‘ਸਰਕਾਰੀ ਅਦਾਰਿਆਂ ਨੂੰ’ ਬੰਬ ਨਾਲ ਉਡਾਉਣ ਦੀਆਂ ਵਧਦੀਆਂ ਧਮਕੀਆਂ!

Sunday, Mar 08, 2026 - 04:22 AM (IST)

‘ਸਰਕਾਰੀ ਅਦਾਰਿਆਂ ਨੂੰ’ ਬੰਬ ਨਾਲ ਉਡਾਉਣ ਦੀਆਂ ਵਧਦੀਆਂ ਧਮਕੀਆਂ!

ਪਿਛਲੇ ਕੁਝ ਸਮੇਂ ਤੋਂ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਸਕੂਲਾਂ, ਸਰਕਾਰੀ ਦਫ਼ਤਰਾਂ, ਅਦਾਲਤਾਂ ਆਦਿ ’ਚ ਬੰਬ ਰੱਖੇ ਹੋਣ ਦੀਆਂ ਧਮਕੀਆਂ ਵੱਖ-ਵੱਖ ਮਾਧਿਅਮਾਂ ਰਾਹੀਂ ਆ ਰਹੀਆਂ ਹਨ ਜਿਨ੍ਹਾਂ ਦੇ ਨਤੀਜੇ ਵਜੋਂ ਸੁਰੱਖਿਆ ਫੋਰਸਾਂ ਦੀ ਜ਼ਿੰਮੇਵਾਰੀ ਵਧ ਗਈ ਹੈ। ਇਸ ਤਰ੍ਹਾਂ ਦੀਆਂ ਧਮਕੀਆਂ ਲਗਾਤਾਰ ਵਧ ਰਹੀਆਂ ਹਨ। ਅਜਿਹੀਆਂ ਧਮਕੀਆਂ ਦੀਆਂ ਪਿਛਲੇ ਲਗਭਗ 10 ਦਿਨਾਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 23 ਫਰਵਰੀ, 2026 ਨੂੰ ਦਿੱਲੀ ਵਿਧਾਨ ਸਭਾ ਸਕੱਤਰੇਤ, ਲਾਲ ਕਿਲਾ ਅਤੇ ਦਿੱਲੀ ਦੇ 2 ਸਕੂਲਾਂ ‘ਦਿੱਲੀ ਆਰਮੀ ਪਬਲਿਕ ਸਕੂਲ’ ਅਤੇ ‘ਏਅਰਫੋਰਸ ਬਾਲ ਭਾਰਤੀ ਸਕੂਲ’ ਸਮੇਤ ਕਈ ਸੰਸਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਨੂੰ ਬਾਅਦ ’ਚ ਫਰਜ਼ੀ ਪਾਇਆ ਗਿਆ। ਇਸੇ ਦਿਨ ਵਿਧਾਨ ਸਭਾ ਅਤੇ ਉਸ ਦੇ ਸਪੀਕਰ ਦੀ ਅਧਿਕਾਰਤ ਈ-ਮੇਲ ਆਈ. ਡੀ. ’ਤੇ ਸਵੇਰੇ 8 ਵਜੇ ਧਮਕੀ ਭਰੇ ਈ-ਮੇਲ ਪ੍ਰਾਪਤ ਹੋਏ।

* 24 ਫਰਵਰੀ ਨੂੰ ਪੱਛਮੀ ਬੰਗਾਲ ’ਚ ‘ਕੋਲਕਾਤਾ’ ਦੀ ਸੈਸ਼ਨ ਅਦਾਲਤ, ਬੈਂਕਸ਼ਾਲਾ ਸਥਿਤ ਮੁੱਖ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ ਅਤੇ ਪੱਛਮੀ ਵਰਧਮਾਨ ਜ਼ਿਲੇ ਦੇ ‘ਆਸਨਸੋਲ’ ਅਤੇ ‘ਦੁਰਗਾਪੁਰ’ ’ਚ ਸਥਿਤ ਅਦਾਲਤਾਂ ਨੂੰ ਈ-ਮੇਲ ’ਤੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਇਸ ਕਾਰਨ ਸਬੰਧਤ ਕੰਪਲੈਕਸਾਂ ’ਚ ਵੱਡੇ ਪੱਧਰ ’ਤੇ ਨਿਕਾਸੀ ਅਤੇ ਤਲਾਸ਼ੀ ਮੁਹਿੰਮ ਚਲਾਉਣੀ ਪਈ।

* 25 ਫਰਵਰੀ ਨੂੰ ‘ਪੰਜਾਬ ਅਤੇ ਹਰਿਆਣਾ ਹਾਈ ਕੋਰਟ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਅਦਾਲਤ ਕੰਪਲੈਕਸ ’ਚ ਹਾਈ ਅਲਰਟ ਐਲਾਨ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਨੇ ਸਾਵਧਾਨੀ ਦੇ ਤੌਰ ’ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜੋ ਲੱਗਭਗ ਦੋ ਘੰਟੇ ਤੱਕ ਜਾਰੀ ਰਹੀ। ਘਟਨਾ ਤੋਂ ਬਾਅਦ ਹਾਈ ਕੋਰਟ ਕੰਪਲੈਕਸ ’ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ।

* 26 ਫਰਵਰੀ ਨੂੰ ‘ਕਾਨਪੁਰ ਸੈਂਟਰਲ’ (ਉੱਤਰ ਪ੍ਰਦੇਸ਼) ਰੇਲਵੇ ਸਟੇਸ਼ਨ ’ਤੇ ਬੰਬ ਦੀ ਧਮਕੀ ਮਿਲਣ ਨਾਲ ਭਾਜੜ ਮਚ ਗਈ।

* 28 ਫਰਵਰੀ ਨੂੰ ਉਕਤ ਘਟਨਾ ਦੇ 36 ਘੰਟਿਆਂ ਦੇ ਅੰਦਰ ਹੀ ‘ਕਾਨਪੁਰ ਸੈਂਟਰਲ’ ਰੇਲਵੇ ਸਟੇਸ਼ਨ ’ਤੇ ਦੂਜੀ ਵਾਰ ਬੰਬ ਦੀ ਧਮਕੀ ਮਿਲੀ। ਸੂਚਨਾ ਮਿਲਦੇ ਹੀ ਪੁਲਸ ਬੰਬ ਨਿਰੋਧਕ ਦਸਤਾ, ਐਂਟੀ-ਸਾਬੋਤਾਜ ਟੀਮ ਅਤੇ ਸੂਹੀਆ ਕੁੱਤਿਆਂ ਦੇ ਦਸਤੇ ਨੇ ਸਟੇਸ਼ਨ ਕੰਪਲੈਕਸ ’ਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ।

* 2 ਮਾਰਚ ਨੂੰ ‘ਜਲੰਧਰ’ ਦੇ ‘ਰਾਮਾ ਮੰਡੀ’ ਇਲਾਕੇ ’ਚ ਸਥਿਤ 10 ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਇਸੇ ਦਿਨ ਪਟਿਆਲਾ ਦੇ ਮੁੱਖ ਡਾਕਖਾਨੇ ਅਤੇ ਚੰਡੀਗੜ੍ਹ ਦੇ ਡਾਕਖਾਨੇ ਅਤੇ ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀਆਂ ਈ-ਮੇਲ ਰਾਹੀਂ ਧਮਕੀਆਂ ਮਿਲੀਆਂ।

* 2 ਮਾਰਚ ਨੂੰ ਹੀ ਨਵੀਂ ਦਿੱਲੀ ਦੇ 3 ਬੈਂਕਾਂ ਅਤੇ 6 ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਨ੍ਹਾਂ ਤੋਂ ਬਾਅਦ ਕਈ ਸੁਰੱਖਿਆ ਫੋਰਸਾਂ ਨੇ ਇਨ੍ਹਾਂ ਕੰਪਲੈਕਸਾਂ ਨੂੰ ਖਾਲੀ ਕਰਵਾ ਕੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ। ਇਸੇ ਦਿਨ ‘ਗੋਆ’ ਦੀ ਰਾਜਧਾਨੀ ‘ਪਣਜੀ’ ਦੇ ‘ਪੱਟੋ’ ਇਲਾਕੇ ’ਚ ਪਾਸਪੋਰਟ ਭਵਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ।

* 5 ਮਾਰਚ ਨੂੰ ਰਾਜਸਥਾਨ ’ਚ ‘ਬੀਕਾਨੇਰ’, ‘ਸ਼੍ਰੀਡੂੰਗਰਗੜ੍ਹ’, ‘ਖਾਜੂਵਾਲਾ’, ‘ਛਤਰਗੜ੍ਹ’, ‘ਨਾਗੌਰ’ ਅਤੇ ‘ਮੇੜਤਾ’ ਜ਼ਿਲਿਆਂ ’ਚ ਅਦਾਲਤ ਕੰਪਲੈਕਸਾਂ ਨੂੰ ਈ-ਮੇਲ ਰਾਹੀਂ 14 ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਭਾਜੜ ਮਚ ਗਈ।

* ਅਤੇ ਹੁਣ 6 ਮਾਰਚ ਨੂੰ ‘ਰਾਂਚੀ’ (ਝਾਰਖੰਡ) ’ਚ ‘ਗੈਲੇਕਸੀਆ ਮਾਲ’ ਸਥਿਤ ‘ਰੀਜਨਲ ਪਾਸਪੋਰਟ ਆਫਿਸ’ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸਮੁੱਚੇ ਕੰਪਲੈਕਸ ਅਤੇ ਆਸ-ਪਾਸ ਦੇ ਖੇਤਰ ਦੀ ਸੰਘਣੀ ਜਾਂਚ ਕੀਤੀ ਗਈ ਪਰ ਇੱਥੇ ਵੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।

ਸੁਰੱਖਿਆ ਏਜੰਸੀਆਂ ਦੀ ਜਾਂਚ ’ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਧਮਕੀਆਂ ਵਿਦੇਸ਼ਾਂ ਤੋਂ ‘ਇੰਟਰਨੈੱਟ ਪ੍ਰੋਟੋਕੋਲ ਨੰਬਰ’ ਦੀ ਵਰਤੋਂ ਕਰ ਕੇ ਦਿੱਤੀਆਂ ਗਈਆਂ ਅਤੇ ਧਮਕੀਆਂ ਦੇਣ ਵਾਲਿਆਂ ਤੱਕ ਪਹੁੰਚਣਾ ਮੁਸ਼ਕਲ ਹੈ ਪਰ ਸਾਨੂੰ ਦੇਸ਼ ਦੇ ਇੰਟਰਨੈੱਟ ਢਾਂਚੇ ’ਚ ਇਸ ਤਰ੍ਹਾਂ ਦੀ ਵਿਵਸਥਾ ਕਰਨੀ ਪਵੇਗੀ ਜਿਸ ਨਾਲ ਇਸ ਤਰ੍ਹਾਂ ਦਾ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਇਸ ਦੇ ਫਰਜ਼ੀ ਹੋਣ ਦਾ ਵੀ ਪਤਾ ਲੱਗ ਸਕੇ। ਇਸ ਨਾਲ ਆਮ ਲੋਕਾਂ ਅਤੇ ਸੁਰੱਖਿਆ ਏਜੰਸੀਆਂ ਦਾ ਸਮਾਂ ਬਰਬਾਦ ਹੋਣ ਤੋਂ ਬਚੇਗਾ ਅਤੇ ਲੋਕਾਂ ’ਚ ਵਿਅਰਥ ਦਾ ਡਰ ਵੀ ਨਹੀਂ ਫੈਲੇਗਾ ਅਤੇ ਸੁਰੱਖਿਆ ਵੀ ਮਜ਼ਬੂਤ ਰਹੇਗੀ।

—ਵਿਜੇ ਕੁਮਾਰ


author

Sandeep Kumar

Content Editor

Related News