ਮਾਊਸ ਦੇ ਸਾਹਮਣੇ ਪੈੱਨ ਨੂੰ ਭੁੱਲ ਗਏ ਵਿਦਿਆਰਥੀ
Tuesday, Nov 25, 2025 - 04:44 PM (IST)
ਪਿਛਲੇ ਦਿਨੀਂ ਅਮਰੀਕਾ ਵਿਚ ਪੜ੍ਹਾਉਣ ਵਾਲੇ ਇਕ ਪ੍ਰੋਫੈਸਰ ਨੇ ਇਕ ਦਿਲਚਸਪ ਕਿੱਸਾ ਦੱਸਿਆ। ਉਨ੍ਹਾਂ ਨੇ ਆਪਣੇ ਵਿਦਿਆਰਥੀ ਨੂੰ ਇਕ ਲੇਖ ਲਿਖਣ ਲਈ ਇਕ ਵਿਸ਼ਾ ਦਿੱਤਾ। ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸਾਰੇ ਵਿਦਿਆਰਥੀਆਂ ਨੇ ਇਕੋ ਜਿਜਹਾ ਲਿਖਿਆ ਸੀ। ਇਥੋਂ ਤਕ ਕਿ ਸ਼ੁਰੂਆਤ ਅਤੇ ਅੰਤ ਵੀ ਲਗਭਗ ਇਕੋ ਜਿਹੇ ਸਨ। ਉਨ੍ਹਾਂ ਨੂੰ ਸਮਝਦਿਆਂ ਦੇਰ ਨਹੀਂ ਲੱਗੀ ਕਿ ਵਿਦਿਆਰਥੀਆਂ ਨੇ ਵਿਸ਼ੇ ਨੂੰ ਚੈਟ ਜੀ. ਪੀ. ਟੀ. ਵਿਚ ਫੀਡ ਕੀਤਾ ਹੋਵੇਗਾ ਅਤੇ ਉਥੋਂ ਹੀ ਨਕਲ ਕਰ ਕੇ ਲਿਖ ਦਿੱਤਾ । ਇਸ ਨਾਲ ਉਨ੍ਹਾਂ ਦੇ ਕੰਨ ਖੜ੍ਹੇ ਹੋ ਗਏ। ਇਸ ਤਰ੍ਹਾਂ ਤਾਂ ਵਿਦਿਆਰਥੀ ਕੁਝ ਸਿੱਖ ਹੀ ਨਹੀਂ ਰਹੇ। ਨਾ ਉਨ੍ਹਾਂ ਨੂੰ ਕੁਝ ਯਾਦ ਹੋ ਰਿਹਾ ਹੈ। ਇਸ ਦੇ ਬਾਅਦ ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਟੈਸਟ ਤੋਂ ਪਹਿਲਾਂ ਉਹ ਆਪਣੇ ਮੋਬਾਈਲ ਤੇ ਲੈਪਟਾਪ ਜਮ੍ਹਾ ਕਰਵਾ ਦੇਣ ਅਤੇ ਦੂਜਾ ਪ੍ਰਸਤਾਵ ਆਪਣੇ ਹੱਥ ਨਾਲ ਲਿਖਣ ਪਰ ਵਿਦਿਆਰਥੀਆਂ ਨੂੰ ਇਹ ਤਰੀਕਾ ਬਿਲਕੁਲ ਪਸੰਦ ਨਹੀਂ ਆਇਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹੱਥ ਨਾਲ ਲਿਖਣਾ ਨਹੀਂ ਜਾਣਦੇ। ਉਹ ਕੰਪਿਊਟਰ ’ਤੇ ਹੀ ਲਿਖ ਸਕਦੇ ਹਨ।
ਇਨ੍ਹਾਂ ਪ੍ਰੋਫੈਸਰ ਸਾਹਿਬਾਨ ਦਾ ਕਹਿਣਾ ਸੀ ਕਿ ਬਚਪਨ ਵਿਚ ਉਹ ਪਿੰਡ ਦੇ ਸਕੂਲ ਵਿਚ ਪੜ੍ਹੇ ਸਨ, ਜਿਥੇ ਜ਼ੋਰ-ਜ਼ੋਰ ਨਾਲ ਗਾ ਕੇ ਪਹਾੜੇ ਯਾਦ ਕਰਵਾਏ ਜਾਂਦੇ ਸਨ ਜੋ ਅੱਜ ਤਕ ਉਨ੍ਹਾਂ ਨੂੰ ਯਾਦ ਹਨ? ਵੱਡੀਆਂ ਕਲਾਸਾਂ ਵਿਚ ਦੱਸਿਆ ਜਾਂਦਾ ਸੀ ਕਿ ਸਵਾਲਾਂ ਦੇ ਜਵਾਬਾਂ ਨੂੰ ਵਾਰ-ਵਾਰ ਲਿਖ ਕੇ ਯਾਦ ਕਰੋ। ਚੰਗੀ ਲਿਖਾਈ ’ਤੇ ਵੀ ਜ਼ੋਰ ਦਿੱਤਾ ਜਾਂਦਾ ਸੀ। ਲਿਖਣ ਦੀ ਖੂਬ ਪ੍ਰੈਕਟਿਸ ਕਰਨੀ ਹੁੰਦੀ ਸੀ ਤਾਂਕਿ ਨਿਰਧਾਰਿਤ ਸਮੇਂ ਵਿਚ ਪੂਰਾ ਪ੍ਰਸ਼ਨ ਪੱਤਰ ਖਤਮ ਹੋ ਸਕੇ, ਕੋਈ ਸਵਾਲ ਛੁੱਟ ਨਾ ਜਾਏ।
ਪਰ ਜਦੋਂ ਵਿਦਿਆਰਥੀਆਂ ਦੇ ਜੀਵਨ ਵਿਚ ਕੰਪਿਊਟਰ ਨੇ ਪ੍ਰਵੇਸ਼ ਕੀਤਾ ਤਾਂ ਉਹ ਮਾਊਸ ਦੇ ਸਾਹਮਣੇ ਉਹ ਪੈੱਨ ਨੂੰ ਭੁੱਲ ਗਏ। ਟੈਬਲੇਟ ਅਤੇ ਲੈਪਟਾਪ ਵਿਚ ਤਾਂ ਮਾਊਸ ਦੀ ਵੀ ਲੋੜ ਨਹੀਂ ਰਹੀ ਅਤੇ ਹੁਣ ਜਦੋਂ ਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਮਸਨੂਈ ਬੁੱਧੀਮਤਾ ਦਾ ਜੀਵਨ ਵਿਚ ਪ੍ਰਵੇਸ਼ ਹੋਇਆ ਹੈ, ਉਦੋਂ ਤੋਂ ਬੱਚਿਆਂ ਦੇ ਸਿੱਖਣ ਵਿਚ ਭਾਰੀ ਕਮੀ ਦਰਜ ਕੀਤੀ ਗਈ ਹੈ। ਹੱਥ ਨਾਲ ਲਿੱਖਣਾ ਤਾਂ ਉਹ ਭੁੱਲ ਹੀ ਗਏ ਹਨ। ਬੈਂਕਾਂ ਵਿਚ ਅਕਸਰ ਅਜਿਹੇ ਨੌਜਵਾਨ ਮਿਲਦੇ ਹਨ ਜਿਨ੍ਹਾਂ ਦੇ ਕੋਲ ਆਪਣੇ ਦਸਤਖਤ ਕਰਨ ਲਈ ਪੈੱਨ ਨਹੀਂ ਹੁੰਦਾ। ਹੁਣ ਵੀ ਬਜ਼ੁਰਗ ਔਰਤਾਂ-ਮਰਦਾਂ ਕੋਲੋਂ ਪੈੱਨ ਹੁੰਦਾ ਹੈ। ਇਹ ਨੌਜਵਾਨ ਪੈੱਨ ਮੰਗਦੇ ਹਨ ਅਤੇ ਅਕਸਰ ਵਾਪਸ ਕਰਨਾ ਭੁੱਲ ਜਾਂਦੇ ਹਨ। ਕੁਲ ਮਿਲਾ ਕੇ ਇਹ ਕਿ ਦੁਨੀਆ ਭਰ ਵਿਚ ਹੱਥ ਨਾਲ ਲਿਖਣਾ ਜੋ ਕਿ ਇਕ ਕਲਾ ਹੀ ਮੰਨੀ ਜਾਂਦੀ ਰਹੀ ਹੈ, ਲੋਕ ਭੁੱਲ ਰਹੇ ਹਨ।
ਲਿਖਣਾ ਤਾਂ ਦੂਰ ਚੀਜ਼ਾਂ ਯਾਦ ਵੀ ਨਹੀਂ ਰਹਿੰਦੀਆਂ। ਪਿਛਲੇ ਦਿਨੀਂ ਇਕ ਜਾਣ-ਪਛਾਣ ਵਾਲੇ ਨੇ ਦੱਸਿਆ ਸੀ ਕਿ ਜਦੋਂ ਲੈਂਡਲਾਈਨ ਦਾ ਜ਼ਮਾਨਾ ਸੀ ਤਾਂ ਉਨ੍ਹਾਂ ਨੂੰ ਅਣਗਿਣਤ ਨੰਬਰ ਯਾਦ ਰਹਿੰਦੇ ਸਨ। ਜਦੋਂ ਤੋਂ ਮੋਬਾਈਲ ਆਇਆ ਹੈ ਅਤੇ ਨੰਬਰ ਸੇਵ ਕਰਨ ਦੀ ਸਹੂਲਤ ਮੌਜੂਦ ਹੈ ਉਦੋਂ ਤੋਂ ਕੋਈ ਨੰਬਰ ਯਾਦ ਨਹੀਂ ਰਹਿੰਦਾ। ਕਿਹਾ ਜਾਂਦਾਾ ਹੈ ਕਿ ਦਿਮਾਗ ਦੀ ਵਰਤੋਂ ਘੱਟ ਕਰੋ ਤਾਂ ਦਿਮਾਗ ਦੀਆਂ ਸ਼ਕਤੀਆਂ ਵੀ ਘੱਟ ਹੋਣ ਲੱਗਦੀਆਂ ਹਨ। ਸਰੀਰ ਦੇ ਹੋਰਨਾਂ ਅੰਗਾਂ ਦੇ ਨਾਲ ਵੀ ਇਹੀ ਸੱਚ ਹੈ।
ਪਿਛਲੇ ਦਿਨੀਂ ਸਵੀਡਨ ਤੋਂ ਇਕ ਦਿਲਚਸਪ ਖਬਰ ਆਈ ਸੀ। ਦੱਸਿਆ ਗਿਆ ਸੀ ਕਿ 15 ਸਾਲ ਪਹਿਲਾਂ ਉਥੋਂ ਦੇ ਸਕੂਲਾਂ ਤੋਂ ਕਿਤਾਬਾਂ ਤੇ ਕਾਪੀਆਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ। ਬੱਚਿਆਂ ਨੂੰ ਪੜ੍ਹਨ ਲਈ ਲੈਪਟਾਪ ਦੇ ਦਿੱਤੇ ਗਏ ਸਨ। ਸਿੱਖਿਆ ਦਾ ਸ਼ੁਰੂ ਤੋਂ ਹੀ ਡਿਜੀਟਲਕਰਨ ਕਰ ਦਿਤਾ ਗਿਆ ਸੀ ਪਰ ਤਮਾਮ ਸਰਵੇਖਣਾਂ ਵਿਚ ਇਹ ਗੱਲ ਸਾਹਮਣੇ ਆਈ ਕਿ ਬੱਚੇ ਕੁਝ ਵੀ ਨਵਾਂ ਨਹੀਂ ਸਿੱਖ ਰਹੇ। ਉਨ੍ਹਾਂ ਵਿਚ ਇਨੀਸ਼ਿਏਟਿਵ ਨੂੰ ਲੈ ਕੇ ਕੁਝ ਨਵਾਂ ਸਿੱਖਣ ਦੀ ਭਾਵਨਾ ਘਟ ਹੋ ਰਹੀ ਹੈ। ਉਹ ਨਾ ਪੜ੍ਹਨਾ ਚਾਹੁੰਦੇ ਹਨ ਤੇ ਨਾ ਲਿਖਣਾ।
ਇਸ ਤੋਂ ਇਲਾਵਾ ਰਾਤ ਦਿਨ ਕੰਪਿਊਟਰ ’ਤੇ ਕੰਮ ਕਰਨ ਦੇ ਕਾਰਨ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਲਗ ਰਹੀਆਂ ਹਨ। ਸਰਵਾਈਕਲ, ਗਠੀਆ, ਅੱਖਾਂ ਦੀ ਕਮਜ਼ੋਰੀ, ਚਿੜਚਿੜਾਪਣ, ਤਣਾਅ ਆਦਿ ਦੇ ਉਹ ਸ਼ਿਕਾਰ ਹੋ ਰਹੇ ਹਨ। ਸਾਰੀਆਂ ਗੱਲਾਂ ’ਤੇ ਗੌਰ ਕਰ ਕੇ ਸਵੀਡਨ ਦੀ ਸਰਕਾਰ ਨੇ ਤੈਅ ਕੀਤਾ ਕਿ ਹੁਣ ਬੱਚੇ ਲੈਪਟਾਪ, ਟੈਬਲੇਟ ਆਦਿ ਨਾਲ ਨਹੀਂ ਪੜ੍ਹਨਗੇ। ਉਹ ਵਾਪਸ ਕਿਤਾਬ ਕਾਪੀਆਂ ਨਾਲ ਹੀ ਪੜ੍ਹਨਗੇ। ਉਹ ਪੜ੍ਹਨ ਦੇ ਪੂਰੇ ਤਰੀਕਿਆਂ ਵੱਲ ਵਾਪਸ ਪਰਤਣਗੇ।
ਇਹੀ ਗੱਲ ਹੁਣ ਅਮਰੀਕਾ ਵਿਚ ਜ਼ੋਰ-ਸ਼ੋਰ ਨਾਲ ਕਹੀ ਜਾ ਰਹੀ ਹੈ। ਤਮਾਮ ਵੱਡੀਆਂ ਅਖਬਾਰਾਂ ਵਿਚ ਲੇਖ ਛਪ ਰਹੇ ਹਨ ਕਿ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਨਵੀਂ ਪੀੜ੍ਹੀ ਹੱਥ ਨਾਲ ਲਿਖਣਾ ਭੁੱਲ ਗਈ ਹੈ। ਅਲਫਾ ਪੀੜ੍ਹੀ ਜੋ ਹੱਥ ਵਿਚ ਮੋਬਾਈਲ ਹੀ ਲੈ ਕੇ ਜੰਮੀ ਹੈ, ਉਸ ਨੂੰ ਕਿਸ ਤਰ੍ਹਾਂ ਹੱਥ ਨਾਲ ਲਿਖਣ ਵੱਲ ਮੋੜਿਆ ਜਾਏ। ਸਕੂਲਾਂ ਵਿਚ ਬੱਚਿਆਂ ਦੇ ਵਿਚਾਲੇ ਬਹਿਸਾਂ ਆਯੋਜਿਤ ਕੀਤੀਆਂ ਜਾ ਰਹੀ ਹਨ। ਉਨ੍ਹਾਂ ਨੂੰ ਲਿਖਣ, ਸਿੱਖਣ ਅਤੇ ਯਾਦ ਕਰਨ ਦਾ ਮਹੱਤਵ ਦੱਸਿਆ ਜਾ ਰਿਹਾ ਹੈ।
ਇਹ ਵੀ ਕਿ ਲਿਖਣ ਨਾਲ ਕਮਿਊਨੀਕੇਸ਼ਨਜ਼ ਸਕਿੱਲਸ ਵੀ ਵਧਦੇ ਹਨ। ਗੱਲਬਾਤ ਨਾਲ ਬਹੁਤ ਕੁਝ ਅਜਿਹਾ ਨਵਾਂ ਸਿੱਖਦੇ ਹਾਂ ਜੋ ਏ. ਆਈ. ਨਹੀਂ ਸਿਖਾ ਸਕਦਾ। ਇਸ ਤੋਂ ਇਲਾਵਾ ਕੋਈ ਮੇਲ ਲਿਖਣਾ, ਕਿਸੇ ਨੂੰ ਮੈਸੇਜ ਭੇਜਣਾ ਆਦਿ ਵੀ ਸਾਨੂੰ ਸਬੰਧਾਂ ਦੇ ਮਹੱਤਵ ਵਾਰੇ ਦੱਸਦੇ ਹਨ। ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਹਿਸਾਬ ਅਤੇ ਇਮੋਸ਼ਨਜ਼ ਦੇ ਨਾਲ ਜ਼ਾਹਿਰ ਕਰਦੇ ਹਾਂ। ਇਸ ਲਈ ਲਿਖਣਾ ਬਹੁਤ ਜ਼ਰੂਰੀ ਹੈ। ਕੰਪਿਊਟਰ ’ਤੇ ਲਿਖੀਏ ਪਰ ਹੱਥ ਨਾਲ ਵੀ ਲਿਖੀਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੇ ਆਪ ਜੋ ਕੁਝ ਲਿਖਦੇ ਹਾਂ, ਉਸ ਵਿਚ ਹਮੇਸ਼ਾ ਨਵਾਪਨ ਹੁੰਦਾ ਹੈ।
ਕੋਈ ਹੋਰ ਉਸ ਨੂੰ ਜਿਉਂ ਦਾ ਤਿਉਂ ਨਕਲ ਨਹੀਂ ਕਰ ਸਕਦਾ। ਫਿਰ ਅਸੀਂ ਜਦੋਂ ਆਪਣੇ ਭਾਵ ਅਤੇ ਵਿਚਾਰ ਖੁਦ ਜ਼ਾਹਿਰ ਕਰਦੇ ਹਾਂ ਤਾਂ ਦਿਮਾਗ ਸਾਨੂੰ ਨਵੀਂ-ਨਵੀਂ ਸੂਚਨਾ ਦਿੰਦਾ ਹੈ। ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਦੀ ਯਾਦ ਦਿਵਾਉਂਦਾ ਹੈ। ਹਰਦਮ ਨਵਾਂ ਸੋਚਣ ਲਈ ਪ੍ਰੇਰਿਤ ਕਰਦਾ ਹੈ। ਅਸੀਂ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰਨਾ ਸਿੱਖਦੇ ਹਾਂ। ਅਜੇ ਸਾਨੂੰ ਏ. ਆਈ. ਕਿਸੇ ਜਾਦੂਗਰ ਵਾਂਗ ਲੱਗ ਸਕਦਾ ਹੈ ਜੋ ਪਲਕ ਛਪਕਦੇ ਹੀ ਸਾਡੀ ਹਰ ਸਮੱਸਿਆ ਦਾ ਹੱਲ ਕਰ ਦੇਵੇ ਪਰ ਅਖੀਰ ਵਿਚ ਇਹ ਸਾਡੇ ਦਿਮਾਗ ਦੀਆਂ ਬਹੁਤ ਸਾਰੀਆਂ ਸ਼ਕਤੀਆਂ, ਸਾਡੀ ਮੌਲਿਕਤਾ, ਨਵਾਂ ਸੋਚਣ ਦੀ ਸ਼ਕਤੀ ਨੂੰ ਖਤਮ ਕਰਨ ਦੀ ਤਾਕਤ ਵੀ ਰੱਖਦਾ ਹੈ। ਇਸ ਲਈ ਖੁਦ ਲਿਖੋ, ਖੁਦ ਿਸੱਖੋ, ਅਮਰੀਕਾ ਵਿਚ ਚੱਲ ਰਹੀ ਇਸ ਬਹਿਸ ਤੋਂ ਉਮੀਦ ਹੈ ਕਿ ਭਾਰਤ ਵਿਚ ਵੀ ਲੋਕ ਕੁਝ ਸਿੱਖਣਗੇ।
ਸ਼ਮਾ ਸ਼ਰਮਾ
