ ਸਮਾਜ ਲਈ ਹੋਰ ਵੀ ਸਮਰਪਿਤ ਹੋ ਗਿਆ। ਇਹ ਉਹੀ ਦੌਰ ਸੀ ਜਦੋਂ ਸਮਰਾਟ ਔਰੰਗਜ਼ੇਬ ਨੇ ਪੂਰੇ ਭਾਰਤ ’ਚ ਜਬਰੀ-ਧਰਮ ਤਬਦੀਲੀ ਦੀ ਨੀਤੀ ਲਾਗੂ ਕੀਤੀ ਹੋਈ ਸੀ, ਮੰਦਰ ਤੋੜੇ ਜਾ ਰਹੇ ਸਨ। ਧਾਰਮਿਕ ਆਜ਼ਾਦੀ ਕੁਚਲੀ ਜਾ ਰਹੀ ਸੀ ਅਤੇ ਸਭ ਤੋਂ ਜ਼ਿਆਦਾ ਅੱਤਿਆਚਾਰ ਕਸ਼ਮੀਰ ਦੇ ਹਿੰਦੂ ਪੰਡਿਤਾਂ ’ਤੇ ਹੋ ਰਿਹਾ ਸੀ। ਅੱਤਿਆਚਾਰਾਂ ਤੋਂ ਤੰਗ ਕਸ਼ਮੀਰੀ ਪੰਡਿਤਾਂ ਦਾ ਇਕ ਵਫਦ ਅਨੰਦਪੁਰ ਸਾਹਿਬ ਪਹੁੰਚਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰੱਖਿਆ ਦੀ ਅਪੀਲ ਕੀਤੀ। ਇਹ ਪਲ ਭਾਰਤੀ ਇਤਿਹਾਸ ਦਾ ਅਨੋਖਾ ਅਧਿਆਏ ਹੈ ਜਦੋਂ ਇਕ ਭਾਈਚਾਰਾ ਦੂਜੇ ਭਾਈਚਾਰੇ ਤੋਂ ਆਪਣੀ ਆਸਥਾ ਦੀ ਰੱਖਿਆ ਲਈ ਸਮਰਥਨ ਮੰਗ ਰਿਹਾ ਸੀ ਅਤੇ ਉਹ ਸਮਰਥਨ ਉਨ੍ਹਾਂ ਨੂੰ ਮੁਕੰਮਲ ਨਿਡਰਤਾ ਅਤੇ ਦਇਆ ਨਾਲ ਪ੍ਰਾਪਤ ਹੋਇਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਿਹਾ ਕਿ ਧਰਮ ਦੀ ਰੱਖਿਆ ਲਈ ਜੇਕਰ ਕਿਸੇ ਇਕ ਦੇ ਬਲੀਦਾਨ ਦੀ ਲੋੜ ਹੈ ਤਾਂ ਤੇਗ ਬਹਾਦਰ ਤਿਆਰ ਹੈ। ਉਨ੍ਹਾਂ ਨੇ ਆਪਣੇ 9 ਸਾਲਾ ਪੁੱਤਰ ਗੋਬਿੰਦ ਰਾਏ ਤੋਂ ਪੁੱਛਿਆ ਕਿ ਇਸ ਸਮੇਂ ਮਨੁੱਖਤਾ ਦੀ ਰੱਖਿਆ ਲਈ ਕੌਣ ਬਲੀਦਾਨ ਦੇ ਸਕਦਾ ਹੈ। ਬਾਲਗ ਗੋਬਿੰਦ ਰਾਏ ਦਾ ਇਹ ਜਵਾਬ ਇਤਿਹਾਸ ’ਚ ਦਰਜ ਹੋ ਗਿਆ-‘‘ਪਿਤਾ ਜੀ! ਤੁਹਾਡੇ ਤੋਂ ਵੱਧ ਕੇ ਕੌਣ ਹੋਵੇਗਾ?’’ ਇਸ ਜਵਾਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫੈਸਲੇ ਨੂੰ ਸ਼ਹਾਦਤ ਦੇ ਅਮਰ ਰਾਹ ਵੱਲ ਅੱਗੇ ਤੌਰ ਦਿੱਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਔਰੰਗਜ਼ੇਬ ਉਨ੍ਹਾਂ ਨੂੰ ਮੁਸਲਮਾਨ ਬਣਾ ਲਏ ਤਾਂ ਪੂਰੇ ਹਿੰਦੂ ਸਮਾਜ ਦੀ ਧਰਮ ਤਬਦੀਲੀ ਸੰਭਵ ਹੋ ਜਾਵੇਗੀ। ਇਹ ਚੁਣੌਤੀ ਔਰੰਗਜ਼ੇਬ ਦੀਆਂ ਨੀਤੀਆਂ ਦੇ ਵਿਰੁੱਧ ਸਭ ਤੋਂ ਵੱਡਾ ਵਿਰੋਧ ਸੀ, ਜਿਸ ਨੇ ਮੁਗਲ ਸੱਤਾ ਨੂੰ ਨੈਤਿਕ ਤੌਰ ’ਤੇ ਝਿੰਜੋੜ ਦਿੱਤਾ।
ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦਿੱਲੀ ਲਿਆਂਦੇ ਗਏ। ਤਿੰਨਾਂ ਸਾਥੀਆਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਅਖੀਰ 24 ਨਵੰਬਰ, 1675 ਨੂੰ ਚਾਂਦਨੀ ਚੌਕ ’ਚ ਜਿੱਥੇ ਅੱਜ ਸੀਸਗੰਜ ਗੁਰਦੁਆਰਾ ਸਥਿਤ ਹੈ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਤਕ ਤੌਰ ’ਤੇ ਸੀਸ ਕਲਮ ਕਰ ਦਿੱਤਾ ਗਿਆ। ਇਹ ਬਲੀਦਾਨ ਸਿਰਫ ਧਾਰਮਿਕ ਇਤਿਹਾਸ ਹੀ ਨਹੀਂ ਮਨੁੱਖੀ ਇਤਿਹਾਸ ਦੀ ਵੀ ਅਦੁੱਤੀ ਉਦਾਹਰਣ ਹੈ, ਜਿੱਥੇ ਕਿਸੇ ਨੇ ਆਪਣੇ ਧਰਮ ਲਈ ਨਹੀਂ ਸਗੋਂ ਦੂਜੇ ਧਰਮ ਦੀ ਰੱਖਿਆ ਲਈ ਆਪਣੇ ਪ੍ਰਾਣ ਵਾਰ ਦਿੱਤੇ।
ਉਹ ਹਿੰਦੂ ਧਰਮ ਦੇ ਰੱਖਿਅਕ ਕਹਿਲਾਏ ਪਰ ਅਸਲੀਅਤ ਇਹ ਹੈ ਕਿ ਉਹ ਮਨੁੱਖੀ ਧਰਮ ਦੇ ਸੱਚੇ ਰੱਖਿਅਕ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਬਰੀ ਧਰਮ ਤਬਦੀਲੀ ਨੂੰ ਆਪਣੀ ਹਿੰਮਤ ਨਾਲ ਰੋਕਿਆ ਅਤੇ ਆਪਣੀ ਸ਼ਹਾਦਤ ਦੇ ਕੇ ਲੋਕਾਂ ’ਚ ਆਪਣੇ ਧਰਮ ਅਤੇ ਪ੍ਰੰਪਰਾਵਾਂ ਪ੍ਰਤੀ ਦ੍ਰਿੜ੍ਹ ਆਸਥਾ ਜਗਾਈ।
ਅੱਜ ਦਾ ਭਾਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦਰਸ਼ਾਂ ਨੂੰ ਨਵੇਂ ਯੁੱਗ ਦੀ ਸ਼ਕਤੀ ਦੇ ਰੂਪ ’ਚ ਦੇਖਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 400ਵੇਂ ਪ੍ਰਕਾਸ਼ ਪੁਰਬ ਨੂੰ ਰਾਸ਼ਟਰੀ ਆਯੋਜਨ ਦਾ ਰੂਪ ਦੇ ਕੇ ਗੁਰੂ ਪ੍ਰੰਪਰਾ ਨੂੰ ਸੰਸਾਰਕ ਸ਼ਾਨ ਪ੍ਰਦਾਨ ਕੀਤੀ। ਲਾਲ ਕਿਲੇ ਦੀ ਫਸੀਲ ਤੋਂ ਆਯੋਜਿਤ ਵਿਸ਼ਾਲ ਪ੍ਰੋਗਰਾਮ ’ਚ ਉਨ੍ਹਾਂ ਨੇ ਗੁਰੂ ਜੀ ਦੇ ਬਲੀਦਾਨ ਨੂੰ ਭਾਰਤੀ ਆਤਮਾ ਦੀ ਸਰਵਉੱਚ ਉਦਾਹਰਣ ਦੱਸਿਆ। ਇਸ ਮੌਕੇ 100 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਗਈ, ਜੋ ਰਾਸ਼ਟਰ ਵਲੋਂ ਗੁਰੂ ਪ੍ਰੰਪਰਾ ਨੂੰ ਸਨਮਾਨ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ ਰਿਕਾਰਡ ਸਮੇਂ ’ਚ ਖੋਲ੍ਹ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਪ੍ਰੰਪਰਾ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਸ਼ਵ ਇਤਿਹਾਸ ’ਚ ਅਜਿਹੀ ਮਿਸਾਲ ਵਿਰਲੀ ਹੈ, ਜਿੱਥੇ ਕਿਸੇ ਨੇ ਆਪਣੀ ਆਸਥਾ ਤੋਂ ਪਰ੍ਹੇ ਜਾ ਕੇ ਦੂਜਿਆਂ ਦੇ ਧਰਮ ਦੀ ਰੱਖਿਆ ਲਈ ਪ੍ਰਾਣ ਤਿਆਗੇ ਹੋਣ।
ਅੱਜ ਜਦੋਂ ਵਿਸ਼ਵ ਧਾਰਮਿਕ ਅੱਤਵਾਦ, ਸੌੜੀ ਸੋਚ, ਹਿੰਸਾ ਅਤੇ ਅਸਹਿਣਸ਼ੀਲਤਾ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਹੋਰ ਵੀ ਪ੍ਰਾਸੰਗਿਕ ਹੋ ਜਾਂਦੀਆਂ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂ ਭਾਰਤ ਦੀ ਰਾਸ਼ਟਰੀ ਚੇਤਨਾ ’ਚ ਉਸ ਚਾਨਣਮੁਨਾਰੇ ਵਾਂਗ ਹੈ ਜੋ ਹਨੇਰੇ ਅਤੇ ਡਰ ਦੇ ਸਾਹਮਣੇ ਵੀ ਕਦੇ ਮੱਧਮ ਨਹੀਂ ਪੈਂਦਾ। ਉਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਧਰਮ ਸਿਰਫ ਪੂਜਾ ਨਹੀਂ ਸਗੋਂ ਮਨੁੱਖਤਾ ਦੀ ਰੱਖਿਆ ਦਾ ਸੰਕਲਪ ਹੈ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੋਟਿਨ-ਕੋਟਿ ਨਮਨ।
–ਤਰੁਣ ਚੁੱਘ
(ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)
