ਹਾਦਸਿਆਂ ਦਾ ਕਾਰਨ ਬਣ ਰਹੀ ਡਰਾਈਵਿੰਗ ਵੇਲੇ ਮੋਬਾਈਲ ਦੀ ਵਰਤੋਂ!

Friday, May 15, 2026 - 04:07 AM (IST)

ਹਾਦਸਿਆਂ ਦਾ ਕਾਰਨ ਬਣ ਰਹੀ ਡਰਾਈਵਿੰਗ ਵੇਲੇ ਮੋਬਾਈਲ ਦੀ ਵਰਤੋਂ!

ਮਾਹਿਰਾਂ ਅਨੁਸਾਰ ਮੋਬਾਈਲ ਫ਼ੋਨ ’ਤੇ ਗੱਲ ਕਰਦੇ ਸਮੇਂ ਵਾਹਨ ਚਲਾਉਣਾ ਓਨਾ ਹੀ ਖ਼ਤਰਨਾਕ ਹੈ ਜਿੰਨਾ ਸ਼ਰਾਬ ਪੀ ਕੇ ਵਾਹਨ ਚਲਾਉਣਾ। ਇਹੀ ਕਾਰਨ ਹੈ ਕਿ ਵਾਹਨ ਚਲਾਉਂਦੇ ਸਮੇਂ ਜਾਂ ਕਿਤੇ ਆਉਂਦੇ-ਜਾਂਦੇ ਸਮੇਂ ਸੜਕ ’ਤੇ ਜਾਂ ਰੇਲ ਲਾਈਨਾਂ ਪਾਰ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਅਨੇਕਾਂ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਜਿਸ ਦੀਆਂ ਇਸੇ ਸਾਲ ਸਾਹਮਣੇ ਆਈਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

 14 ਜਨਵਰੀ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ਮੋਬਾਈਲ ’ਤੇ ਕੁਝ ਦੇਖਦੇ ਹੋਏ ਮੋਟਰਸਾਈਕਲ ’ਤੇ ਘਰ ਜਾ ਰਿਹਾ ਇਕ ਨੌਜਵਾਨ 15 ਫੁੱਟ ਡੂੰਘੇ ਟੋਏ ’ਚ ਜਾ ਡਿੱਗਿਆ।

 27 ਜਨਵਰੀ ਨੂੰ ‘ਜੈਪੁਰ’ (ਰਾਜਸਥਾਨ) ’ਚ ਵਿਧਾਨ ਸਭਾ ਭਵਨ ਦੇ ਸਾਹਮਣੇ ਮੋਬਾਈਲ ’ਤੇ ਗੱਲ ਕਰਦੇ ਹੋਏ ਤੇਜ਼ ਰਫ਼ਤਾਰ ਨਾਲ ਕਾਰ ਦੌੜਾਉਂਦੇ ਆ ਰਹੇ ‘ਭਰਤ’ ਨਾਂ ਦੇ ਇਕ ਨੌਜਵਾਨ ਨੇ ਇਕ ਤੋਂ ਬਾਅਦ ਇਕ 4 ਵਾਹਨਾਂ ਨੂੰ ਟੱਕਰ ਮਾਰ ਕੇ ਤੋੜ ਦਿੱਤਾ।

 13 ਮਾਰਚ ਨੂੰ ‘ਪਿੰਪਰੀ ਚਿੰਚਵੜ’ (ਮਹਾਰਾਸ਼ਟਰ) ’ਚ ਸਕੂਲ ਤੋਂ ਸਾਈਕਲ ’ਤੇ ਘਰ ਪਰਤ ਰਹੇ ‘ਫਾਰੂਖ ਸ਼ਕੀਲ ਤਾਂਬੋਲੀ’ ਨਾਂ ਦੇ ਲੜਕੇ ਨੂੰ ਮੋਬਾਈਲ ’ਤੇ ਗੱਲ ਕਰਦੇ ਹੋਏ ਤੇਜ਼ ਰਫ਼ਤਾਰ ਟਰੱਕ ਡਰਾਈਵਰ ਨੇ ਕੁਚਲ ਦਿੱਤਾ।

 14 ਮਾਰਚ ਨੂੰ ‘ਨਰਵਾਣਾ-ਜੀਂਦ’ ਨੈਸ਼ਨਲ ਹਾਈਵੇਅ ’ਤੇ ‘ਖਟਕੜ-ਬੜੌਦਾ’ ਪਿੰਡ ਦੇ ਨੇੜੇ ਇਕ ਤੇਜ਼ ਰਫ਼ਤਾਰ ਬੱਸ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਕ ਟੋਏ ’ਚ ਧੱਸ ਗਈ, ਜਿਸ ਨਾਲ ਬੱਸ ’ਚ ਸਵਾਰ ਕਈ ਯਾਤਰੀ ਜ਼ਖ਼ਮੀ ਹੋ ਗਏ। ਚਸ਼ਮਦੀਦਾਂ ਅਨੁਸਾਰ ਬੱਸ ਦਾ ਡਰਾਈਵਰ ਮੋਬਾਈਲ ’ਤੇ ਵੀਡੀਓ ਕਾਲ ਕਰ ਰਿਹਾ ਸੀ, ਜਿਸ ਕਾਰਨ ਉਸ ਦਾ ਧਿਆਨ ਭਟਕ ਗਿਆ ਅਤੇ ਹਾਦਸਾ ਵਾਪਰ ਗਿਆ।

 15 ਮਾਰਚ ਨੂੰ ਕਸਬਾ ‘ਜਲਾਲਾਬਾਦ’ (ਉੱਤਰ ਪ੍ਰਦੇਸ਼) ’ਚ ਦਿੱਲੀ-ਸਹਾਰਨਪੁਰ ਰੋਡ ’ਤੇ ਤੇਜ਼ ਗਤੀ ਨਾਲ ਜਾ ਰਹੀ ਕਾਰ ਦੇ ਚਾਲਕ ਦਾ ਧਿਆਨ ਮੋਬਾਈਲ ਫ਼ੋਨ ’ਤੇ ਹੋਣ ਕਾਰਨ ਕਾਰ ਇਕ ਡਿਵਾਈਡਰ ਨਾਲ ਟਕਰਾ ਕੇ ਖੱਡ ’ਚ ਜਾ ਡਿੱਗੀ, ਜਿਸ ਨਾਲ ਕਾਰ ਚਾਲਕ ਅਤੇ ਉਸ ਦੇ ਸਾਥੀ ਦੋਵਾਂ ਨੂੰ ਹੀ ਕਾਫ਼ੀ ਸੱਟਾਂ ਲੱਗੀਆਂ।

 30 ਮਾਰਚ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਮੋਬਾਈਲ ਫ਼ੋਨ ’ਤੇ ਗੱਲਾਂ ਕਰਨ ’ਚ ਰੁੱਝੇ ਇਕ ਕਾਰ ਚਾਲਕ ਨੇ ਸੜਕ ਦੇ ਕਿਨਾਰੇ ਖੜ੍ਹੇ ਇਕ ਰੋਡ ਰੋਲਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਚਾਲਕ ਅਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਏ ਅਤੇ ਕਾਰ ਦਾ ਵੀ ਭਾਰੀ ਨੁਕਸਾਨ ਹੋਇਆ।

 8 ਅਪ੍ਰੈਲ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਸਵੇਰ ਦੇ ਸਮੇਂ ‘ਕਾਲੀ ਨਦੀ’ ਦੇ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਸੜਕ ਦੇ ਕਿਨਾਰੇ ਇਕ ਖੱਡ ’ਚ ਪਲਟ ਜਾਣ ਨਾਲ 10 ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਦੇ ਸਮੇਂ ਡਰਾਈਵਰ ਆਪਣੇ ਮੋਬਾਈਲ ਫ਼ੋਨ ’ਤੇ ਕੁਝ ਦੇਖਣ ’ਚ ਮਸਤ ਸੀ।

 12 ਅਪ੍ਰੈਲ ਨੂੰ ‘ਅਲਵਰ’ (ਰਾਜਸਥਾਨ) ਦੇ ‘ਪਡੀਸਨ’ ਪਿੰਡ ’ਚ ਕੰਨਾਂ ’ਚ ਈਅਰ ਫ਼ੋਨ ਲਗਾ ਕੇ ਰੇਲ ਪਟੜੀ ’ਤੇ ਬੈਠ ਕੇ ਮੋਬਾਈਲ ਫੋਨ ’ਤੇ ਗਾਣੇ ਸੁਣ ਰਹੇ ‘ਮੋਹਨ ਜਾਟਵ’ ਨਾਂ ਦੇ ਨੌਜਵਾਨ ਨੂੰ ਉਸੇ ਪਟੜੀ ’ਤੇ ਆ ਰਹੀ ਰੇਲਗੱਡੀ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਰੇਲਗੱਡੀ ਦੀ ਲਪੇਟ ’ਚ ਆ ਜਾਣ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

 21 ਅਪ੍ਰੈਲ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ਫ਼ੋਨ ’ਤੇ ਗੱਲ ਕਰਦੇ ਹੋਏ ਸੜਕ ਪਾਰ ਕਰ ਰਹੀ ‘ਇਸ਼ਰਤ ਖਾਨ’ ਨਾਂ ਦੀ ਇਕ ਔਰਤ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਜਾਨ ਚਲੀ ਗਈ।

 11 ਮਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਨੇੜੇ ਮੋਬਾਈਲ ਫ਼ੋਨ ’ਤੇ ਗੱਲ ਕਰਦੇ ਹੋਏ ਆਪਣੇ ਬੇਟੇ ਦੇ ਨਾਲ ਰੇਲ ਲਾਈਨ ਪਾਰ ਕਰ ਰਹੀ 29 ਸਾਲਾ ‘ਸਰਿਤਾ ਦੇਵੀ’ ਦੀ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ।

‘ਵਿਸ਼ਵ ਸਿਹਤ ਸੰਗਠਨ’ ਦਾ ਕਹਿਣਾ ਹੈ ਕਿ ਮੋਬਾਈਲ ਫ਼ੋਨ ਦੀ ਵਰਤੋਂ ਡਰਾਈਵਿੰਗ ਨਾਲ ਜੁੜੇ ਕਈ ਕੰਮਾਂ ’ਚ ਰੁਕਾਵਟ ਪਾ ਸਕਦੀ ਹੈ। ਇਸ ਨਾਲ ਸਹੀ ਲੇਨ ’ਚ ਚੱਲਣ ਦੀ ਸਥਿਤੀ ਬਣਾਈ ਰੱਖਣ ਦੀ ਸਮਰੱਥਾ ਅਤੇ ਬ੍ਰੇਕ ਲਗਾਉਣ ਦੀ ਰਫ਼ਤਾਰ ਘੱਟ ਹੋ ਜਾਂਦੀ ਹੈ।

ਮੋਬਾਈਲ ਫ਼ੋਨ ’ਤੇ ਗੱਲ ਕਰਦੇ, ਐੱਸ. ਐੱਮ. ਐੱਸ. ਭੇਜਦੇ, ਚੈਟਿੰਗ ਕਰਦੇ ਜਾਂ ਗੀਤ ਸੁਣਦੇ ਹੋਏ ਵਾਹਨ ਚਲਾਉਣ ਨਾਲ ਹੋਣ ਵਾਲੇ ਹਾਦਸਿਆਂ ਅਤੇ ਮੌਤਾਂ ਦਾ ਸਿਲਸਿਲਾ ਰੋਕਣ ਲਈ ਵਾਹਨ ਚਲਾਉਂਦੇ ਹੋਏ ਮੋਬਾਈਲ ਫ਼ੋਨ ਦੀ ਵਰਤੋਂ ਨਾ ਕੀਤੀ ਜਾਵੇ। ਪੜ੍ਹੇ-ਲਿਖੇ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਸੋਚਣਾ ਚਾਹੀਦਾ ਹੈ ਕਿ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਕੇ ਉਹ ਖ਼ਤਰਾ ਕਿਉਂ ਸਹੇੜ ਰਹੇ ਹਨ।

ਇਸ ਲਈ, ਮੋਬਾਈਲ ਫ਼ੋਨ ’ਤੇ ਗੱਲ ਕਰਦੇ ਹੋਏ ਵਾਹਨ ਚਲਾਉਣ ਵਾਲਿਆਂ ਅਤੇ ਉਨ੍ਹਾਂ ਨੂੰ ਰੋਕਣ ਲਈ ਕੋਈ ਕਾਰਵਾਈ ਨਾ ਕਰਨ ਵਾਲੇ ਟ੍ਰੈਫਿਕ ਪੁਲਸ ਮੁਲਾਜ਼ਮਾਂ, ਦੋਵਾਂ ਦੇ ਹੀ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਦੀ ਲੋੜ ਹੈ।

—ਵਿਜੇ ਕੁਮਾਰ


author

Inder Prajapati

Content Editor

Related News