ਕਾਂਗਰਸ ਦੀ ਫੈਸਲਾ ਪ੍ਰਕਿਰਿਆ ’ਚ ਪ੍ਰਿਯੰਕਾ ਗਾਂਧੀ ਦਾ ਵਧਦਾ ਪ੍ਰਭਾਵ
Saturday, May 16, 2026 - 05:29 PM (IST)
ਕਾਂਗਰਸ ਵੱਲੋਂ ਵੀ. ਡੀ. ਸਤੀਸ਼ਨ ਨੂੰ ਕੇਰਲਮ ਦਾ ਅਗਲਾ ਮੁੱਖ ਮੰਤਰੀ ਨਿਯੁਕਤ ਕਰਨ ਦੇ ਫੈਸਲੇ ਨੇ ਕਾਂਗਰਸ ਦੇ ਫੈਸਲੇ ਲੈਣ ’ਚ ਪ੍ਰਿਯੰਕਾ ਗਾਂਧੀ ਦੇ ਵਧਦੇ ਪ੍ਰਭਾਵ ਨੂੰ ਸੂਖਮ ਰੂਪ ’ਚ ਉਜਾਗਰ ਕੀਤਾ ਹੈ, ਵਿਸ਼ੇਸ਼ ਤੌਰ ’ਤੇ ਵਾਇਨਾਡ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਕੇਰਲਮ ਦੀ ਰਾਜਨੀਤੀ ’ਚ। ਮੁੱਖ ਮੰਤਰੀ ਦੇ ਚਿਹਰੇ ’ਤੇ ਸਹਿਮਤੀ ਬਣਨ ਤੋਂ ਪਹਿਲਾਂ ਕਾਂਗਰਸ ਲੀਡਰਸ਼ਿਪ ਨੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ, ਮੱਲਿਕਾਰਜੁਨ ਖੜਗੇ, ਏ. ਕੇ. ਐਂਟਨੀ ਅਤੇ ਕੇਰਲਮ ਦੇ ਸੀਨੀਅਰ ਆਗੂਆਂ ਨਾਲ ਵੱਖ-ਵੱਖ ਦੌਰ ਦੀ ਚਰਚਾ ਕੀਤੀ। ਯੂ. ਡੀ. ਐੱਫ. ਦੇ ਸਭ ਤੋਂ ਮਹੱਤਵਪੂਰਨ ਸਹਿਯੋਗੀ ਆਈ. ਯੂ. ਐੱਮ. ਐੱਲ. ਦਾ ਸਤੀਸ਼ਨ ਦੇ ਪੱਖ ’ਚ ਹੋਣਾ ਸਾਫ਼ ਸੀ। ਵਰਕਰਾਂ ਨੇ ਉਨ੍ਹਾਂ ਦੇ ਲਈ ਰੈਲੀ ਕੀਤੀ। ਕਥਿਤ ਤੌਰ ’ਤੇ ਵਿਧਾਇਕਾਂ ਨੂੰ ਉਨ੍ਹਾਂ ਦੇ ਚੋਣ ਖੇਤਰਾਂ ’ਚ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਵਾਇਨਾਡ ਅਤੇ ਕੋਝੀਕੋਡ ’ਚ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਵੇਣੂਗੋਪਾਲ ਨੂੰ ਥੋਪਣ ਦੇ ਵਿਰੁੱਧ ਚਿਤਾਵਨੀ ਦੇਣ ਵਾਲੇ ਪੋਸਟਰ ਲੱਗੇ।
ਮੁਕਾਬਲੇ ਦੀਆਂ ਵਿਆਪਕ ਰੇਖਾਵਾਂ ਸਾਫ਼ ਹਨ। ਰਾਹੁਲ ਗਾਂਧੀ ਵੇਣੂਗੋਪਾਲ ਵੱਲ ਝੁਕਾਅ ਰੱਖਦੇ ਹੋਏ ਦੇਖੇ ਗਏ। ਪ੍ਰਿਯੰਕਾ ਗਾਂਧੀ ਵਾਡਰਾ ਨੇ ਸਤੀਸ਼ਨ ਦਾ ਸਮਰਥਨ ਕੀਤਾ, ਜਦੋਂ ਕਿ ਸੋਨੀਆ ਗਾਂਧੀ ਨੂੰ ਰਮੇਸ਼ ਚੇਨੀਥਲਾ ਪ੍ਰਤੀ ਵਧੇਰੇ ਹਮਦਰਦੀ ਰੱਖਣ ਵਾਲਾ ਮੰਨਿਆ ਗਿਆ। ਹਾਲਾਂਕਿ, ਸਤੀਸ਼ਨ 6 ਵਾਰ ਦੇ ਵਿਧਾਇਕ ਹਨ ਅਤੇ ਸੂਬੇ ’ਚ ਪਾਰਟੀ ਦੇ ਸਭ ਤੋਂ ਹਰਮਨਪਿਆਰੇ ਚਿਹਰਿਆਂ ’ਚੋਂ ਇਕ ਹਨ ਅਤੇ ਉਨ੍ਹਾਂ ਨੂੰ ਇਕ ਹਮਲਾਵਰੀ ਮੁਹਿੰਮ ਅਤੇ ਇਕ ਵਿਆਪਕ ਗੱਠਜੋੜ ਬਣਾਉਣ ਦੇ ਕਾਰਨ ਪਾਰਟੀ ਦੀ ਅਗਵਾਈ ਵਾਲੇ ਮੋਰਚੇ ਦੀ ਸ਼ਾਨਦਾਰ 102 ਸੀਟਾਂ ਦੀ ਜਿੱਤ ਦਾ ਵਾਸਤੂਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਪ੍ਰਮੁੱਖ ਰਾਜਨੀਤਿਕ ਮੰਚਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ, ਸ਼ਾਸਨ ਦੇ ਮੁੱਦਿਆਂ ਅਤੇ ਆਰਥਿਕ ਚਿੰਤਾਵਾਂ ਨੂੰ ਲੈ ਕੇ ਪਿਨਾਰਾਈ ਵਿਜਯਨ ਦੀ ਅਗਵਾਈ ਵਾਲੀ ਖੱਬੇ-ਪੱਖੀ ਸਰਕਾਰ ’ਤੇ ਵਿਰੋਧੀ ਧਿਰ ਦੇ ਹਮਲੇ ਦੀ ਅਗਵਾਈ ਵੀ ਕੀਤੀ। ਹੁਣ ਸਤੀਸ਼ਨ ‘ਜਨਤਾ ਦੀ ਪਸੰਦ’ ਦੇ ਰੂਪ ’ਚ ਆਪਣੀ ਨਵੀਂ ਸਰਕਾਰ ਦੇ ਮੁਖੀ ਹਨ, ਜਦੋਂ ਕਿ ਸਤੀਸ਼ਨ ਦੀ ਨਿਯੁਕਤੀ ’ਚ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਪ੍ਰਮੁੱਖ ਭੂਮਿਕਾ ਨਿਭਾਈ।
ਯੂ.ਪੀ. ’ਚ ਭਾਜਪਾ, ਸਪਾ ਦੀ ਰਣਨੀਤੀ : ਮਹਾਰਾਸ਼ਟਰ, ਬਿਹਾਰ ਅਤੇ ਪੱਛਮੀ ਬੰਗਾਲ ’ਚ ਭਾਜਪਾ ਦੀ ਜਿੱਤ ਨੇ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ, ਜਿਸ ਨਾਲ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦੋਵਾਂ ਲਈ ਦਾਅ ਵਧ ਗਏ ਹਨ। ਅਗਲੇ ਵੱਡੇ ਮੁਕਾਬਲੇ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਪੀ. ਡੀ. ਏ. ( ਪਿਛੜੇ, ਦਲਿਤ, ਘੱਟਗਿਣਤੀ) ਦੇ ਦਬਾਅ ਨੂੰ ਘੱਟ ਕਰਨ ਦੇ ਯਤਨ ’ਚ, ਭਾਜਪਾ ਨੇ ਆਪਣੇ ਸਮਾਜਿਕ ਗੱਠਜੋੜ ਨੂੰ ਵਿਆਪਕ ਬਣਾਉਣ ਅਤੇ ਸਮਾਜਵਾਦੀ ਪਾਰਟੀ ਦੀ ਪੀ. ਡੀ. ਏ. ਤੱਕ ਪਹੁੰਚ ਦਾ ਮੁਕਾਬਲਾ ਕਰਨ ਲਈ ਗੈਰ-ਯਾਦਵ ਓ. ਬੀ. ਸੀ., ਦਲਿਤ ਅਤੇ ਉੱਚ-ਜਾਤੀ ਭਾਈਚਾਰਿਆਂ ਦੇ ਆਗੂਆਂ ਦੇ ਨਾਲ 6 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ।
ਇਹ ਫੇਰਬਦਲ ਪ੍ਰਯੋਗ ਦੀ ਬਜਾਏ ਇਕ ਸਾਫ਼ ਸਮਾਜਿਕ ਇੰਜੀਨੀਅਰਿੰਗ ਖਾਕੇ ਦੇ ਆਲੇ-ਦੁਆਲੇ ਤਿਆਰ ਕੀਤਾ ਗਿਆ ਹੈ, ਜਿਸ ’ਚ ਭਾਜਪਾ ਦਾ ਨਿਸ਼ਾਨਾ ਇਕ ਨਪਿਆ-ਤੁਲਿਆ ਜਾਤੀ ਸੰਤੁਲਨ ਬਣਾਈ ਰੱਖਣਾ ਹੈ। ਪਾਰਟੀ 2027 ਤੋਂ ਪਹਿਲਾਂ ਆਪਣੀ ਜਥੇਬੰਦਕ ਪਿੱਚ ਨੂੰ ਮਜ਼ਬੂਤ ਕਰਦੇ ਹੋਏ ਬ੍ਰਾਹਮਣ, ਜਾਟ, ਦਲਿਤ, ਪਾਸੀ, ਵਾਲਮੀਕਿ, ਲੋਧ ਅਤੇ ਹੋਰ ਪਿਛੜੇ ਭਾਈਚਾਰਿਆਂ ਦੇ ਆਲੇ-ਦੁਆਲੇ ਕੇਂਦਰਿਤ ਹੈ। ਇਸ ਦੌਰਾਨ, ਅਖਿਲੇਸ਼ ਯਾਦਵ ਲਈ 2027 ਦੀ ਚੋਣ ਇਕ ਮਹੱਤਵਪੂਰਨ ਮੁਕਾਬਲਾ ਹੋਣ ਦੀ ਸੰਭਾਵਨਾ ਹੈ। 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ, 2024 ਦੀਆਂ ਲੋਕ ਸਭਾ ਚੋਣਾਂ ’ਚ ਸਮਾਜਵਾਦੀ ਪਾਰਟੀ ਦੇ ਲਾਭ ਨੇ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਮੁੜ ਸੁਰਜੀਤ ਕੀਤਾ। ਅਖਿਲੇਸ਼ ਯਾਦਵ ਪੀ. ਡੀ. ਏ. ਫਾਰਮੂਲੇ ਨੂੰ ਜਾਰੀ ਰੱਖਣਗੇ, ਜਿਸਨੇ ਸਪਾ ਨੂੰ 2024 ’ਚ ਆਪਣੇ ਰਵਾਇਤੀ ਯਾਦਵ-ਮੁਸਲਿਮ ਅਾਧਾਰ ਤੋਂ ਪਰੇ ਵਿਸਤਾਰ ਕਰਨ ’ਚ ਮਦਦ ਕੀਤੀ। ਹਾਲਾਂਕਿ, ਸਪਾ ਨੂੰ ਅਜੇ ਵੀ ਜ਼ਮੀਨ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਰਨਾਟਕ ਕਾਂਗਰਸ ’ਚ ਰਾਜਨੀਤਿਕ ਸਰਗਰਮੀਆਂ ਤੇਜ਼ : ਕਾਂਗਰਸ ਵੱਲੋਂ ਵੀ. ਡੀ. ਸਤੀਸ਼ਨ ਨੂੰ ਕੇਰਲਮ ਦਾ ਅਗਲਾ ਮੁੱਖ ਮੰਤਰੀ ਨਿਯੁਕਤ ਕਰਨ ਦੇ ਨਾਲ ਹੀ ਕਰਨਾਟਕ ਦੇ ਕਾਂਗਰਸ ਖੇਮੇ ’ਚ ਰਾਜਨੀਤਿਕ ਸਰਗਰਮੀ ਤੇਜ਼ ਹੋ ਗਈ ਹੈ, ਜਿਸ ਨਾਲ ਸੰਭਾਵਿਤ ਕੈਬਨਿਟ ਫੇਰਬਦਲ ਨੂੰ ਲੈ ਕੇ ਨਵੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ।
ਮੁੱਖ ਮੰਤਰੀ ਸਿੱਧਰਮਈਆ ਦਿੱਲੀ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਨਾਂ ਨਾਲ ਵਿਸਥਾਰਪੂਰਵਕ ਚਰਚਾ ਕਰਨ ਦੀ ਉਮੀਦ ਹੈ। ਮੰਤਰੀ ਡੀ. ਸੁਧਾਕਰ ਦੇ ਅਕਾਲ ਚਲਾਣੇ (ਨਿਧਨ) ਨਾਲ ਖਾਲੀ ਹੋਈ ਜਗ੍ਹਾ ਅਤੇ 2 ਹੋਰ ਮੌਜੂਦਾ ਖਾਲੀ ਥਾਵਾਂ ਹਨ। ਇਕ ਪੂਰਨ ਕੈਬਨਿਟ ਫੇਰਬਦਲ ਲਈ ਦਬਾਅ ਵਧ ਰਿਹਾ ਹੈ, ਜੋ ਖੇਤਰੀ, ਜਾਤੀਗਤ ਅਤੇ ਧੜਿਆਂ ਦੇ ਸੰਤੁਲਨ ਨੂੰ ਅਨੁਕੂਲ ਕਰੇ, ਜਦੋਂ ਕਿ ਰਾਜਨੀਤਿਕ ਵਫਾਦਾਰੀ ਦਾ ਮੁੱਲ ਪਾਵੇ। ਹਾਲਾਂਕਿ, ਉਪ-ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਜੋ ਮੁੱਖ ਮੰਤਰੀ ਪਦ ’ਤੇ ਨਜ਼ਰ ਗੱਡੀ ਬੈਠੇ ਹਨ, ਇਸ ਫੇਰਬਦਲ ਦੇ ਵਿਰੋਧੀ ਹਨ।
ਦਿੱਲੀ ਵਿਚ ‘ਮੇਰਾ ਭਾਰਤ ਮੇਰਾ ਯੋਗਦਾਨ’ ਮੁਹਿੰਮ : ਪੱਛਮੀ ਏਸ਼ੀਆ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਦੀ ਜਨਤਾ ਨੂੰ ਅਪੀਲ ਦੇ ਨਾਲ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਵੀਰਵਾਰ ਨੂੰ ਬਾਲਣ (ਈਂਧਨ) ਅਤੇ ਵਿਦੇਸ਼ੀ ਮੁਦਰਾ ਨੂੰ ਬਚਾਉਣ ਲਈ ਕਿਫਾਇਤੀ ਉਪਾਵਾਂ ਨੂੰ ਉਤਸ਼ਾਹਿਤ ਕਰਨ ਲਈ ‘ਮੇਰਾ ਭਾਰਤ ਮੇਰਾ ਯੋਗਦਾਨ’ ਜਨ ਮੁਹਿੰਮ ਸ਼ੁਰੂ ਕੀਤੀ। ਮੁਹਿੰਮ ਦੇ ਹਿੱਸੇ ਵਜੋਂ, ਸੀ. ਐੱਮ. ਗੁਪਤਾ ਨੇ ਵਰਕ ਫ੍ਰਾਮ ਹੋਮ (ਘਰ ਤੋਂ ਕੰਮ), ਦਫ਼ਤਰ ਦੇ ਸਮੇਂ ’ਚ ਬਦਲਾਅ, 3 ਮਹੀਨਿਆਂ ਲਈ ਪ੍ਰਮੁੱਖ ਸਰਕਾਰੀ ਪ੍ਰੋਗਰਾਮਾਂ ’ਤੇ ਪਾਬੰਦੀ ਅਤੇ ਇਕ ਸਾਲ ਲਈ ਵਿਦੇਸ਼ ਯਾਤਰਾ ’ਤੇ ਪਾਬੰਦੀ ਤੋਂ ਇਲਾਵਾ ਕਈ ਉਪਾਵਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਹਫ਼ਤੇ ’ਚ 2 ਦਿਨ ਘਰ ਤੋਂ ਕੰਮ ਕਰਨਗੇ ਅਤੇ ਨਿੱਜੀ ਕੰਪਨੀਆਂ ਨੂੰ ਵੀ 2 ਦਿਨ ਵਰਕ ਫ੍ਰਾਮ ਹੋਮ ਦੀ ਇਜਾਜ਼ਤ ਦੇਣ ਲਈ ਕਿਹਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਹਰ ਸੋਮਵਾਰ ਨੂੰ ਮੈਟਰੋ ਰਾਹੀਂ ਸਫ਼ਰ ਕਰਨਗੇ ਅਤੇ ਦਫ਼ਤਰ ਦੇ ਸਮੇਂ ’ਚ ਬਦਲਾਅ ਦਾ ਐਲਾਨ ਕੀਤਾ, ਕਿਉਂਕਿ ਅਜਿਹੇ ਉਪਾਵਾਂ ਦਾ ਉਦੇਸ਼ ਟ੍ਰੈਫਿਕ ਦੇ ਜਾਮ ਨੂੰ ਘੱਟ ਕਰਨਾ ਹੈ।
—ਰਾਹਿਲ ਨੌਰਾ ਚੋਪੜਾ
