ਡੂੰਘਾ ਹੁੰਦਾ ਸੰਕਟ ਖੁਰਾਕ ਮਿਲਾਵਟ ਦਾ !
Monday, Dec 15, 2025 - 02:54 PM (IST)
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਇਕ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ‘15 ਸਾਲ ’ਚ ਦੇਸ਼ ਦਾ ਹਰ ਵਿਅਕਤੀ ਕੈਂਸਰ ਦਾ ਸ਼ਿਕਾਰ ਹੋ ਜਾਵੇਗਾ।’ ਵੀਡੀਓ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਮਿਲਾਵਟੀ ਖਾਣੇ ਨਾਲ ਪੂਰੇ ਸਮਾਜ ਨੂੰ ਹੌਲੀ-ਹੌਲੀ ਮਾਰਿਆ ਜਾ ਰਿਹਾ ਹੈ। ਇਸ ਤਰ੍ਹਾਂ, ਇਕ ਹੋਰ ਵੀਡੀਓ ’ਚ ਚੀਨ ਦੇ ਕਿਸੇ ਲੈਬ ’ਚ ਫਲ-ਸਬਜ਼ੀਆਂ ’ਤੇ ਰਸਾਇਣ ਅਤੇ ਰੰਗ ਛਿੜਕਦੇ ਦਿਖਾਇਆ ਗਿਆ ਹੈ ਜੋ ਤੁਰੰਤ ਪੱਕ ਜਾਂਦੀਆਂ ਹਨ।
ਇਹ ਵੀਡੀਓ ਡਰ ਪੈਦਾ ਕਰ ਰਹੇ ਹਨ, ਪਰ ਸਵਾਲ ਇਹ ਹੈ : ਕੀ ਇਹ ਸਿਰਫ ਅੱਤਕਥਨੀ ਹੈ ਜਾਂ ਅਸਲੀਅਤ ਦਾ ਸ਼ੀਸ਼ਾ? ਭਾਰਤ ’ਚ ਖੁਰਾਕ ਮਿਲਾਵਟ ਦੀ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਸਿਹਤ ਮਾਹਿਰ ਇਸ ਨੂੰ ਹੌਲੀ-ਹੌਲੀ ਕੀਤੀ ਜਾਂਦੀ ਹੱਤਿਆ ਕਹਿ ਰਹੇ ਹਨ। ਕੈਂਸਰ, ਦਿਲ ਦੇ ਰੋਗ ਅਤੇ ਕਿਡਨੀ ਫੇਲੀਅਰ ਵਰਗੀਆਂ ਬੀਮਾਰੀਆਂ ਦਾ ਵਧਦਾ ਗ੍ਰਾਫ ਇਸੇ ਦਾ ਨਤੀਜਾ ਹੈ।
ਖੁਰਾਕ ਮਿਲਾਵਟ ਕੋਈ ਨਵੀਂ ਸਮੱਸਿਆ ਨਹੀਂ ਹੈ। ਪ੍ਰਾਚੀਨ ਕਾਲ ਤੋਂ ਹੀ ਵਪਾਰੀ ਲਾਭ ਲਈ ਅਨਾਜ ’ਚ ਪੱਥਰ, ਦੁੱਧ ’ਚ ਯੂਰੀਆ ਅਤੇ ਮਸਾਲਿਆਂ ’ਚ ਕੁਦਰਤੀ ਰੰਗ ਮਿਲਾਉਂਦੇ ਆਏ ਹਨ ਪਰ 2025 ’ਚ ਇਹ ਮਹਾਮਾਰੀ ਦਾ ਰੂਪ ਲੈ ਚੁੱਕੀ ਹੈ। ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਅਨੁਸਾਰ ਤਿਉਹਾਰਾਂ ਦੇ ਮੌਸਮ ’ਚ ਮਿਲਾਵਟ ਦੇ ਮਾਮਲੇ 30 ਫੀਸਦੀ ਤੱਕ ਵਧ ਜਾਂਦੇ ਹਨ। ਦੁੱਧ, ਘਿਓ, ਪਨੀਰ, ਮਾਵਾ, ਤੇਲ ਅਤੇ ਮਸਾਲੇ ਇਹ ਰੋਜ਼ਾਨਾ ਦੇ ਸਾਮਾਨ ਹੁਣ ਜ਼ਹਿਰ ਵਾਂਗ ਬਣ ਚੁੱਕੇ ਹਨ।
ਹਾਲ ਹੀ ’ਚ ਗੁਜਰਾਤ ’ਚ ਦੁੱਧ ਅਤੇ ਪਨੀਰ ਦੇ 198 ਨਮੂਨੇ ਅਸੁਰੱਖਿਅਤ ਪਾਏ ਗਏ, ਜਿਨ੍ਹਾਂ ’ਚ ਸਟਾਰਚ ਅਤੇ ਸਿੰਥੈਂਟਿਕ ਫੈਟ ਮਿਲੇ ਸਨ। ਆਗਰਾ ’ਚ 2 ਕੁਇੰਟਲ ਮਿਲਾਵਟੀ ਖੋਆ ਨਸ਼ਟ ਕੀਤਾ ਗਿਆ ਜਦਕਿ ਸੂਰਤ ਕੋਲ 745 ਕਿਲੋ ਨਕਲੀ ਪਨੀਰ ਜ਼ਬਤ ਹੋਇਆ। ਤਿਰੂਪਤੀ ਦੇ ਪ੍ਰਸਿੱਧ ਲੱਡੂ ਦੇ ਘਿਓ ਮਿਲਾਵਟ ਕਾਂਡ ’ਚ ਸੀ. ਬੀ. ਆਈ. ਨੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿੱਥੇ ਵਨਸਪਤੀ ਤੇਲ, ਬੀਟਾ ਕੋਰੈਟੀਨ ਅਤੇ ਐਸਿਡ ਐਸਟਰ ਵਰਗੇ ਰਸਾਇਣਾਂ ਨਾਲ ਘਿਓ ਬਣਾਇਆ ਜਾ ਰਿਹਾ ਹੈ।
ਇਹ ਮਾਮਲੇ ਤਾਂ ਸਿਰਫ ਸੰਕੇਤ ਹਨ। ਜੰਮੂ-ਕਸ਼ਮੀਰ ’ਚ 2025 ’ਚ 13,944 ਨਿਰੀਖਣ ਹੋਏ, ਜਿਨ੍ਹਾਂ ’ਚ 21 ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਲਖਨਊ ’ਚ ਕੇ. ਐੱਫ. ਸੀ., ਮੈਕਡੋਨਾਲਸ ਅਤੇ ਹਲਦੀਰਾਮ ਵਰਗੇ ਬ੍ਰਾਂਡਾਂ ਦੇ 36 ਨਮੂਨੇ ਫੇਲ ਹੋਏ, ਜਿੱਥੇ ਬੈਕਟੀਰੀਆ ਅਤੇ ਬੇਹੀ ਸਮੱਗਰੀ ਮਿਲੀ। ਸੋਸ਼ਲ ਮੀਡੀਆ ’ਤੇ ਹਾਲ ਦੀਆਂ ਪੋਸਟਾਂ ’ਚ ਗੋਰਖਪੁਰ ਦੀ ਫੈਕਟਰੀ ਤੋਂ 40 ਕੁਇੰਟਲ ਨਕਲੀ ਪਨੀਰ (ਪੋਸਟਰ ਕਲਰ, ਡਿਟਰਜੈਂਟ ਅਤੇ ਸਲਫਿਊਰਿਕ ਐਸਿਡ ਨਾਲ ਬਣਿਆ) ਜ਼ਬਤ ਹੋਣ ਦੀ ਗੱਲ ਹੈ, ਜੋ ਸੜਕ ਕੰਢੇ ਦੇ ਠੇਲਿਆਂ ’ਤੇ ਵਿਕਦਾ ਸੀ। ਪਾਲੀ ’ਚ 4660 ਿਕਲੋ ਮਿਲਾਵਟੀ ਮਾਵਾ, ਦੇਵਲੀ ’ਚ ਮੂੰਗਫਲੀ ਤੇਲ ਦੇ ਨਮੂਨੇ-ਇਹ ਉਦਾਹਰਣਾਂ ਦੱਸਦੀਆਂ ਹਨ ਕਿ ਮਿਲਾਵਟ ਹੁਣ ਛੋਟੇ-ਵੱਡੇ ਸਾਰੇ ਪੱਧਰਾਂ ’ਤੇ ਫੈਲ ਚੁੱਕੀ ਹੈ।
ਮਿਲਾਵਟ ਦਾ ਅਸਰ ਤੁਰੰਤ ਅਤੇ ਲੰਬੇ ਸਮੇਂ ਦੋਵਾਂ ਦਾ ਹੈ। ਤੁਰੰਤ ਪ੍ਰਭਾਵ ’ਚ ਉਲਟੀ, ਦਸਤ, ਫੂਡ ਪੁਆਇਜ਼ਨਿੰਗ ਸ਼ਾਮਲ ਹਨ, ਜਿਵੇਂ ਕਿ ਹਾਲ ਹੀ ਦੇ ਕਫ ਸਿਰਪ ਕਾਂਡ ’ਚ 14 ਬੱਚਿਆਂ ਦੀ ਮੌਤ ਹੋਈ ਪਰ ਲੰਬੇ ਸਮੇਂ ਦਾ ਖਤਰਾ ਹੋਰ ਵੀ ਭਿਆਨਕ ਹੈ। ਕੈਡਮੀਅਮ, ਪੈਸਟੀਸਾਈਡਸ ਅਤੇ ਮੇਟਾਲਿਨ ਯੈਲੋ ਵਰਗੇ ਰਸਾਇਣ, ਕੈਂਸਰ, ਲਿਵਰ-ਕਿਡਨੀ ਡੈਮੇਜ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣਦੇ ਹਨ।
ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਅਨੁਸਾਰ ਮਿਲਾਵਟ ਨਾਲ ਜੁੜੇ ਰੋਗਾਂ ’ਚ 20 ਫੀਸਦੀ ਵਾਧਾ ਹੋਇਆ ਹੈ। ਦੱਖਣੀ ਭਾਰਤ ’ਚ ਦੁੱਧ ਅਤੇ ਫਲਾਂ ’ਚ ਮਿਲੇ ਰਸਾਇਣ ਗਾਲਬਲੈਡਰ ਕੈਂਸਰ ਅਤੇ ਡਰਾਪਸੀ ਦੇ ਮਾਮਲਿਆਂ ਨੂੰ ਵਧਾ ਰਹੇ ਹਨ। ਬੇਕਰੀ ਆਈਟਮਸ ’ਚ ਨਕਲੀ ਰੰਗਾਂ ਨਾਲ ਕੈਂਸਰ ਦਾ ਜੋਖਮ ਦੁੱਗਣਾ ਹੋ ਗਿਆ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਦੇ ਅਜਿਹਾ ਨਹੀਂ ਕਿਹਾ ਕਿ 87 ਫੀਸਦੀ ਭਾਰਤੀਆਂ ਨੂੰ ਮਿਲਾਵਟੀ ਦੁੱਧ ਨਾਲ ਕੈਂਸਰ ਹੋਵੇਗਾ ਪਰ ਸਮੱਸਿਆ ਗੰਭੀਰ ਹੈ। ਭਾਰਤ ਪਹਿਲਾਂ ਤੋਂ ਹੀ ਏਸ਼ੀਆ ’ਚ ਕੈਂਸਰ ਦੇ ਮਾਮਲਿਆਂ ’ਚ ਤੀਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਮਿਲਾਵਟ ਇਸ ਨੂੰ ਹੋਰ ਉਤਸ਼ਾਹ ਦੇ ਰਹੀ ਹੈ। ਗ੍ਰਾਮੀਣ ਇਲਾਕਿਆਂ ’ਚ ਜਿੱਥੇ ਜੈਵਿਕ ਖੇਤੀ ਘੱਟ ਹੈ, ਪ੍ਰਭਾਵ ਜ਼ਿਆਦਾ ਪੈਂਦਾ ਹੈ। ਸ਼ਹਿਰੀਕਰਨ ਅਤੇ ਪ੍ਰੋਸੈੱਸਡ ਫੂਡ ਦੀ ਵਧਦੀ ਵਰਤੋਂ ਨਾਲ ਦਰਮਿਆਨਾ ਵਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ।
ਚੀਨ ਵਾਲੇ ਵੀਡੀਓ ’ਤੇ ਗੱਲ ਕਰੀਏ ਤਾਂ ਉਹ ਏ. ਆਈ.-ਜਨਰੇਟਿਡ ਫੇਕ ਹੈ। ਟਿਕਟਾਕ ’ਤੇ ਮੂਲ ਵੀਡੀਓ ਨੂੰ ਏ. ਆਈ. ਕੰਟੈਂਟ ਦੇ ਰੂਪ ’ਚ ਚੁਣਿਆ ਗਿਆ ਸੀ ਅਤੇ ਫੈਕਟ-ਚੈੱਕਰਸ ਨੇ ਇਸ ਦੀ ਪੁਸ਼ਟੀ ਕੀਤੀ। ਪਰ ਇਹ ਵੀਡੀਓ ਅਸਲ ਸਮੱਸਿਆ ਨੂੰ ਉਜਾਗਰ ਕਰਦਾ ਹੈ। ਚੀਨ ’ਚ ਅੰਗੂਰਾਂ ’ਤੇ 24 ਵਾਰ ਪੈਸਟੀਸਾਈਡ ਸਪ੍ਰੇਅ ਅਤੇ ਚੇਰੀਜ਼ ਨਾਲ ਆਈ. ਸੀ. ਯੂ. ਦੇ ਮਾਮਲੇ ਸਾਹਮਣੇ ਆਏ ਹਨ। ਸੰਸਾਰਕ ਵਪਾਰ ’ਚ ਭਾਰਤੀ ਦਰਾਮਦ ਵੀ ਪ੍ਰਭਾਵਿਤ ਹੋ ਰਹੀ ਹੈ ਪਰ ਘਰੇਲੂ ਪੱਧਰ ’ਤੇ ਸਮੱਸਿਆ ਜ਼ਿਆਦਾ ਚਿੰਤਾਜਨਕ ਹੈ, ਜਿੱਥੇ ਨਿਯਮਨ ਕਮਜ਼ੋਰ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਿਲਾਵਟ ਨੂੰ ‘ਸਮਾਜਿਕ ਅਪਰਾਧ’ ਕਿਹਾ ਅਤੇ ਤਿੰਨ ਨਵੀਆਂ ਮਾਈਕ੍ਰੋਬਾਇਓਲਾਜੀ ਲੈਬਸ ਸ਼ੁਰੂ ਕੀਤੀਆਂ। ਐੱਫ. ਐੱਸ. ਐੱਸ. ਏ. ਆਈ. ਨੇ ਤਿਉਹਾਰਾਂ ’ਤੇ ਵਿਸ਼ੇਸ਼ ਮੁਹਿੰਮਾਂ ਚਲਾਈਆਂ, ਪਰ ਸਜ਼ਾਵਾਂ ਕਮਜ਼ੋਰ ਹਨ। ਰਾਮੇਸ਼ਵਰ ਕੈਫੇ ਮਾਮਲੇ ’ਚ ਕੀੜੇ ਮਿਲਣ ’ਤੇ ਐੱਫ. ਆਈ. ਆਰ. ਦਰਜ ਹੋਈ, ਪਰ ਮਾਲਿਕਾਂ ਨੂੰ ਸਜ਼ਾ ਮਿਲਣੀ ਮੁਸ਼ਕਿਲ ਹੈ। ਹਜ਼ਾਰੀਬਾਗ ’ਚ ਡੇਅਰੀ ਸੀਲ ਹੋਈ, ਪਰ ਦੁਬਾਰਾ ਖੁੱਲ੍ਹਣ ਦਾ ਡਰ ਰਹਿੰਦਾ ਹੈ। ਸਮੱਸਿਆ ਇਹ ਹੈ ਕਿ ਸਜ਼ਾ ਨਾਕਾਫੀ ਹੈ-ਵੱਧ ਤੋਂ ਵੱਧ 10 ਲੱਖ ਦਾ ਜੁਰਮਾਨਾ ਜਾਂ 7 ਸਾਲ ਦੀ ਸਜ਼ਾ, ਪਰ ਲਾਗੂ ਨਹੀਂ ਹੁੰਦੀ। ਲੈਬਸ ਦੀ ਕਮੀ ਨਾਲ ਟੈਸਟਿੰਗ ’ਚ ਦੇਰ ਹੁੰਦੀ ਹੈ।
ਉਪਾਅ ਸਭ ਤੋਂ ਪਹਿਲਾਂ, ਸਖਤ ਕਾਨੂੰਨ : ਮਿਲਾਵਟ ’ਤੇ ਘੱਟੋ-ਘੱਟ 20 ਸਾਲ ਦੀ ਸਜ਼ਾ ਅਤੇ ਜਾਇਦਾਦ ਜ਼ਬਤ ਹੋਵੇ। ਐੱਫ. ਐੱਸ. ਐੱਸ. ਏ. ਆਈ. ਨੂੰ ਖੁਦਮੁਖਤਾਰ ਬਣਾਈਏ, ਨਾ ਕਿ ਸਿਹਤ ਮੰਤਰਾਲਾ ਅਧੀਨ। ਹਰ ਜ਼ਿਲੇ ’ਚ ਮੋਬਾਈਲ ਟੈਸਟਿੰਗ ਵੈਨ ਅਤੇ ਏ. ਆਈ. ਆਧਾਰਿਤ ਨਿਗਰਾਨੀ ਸ਼ੁਰੂ ਕਰੀਏ। ਜੈਵਿਕ ਖੇਤੀ ਨੂੰ ਸਬਸਿਡੀ ਦੇਈਏ ਅਤੇ ਗੋਹੇ ਤੋਂ ਖਾਦ ਬਣਾਉਣ ਨੂੰ ਉਤਸ਼ਾਹ ਦੇਈਏ। ਜਨ ਜਾਗਰੂਕਤਾ ਮੁਹਿੰਮ ਚਲਾਈਏ : ਸਕੂਲਾਂ ’ਚ ਮਿਲਾਵਟ ਦੀ ਪਛਾਣ ਸਿਖਾਈਏ। ਦਰਾਮਦੀ ਫਲਾਂ ਦੀ ਸਖਤ ਜਾਂਚ ਹੋਵੇ ਅਤੇ ਸਭ ਤੋਂ ਜ਼ਰੂਰੀ, ਭ੍ਰਿਸ਼ਟਾਚਾਰ ’ਤੇ ਹਮਲਾ, ਨਿਰੀਖਕ ਜੋ ਰਿਸ਼ਵਤ ਲੈਂਦੇ ਹਨ, ਉਨ੍ਹਾਂ ਨੂੰ ਬਰਖਾਸਤ ਕਰੀਏ।
ਮਿਲਾਵਟ ਸਿਰਫ ਵਪਾਰਕ ਲਾਲਚ ਨਹੀਂ, ਸਗੋਂ ਜਨ ਸਿਹਤ ’ਤੇ ਹਮਲਾ ਹੈ। ਜੇਕਰ 15 ਸਾਲ ’ਚ ਕੈਂਸਰ ਨਾ ਫੈਲੇ, ਤਾਂ ਇਸ ਦੇ ਲਈ ਸਰਕਾਰ, ਉਦਯੋਗ ਅਤੇ ਖਪਤਕਾਰ ਸਭ ਨੂੰ ਜਗਾਉਣਾ ਹੋਵੇਗਾ। ਘਰ ’ਚ ਟੈਸਟ ਕਿੱਟਸ ਦੀ ਵਰਤੋਂ ਕਰੀਏ, ਬ੍ਰਾਂਡਿਡ ਉਤਪਾਦ ਚੁਣੀਏ ਅਤੇ ਸ਼ਿਕਾਇਤ ਦਰਜ ਕਰਾਈਏ। ਨਹੀਂ ਤਾਂ ਸਾਡਾ ਭੋਜਨ ਹੀ ਸਾਡੀ ਕਬਰ ਬਣ ਜਾਵੇਗਾ। ਸਮਾਂ ਆ ਗਿਆ ਹੈ ਕਿ ਮਿਲਾਵਟ ਰੋਕੀਏ ਅਤੇ ਜੀਵਨ ਬਚਾਈਏ।
–ਵਿਨੀਤ ਨਾਰਾਇਣ
