ਦਿਵਿਆਂਗਜਨਾਂ ਦੀ ਸੇਵਾ ਅਤੇ ਸਵੈ-ਮਾਣ ਦਾ ਅੰਮ੍ਰਿਤ ਦਹਾਕਾ!
Wednesday, Dec 04, 2024 - 04:38 PM (IST)
ਭਰਾਵੋ ਅਤੇ ਭੈਣੋ, 3 ਦਸੰਬਰ ਦਾ ਮਹੱਤਵਪੂਰਨ ਦਿਨ ਸੀ। ਪੂਰਾ ਵਿਸ਼ਵ ਇਸ ਦਿਨ ਨੂੰ ‘ਅੰਤਰਰਾਸ਼ਟਰੀ ਦਿਵਿਆਂਗ ਦਿਵਸ’ ਵਜੋਂ ਮਨਾਉਂਦਾ ਹੈ। ਇਹ ਦਿਨ ਦਿਵਿਆਂਗਜਨਾਂ ਦੇ ਸਾਹਸ, ਆਤਮਬਲ ਅਤੇ ਪ੍ਰਾਪਤੀਆਂ ਨੂੰ ਨਮਨ ਕਰਨ ਦਾ ਵਿਸ਼ੇਸ਼ ਮੌਕਾ ਹੁੰਦਾ ਹੈ। ਭਾਰਤ ਲਈ ਇਹ ਮੌਕਾ ਇਕ ਪਵਿੱਤਰ ਦਿਨ ਵਰਗਾ ਹੈ। ਦਿਵਿਆਂਗਜਨਾਂ ਦਾ ਸਨਮਾਨ ਭਾਰਤ ਦੀ ਵਿਚਾਰਕ ਸੋਚ ਵਿਚ ਨਿਹਿਤ ਹੈ। ਸਾਡੇ ਸ਼ਾਸਤਰਾਂ ਅਤੇ ਲੋਕ ਗ੍ਰੰਥਾਂ ਵਿਚ ਦਿਵਿਆਂਗ ਸਾਥੀਆਂ ਲਈ ਸਨਮਾਨ ਦਾ ਭਾਵ ਦੇਖਣ ਨੂੰ ਮਿਲਦਾ ਹੈ। ਰਾਮਾਇਣ ਵਿਚ ਇਕ ਸਲੋਕ ਹੈ। ਇਸ ਸਲੋਕ ਦਾ ਮੂਲ ਇਹੀ ਹੈ ਕਿ ਜਿਸ ਵਿਅਕਤੀ ਦੇ ਮਨ ’ਚ ਉਤਸ਼ਾਹ ਹੈ, ਉਸ ਦੇ ਲਈ ਵਿਸ਼ਵ ਵਿਚ ਕੁਝ ਵੀ ਅਸੰਭਵ ਨਹੀਂ ਹੈ। ਅੱਜ ਭਾਰਤ ਵਿਚ ਸਾਡੇ ਦਿਵਿਆਂਗਜਨ ਇਸੇ ਉਤਸ਼ਾਹ ਨਾਲ ਦੇਸ਼ ਦੇ ਸਨਮਾਨ ਅਤੇ ਸਵੈ-ਮਾਣ ਦੀ ਊਰਜਾ ਬਣ ਰਹੇ ਹਨ।
ਇਸ ਵਰ੍ਹੇ ਇਹ ਦਿਨ ਹੋਰ ਵੀ ਵਿਸ਼ੇਸ਼ ਹੈ। ਇਸੇ ਸਾਲ ਭਾਰਤ ਦੇ ਸੰਵਿਧਾਨ ਦੇ 75 ਵਰ੍ਹੇ ਪੂਰੇ ਹੋਏ ਹਨ। ਭਾਰਤ ਦਾ ਸੰਵਿਧਾਨ ਸਾਨੂੰ ਸਮਾਨਤਾ ਅਤੇ ਅੰਤੋਦਿਆ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਸੰਵਿਧਾਨ ਦੀ ਇਸੇ ਪ੍ਰੇਰਣਾ ਨੂੰ ਲੈ ਕੇ ਬੀਤੇ 10 ਵਰ੍ਹਿਆਂ ਵਿਚ ਅਸੀਂ ਦਿਵਿਆਂਗਜਨਾਂ ਦੀ ਭਲਾਈ ਦੀ ਮਜ਼ਬੂਤ ਨੀਂਹ ਰੱਖੀ ਹੈ। ਇਨ੍ਹਾਂ ਵਰ੍ਹਿਆਂ ’ਚ ਦੇਸ਼ ਦੇ ਦਿਵਿਆਂਗਜਨਾਂ ਲਈ ਕਈ ਨੀਤੀਆਂ ਬਣੀਆਂ ਹਨ, ਅਨੇਕ ਫੈਸਲੇ ਹੋਏ ਹਨ। ਇਹ ਫੈਸਲੇ ਦਿਖਾਉਂਦੇ ਹਨ ਕਿ ਸਾਡੀ ਸਰਕਾਰ ਸਰਵਸਪਰਸ਼ੀ ਹੈ, ਸੰਵੇਦਨਸ਼ੀਲ ਹੈ ਅਤੇ ਸਰਵ-ਵਿਕਾਸਕਾਰੀ ਹੈ। ਇਸੇ ਕ੍ਰਮ ’ਚ ਇਹ ਦਿਨ ਦਿਵਿਆਂਗ ਭਰਾਵਾਂ-ਭੈਣਾਂ ਪ੍ਰਤੀ ਸਾਡੇ ਇਸੇ ਸਮਰਪਣ ਭਾਵ ਨੂੰ ਫਿਰ ਤੋਂ ਦੁਹਰਾਉਣ ਦਾ ਦਿਨ ਵੀ ਬਣਿਆ ਹੈ।
ਮੈਂ ਜਦੋਂ ਤੋਂ ਜਨਤਕ ਜੀਵਨ ਵਿਚ ਹਾਂ, ਮੈਂ ਹਰ ਮੌਕੇ ’ਤੇ ਦਿਵਿਆਂਗਜਨਾਂ ਦਾ ਜੀਵਨ ਆਸਾਨ ਬਣਾਉਣ ਲਈ ਯਤਨ ਕੀਤੇ ਹਨ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੈਂ ਇਸ ਸੇਵਾ ਨੂੰ ਰਾਸ਼ਟਰ ਦਾ ਸੰਕਲਪ ਬਣਾਇਆ। 2014 ਵਿਚ ਸਰਕਾਰ ਬਣਨ ਦੇ ਬਾਅਦ ਅਸੀਂ ਸਭ ਤੋਂ ਪਹਿਲਾਂ ‘ਵਿਕਲਾਂਗ’ ਸ਼ਬਦ ਦੀ ਥਾਂ ’ਤੇ ‘ਦਿਵਿਆਂਗ’ ਸ਼ਬਦ ਨੂੰ ਪ੍ਰਚੱਲਿਤ ਕਰਨ ਦਾ ਫੈਸਲਾ ਲਿਆ।
ਇਹ ਸਿਰਫ ਸ਼ਬਦ ਦਾ ਪਰਿਵਰਤਨ ਨਹੀਂ ਸੀ, ਇਸ ਨੇ ਸਮਾਜ ਵਿਚ ਦਿਵਿਆਂਗਜਨਾਂ ਦੀ ਸ਼ਾਨ ਵੀ ਵਧਾਈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਵੀ ਵੱਡੀ ਮਨਜ਼ੂਰੀ ਦਿੱਤੀ। ਇਸ ਫੈਸਲੇ ਨੇ ਇਹ ਸੰਦੇਸ਼ ਦਿੱਤਾ ਕਿ ਸਰਕਾਰ ਇਕ ਅਜਿਹਾ ਸਮਾਵੇਸ਼ੀ ਵਾਤਾਵਰਣ ਚਾਹੁੰਦੀ ਹੈ, ਜਿੱਥੇ ਕਿਸੇ ਵਿਅਕਤੀ ਦੇ ਸਾਹਮਣੇ ਉਸ ਦੀਆਂ ਸਰੀਰਕ ਚੁਣੌਤੀਆਂ ਦੀਵਾਰ ਨਾ ਬਣਨ ਅਤੇ ਉਸ ਨੂੰ ਉਸ ਦੀ ਪ੍ਰਤਿਭਾ ਅਨੁਸਾਰ ਪੂਰੇ ਸਨਮਾਨ ਦੇ ਨਾਲ ਰਾਸ਼ਟਰ ਨਿਰਮਾਣ ਦਾ ਮੌਕਾ ਮਿਲੇ। ਦਿਵਿਆਂਗ ਭਰਾਵਾਂ-ਭੈਣਾਂ ਨੇ ਵੱਖ-ਵੱਖ ਮੌਕਿਆਂ ’ਤੇ ਮੈਨੂੰ ਇਸ ਫੈਸਲੇ ਲਈ ਆਪਣਾ ਆਸ਼ੀਰਵਾਦ ਦਿੱਤਾ। ਇਹ ਆਸ਼ੀਰਵਾਦ ਹੀ, ਦਿਵਿਆਂਗਜਨ ਦੀ ਭਲਾਈ ਲਈ ਮੇਰੀ ਸਭ ਤੋਂ ਵੱਡੀ ਸ਼ਕਤੀ ਬਣਿਆ।
ਹਰ ਵਰ੍ਹੇ ਦੇਸ਼ ਭਰ ਵਿਚ ਅਸੀਂ ਦਿਵਿਆਂਗ ਦਿਵਸ ’ਤੇ ਅਨੇਕ ਪ੍ਰੋਗਰਾਮ ਕਰਦੇ ਹਾਂ। ਮੈਨੂੰ ਅੱਜ ਵੀ ਯਾਦ ਹੈ, 9 ਸਾਲ ਪਹਿਲਾਂ ਅਸੀਂ ਅੱਜ ਦੇ ਹੀ ਦਿਨ ਸੁਗਮਈ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਸੀ। 9 ਵਰ੍ਹਿਆਂ ’ਚ ਇਸ ਮੁਹਿੰਮ ਨੇ ਜਿਸ ਤਰ੍ਹਾਂ ਦਿਵਿਆਂਗਜਨਾਂ ਨੂੰ ਮਜ਼ਬੂਤ ਕੀਤਾ, ਉਸ ਤੋਂ ਮੈਨੂੰ ਬੜੀ ਤਸੱਲੀ ਹੋਈ ਹੈ। 140 ਕਰੋੜ ਦੇਸ਼ਵਾਸੀਆਂ ਦੀ ਸੰਕਲਪ ਸ਼ਕਤੀ ਨਾਲ ‘ਸੁਗਮਈ ਭਾਰਤ’ ਨੇ ਨਾ ਸਿਰਫ ਦਿਵਿਆਂਗਜਨਾਂ ਦੇ ਰਾਹ ’ਚੋਂ ਕਈ ਰੁਕਾਵਟਾਂ ਹਟਾਈਆਂ ਸਗੋਂ ਉਨ੍ਹਾਂ ਨੂੰ ਸਨਮਾਨ ਅਤੇ ਖੁਸ਼ਹਾਲੀ ਦਾ ਜੀਵਨ ਵੀ ਦਿੱਤਾ।
ਪਹਿਲੀਆਂ ਸਰਕਾਰਾਂ ਦੇ ਸਮੇਂ ਜੋ ਨੀਤੀਆਂ ਸਨ ਉਨ੍ਹਾਂ ਕਾਰਨ ਦਿਵਿਆਂਗਜਨ ਸਰਕਾਰੀ ਨੌਕਰੀਆਂ ਅਤੇ ਉੱਚ ਸਿੱਖਿਆ ਦੇ ਮੌਕਿਆਂ ਤੋਂ ਪਿੱਛੇ ਰਹਿ ਜਾਂਦੇ ਸਨ। ਅਸੀਂ ਉਹ ਸਥਿਤੀਆਂ ਬਦਲੀਆਂ। ਰਿਜ਼ਰਵੇਸ਼ਨ ਦੀ ਵਿਵਸਥਾ ਨੂੰ ਨਵਾਂ ਰੂਪ ਮਿਲਿਆ। 10 ਵਰ੍ਹਿਆਂ ਵਿਚ ਦਿਵਿਆਂਗਜਨਾਂ ਦੀ ਭਲਾਈ ਲਈ ਖਰਚ ਹੋਣ ਵਾਲੀ ਰਾਸ਼ੀ ਨੂੰ ਵੀ ਤਿੰਨ ਗੁਣਾ ਕੀਤਾ ਗਿਆ। ਇਨ੍ਹਾਂ ਫੈਸਲਿਆਂ ਨੇ ਦਿਵਿਆਂਗਜਨਾਂ ਲਈ ਮੌਕਿਆਂ ਅਤੇ ਤਰੱਕੀਆਂ ਦੇ ਨਵੇਂ ਰਾਹ ਬਣਾਏ। ਅੱਜ ਸਾਡੇ ਦਿਵਿਆਂਗ ਸਾਥੀ, ਭਾਰਤ ਦੇ ਨਿਰਮਾਣ ਦੇ ਸਮਰਪਿਤ ਸਾਥੀ ਬਣ ਕੇ ਸਾਨੂੰ ਮਾਣਮੱਤਾ ਕਰ ਰਹੇ ਹਨ।
ਮੈਂ ਖੁਦ ਇਹ ਮਹਿਸੂਸ ਕੀਤਾ ਹੈ ਕਿ ਭਾਰਤ ਦੇ ਯੁਵਾ ਦਿਵਿਆਂਗ ਸਾਥੀਆਂ ਵਿਚ ਕਿੰਨੀਆਂ ਅਥਾਹ ਸੰਭਾਵਨਾਵਾਂ ਹਨ। ਪੈਰਾ ਓਲੰਪਿਕ ਵਿਚ ਸਾਡੇ ਖਿਡਾਰੀਆਂ ਨੇ ਦੇਸ਼ ਨੂੰ ਜੋ ਸਨਮਾਨ ਦਿਵਾਇਆ ਹੈ, ਉਹ ਇਸੇ ਊਰਜਾ ਦਾ ਪ੍ਰਤੀਕ ਹੈ। ਇਹ ਊਰਜਾ ਰਾਸ਼ਟਰ ਊਰਜਾ ਬਣੇ, ਇਸ ਲਈ ਅਸੀਂ ਦਿਵਿਆਂਗ ਸਾਥੀਆਂ ਨੂੰ ਸਕਿੱਲ ਨਾਲ ਜੋੜਿਆ ਹੈ, ਤਾਂ ਕਿ ਉਨ੍ਹਾਂ ਦੀ ਊਰਜਾ ਰਾਸ਼ਟਰ ਦੀ ਪ੍ਰਗਤੀ ਦੀ ਸਹਾਇਕ ਬਣ ਸਕੇ। ਇਹ ਟ੍ਰੇਨਿੰਗ ਸਿਰਫ ਸਰਕਾਰੀ ਪ੍ਰੋਗਰਾਮ ਮਾਤਰ ਨਹੀਂ ਹੈ। ਇਨ੍ਹਾਂ ਟ੍ਰੇਨਿੰਗਾਂ ਨੇ ਦਿਵਿਆਂਗ ਸਾਥੀਆਂ ਦਾ ਆਤਮ-ਵਿਸ਼ਵਾਸ ਵਧਾਇਆ ਹੈ। ਉਨ੍ਹਾਂ ਨੂੰ ਰੋਜ਼ਗਾਰ ਦੀ ਭਾਲ ਕਰਨ ਦੀ ਆਤਮ ਸ਼ਕਤੀ ਦਿੱਤੀ ਹੈ।
ਮੇਰੇ ਦਿਵਿਆਂਗ ਭਰਾਵਾਂ-ਭੈਣਾਂ ਦਾ ਜੀਵਨ ਸਰਲ, ਸਹਿਜ ਅਤੇ ਸਵੈ-ਮਾਣੀ ਹੋਵੇ, ਸਰਕਾਰ ਦਾ ਮੂਲ ਸਿਧਾਂਤ ਇਹੀ ਹੈ। ਅਸੀਂ ‘ਦਿਵਿਆਂਗ ਵਿਅਕਤੀ ਕਾਨੂੰਨ’ ਨੂੰ ਵੀ ਇਸੇ ਭਾਵ ਨਾਲ ਲਾਗੂ ਕੀਤਾ। ਇਸ ਇਤਿਹਾਸਿਕ ਕਾਨੂੰਨ ਵਿਚ ਦਿਵਿਆਂਗਤਾ ਦੀ ਸ਼੍ਰੇਣੀ ਨੂੰ ਵੀ 7 ਤੋਂ ਵਧਾ ਕੇ 21 ਕੀਤਾ ਗਿਆ। ਪਹਿਲੀ ਵਾਰ ਸਾਡੇ ਐਸਿਡ ਅਟੈਕ ਸਰਵਾਈਵਰਜ਼ ਵੀ ਇਸ ਵਿਚ ਸ਼ਾਮਲ ਕੀਤੇ ਗਏ। ਅੱਜ ਇਹ ਕਾਨੂੰਨ ਦਿਵਿਆਂਗਜਨਾਂ ਦੇ ਮਜ਼ਬੂਤ ਜੀਵਨ ਦਾ ਮਾਧਿਅਮ ਬਣ ਰਿਹਾ ਹੈ।
ਇਨ੍ਹਾਂ ਕਾਨੂੰਨਾਂ ਨੇ ਦਿਵਿਆਂਗਜਨਾਂ ਪ੍ਰਤੀ ਸਮਾਜ ਦੀ ਧਾਰਨਾ ਬਦਲੀ ਹੈ। ਅੱਜ ਸਾਡੇ ਦਿਵਿਆਂਗ ਸਾਥੀ ਵੀ ਵਿਕਸਤ ਭਾਰਤ ਦੇ ਫੈਸਲੇ ਲਈ ਆਪਣੀ ਸੰਪੂਰਨ ਸ਼ਕਤੀ ਨਾਲ ਕੰਮ ਕਰ ਰਹੇ ਹਨ। ਭਾਰਤ ਦਾ ਦਰਸ਼ਨ ਸਾਨੂੰ ਇਹੀ ਸਿਖਾਉਂਦਾ ਹੈ ਕਿ ਸਮਾਜ ਦੇ ਹਰ ਵਿਅਕਤੀ ਵਿਚ ਇਕ ਵਿਸ਼ੇਸ਼ ਪ੍ਰਤਿਭਾ ਜ਼ਰੂਰ ਹੈ। ਸਾਨੂੰ ਉਸ ਨੂੰ ਬਸ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਮੈਂ ਹਮੇਸ਼ਾ ਆਪਣੇ ਦਿਵਿਆਂਗ ਸਾਥੀਆਂ ਦੀ ਉਸ ਅਦੁੱਤੀ ਪ੍ਰਤਿਭਾ ’ਤੇ ਭਰੋਸਾ ਕੀਤਾ ਹੈ ਅਤੇ ਮੈਂ ਪੂਰੇ ਮਾਣ ਨਾਲ ਕਹਿੰਦਾ ਹਾਂ ਕਿ ਸਾਡੇ ਦਿਵਿਆਂਗ ਭਰਾਵਾਂ-ਭੈਣਾਂ ਨੇ ਇਕ ਦਹਾਕੇ ਵਿਚ ਮੇਰੇ ਇਸ ਭਰੋਸੇ ਨੂੰ ਹੋਰ ਡੂੰਘਾ ਕੀਤਾ ਹੈ। ਮੈਨੂੰ ਇਹ ਦੇਖ ਕੇ ਵੀ ਮਾਣ ਹੁੰਦਾ ਹੈ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਕਿਵੇਂ ਸਾਡੇ ਸਮਾਜ ਦੇ ਸੰਕਲਪਾਂ ਨੂੰ ਨਵਾਂ ਆਕਾਰ ਦੇ ਰਹੀਆਂ ਹਨ।
ਅੱਜ ਜਦੋਂ ਪੈਰਾ ਓਲੰਪਿਕ ਦਾ ਮੈਡਲ ਸੀਨੇ ’ਤੇ ਲਗਾ ਕੇ ਮੇਰੇ ਦੇਸ਼ ਦੇ ਖਿਡਾਰੀ ਮੇਰੇ ਘਰ ਆਉਂਦੇ ਹਨ ਤਾਂ ਮੇਰਾ ਮਨ ਮਾਣ ਨਾਲ ਭਰ ਜਾਂਦਾ ਹੈ। ਹਰ ਵਾਰ ਜਦੋਂ ‘ਮਨ ਕੀ ਬਾਤ’ ਵਿਚ ਮੈਂ ਆਪਣੇ ਦਿਵਿਆਂਗ ਭਰਾਵਾਂ-ਭੈਣਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਤਾਂ ਮੇਰਾ ਮਨ ਮਾਣ ਨਾਲ ਭਰ ਜਾਂਦਾ ਹੈ। ਸਿੱਖਿਆ ਹੋਵੇ, ਖੇਡ ਜਾਂ ਫਿਰ ਸਟਾਰਟਅੱਪ, ਉਹ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਨਵੀਆਂ ਉੱਚਾਈਆਂ ਛੂਹ ਰਹੇ ਹਨ ਅਤੇ ਦੇਸ਼ ਦੇ ਵਿਕਾਸ ਵਿਚ ਭਾਈਵਾਲ ਬਣ ਰਹੇ ਹਨ।
ਮੈਂ ਪੂਰੇ ਯਕੀਨ ਨਾਲ ਕਹਿੰਦਾ ਹਾਂ ਕਿ 2047 ’ਚ ਜਦੋਂ ਅਸੀਂ ਸੁਤੰਤਰਤਾ ਦਾ 100ਵਾਂ ਉਤਸਵ ਮਨਾਵਾਂਗੇ ਤਾਂ ਸਾਡੇ ਦਿਵਿਆਂਗ ਸਾਥੀ ਪੂਰੇ ਵਿਸ਼ਵ ਦੇ ਪ੍ਰੇਰਣਾ ਪੁੰਜ ਬਣੇ ਦਿਖਾਈ ਦੇਣਗੇ। ਅੱਜ ਅਸੀਂ ਇਸੇ ਟੀਚੇ ਲਈ ਸੰਕਲਪਿਤ ਹੋਣਾ ਹੈ। ਆਓ, ਅਸੀਂ ਸਭ ਮਿਲ ਕੇ ਇਕ ਅਜਿਹੇ ਸਮਾਜ ਦਾ ਨਿਰਮਾਣ ਕਰੀਏ, ਜਿੱਥੇ ਕੋਈ ਵੀ ਸੁਪਨਾ ਅਤੇ ਟੀਚਾ ਅਸੰਭਵ ਨਾ ਹੋਵੇ ਤਦ ਜਾ ਕੇ ਅਸੀਂ ਸਹੀ ਅਰਥਾਂ ਵਿਚ ਇਕ ਸਮਾਵੇਸ਼ੀ ਅਤੇ ਵਿਕਸਤ ਭਾਰਤ ਦਾ ਨਿਰਮਾਣ ਕਰ ਸਕਾਂਗੇ ਅਤੇ ਮੈਂ ਯਕੀਨੀ ਤੌਰ ’ਤੇ ਇਸ ’ਚ ਆਪਣੇ ਦਿਵਿਆਂਗ ਭਰਾਵਾਂ-ਭੈਣਾਂ ਦੀ ਬੜੀ ਵੱਡੀ ਭੂਮਿਕਾ ਦੇਖਦਾ ਹਾਂ।