ਸਿੱਖ ਕਤਲੇਆਮ ਪੀੜਤਾਂ ਨਾਲ ਮਜ਼ਾਕ ਬਣਿਆ ਗਰਮ ਖਿਆਲੀਆਂ ਦਾ ਰਾਹੁਲ ਪ੍ਰੇਮ

Saturday, Sep 21, 2024 - 02:56 PM (IST)

ਸਿੱਖ ਕਤਲੇਆਮ ਪੀੜਤਾਂ ਨਾਲ ਮਜ਼ਾਕ ਬਣਿਆ ਗਰਮ ਖਿਆਲੀਆਂ ਦਾ ਰਾਹੁਲ ਪ੍ਰੇਮ

ਕਾਂਗਰਸ ਪਾਰਟੀ ਦੇ ਲੀਡਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ ਉੱਤੇ ਗਏ ਹਨ। ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰੇ ਅਕਸਰ ਹੀ ਵਿਵਾਦ ਦਾ ਵਿਸ਼ਾ ਬਣੇ ਰਹਿੰਦੇ ਹਨ ਕਿਉਂਕਿ ਉਹ ਆਪਣੇ ਦੌਰਿਆਂ ਦੌਰਾਨ ਕੁਝ ਅਜਿਹੀ ਬਿਆਨਬਾਜ਼ੀ ਕਰਦੇ ਹਨ ਜੋ ਕਿ ਇਕ ਜ਼ਿੰਮੇਵਾਰ ਲੀਡਰ ਨੂੰ ਸ਼ੋਭਾ ਨਹੀਂ ਦਿੰਦੀ। ਹਾਲ ਹੀ ਦੇ ਅਮਰੀਕਾ ਦੌਰੇ ਦੌਰਾਨ ਵੀ ਰਾਹੁਲ ਗਾਂਧੀ ਨੇ ਭਾਰਤ ਵਿਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਇਕ ਬਿਆਨ ਦਿੱਤਾ ਜਿਸ ਵਿਚ ਉਨ੍ਹਾਂ ਨੇ ਆਖਿਆ ਕਿ ਸਿੱਖਾਂ ਨੂੰ ਭਾਰਤ ਵਿਚ ਦਸਤਾਰ ਪਹਿਨਣ ਅਤੇ ਕੜਾ ਧਾਰਨ ਕਰਨ ਕਰ ਕੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹੁਲ ਦਾ ਇਸ਼ਾਰਾ ਭਾਰਤ ਵਿਚ ਘੱਟ ਗਿਣਤੀਆਂ ਦੇ ਹਕੂਕਾਂ ਨੂੰ ਲੈ ਕੇ ਸੀ ਤੇ ਉਹ ਕਹਿਣਾ ਚਾਹੁੰਦੇ ਸਨ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਘੱਟ ਗਿਣਤੀਆਂ ਦੇ ਹਿੱਤ ਸੁਰੱਖਿਅਤ ਨਹੀਂ ਹਨ।

ਇਕ ਲੀਡਰ ਆਫ ਆਪੋਜ਼ੀਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਨੀ ਅਤੇ ਦੇਸ਼ ਨੂੰ ਇਕ ਵੱਖਰਾ ਅਤੇ ਆਪਣੀ ਸੋਚ ਮੁਤਾਬਿਕ ਬਿਹਤਰ ਸਿਆਸੀ ਪ੍ਰੋਗਰਾਮ ਦੇਣਾ ਪਰ ਵਿਰੋਧੀ ਧਿਰ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਦੇਸ਼ ਦੀ ਭਾਈਚਾਰਕ ਸਾਂਝ, ਏਕਤਾ ਅਤੇ ਅਖੰਡਤਾ ਦੀ ਰਖਵਾਲੀ ਕਰੇ। ਘੱਟ ਗਿਣਤੀਆਂ ਦੇ ਅਧਿਕਾਰਾਂ ਦੇ ਬਾਰੇ ਬੋਲਣਾ ਬਿਲਕੁਲ ਜਾਇਜ਼ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਧਾਰਮਿਕ ਘੱਟ ਗਿਣਤੀਆਂ ਨੂੰ ਖਾਸ ਅਧਿਕਾਰ ਦਿੰਦਾ ਹੈ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਘੱਟ ਗਿਣਤੀਆਂ ਨੂੰ ਕੋਈ ਸਮੱਸਿਆ ਦਰਪੇਸ਼ ਨਹੀਂ ਪਰ ਆਜ਼ਾਦ ਭਾਰਤ ਵਿਚ ਸਿੱਖਾਂ ਦੀ ਇਕ ਵਿਲੱਖਣ ਪਛਾਣ ਹੈ।

ਸਿੱਖ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫੌਜਾਂ ਦੇ ਜਰਨੈਲ, ਗ੍ਰਹਿ ਮੰਤਰੀ ਅਤੇ ਹੋਰ ਕਈ ਮਹੱਤਵਪੂਰਨ ਅਹੁਦਿਆਂ ’ਤੇ ਬਿਰਾਜਮਾਨ ਰਹੇ ਹਨ ਅਤੇ ਆਜ਼ਾਦ ਭਾਰਤ ਦੀ ਤਕਦੀਰ ਮੁਕਰਰ ਕਰਨ ਵਿਚ ਹਮੇਸ਼ਾ ਹੀ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਸਿੱਖ ਭਾਈਚਾਰੇ ਨੂੰ ਭਾਰਤ ਵਿਚ ਅਨੇਕਾਂ ਮੁਸ਼ਕਲਾਂ ਦਰਪੇਸ਼ ਵੀ ਆਈਆਂ ਜਿਸ ਵਿਚ ਦਿੱਲੀ ਸਿੱਖਾਂ ਦਾ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਤੇ ਭਾਰਤੀ ਫੌਜ ਵੱਲੋਂ ਅਣਮਨੁੱਖੀ ਹਮਲਾ ਪ੍ਰਮੁੱਖ ਹਨ।

ਜਿਸ ਤਰ੍ਹਾਂ 1980 ਅਤੇ 90ਵਿਆਂ ਵਿਚ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਉਹ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਇਨ੍ਹਾਂ ਸਭ ਘਟਨਾਵਾਂ ਦੇ ਬਾਵਜੂਦ ਸਿੱਖ ਭਾਈਚਾਰਾ ਭਾਰਤ ਦੇ ਰਾਸ਼ਟਰੀ ਜੀਵਨ ਵਿਚ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ ਕਿਉਂਕਿ ਸਿੱਖ ਭਾਈਚਾਰਾ ਜਾਣਦਾ ਹੈ ਕਿ ਸਿੱਖਾਂ ਖਿਲਾਫ ਭਾਰਤ ਵਿਚ ਅਤੇ ਭਾਰਤੀ ਸਮਾਜ ਵਿਚ ਕੋਈ ਵਿਆਪਕ ਵਿਤਕਰਾ ਨਹੀਂ ਬਲਕਿ ਬੀਤੇ ਵਿਚ ਜੋ ਕੁਝ ਹੋਇਆ ਉਹ ਇਕ ਸਿਆਸੀ ਜਮਾਤ ਦੀ ਕੋਝੀ ਰਾਜਨੀਤੀ ਦਾ ਨਤੀਜਾ ਸੀ। ਇਹ ਉਹੀ ਸਿਆਸੀ ਪਾਰਟੀ ਹੈ ਜਿਸ ਦੇ ਨੇਤਾ ਅੱਜ ਰਾਹੁਲ ਗਾਂਧੀ ਹਨ।

ਅੱਜ ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਅਖੌਤੀ ਸਿੱਖ ਹਿਤੈਸ਼ੀ ਵਿਦੇਸ਼ਾਂ ਵਿਚ ਬੈਠੇ ਵੱਖਵਾਦੀ ਰਾਹੁਲ ਗਾਂਧੀ ਦੇ ਇਸ ਬਿਆਨ ਦੇ ਸਮਰਥਨ ਦੇ ਵਿਚ ਆ ਗਏ ਹਨ। ਕਾਂਗਰਸ ਪਾਰਟੀ ਦੇ ਆਗੂ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਰਾਹੁਲ ਗਾਂਧੀ ਦੇ ਬਚਾਅ ਵਿਚ ਪ੍ਰੈੱਸ ਕਾਨਫਰੰਸਾਂ ਕਰ ਕੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਫੌਜੀ ਹਮਲੇ ਨੂੰ ਗਲਤ ਤਾਂ ਕਹਿ ਰਹੇ ਹਨ ਪਰ ਇਸ ਸਵਾਲ ਦਾ ਜਵਾਬ ਨਹੀਂ ਦੇ ਰਹੇ ਕਿ ਉਹ ਫੌਜੀ ਹਮਲਾ ਅਤੇ 84 ਦਾ ਸਿੱਖ ਕਤਲੇਆਮ ਕਿਸ ਲਈ ਸੀ?

ਰਾਹੁਲ ਗਾਂਧੀ ਨੂੰ ਇਸ ਸਭ ਕਾਸੇ ਤੋਂ ਬਰੀ ਕਰਨ ਲਈ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਜੋ ਕੁਝ ਕੀਤਾ ਕਰਾਇਆ ਸੀ ਉਹ ਉਸਦੀ ਦਾਦੀ ਇੰਦਰਾ ਗਾਂਧੀ ਅਤੇ ਬਾਪ ਰਾਜੀਵ ਗਾਂਧੀ ਦਾ ਸੀ। ਇਹ ਤੱਥ ਸਰਬ ਪ੍ਰਵਾਣਤ ਹੈ ਕਿ ਰਾਜੀਵ ਗਾਂਧੀ ਨੇ ਦਿੱਲੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਸੀ। ਸੀਨੀਅਰ ਪੁਲਸ ਅਧਿਕਾਰੀ ਜੂਲੀਓ ਐੱਫ. ਰਿਬੈਰੋ ਨੇ ਆਪਣੀ ਕਿਤਾਬ ‘ਏ ਬੁਲੇਟ ਫਾਰ ਬੁਲੇਟ’ ਵਿਚ ਇਸ ਤੱਥ ਦਾ ਇੰਕਸ਼ਾਫ ਕੀਤਾ ਹੈ ਜਿੱਥੇ ਉਹ ਲਿਖਦਾ ਹੈ ਕਿ ਜਦੋਂ ਉਸਨੇ ਦਿੱਲੀ ਸਿੱਖ ਨਸਲਕੁਸ਼ੀ ਦੇ ਇਨਸਾਫ ਦੀ ਗੱਲ ਰਾਜੀਵ ਗਾਂਧੀ ਨਾਲ ਕੀਤੀ ਤਾਂ ਖੁਦ ਰਾਜੀਵ ਨੇ ਉਸ ਦੀ ਝਾੜ ਝੰਬ ਕਰ ਕੇ ਉਸ ਨੂੰ ਚੁੱਪ ਕਰਵਾ ਦਿੱਤਾ ਸੀ। ਇਨ੍ਹਾਂ ਸਾਰੀਆਂ ਗੱਲਾਂ ਅਤੇ ਤੱਥਾਂ ਨੂੰ ਹੁਣ ਰਾਹੁਲ ਗਾਂਧੀ ਦੀ ਦਾਦੀ ਅਤੇ ਪਿਤਾ ਦੇ ਖਾਤੇ ਪਾ ਕੇ ਰਾਹੁਲ ਨੂੰ ਦੋਸ਼ਮੁਕਤ ਕੀਤਾ ਜਾ ਰਿਹਾ ਹੈ। ਪਰ ਅਖੌਤੀ ਸਿੱਖ ਹਿਤੈਸ਼ੀ ਆਗੂ ਕੀ ਇਸ ਗੱਲ ਦਾ ਜਵਾਬ ਦੇਣਗੇ ਕਿ ਦਿੱਲੀ ਕਤਲੇਆਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲ ਨਾਥ ਨੂੰ ਰਾਹੁਲ ਗਾਂਧੀ ਦੀ ਸਰਪ੍ਰਸਤੀ ਵਿਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਅਤੇ ਉਸ ਦੇ ਪੁੱਤਰ ਨਕੁਲਨਾਥ ਨੂੰ ਮੱਧ ਪ੍ਰਦੇਸ਼ ਦੇ ਬੀਂਦ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਕਿਉਂ ਬਣਾਇਆ ਗਿਆ ?

ਪ੍ਰਧਾਨ ਮੰਤਰੀ ਮੋਦੀ ਦੀ ਭਾਜਪਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਸਿੱਖ ਸੰਗਤ ਦੇ ਕਈ ਅਹਿਮ ਲਟਕੇ ਹੋਏ ਕੰਮ ਨੇਪਰੇ ਚਾੜ੍ਹੇ ਹਨ ਜਿਸ ਵਿਚ ਕਰਤਾਰਪੁਰ ਕੋਰੀਡੋਰ ਖੋਲ੍ਹਣ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਸ਼੍ਰੋਮਣੀ ਕਮੇਟੀ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਵੋਟ ਦਾ ਅਧਿਕਾਰ ਦੇਣ, ਲੰਗਰ ਤੋਂ ਜੀ. ਐੱਸ. ਟੀ. ਖਤਮ ਕਰਨ, ਸਿੱਖ ਯਾਦਗਾਰਾਂ ਬਣਵਾਉਣ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਲਾਲ ਕਿਲੇ ’ਤੇ ਮਨਾਉਣ ਅਤੇ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ ’ਤੇ ਮਨਾਉਣ ਵਰਗੇ ਅਨੇਕਾਂ ਕਾਰਜ ਕਰ ਕੇ ਸਿੱਖ ਹਿਰਦੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸਾਰੀ ਦੁਨੀਆ ਦੇ 180 ਤੋਂ ਜ਼ਿਆਦਾ ਮੁਲਕ ਜਿੱਥੇ-ਜਿੱਥੇ ਭਾਰਤੀ ਸਫ਼ਾਰਤਖਾਨੇ ਹਨ ਉਥੇ ਮਨਾਇਆ ਗਿਆ।

35 ਸਾਲਾਂ ਤੋਂ ਸਿੱਖ ਸੰਗਤ ਦੇ ਮਨ ਵਿਚ ਇਕ ਚੀਸ ਹਮੇਸ਼ਾ ਰਹੀ ਸੀ ਕਿ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਇਨਸਾਫ ਦੇ ਘੇਰੇ ਵਿਚ ਨਹੀਂ ਲਿਆਂਦਾ ਗਿਆ ਉਲਟਾ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੇ ਕਾਤਲਾਂ ਨੂੰ ਤਰੱਕੀਆਂ ਅਤੇ ਟਿਕਟਾਂ ਦੇ ਕੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਤੇ ਉਨ੍ਹਾਂ ਨੂੰ ਵਜ਼ੀਰੀਆਂ ਨਾਲ ਨਿਵਾਜਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਉਨ੍ਹਾਂ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ। ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗੇ ਸਿੱਖਾਂ ਦੇ ਦੋਸ਼ੀ ਜੋ ਹਜ਼ਾਰਾਂ ਸਿੱਖਾਂ ਦਾ ਘਾਣ ਕਰ ਕੇ ਆਜ਼ਾਦੀ ਮਾਣ ਰਹੇ ਸਨ। ਪਿਛਲੇ 10 ਸਾਲਾਂ ਤੋਂ ਸੱਤਾ ਵਿਚ ਰਹੀ ਨਰਿੰਦਰ ਮੋਦੀ ਸਰਕਾਰ ਨੇ ਦਿਆਨਤਦਾਰੀ ਨਾਲ ਸਿੱਖ ਭਾਈਚਾਰੇ ਦੇ ਨਾਲ ਸੰਵਾਦ ਸ਼ੁਰੂ ਕੀਤਾ ਹੈ ਜਿਸ ਦਾ ਸਮੂਹ ਸਿੱਖ ਸੰਗਤ ਨੂੰ ਖੁੱਲ੍ਹੇ-ਦਿਲ ਨਾਲ ਸਵਾਗਤ ਕਰਨਾ ਚਾਹੀਦਾ ਹੈ।

-ਮਨਿੰਦਰ ਸਿੰਘ ਗਿੱਲ


author

Tanu

Content Editor

Related News