ਸਰਦਾਰ ਪਟੇਲ ਦਾ ਦ੍ਰਿਸ਼ਟੀਕੋਣ ’ਤੇ ਅੱਜ ਦੀ ਰਾਸ਼ਟਰੀ ਏਕਤਾ ਦਾ ਅਰਥ
Friday, Oct 31, 2025 - 04:11 PM (IST)
ਹਰ ਸਾਲ, 31 ਅਕਤੂਬਰ ਨੂੰ, ਭਾਰਤ ਰਾਸ਼ਟਰੀ ਏਕਤਾ ਦਿਵਸ (ਨੈਸ਼ਨਲ ਯੂਨਿਟੀ ਡੇਅ) ਮਨਾਉਂਦਾ ਹੈ। ਇਹ ਦਿਵਸ ਸੁਤੰਤਰ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਵਰ੍ਹੇਗੰਢ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਬਹੁਤ ਘੱਟ ਹੀ ਲੋਕ ਸਨ, ਜਿਨ੍ਹਾਂ ਨੇ ਗਣਰਾਜ ਦੀਆਂ ਨੀਹਾਂ ਨੂੰ ਪਟੇਲ ਵਾਂਗ ਨਿਰਣਾਇਕ ਤੌਰ ’ਤੇ ਆਕਾਰ ਦਿੱਤਾ। ਉਨ੍ਹਾਂ ਨੇ 1947 ਤੋਂ ਬਾਅਦ 560 ਤੋਂ ਵੱਧ ਰਿਆਸਤਾਂ ਨੂੰ ਇਕੱਠਾ ਕਰਕੇ ਇਕ ਸਿੰਗਲ ਰਾਜਨੀਤਿਕ ਇਕਾਈ ਦਾ ਨਿਰਮਾਣ ਕੀਤਾ।
ਸ਼੍ਰੀ ਪਟੇਲ ਦੀ ਵਾਸਤਵਿਕਤਾ, ਧੀਰਜ ਅਤੇ ਦ੍ਰਿੜ੍ਹਤਾ ਨੇ ਵੰਡ ਦੇ ਬਾਅਦ ਮਹਾਦੀਪ ਨੂੰ ਟੁੱਟਣ ਤੋਂ ਰੋਕਿਆ। ਉਨ੍ਹਾਂ ਦੀ ਸਮਝਦਾਰੀ ਅਤੇ ਸੰਕਲਪ ਤੋਂ ਬਗੈਰ ਸੰਭਵ ਤੌਰ ’ਤੇ ਜੂਨਾਗੜ੍ਹ, ਹੈਦਰਾਬਾਦ ਅਤੇ ਜੰਮੂ-ਕਸ਼ਮੀਰ ਅਨਿਸ਼ਚਿਤਤਾ ਵਿਚ ਖਿਸਕ ਜਾਂਦੇ। ਏਕਤਾ ਦੇ ਜਿਸ ਵਿਚਾਰ ਨੂੰ ਉਨ੍ਹਾਂ ਨੇ ਸਮਰਥਨ ਦਿੱਤਾ ਸੀ, ਉਸ ਵਿਚ ਕਦੇ ਵੀ ਇਕਸਾਰਤਾ ਨਹੀਂ ਸੀ; ਇਹ ਵਿਚਾਰਾਂ ਅਤੇ ਦਿਲਾਂ ਦਾ ਇਕ ਅਜਿਹਾ ਸੰਘ ਸੀ, ਜੋ ਸਾਂਝੀ ਵਿਰਾਸਤ ਦੇ ਨਾਲ ਬੱਝਿਆ ਹੋਇਆ ਸੀ। ਇਹੀ ਵਿਸ਼ਵਾਸ ਵਧਦੀ ਵਿਭਿੰਨਤਾ ਅਤੇ ਨਵੀਆਂ ਇੱਛਾਵਾਂ ਦੇ ਮੌਜੂਦਾ ਯੁੱਗ ਵਿਚ ਵੀ ਭਾਰਤ ਦਾ ਕੇਂਦਰ ਬਣਿਆ ਹੋਇਆ ਹੈ।
2014 ਵਿਚ ਸ਼੍ਰੀ ਪਟੇਲ ਦੇ ਜਨਮਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਏਕਤਾ ਇਕ ਸਥਿਰ ਤੱਥ ਨਹੀਂ ਹੈ, ਸਗੋਂ ਇਹ ਦੇਸ਼ ਨੂੰ ਨਵਿਆਉਣ ਦੀ ਇਕ ਨਿਰੰਤਰ ਪ੍ਰਕਿਰਿਆ ਹੈ। ਦੇਸ਼ ਭਰ ਵਿਚ, ਸਕੂਲ, ਸਮਾਜਿਕ ਸੰਗਠਨ ਅਤੇ ਨਾਗਰਿਕ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣੇ ਪ੍ਰਣ ਨੂੰ ਦੁਹਰਾਉਂਦਾ ਹਨ। ‘ਰਨ ਫਾਰ ਯੂਨਿਟੀ’ ਵਰਗੇ ਸਮਾਗਮ ਸ਼੍ਰੀ ਪਟੇਲ ਦੇ ਸਮੂਹਿਕ ਕਾਰਵਾਈ ਦੇ ਸੱਦੇ ਨੂੰ ਦਰਸਾਉਂਦੇ ਹਨ - ਜੋ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਦੇਸ਼ਭਗਤੀ ਨੂੰ ਸਿਰਫ਼ ਭਾਵਨਾ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਭਾਗੀਦਾਰੀ ਦਾ ਰੂਪ ਵੀ ਅਪਣਾਉਣਾ ਚਾਹੀਦਾ ਹੈ।
ਏਕਤਾ ਨਗਰ ਵਿਚ 182 ਮੀਟਰ ਉੱਚੀ ‘ਸਟੈਚੂ ਆਫ਼ ਯੂਨਿਟੀ’, ਜੋ ਸ਼੍ਰੀ ਪਟੇਲ ਦੇ ਰਾਸ਼ਟਰ ਨਿਰਮਾਣ ਦੀ ਵਿਰਾਸਤ ਨੂੰ ਆਪਣੇ ਆਪ ’ਚ ਇਕ ਸ਼ਾਨਦਾਰ ਸ਼ਰਧਾਂਜਲੀ ਹੈ, ਦੇ ਨੇੜੇ ਇਸ ਸਾਲ ਉਨ੍ਹਾਂ ਦੀ 150ਵੀਂ ਜਯੰਤੀ ਮਨਾਈ ਜਾਵੇਗੀ। ਸੱਭਿਆਚਾਰਕ ਝਾਕੀਆਂ, ਰਾਜਾਂ ਦੀਆਂ ਝਾਕੀਆਂ ਅਤੇ 900 ਤੋਂ ਵੱਧ ਕਲਾਕਾਰਾਂ ਦੁਆਰਾ ਪੇਸ਼ਕਾਰੀਆਂ ਇਸ ਵਿਚਾਰ ਦਾ ਜਸ਼ਨ ਮਨਾਉਣਗੀਆਂ ਕਿ ਭਾਰਤ ਦੀ ਤਾਕਤ ਇਸਦੀਆਂ ਬਹੁਤ ਸਾਰੀਆਂ ਆਵਾਜ਼ਾਂ ਵਿਚ ਹੈ ਜੋ ਇਕ ਹੋ ਕੇ ਬੋਲਦੀਆਂ ਹਨ।
ਇਕ ਅਜਿਹੇ ਦੇਸ਼ ਵਿਚ ਜਿੱਥੇ ਭਾਸ਼ਾਵਾਂ, ਵਿਸ਼ਵਾਸ ਅਤੇ ਲੋਕ ਪਰੰਪਰਾਵਾਂ ਭਰਪੂਰ ਮਾਤਰਾ ਵਿਚ ਸਹਿ-ਮੌਜੂਦ ਹਨ, ਉੱਥੇ ਸੱਭਿਆਚਾਰ ਲੰਮੇ ਸਮੇਂ ਤੋਂ ਏਕਤਾ ਦਾ ਸਭ ਤੋਂ ਟਿਕਾਊ ਬੰਧਨ ਰਿਹਾ ਹੈ। ਸੱਭਿਆਚਾਰ ਮੰਤਰਾਲੇ ਅਧੀਨ ਸੰਸਥਾਵਾਂ-ਜ਼ੋਨਲ ਕਲਚਰਲ ਸੈਂਟਰ ਤੋਂ ਲੈ ਕੇ ਰਾਸ਼ਟਰੀ ਅਜਾਇਬ ਘਰਾਂ ਤੱਕ-ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੀਆਂ ਹਨ ਅਤੇ ਇਹ ਯਕੀਨੀ ਬਣਾਉਂਦੀਆਂ ਹਨ ਕਿ ਕੋਈ ਵੀ ਖੇਤਰ ਰਾਸ਼ਟਰੀ ਕਥਾਨਕ ਤੋਂ ਵੱਖ ਨਾ ਮਹਿਸੂਸ ਕਰੇ।
‘ਏਕ ਭਾਰਤ-ਸ੍ਰੇਸ਼ਠ ਭਾਰਤ’ ਵਰਗੇ ਪ੍ਰੋਗਰਾਮ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭਾਸ਼ਾ, ਖਾਣ-ਪੀਣ ਅਤੇ ਕਲਾ ਦੇ ਆਦਾਨ-ਪ੍ਰਦਾਨ ਲਈ ਇਕ-ਦੂਜੇ ਤੋਂ ਜੋੜਦੇ ਹੋਏ ਇਸ ਭਾਵਨਾ ਨੂੰ ਸੰਸਥਾਗਤ ਬਣਾਉਂਦੇ ਹਨ। ਜਦੋਂ ਮਹਾਰਾਸ਼ਟਰ ਵਿਚ ਵਿਦਿਆਰਥੀ ਬਿਹੂ ਸਿੱਖਦੇ ਹਨ ਜਾਂ ਅਸਾਮ ਦੇ ਨੌਜਵਾਨ ਕਲਾਕਾਰ ਪੁਣੇ ਵਿਚ ਲਾਵਣੀ ਪੇਸ਼ ਕਰਦੇ ਹਨ, ਤਾਂ ਉਹ ਸ਼੍ਰੀ ਪਟੇਲ ਦੇ ਇਸ ਵਿਚਾਰ ਦੀ ਪਾਲਣਾ ਕਰਦੇ ਹਨ ਕਿ ਇਕ-ਦੂਜੇ ਨੂੰ ਜਾਣਨਾ ਹੀ ਇਕੱਠੇ ਖੜ੍ਹੇ ਹੋਣ ਵੱਲ ਪਹਿਲਾ ਕਦਮ ਹੈ।
ਸੈਰ-ਸਪਾਟਾ ਵੀ ਏਕਤਾ ਦਾ ਇਕ ਸਾਧਨ ਹੈ। ‘ਦੇਖੋ ਅਾਪਣਾ ਦੇਸ਼’ ਮੁਹਿੰਮ ਅਤੇ ਉੱਨਤ ਇਨਕ੍ਰੈਡੀਬਲ ਇੰਡੀਆ ਡਿਜੀਟਲ ਪਲੇਟਫਾਰਮ ਨਾਗਰਿਕਾਂ ਨੂੰ-ਪੰਜਾਬ ਦੇ ਗੋਲਡਨ ਟੈਂਪਲ ਤੋਂ ਲੈ ਕੇ ਕੇਰਲ ਦੇ ਬੈਕਵਾਟਰਾਂ ਤੱਕ, ਅਸਾਮ ਦੇ ਚਾਹ ਬਾਗਾਂ ਤੋਂ ਰਾਜਸਥਾਨ ਦੇ ਮਾਰੂਥਲਾਂ ਤੱਕ-ਆਪਣੇ ਦੇਸ਼ ਦੀ ਯਾਤਰਾ ਕਰਨ ਲਈ ਪ੍ਰੇਰਿਤ ਕਰਦੇ ਹਨ। ਇਕੱਲੇ 2024 ਵਿਚ ਹੀ, ਘਰੇਲੂ ਸੈਰ-ਸਪਾਟਾ ਨੇ 294 ਕਰੋੜ ਫੇਰੀਆਂ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਭਾਰਤੀਆਂ ਵਿਚ ਆਪਣੇ ਦੇਸ਼ ਬਾਰੇ ਉਤਸੁਕਤਾ ਅਤੇ ਮਾਣ ਦੇ ਵਾਧੇ ਨੂੰ ਦਰਸਾਉਂਦਾ ਹੈ।
‘ਸਵਦੇਸ਼ ਦਰਸ਼ਨ’ ਅਤੇ ‘ਪ੍ਰਸ਼ਾਦ’ ਵਰਗੀਆਂ ਯੋਜਨਾਵਾਂ ਬੁਨਿਆਦੀ ਢਾਂਚੇ ਤੋਂ ਵੱਧ ਕੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ। ਜਦੋਂ ਨਾਗਾਲੈਂਡ ਵਿਚ ਇਕ ਔਰਤ ਗੁਜਰਾਤ ਤੋਂ ਆਏ ਸੈਲਾਨੀਆਂ ਲਈ ਹੋਮਸਟੇਅ ਚਲਾਉਂਦੀ ਹੈ ਜਾਂ ਜੋਧਪੁਰ ਵਿਚ ਕੋਈ ਕਾਰੀਗਰ ਤਾਮਿਲਨਾਡੂ ਤੋਂ ਆਏ ਯਾਤਰੀਆਂ ਨੂੰ ਹੱਥਕਲਾ ਵੇਚਦਾ ਹੈ, ਤਾਂ ਉਹ ਸਿਰਫ਼ ਵਸਤੂਆਂ ਦਾ ਹੀ ਆਦਾਨ-ਪ੍ਰਦਾਨ ਨਹੀਂ ਕਰਦੇ ਸਗੋਂ ਉਹ ਅਜਿਹੇ ਅਨੁਭਵ ਸਾਂਝੇ ਕਰਦੇ ਹਨ ਜੋ ਦੇਸ਼ ਨੂੰ ਵਧੇਰੇ ਨੇੜੇ ਲਿਆਂਦਾ ਹੈ।
ਸ਼੍ਰੀ ਪਟੇਲ ਨੇ ਸਿਖਾਇਆ ਕਿ ਏਕਤਾ ਹਰ ਪੀੜ੍ਹੀ ਵਿਚ ਨਵੇਂ ਸਿਰੇ ਤੋਂ ਕੀਤੇ ਜਾਣ ਵਾਲਾ ਕਾਰਜ ਹੈ। ਇਸ ਨੂੰ ਉਦਾਸੀਨਤਾ, ਅਗਿਆਨਤਾ ਅਤੇ ਖੇਤਰਵਾਦ ਦੇ ਟੁੱਟਣ ਵਾਲੀਆਂ ਭਾਵਨਾਵਾਂ ਤੋਂ ਬਚਾਉਣਾ ਹੋਵੇਗਾ। ਪੰਚ ਸੰਕਲਪ-ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕੇ ਪਾਂਚ ਸੰਕਲਪ—ਰਾਸ਼ਟਰੀ ਇਕਜੁਟਤਾ ਨੂੰ 2047 ਵੱਲ ਭਾਰਤ ਦੀ ਯਾਤਰਾ ਦੇ ਕੇਂਦਰ ਵਿਚ ਸਥਾਪਿਤ ਕਰਦੇ ਹਨ।
ਜਦੋਂ ਭਾਰਤ 2025 ਵਿਚ ਸਰਦਾਰ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਹੈ, ਤਾਂ ਆਇਰਨਮੈਨ ਨੂੰ ਸੱਚੀ ਸ਼ਰਧਾਂਜਲੀ ਮਾਰਬਲ ਜਾਂ ਯਾਦ ਵਿਚ ਨਹੀਂ, ਸਗੋਂ ਇਹ ਯਕੀਨੀ ਬਣਾਉਣ ਵਿਚ ਹੈ ਕਿ ਹਰ ਭਾਰਤੀ ਆਪਣੇ ਆਪ ਨੂੰ ਉਸੇ ਰਾਸ਼ਟਰੀ ਕਹਾਣੀ ਦਾ ਹਿੱਸਾ ਮਹਿਸੂਸ ਕਰੇ। ਭਾਵੇਂ ਉਹ ਇਕ ਸੱਭਿਆਚਾਰਕ ਪ੍ਰਦਰਸ਼ਨ ਰਾਹੀਂ ਹੋਵੇ, ਇਕ ਅਜਾਇਬਘਰ ਦੀ ਪ੍ਰਦਰਸ਼ਨੀ ਰਾਹੀਂ ਹੋਵੇ, ਜਾਂ ਰਾਜਾਂ ਵਿਚ ਯਾਤਰਾ ਹੋਵੇ, ਭਾਗੀਦਾਰੀ ਦੀ ਹਰ ਕਿਰਿਆ ਇਸ ਸੱਭਿਅਤਾ ਨੂੰ ਏਕਤਾ ਨਾਲ ਜੋੜਨ ਵਾਲੀਆਂ ਉਨ੍ਹਾਂ ਅਣਦੇਖੀਆਂ ਡੋਰਾਂ ਨੂੰ ਮਜ਼ਬੂਤ ਕਰਦੀ ਹੈ।
ਜਿਵੇਂ ਸਰਦਾਰ ਪਟੇਲ ਨੇ ਕਿਹਾ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਨ੍ਹਾਂ ਦੇ ਸ਼ਬਦਾਂ ਨੂੰ ਦੁਹਰਾਇਆ ਹੈ, ‘ਏਕਤਾ ਭਾਰਤ ਦੇ ਭਾਗਾਂ ਦਾ ਸਾਧਨ ਅਤੇ ਟੀਚਾ ਦੋਵੇਂ ਬਣੀ ਹੋਈ ਹੈ’-ਇਕ ਭਾਰਤ, ਸ੍ਰੇਸ਼ਠ ਭਾਰਤ।
-ਗਜੇਂਦਰ ਸਿੰਘ ਸ਼ੇਖਾਵਤ
(ਲੇਖਕ ਭਾਰਤ ਸਰਕਾਰ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਯੂਨੀਅਨ ਮੰਤਰੀ ਹਨ)
