ਅੱਤਵਾਦ ਦੇ ਅਜਿਹੇ ਵਿਆਪਕ ਤੰਤਰ ਨਾਲ ਕਿਵੇਂ ਨਜਿੱਠੀਏ

Tuesday, Nov 25, 2025 - 04:37 PM (IST)

ਅੱਤਵਾਦ ਦੇ ਅਜਿਹੇ ਵਿਆਪਕ ਤੰਤਰ ਨਾਲ ਕਿਵੇਂ ਨਜਿੱਠੀਏ

ਦਿੱਲੀ ਲਾਲ ਕਿਲਾ ਅੱਤਵਾਦੀ ਕਾਰ ਧਮਾਕੇ ਦੀ ਛਾਣਬੀਣ ਤੋਂ ਆ ਰਹੀਆਂ ਜਾਣਕਾਰੀਆਂ ਨੇ ਪੂਰੇ ਦੇਸ਼ ਵਿਚ ਡਰ ਅਤੇ ਸਨਸਨੀ ਪੈਦਾ ਕੀਤੀ ਹੋਈ ਹੈ। ਹੁਣ ਤਕ ਦੀਆਂ ਜਾਣਕਾਰੀਆਂ ਦੱਸ ਰਹੀਆਂ ਹਨ ਕਿ ਜੇਕਰ ਅੱਤਵਾਦ ਦਾ ਇਹ ਮਾਡਿਊਲ ਸਫਲ ਹੋ ਗਿਆ ਹੁੰਦਾ ਤਾਂ ਦੇਸ਼ ਵਿਚ ਜਗ੍ਹਾ-ਜਗ੍ਹਾ ਅਣਗਿਣਤ ਧਮਾਕੇ ਹੁੰਦੇ ਅਤੇ ਉਸ ਨਾਲ ਹੋਣ ਵਾਲੇ ਮਨੁੱਖੀ ਅਤੇ ਸੰਪੱਤੀਆਂ ਦੇ ਨੁਕਸਾਨ ਦਾ ਤਾਂ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।

ਸੱਚ ਕਹੀਏ ਤਾਂ ਅੱਤਵਾਦ ਦੇ ਦੌਰ ਦੀ ਸ਼ੁਰੂਆਤ ਤੋਂ ਹੁਣ ਤਕ ਪੂਰੇ ਦੇਸ਼ ਵਿਚ ਤਬਾਹੀ ਪੈਦਾ ਕਰਨ ਦਾ ਇਹ ਸਭ ਤੋਂ ਵੱਡਾ ਤੰਤਰ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਧਮਾਕੇ ਲਈ 32 ਕਾਰਾਂ ਦੀ ਿਵਵਸਥਾ ਕੀਤੀ ਗਈ ਸੀ, ਜਿਨ੍ਹਾਂ ਵਿਚੋਂ ਕਈ ਬਰਾਮਦ ਹੋ ਚੁੱਕੀਆਂ ਹਨ। ਇਨ੍ਹਾਂ ਕਾਰਾਂ ਦੇ ਇਲਾਵਾ ਵੱਖ-ਵੱਖ ਤਰੀਕਿਆਂ ਨਾਲ ਵੀ ਧਮਾਕਿਆਂ ਦੀ ਤਿਆਰੀ ਸੀ। ਉਨ੍ਹਾਂ ਤਿਆਰੀਆਂ ਦੀ ਇਕ ਉਦਾਹਰਣ ਦੇਖੋ। ਕਾਰ ਧਮਾਕੇ ’ਚ ਆਤਮਘਾਤੀ ਬਣਿਆ ਉਮਰ-ਉਨ-ਨਬੀ ਦੇ ਜੰਮੂ-ਕਸ਼ਮੀਰ ਅਨੰਤਨਾਗ ਦੇ ਕਾਜੀਗੁੰਡਾ ਦੇ ਗ੍ਰਿਫਤਾਰ ਸਾਥੀ ਜਸੀਰ-ਬਿਲਾਲ ਵਾਨੀ ਉਰਫ ਦਾਨਿਸ਼ ਤੋਂ ਪਤਾ ਲੱਗਾ ਹੈ ਕਿ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਕੀਤੇ ਗਏ ਡਰੋਨ ਅਤੇ ਰਾਕੇਟ ਨਾਲ ਹਮਲੇ ਦਾ ਮੁੜ ਦੁਹਰਾਅ ਕਰਨ ਦੀ ਵੀ ਤਿਆਰੀ ਸੀ। ਉਸ ਨੂੰ ਛੋਟੇ ਡਰੋਨ ਹਥਿਆਰ ਬਣਾਉਣ ਅਤੇ ਉਨ੍ਹਾਂ ਨੂੰ ਮੋਡੀਫਾਈ ਕਰਨ ਦਾ ਤਕਨੀਕੀ ਤਜਰਬਾ ਹੈ।

ਉਸ ਨੇ ਡਾ. ਉਮਰ ਨੂੰ ਤਕਨੀਕੀ ਮਦਦ ਦਿੱਤੀ ਅਤੇ ਉਹ ਭੀੜ-ਭਾੜ ਵਾਲੇ ਇਲਾਕੇ ਵਿਚ ਡਰੋਨ ਰਾਹੀਂ ਬੰਬ ਡੇਗਣ ਦੀ ਯੋਜਨਾ ਨੂੰ ਸਾਕਾਰ ਕਰਨ ਲਈ ਡਰੋਨ ਅਤੇ ਰਾਕੇਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਧਮਾਕੇ ਵਿਚ ਵਰਤੀ ਕਾਰ ਖਰੀਦਣ ਲਈ ਦਿੱਲੀ ਆਇਆ ਰਾਸ਼ਿਦ ਅਲੀ ਵੀ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਅਸਲ ’ਚ ਹੁਣ ਦੀ ਛਾਣਬੀਣ ਸਾਨੂੰ ਕਈ ਪਹਿਲੂਆਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਵੀ ਮਜਬੂਰ ਕਰਦੀ ਹੈ। ਹੁਣ ਤਕ ਇਸ ਭਿਆਨਕ ਅੱਤਵਾਦੀ ਮਾਡਿਊਲ ’ਚ 6 ਅਜਿਹੇ ਸ਼ਾਮਲ ਡਾਕਟਰ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ਦਾ ਦਿਮਾਗ ਇਲਾਜ ਵਿਚ ਕੁਝ ਚੰਗਾ ਕਰਨ ਦੀ ਬਜਾਏ ਮਜ਼੍ਹਬ ਦੇ ਨਾਂ ’ਤੇ ਹਮਲਾ, ਹੱਤਿਆ ਅਤੇ ਤਬਾਹੀ ਪੈਦਾ ਕਰਨ ਦੀ ਦਿਸ਼ਾ ਵਿਚ ਹੀ ਲੱਗਾ ਸੀ। ਇਨ੍ਹਾਂ ਨੇ ਅਚਾਨਕ ਕਾਰ ਧਮਾਕਾ ਨਹੀਂ ਕੀਤਾ ਸਗੋਂ ਪਹਿਲਾਂ ਤੋਂ ਕੋਸ਼ਿਸ਼ ਚੱਲ ਰਹੀ ਸੀ। 6 ਦਸੰਬਰ ਨੂੰ ਅਯੁੱਧਿਆ ਤੋਂ ਲੈ ਕੇ ਅਨੇਕ ਥਾਵਾਂ ’ਤੇ ਧਮਾਕਾ ਕਰਨ ਅਤੇ ਉਸ ਤੋਂ ਬਾਅਦ ਇਸ ਦੀ ਲੜੀ ਕਾਇਮ ਰੱਖਣ ਦੀ ਤਿਆਰੀ ਕੀਤੀ ਗਈ ਸੀ।

ਅਲ ਫਲਾਹ ਯੂਨੀਵਰਸਿਟੀ ਤੋਂ ਗ੍ਰਿਫਤਾਰ ਕੀਤੇ ਡਾ. ਮੁਜੱਮਿਲ ਗਨਈ ਦੇ ਮੋਬਾਈਲ ਫੋਨ ਤੋਂ ਪ੍ਰਾਪਤ ਡੰਪ ਡੇਟਾ ਤੋਂ ਪਤਾ ਲੱਗਾ ਹੈ ਕਿ ਉਸ ਨੇ ਅਤੇ ਉਮਰ ਨੇ ਇਸ ਸਾਲ ਜਨਵਰੀ ਵਿਚ ਲਾਲ ਕਿਲੇ ਖੇਤਰ ਦੀ ਕਈ ਵਾਰ ਰੇਕੀ ਕੀਤੀ ਸੀ। ਇਹ ਰੇਕੀ ਗਣਤੰਤਰ ਦਿਵਸ ’ਤੇ ਇਸ ਨੂੰ ਨਿਸ਼ਾਨਾ ਬਣਾਉਣ ਦੀ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਉਸ ਸਮੇਂ ਖੇਤਰ ਦੀ ਸਖਤ ਸੁਰੱਖਿਆ ਵਿਵਵਸਥਾ ਦੇ ਕਾਰਨ ਇਹ ਅਜਿਹਾ ਨਹੀਂ ਕਰ ਸਕੇ। ਉੱਚ ਸਿੱਖਿਅਤ ਹੋਣ ਦੇ ਕਾਰਨ ਇਹ ਕਿਸ ਤਰ੍ਹਾਂ ਹਰ ਕਿਸਮ ਦੀ ਤਕਨੀਕ ਨੂੰ ਸਮਝ ਕੇ ਉਸ ਦੀ ਵਰਤੋਂ ਕਰ ਪਾਉਂਦੇ ਸਨ ਇਸ ਦਾ ਪ੍ਰਮਾਣ ਵੀ ਦੇਖੋ।

ਉਮਰ-ਉਨ-ਨਬੀ, ਡਾ. ਮੁਜੱਮਿਲ ਗਨਈ ਅਤੇ ਡਾ. ਸ਼ਹੀਨ ਸ਼ਾਹਿਦ ਨੇ ਸਵਿਟਜ਼ਰਲੈਂਡ ਦੇ ‘ਥ੍ਰੀਮਾ’ ਨਾਂ ਦੇ ਅਨਕ੍ਰਿਪਟਿਡ ਐਪ ਨਾਲ ਗੱਲਬਾਤ ਕੀਤੀ ਸੀ। ਇਸੇ ਐਪ ਦੇ ਜ਼ਰੀਏ ਉਹ ਧਮਾਕੇ ਦੀ ਯੋਜਨਾ, ਨਕਸ਼ੇ ਸਮੇਤ ਜ਼ਰੂਰੀ ਦਸਤਾਵੇਜ਼ ਅਤੇ ਜਾਣਕਾਰੀਆਂ ਸਾਂਝੀਆਂ ਕਰ ਰਹੇ ਸਨ। ‘ਥ੍ਰੀਮਾ’ ਐਪ ਫੋਨ ਨੰਬਰ ਜਾਂ ਈ-ਮੇਲ ਦੇ ਬਿਨਾਂ ਕੰਮ ਕਰਦਾ ਹੈ ਅਤੇ ਹਰ ਯੂਜ਼ਰਸ ਨੂੰ ਇਕ ਯੂਨੀਕ ਆਈ. ਡੀ. ਦਿੰਦਾ ਹੈ, ਜਿਸ ਨਾਲ ਉਸ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਅਤੇ ਤੁਹਾਡੇ ਵਿਚੋਂ ਕਿੰਨੇ ਲੋਕਾਂ ਨੇ ਥ੍ਰੀਮਾ ਐਪ ਦਾ ਨਾਂ ਸੁਣਿਆ ਹੈ ਜਾਂ ਵਰਤੋਂ ਵਿਚ ਲਿਆਂਦਾ ਹੈ? ਪਤਾ ਨਹੀਂ। ਅਜੇ ਇਸ ਵਿਚ ਹੋਰ ਕੀ-ਕੀ ਜਾਣਕਾਰੀਆਂ ਸਾਹਮਣੇ ਆਉਣਗੀਆਂ, ਡਾਕਟਰ ਬਣਨ ਵਾਲਾ ਕੋਈ ਵਿਅਕਤੀ ਵਿਦਿਆਰਥੀ ਦੇ ਰੂਪ ਵਿਚ ਥੋੜ੍ਹਾ ਹੁਸ਼ਿਆਰ ਤਾਂ ਹੋਵੇਗਾ ਹੀ।

ਇਮਰਾਨ ਮਸੂਦ ਵਰਗੇ ਨੇਤਾ ਇਨ੍ਹਾਂ ਨੂੰ ਭਟਕਿਆ ਹੋਇਆ ਦੱਸ ਦੇਣ ਜਾਂ ਹੁਸੈਨ ਦਿਲਵਈ ਵਰਗੇ ਮੁਸਲਿਮ ਨੇਤਾ ਕਹਿਣ ਕਿ ਚੋਣਾਂ ਤੋ ਪਹਿਲਾਂ ਹੀ ਧਮਾਕਾ ਕਿਉਂ ਹੁੰਦਾ ਹੈ, ਇਹ ਕਿਹਾ ਜਾਏ ਕਿ ਤੁਸੀਂ ਇਸ ਨੂੰ ਇਸਲਾਮੀ ਅੱਤਵਾਦ ਨਾ ਕਹੋ ਤਾਂ ਕੀ ਉੱਤਰ ਦਿੱਤਾ ਜਾ ਸਕਦਾ ਹੈ? ਪੁਲਸ ਦੀ ਛਾਣਬੀਣ ਵਿਚ ਉਨ੍ਹਾਂ ਤੋਂ ਪਹਿਲਾਂ ਕਿਸੇ ਅਪਰਾਧੀ ਨਾਲ ਸੰਪਰਕ ਆਦਿ ਦੀ ਵੀ ਜਾਣਕਾਰੀ ਨਹੀਂ ਹੈ। ਇਕ ਡਾਕਟਰ ਨੂੰ ਸਮਾਜ ਵਿਚ ਇੱਜ਼ਤ ਮਿਲਦੀ ਹੈ ਅਤੇ ਉਸ ਦੀਆਂ ਸਰਗਰਮੀਆਂ ’ਤੇ ਆਮ ਤੌਰ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਆਖਿਰ ਕਾਨਪੁਰ ਵਿਚ ਕਿਸ ਨੇ ਸੋਚਿਆ ਹੋਵੇਗਾ ਕਿ ਡਾਕਟਰ ਸ਼ਾਹੀਨ ਸ਼ਾਹਿਦ ਜੈਸ਼-ਏ-ਮੁਹੰਮਦ ਦੀ ਇੰਨੀ ਵੱਡੀ ਅੱਤਵਾਦੀ ਹੋਵੇਗੀ ਅਤੇ ਉਸ ਦੇ ਕੋਲ ਇਕ ਏ-ਕੇ-47 ਵਰਗਾ ਹਥਿਆਰ ਹੋਵੇਗਾ? ਸਾਹਮਣੇ ਆਇਆ ਹੈ ਕਿ ਧਮਾਕੇ ਲਈ 20 ਤੋਂ 25 ਲੱਖ ਇਕੱਠੇ ਕਰਨ ਵਿਚ ਉਸ ਦੀ ਮੁੱਖ ਭੂਮਿਕਾ ਸੀ। ਇਸ ਵਿਚ ਹਰਿਆਣਾ ਅਤੇ ਪੰਜਾਬ ਤੋਂ ਲੈ ਕੇ ਦਿੱਲੀ, ਗੁਜਰਾਤ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਤਕ ਆਸਾਨੀ ਨਾਲ ਲੋਕ ਅੱਤਵਾਦੀ ਬਣ ਜਾਂਦੇ ਹਨ ਤਾਂ ਇਸ ਦਾ ਕਾਰਨ ਸਮਝਣ ਲਈ ਪੁਲਾੜ ਵਿਗਿਆਨੀ ਹੋਣਾ ਜ਼ਰੂਰੀ ਨਹੀਂ ਹੈ।

ਬਗੈਰ ਸਥਾਨਕ ਅਤੇ ਪਰਿਵਾਰ ਦੇ ਲੋਕਾਂ ਦੇ ਸਹਿਯੋਗ ਦੇ ਇੰਨਾ ਵੱਡਾ ਤੰਤਰ ਖੜ੍ਹਾ ਹੋ ਹੀ ਨਹੀਂ ਸਕਦਾ। ਫਰੀਦਾਬਾਦ ਦੀ ਧੌਜ ਮਸਜਿਦ ਦੇ ਇਮਾਮ ਇਸ਼ਤਿਆਕ ਅਤੇ ਸਿਰੋਹੀ ਮਸਜਿਦ ਦੇ ਇਮਾਮ ਇਮਾਮੂਦੀਨ ਜੇਕਰ ਅੱਤਵਾਦੀ ਇਸਲਾਮ ਦਾ ਕੰਮ ਜਾਂ ਜੇਹਾਦ ਮੰਨ ਕੇ ਉਨ੍ਹਾਂ ਦੀ ਮਦਦ ਕਰ ਰਹੇ ਸਨ ਤਾਂ ਕਿਉਂ। ਇਨ੍ਹਾਂ ਨੇ ਮਿਲ ਕੇ ਪੂਰੀ ਅਲ ਫਲਾਹ ਯੂਨੀਵਰਸਿਟੀ ਨੂੰ ਹੀ ਅੱਤਵਾਦ ਦੇ ਵੱਡੇ ਕੇਂਦਰ ਵਿਚ ਬਦਲ ਦਿੱਤਾ ਸੀ। ਪਠਾਨਕੋਟ ਤੋਂ ਗ੍ਰਿਫਤਾਰ ਡਾ. ਰਈਸ ਅਹਿਮਦ ਵੀ ਪਹਿਲਾਂ ਅਲ ਫਲਾਹ ਯੂਨੀਵਰਸਿਟੀ ਵਿਚ ਕੰਮ ਕਰਦਾ ਸੀ।

ਅਜੇ ਤਕ ਇਕ ਮਾਡਿਊਲ ਸਾਡੇ ਸਾਹਮਣੇ ਆਇਆ ਹੈ। ਯਕੀਨ ਕਰੋ ਕਿ ਅਜਿਹੇ ਕਈ ਮਾਡਿਊਲ ਦੇਸ਼ ਦੀਆਂ ਅਲੱਗ-ਅਲੱਗ ਥਾਵਾਂ ’ਤੇ ਸਰਗਰਮ ਹੋ ਕੇ ਸਾਜ਼ਿਸ਼ਾਂ ਨੂੰ ਅੰਜ਼ਾਮ ਦੇਣ ਵਿਚ ਸ਼ਾਮਲ ਹੋਣਗੇ। ਕਿਸੇ ਤਰ੍ਹਾਂ ਉਹ ਕੁਝ ਕਰਨ ਵਿਚ ਸਫਲ ਹੋਏ ਜਾਂ ਸਾਜ਼ਿਸ਼ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਫੜੇ ਗਏ ਤਾਂ ਫਿਰ ਸਮੂਹਿਕ ਪ੍ਰਤੀਕਿਰਿਆ ਅਜਿਹੀ ਹੀ ਹੋਵੇਗੀ।

ਅਵਧੇਸ਼ ਕੁਮਾਰ


author

Rakesh

Content Editor

Related News