ਰਾਘਵ ਚੱਢਾ ਵਿਵਾਦ : ਲੋਕਤੰਤਰ ਦੀ ਪ੍ਰੀਖਿਆ ਜਾਂ ਅੰਦਰੂਨੀ ਅਨੁਸ਼ਾਸਨ?

Monday, Apr 06, 2026 - 05:44 PM (IST)

ਰਾਘਵ ਚੱਢਾ ਵਿਵਾਦ : ਲੋਕਤੰਤਰ ਦੀ ਪ੍ਰੀਖਿਆ ਜਾਂ ਅੰਦਰੂਨੀ ਅਨੁਸ਼ਾਸਨ?

ਹਾਲ ਹੀ ’ਚ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਪਾਰਟੀ ਲੀਡਰਸ਼ਿਪ ਵਿਚਾਲੇ ਖੁੱਲ੍ਹਾ ਵਿਵਾਦ ਸਾਹਮਣੇ ਆਇਆ। 2 ਅਪ੍ਰੈਲ ਨੂੰ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਚੱਢਾ ਨੂੰ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਦੀ ਜਗ੍ਹਾ ਪੰਜਾਬ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਨਿਯੁਕਤ ਕਰਨ ਦੀ ਸੂਚਨਾ ਦਿੱਤੀ। ਨਾਲ ਹੀ, ਪਾਰਟੀ ਨੇ ਅਪੀਲ ਕੀਤੀ ਕਿ ਚੱਢਾ ਨੂੰ ਪਾਰਟੀ ਵੱਲੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਅਗਲੇ ਦਿਨ ਚੱਢਾ ਨੇ ‘ਸਾਈਲੈਂਸਡ, ਨਾਟ ਡਿਫੀਟਿਡ’ ਸਿਰਲੇਖ ਹੇਠ ਇਕ ਵੀਡੀਓ ਜਾਰੀ ਕਰ ਕੇ ਜਵਾਬ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਮੇਸ਼ਾ ਆਮ ਆਦਮੀ ਦੇ ਮੁੱਦੇ ਉਠਾਉਂਦੇ ਰਹੇ, ਪਰ ਪਾਰਟੀ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਘਟਨਾ ਪਾਰਟੀ ਦੇ ਅੰਦਰੂਨੀ ਮਤਭੇਦਾਂ ਨੂੰ ਜਨਤਕ ਤੌਰ ’ਤੇ ਉਜਾਗਰ ਕਰਦੀ ਹੈ ਅਤੇ ਸਵਾਲ ਉਠਾਉਂਦੀ ਹੈ ਕਿ ਕੀ ਇਹ ਲੋਕਤੰਤਰੀ ਪ੍ਰਕਿਰਿਆ ਹੈ ਜਾਂ ਸਖ਼ਤ ਅਨੁਸ਼ਾਸਨ ਦਾ ਮਾਮਲਾ।

ਰਾਘਵ ਚੱਢਾ ਅਰਵਿੰਦ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਸਨ ਪਰ ਪਿਛਲੇ ਇਕ ਸਾਲ ਤੋਂ ਰਿਸ਼ਤਿਆਂ ’ਚ ਤਰੇੜ ਦਿਸਣ ਲੱਗੀ ਸੀ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੌਰਾਨ ਚੱਢਾ ਵਿਦੇਸ਼ ’ਚ ਅੱਖਾਂ ਦੀ ਸਰਜਰੀ ਕਰਵਾ ਰਹੇ ਸਨ ਅਤੇ ਪਾਰਟੀ ਦੇ ਪ੍ਰੋਗਰਾਮਾਂ ’ਚ ਗ਼ੈਰ-ਹਾਜ਼ਰ ਰਹੇ। ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਹਾਲੀਆ ਛੋਟ ਮਿਲਣ ’ਤੇ ਵੀ ਉਨ੍ਹਾਂ ਨੇ ਜਨਤਕ ਤੌਰ ’ਤੇ ਕੋਈ ਵੱਡਾ ਬਿਆਨ ਨਹੀਂ ਦਿੱਤਾ। ਪਾਰਟੀ ਸੂਤਰਾਂ ਅਨੁਸਾਰ, ਇਸ ਨੂੰ ਅਨੁਸ਼ਾਸਨਹੀਣਤਾ ਅਤੇ ਪਾਰਟੀ ਲਾਈਨ ਤੋਂ ਭਟਕਣਾ ਮੰਨਿਆ ਗਿਆ। ਉੱਥੇ ਹੀ ਚੱਢਾ ਨੇ ਸੰਸਦ ’ਚ ਹਵਾਈ ਅੱਡਿਆਂ ’ਤੇ ਮਹਿੰਗੇ ਖਾਣੇ, ਡਲਿਵਰੀ ਪਾਰਟਨਰਜ਼ ਦੀਆਂ ਸਮੱਸਿਆਵਾਂ, ਟੋਲ ਪਲਾਜ਼ਾ ਅਤੇ ਬੈਂਕ ਚਾਰਜਿਸ, ਗਿਗ ਵਰਕਰਾਂ ਦੇ ਅਧਿਕਾਰ ਵਰਗੇ ਮੁੱਦੇ ਉਠਾਏ, ਜਿਨ੍ਹਾਂ ਨੂੰ ਉਨ੍ਹਾਂ ਨੇ ‘ਆਮ ਆਦਮੀ’ ਦੇ ਹਿੱਤਾਂ ਨਾਲ ਜੋੜਿਆ ਪਰ ਪਾਰਟੀ ਨੇ ਇਨ੍ਹਾਂ ਨੂੰ ‘ਸਾਫਟ ਪੀ. ਆਰ.’ ਕਰਾਰ ਦਿੱਤਾ।

ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਇਸ ਵਿਵਾਦ ’ਤੇ ਬਿਆਨ ਵੀ ਦਿੱਤੇ। ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਚੱਢਾ ਭਾਜਪਾ ਤੋਂ ਡਰਦੇ ਹਨ, ਵਿਰੋਧੀ ਦਲਾਂ ਦੇ ਵਾਕਆਊਟ ’ਚ ਸ਼ਾਮਲ ਨਹੀਂ ਹੁੰਦੇ ਅਤੇ ਪੰਜਾਬ ਦੇ ਮੁੱਦਿਆਂ ’ਤੇ ਚੁੱਪ ਰਹਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ‘ਕੰਪਰੋਮਾਈਜ਼ਡ’ ਦੱਸਿਆ ਅਤੇ ਕਿਹਾ ਕਿ ਜਦੋਂ ਪਾਰਟੀ ਐੱਮ. ਐੱਸ. ਪੀ. ਜਾਂ ਕੇਂਦਰ ਤੋਂ ਫੰਡਿੰਗ ਵਰਗੇ ਵੱਡੇ ਮੁੱਦੇ ਉਠਾਉਂਦੀ ਹੈ, ਉਦੋਂ ਚੱਢਾ ਛੋਟੇ-ਛੋਟੇ ਮੁੱਦਿਆਂ ’ਤੇ ਫੋਕਸ ਕਰਦੇ ਹਨ। ਆਤਿਸ਼ੀ ਅਤੇ ਅਨੁਰਾਗ ਢਾਂਡਾ ਨੇ ਵੀ ਇਹੀ ਸੁਰ ਦੁਹਰਾਇਆ ਕਿ ਸੰਸਦ ’ਚ ਸੀਮਤ ਸਮੇਂ ’ਚ ‘ਸਮੋਸੇ ਸਸਤੇ’ ਵਰਗੇ ਵਿਸ਼ਿਆਂ ’ਤੇ ਬੋਲਣਾ ਰਾਸ਼ਟਰਹਿੱਤ ਤੋਂ ਦੂਰ ਹੈ। ਪਾਰਟੀ ਦਾ ਤਰਕ ਹੈ ਕਿ ਇਕ ਛੋਟੀ ਪਾਰਟੀ ਦੇ ਕੋਲ ਸੰਸਦ ’ਚ ਬੋਲਣ ਦਾ ਸੀਮਤ ਕੋਟਾ ਹੁੰਦਾ ਹੈ, ਇਸ ਲਈ ਉਸ ਨੂੰ ਕੇਂਦਰ ਸਰਕਾਰ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਾ ਚਾਹੀਦਾ ਹੈ, ਨਾ ਕਿ ‘ਸਾਫਟ’ ਮੁੱਦਿਆਂ ’ਤੇ।

ਇਸ ’ਤੇ ਚੱਢਾ ਨੇ ਆਪਣੇ ਵੀਡੀਓ ’ਚ ਇਨ੍ਹਾਂ ਦੋਸ਼ਾਂ ਦਾ ਸਿੱਧਾ ਜਵਾਬ ਦਿੱਤਾ। ਉਨ੍ਹਾਂ ਪੁੱਛਿਆ, ‘‘ਕੀ ਆਮ ਆਦਮੀ ਦੇ ਮੁੱਦੇ ਉਠਾਉਣਾ ਅਪਰਾਧ ਹੈ? ਮੈਂ ਹਵਾਈ ਅੱਡੇ ਦੇ ਖਾਣੇ ਦੀ ਮਹਿੰਗਾਈ, ਗਿਗ ਵਰਕਰਾਂ ਦੀ ਦੁਰਦਸ਼ਾ, ਅਸ਼ੁੱਧ ਭੋਜਨ ਅਤੇ ਲੁੱਟ-ਖਸੁੱਟ ਦੇ ਮੁੱਦੇ ਉਠਾਏ, ਜਿਸ ਨਾਲ ਆਮ ਆਦਮੀ ਨੂੰ ਫਾਇਦਾ ਹੋਇਆ। ਪਾਰਟੀ ਨੂੰ ਇਸ ਨਾਲ ਕੀ ਨੁਕਸਾਨ ਹੋਇਆ?’’ ਉਨ੍ਹਾਂ ਪਾਰਟੀ ਨੂੰ ਚਿਤਾਵਨੀ ਦਿੱਤੀ, ‘‘ਮੇਰੀ ਚੁੱਪ ਨੂੰ ਹਾਰ ਨਾ ਸਮਝੋ। ਮੈਂ ਉਹ ਨਦੀ ਹਾਂ ਜੋ ਸਮਾਂ ਆਉਣ ’ਤੇ ਹੜ੍ਹ ਬਣ ਜਾਂਦੀ ਹੈ।’’ ਇਹ ਬਿਆਨ ਨਾ ਸਿਰਫ ਨਿੱਜੀ ਦਰਦ ਜ਼ਾਹਿਰ ਕਰਦਾ ਹੈ, ਸਗੋਂ ਪਾਰਟੀ ’ਚ ਅਸਹਿਮਤੀ ਦੇ ਅਧਿਕਾਰ ’ਤੇ ਵੀ ਸਵਾਲ ਖੜ੍ਹਾ ਕਰਦਾ ਹੈ।

ਉੱਥੇ ਹੀ ਹੋਰ ਸਿਆਸੀ ਦਲਾਂ ਦੀ ਪ੍ਰਤੀਕਿਰਿਆ ਨੇ ਇਸ ਵਿਵਾਦ ਨੂੰ ਹੋਰ ਵੀ ਰੰਗ ਦਿੱਤਾ ਹੈ। ਭਾਜਪਾ ਨੇ ਇਸ ਨੂੰ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਿਆ, ਪਰ ਚੱਢਾ ਨੂੰ ਬੋਲਣ ਤੋਂ ਰੋਕਣ ਨੂੰ ‘ਬਹੁਤ ਜ਼ਿਆਦਾ ਇਤਰਾਜ਼ਯੋਗ ਅਤੇ ਤਾਨਾਸ਼ਾਹੀ’ ਕਰਾਰ ਦਿੱਤਾ। ਕਾਂਗਰਸ ਨੇ ਇਸ ਨੂੰ ਪਾਰਟੀ ’ਚ ਤਰੇੜ ਦਾ ਸਬੂਤ ਮੰਨਿਆ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਚੱਢਾ ਪਹਿਲਾਂ ਤੋਂ ਹੀ ਪਾਰਟੀ ਤੋਂ ‘ਵੱਖ’ ਦਿਸਦੇ ਸਨ, ਖ਼ਾਸ ਕਰ ਕੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਨੂੰ ਦੇਖਦੇ ਹੋਏ। ਕੁਝ ਕਾਂਗਰਸ ਨੇਤਾਵਾਂ ਦਾ ਅੰਦਾਜ਼ਾ ਹੈ ਕਿ ਚੱਢਾ ਪਾਰਟੀ ਛੱਡ ਕੇ ਕਿਤੇ ਹੋਰ ਜਾ ਸਕਦੇ ਹਨ। ਤ੍ਰਿਣਮੂਲ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਨੇ ਵੀ ਅਪ੍ਰਤੱਖ ਰੂਪ ’ਚ ਆਮ ਆਦਮੀ ਪਾਰਟੀ ਦੀ ਏਕਤਾ ’ਤੇ ਸਵਾਲ ਉਠਾਏ ਹਨ। ਕੁੱਲ ਮਿਲਾ ਕੇ, ਵਿਰੋਧੀ ਦਲਾਂ ਨੇ ਇਸ ਘਟਨਾ ਨੂੰ ਪਾਰਟੀ ਦੀ ਕਮਜ਼ੋਰੀ ਦੇ ਰੂਪ ’ਚ ਪੇਸ਼ ਕੀਤਾ ਹੈ।

ਕੁਝ ਵਿਸ਼ਲੇਸ਼ਕ ਮੰਨਦੇ ਹਨ ਕਿ ਚੱਢਾ ਪਾਰਟੀ ਦੀ ਹਮਲਾਵਰ ਐਂਟੀ-ਭਾਜਪਾ ਰਣਨੀਤੀ ਨਾਲ ਸਹਿਮਤ ਨਹੀਂ ਹਨ। ਉਹ ਜ਼ਿਆਦਾ ਮੁੱਦਾ-ਅਾਧਾਰਿਤ ਅਤੇ ਘੱਟ ਨਿੱਜੀ ਹਮਲੇ ਵਾਲਾ ਰੁਖ਼ ਅਪਣਾਉਂਦੇ ਰਹੇ, ਜੋ ਆਮ ਆਦਮੀ ਪਾਰਟੀ ਦੀ ਮੌਜੂਦਾ ਲੋੜ (ਕੇਂਦਰ ਸਰਕਾਰ ’ਤੇ ਸਿੱਧਾ ਹਮਲਾ) ਨਾਲ ਮੇਲ ਨਹੀਂ ਖਾਂਦਾ। ਦੂਜੀ ਅਟਕਲ ਇਹ ਹੈ ਕਿ ਚੱਢਾ ਦੀ ਵਧਦੀ ਲੋਕਪ੍ਰਿਯਤਾ ਅਤੇ ਮੀਡੀਆ ਕਵਰੇਜ ਕੇਜਰੀਵਾਲ ਲਈ ਖ਼ਤਰਾ ਬਣ ਗਈ। ਸਵਾਤੀ ਮਾਲੀਵਾਲ ਵਰਗੀਆਂ ਪਿਛਲੀਆਂ ਘਟਨਾਵਾਂ ਦੀ ਯਾਦ ਦਿਵਾਉਂਦੇ ਹੋਏ ਕੁਝ ਸਿਆਸੀ ਪੰਡਿਤ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ’ਚ ‘ਕੇਜਰੀਵਾਲ ਤੋਂ ਜ਼ਿਆਦਾ ਚਮਕ’ ਬਰਦਾਸ਼ਤ ਨਹੀਂ ਕੀਤੀ ਜਾਂਦੀ। ਅਨੁਸ਼ਾਸਨ ਅਤੇ ਪੰਜਾਬ-ਕੇਂਦਰਿਤ ਰਣਨੀਤੀ ਵੀ ਇਕ ਕਾਰਨ ਹੋ ਸਕਦੀ ਹੈ, ਕਿਉਂਕਿ ਚੱਢਾ ਪੰਜਾਬ ਤੋਂ ਸੰਸਦ ਮੈਂਬਰ ਹਨ ਪਰ ਪੰਜਾਬ ਦੇ ਵੱਡੇ ਮੁੱਦਿਆਂ (ਜਿਵੇਂ ਐੱਮ. ਐੱਸ. ਪੀ.) ’ਤੇ ਘੱਟ ਸਰਗਰਮ ਰਹੇ। ਕੁਝ ਸੂਤਰਾਂ ਦਾ ਦਾਅਵਾ ਹੈ ਕਿ ਚੱਢਾ ਨੂੰ ਭਾਜਪਾ ‘ਪ੍ਰਮੋਟ’ ਕਰ ਰਹੀ ਹੈ ਜਾਂ ਉਹ ਸੁਤੰਤਰ ਰੂਪ ’ਚ ਰਾਜਨੀਤੀ ਕਰਨ ਦੀ ਸੋਚ ਰਹੇ ਹਨ। ਹਾਲਾਂਕਿ, ਇਨ੍ਹਾਂ ’ਚੋਂ ਕਿਸੇ ਦੀ ਵੀ ਪੁਸ਼ਟੀ ਨਹੀਂ ਹੋਈ ਹੈ। ਪਾਰਟੀ ਨੇ ਇਸ ਨੂੰ ‘ਰੁਟੀਨ ਜਥੇਬੰਦਕ ਬਦਲਾਅ’ ਦੱਸਿਆ ਹੈ, ਪਰ ਟਾਈਮਿੰਗ ਅਤੇ ਬੋਲਣ ’ਤੇ ਰੋਕ ਨੇ ਸ਼ੱਕ ਵਧਾ ਦਿੱਤਾ ਹੈ।

ਦੇਖਿਆ ਜਾਵੇ ਤਾਂ ਇਹ ਇਕ ਸੰਸਦੀ ਲੋਕਤੰਤਰ ’ਚ ਪਾਰਟੀ ਅਨੁਸ਼ਾਸਨ ਬਨਾਮ ਵਿਅਕਤੀਗਤ ਸੁਤੰਤਰਤਾ ਦਾ ਸਵਾਲ ਹੈ। ਕੀ ਇਕ ਸੰਸਦ ਮੈਂਬਰ ਨੂੰ ਪਾਰਟੀ ਕੋਟੇ ਤੋਂ ਬੋਲਣ ਦਾ ਅਧਿਕਾਰ ਪਾਰਟੀ ਲੀਡਰਸ਼ਿਪ ਦੇ ਵਿਵੇਕ ’ਤੇ ਨਿਰਭਰ ਹੋਣਾ ਚਾਹੀਦਾ ਹੈ? ਸੰਵਿਧਾਨ ਅਤੇ ਸੰਸਦੀ ਪਰੰਪਰਾ ’ਚ ਸੰਸਦ ਮੈਂਬਰ ਪਾਰਟੀ ਤੋਂ ਕਿਤੇ ਜ਼ਿਆਦਾ ਜਨਤਾ ਦਾ ਪ੍ਰਤੀਨਿਧ ਹੈ ਪਰ ਹਕੀਕਤ ’ਚ ਵ੍ਹਿਪ ਅਤੇ ਪਾਰਟੀ ਲਾਈਨ ਪਾਬੰਦ ਹਨ। ਅੰਦੋਲਨ ਤੋਂ ਉਪਜੀ ਆਮ ਆਦਮੀ ਪਾਰਟੀ ਜੋ ਖ਼ੁਦ ‘ਸਵਰਾਜ’ ਅਤੇ ਪਾਰਦਰਸ਼ਤਾ ਦਾ ਨਾਅਰਾ ਦਿੰਦੀ ਰਹੀ, ’ਚ ਇਹ ਘਟਨਾ ਉਸ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ। ਇਸ ਦੇ ਨਾਲ ਹੀ ਪਾਰਟੀ ਦੀ ਅੰਦਰੂਨੀ ਸੰਰਚਨਾ ’ਤੇ ਵੀ ਕਈ ਸਵਾਲ ਉੱਠਦੇ ਹਨ। ਕੇਜਰੀਵਾਲ-ਕੇਂਦਰਿਤ ਪਾਰਟੀ ’ਚ ਅਸਹਿਮਤੀ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ ਹੈ? ਪਾਰਟੀ ਬਣਨ ਦੇ ਸਮੇਂ ਜੋ-ਜੋ ਵੱਡੇ ਤੇ ਚਰਚਿਤ ਚਿਹਰੇ ਕੇਜਰੀਵਾਲ ਦੇ ਨਾਲ ਸਨ, ਉਹ ਇਕ-ਇਕ ਕਰ ਕੇ ਅਲੱਗ ਹੋਏ। ਹੁਣ ਰਾਘਵ ਚੱਢਾ ਵਰਗੀਆਂ ਘਟਨਾਵਾਂ ਪਾਰਟੀ ਦੀ ‘ਏਕਤਾ’ ਦੇ ਅਕਸ ਨੂੰ ਧੱਕਾ ਪਹੁੰਚਾਉਂਦੀਆਂ ਹਨ।

ਆਮ ਆਦਮੀ ਪਾਰਟੀ ਵਰਗੇ ਦਲਾਂ ਨੂੰ ਰਾਸ਼ਟਰੀ ਪੱਧਰ ’ਤੇ ਮਜ਼ਬੂਤ ਰਹਿਣ ਲਈ ਅੰਦਰੂਨੀ ਏਕਤਾ ਜ਼ਰੂਰੀ ਹੈ। ਚੱਢਾ ਵਰਗੇ ਨੌਜਵਾਨ, ਪੜ੍ਹੇ-ਲਿਖੇ ਅਤੇ ਮੀਡੀਆ-ਸੇਵੀ ਨੇਤਾ ਪਾਰਟੀ ਦੇ ਅਕਸ ਨੂੰ ਆਧੁਨਿਕ ਬਣਾਉਂਦੇ ਸਨ। ਉਨ੍ਹਾਂ ਦਾ ਸਾਈਡਲਾਈਨ ਹੋਣਾ ਨੌਜਵਾਨ ਨੇਤਾਵਾਂ ਨੂੰ ਨਿਰਉਤਸ਼ਾਹਿਤ ਕਰ ਸਕਦਾ ਹੈ। ਚੱਢਾ ਨੇ ਜੋ ਮੁੱਦੇ ਉਠਾਏ ਉਹ ਵਾਕਈ ਆਮ ਆਦਮੀ ਨਾਲ ਜੁੜੇ ਸਨ—ਮਹਿੰਗਾਈ, ਕਿਰਤ ਅਧਿਕਾਰ, ਉਪਭੋਗਤਾ ਸ਼ੋਸ਼ਣ ਪਰ ਰਾਜਨੀਤੀ ’ਚ ਸੰਸਦ ਦੇ ਸੀਮਤ ਸਮੇਂ ’ਚ ਪਹਿਲ ‘ਵੱਡੇ ਸਿਆਸੀ ਹਮਲੇ’ ਨੂੰ ਦਿੱਤੀ ਜਾਂਦੀ ਹੈ। ਕੀ ਇਹ ‘ਸਾਫਟ’ ਬਨਾਮ ‘ਹਾਰਡ’ ਪਾਲੀਟਿਕਸ ਦਾ ਟਕਰਾਅ ਹੈ? ਦੋਵਾਂ ਪੱਖਾਂ ’ਚ ਸੱਚਾਈ ਤਾਂ ਹੈ, ਇਕ ਪਾਸੇ ਪਾਰਟੀ ਦੀ ਰਣਨੀਤਿਕ ਲੋੜ, ਦੂਜੇ ਪਾਸੇ ਸੰਸਦ ਨੂੰ ਜਨ-ਸਮੱਸਿਆਵਾਂ ਦਾ ਮੰਚ ਬਣਾਉਣ ਦਾ ਯਤਨ।

ਇਸ ਵਿਵਾਦ ਤੋਂ ਭਾਰਤੀ ਰਾਜਨੀਤੀ ਨੂੰ ਦੋ ਸਬਕ ਮਿਲਦੇ ਹਨ। ਪਹਿਲਾ, ਕੋਈ ਵੀ ਪਾਰਟੀ ਕਿੰਨੀ ਵੀ ਲੋਕਪ੍ਰਿਯ ਕਿਉਂ ਨਾ ਹੋਵੇ, ਅੰਦਰੂਨੀ ਲੋਕਤੰਤਰ ਦੇ ਬਿਨਾਂ ਟਿਕ ਨਹੀਂ ਸਕਦੀ। ਦੂਜਾ, ਸੰਸਦ ’ਚ ਸੰਸਦ ਮੈਂਬਰਾਂ ਦੀ ਆਵਾਜ਼ ਨੂੰ ਪਾਰਟੀ ਹਿੱਤ ਤੋਂ ਉੱਪਰ ਰੱਖਣ ਦੀ ਲੋੜ ਹੈ। ਰਾਘਵ ਚੱਢਾ ਦਾ ਭਵਿੱਖ ਅਨਿਸ਼ਚਿਤ ਹੈ। ਉਹ ਪਾਰਟੀ ’ਚ ਰਹਿ ਕੇ ਸੰਘਰਸ਼ ਕਰ ਸਕਦੇ ਹਨ, ਅਸਤੀਫ਼ਾ ਦੇ ਸਕਦੇ ਹਨ ਜਾਂ ਸੁਤੰਤਰ ਰੂਪ ’ਚ ਜਨ-ਮੁੱਦਿਆਂ ’ਤੇ ਬੋਲਦੇ ਰਹਿ ਸਕਦੇ ਹਨ। ਪਾਰਟੀ ਲਈ ਇਹ ਆਤਮ-ਚਿੰਤਨ ਦਾ ਮੌਕਾ ਹੈ। ਜੇਕਰ ਪਾਰਟੀ ਆਪਣਾ ਅਕਸ ‘ਆਮ ਆਦਮੀ’ ਦਾ ਰੱਖਣਾ ਚਾਹੁੰਦੀ ਹੈ, ਤਾਂ ਉਸ ਨੂੰ ਆਪਣੇ ਸੰਸਦ ਮੈਂਬਰਾਂ ਦੀ ਜਨ-ਕੇਂਦਰਿਤ ਆਵਾਜ਼ ਨੂੰ ਦਬਾਉਣ ਦੀ ਬਜਾਏ ਮਜ਼ਬੂਤ ਕਰਨਾ ਚਾਹੀਦਾ ਹੈ। ਦੋਵਾਂ ਪੱਖਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ। ਜਨਤਾ ਦੇਖ ਰਹੀ ਹੈ ਕਿ ਕੀ ਆਮ ਆਦਮੀ ਪਾਰਟੀ ਆਪਣੀ ਸਥਾਪਨਾ ਦੇ ਸਿਧਾਂਤਾਂ ’ਤੇ ਖਰੀ ਉਤਰਦੀ ਹੈ ਜਾਂ ਸੱਤਾ ਦੀ ਖੇਡ ’ਚ ਫਸ ਜਾਂਦੀ ਹੈ। ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਅਜਿਹੀਆਂ ਘਟਨਾਵਾਂ ਪ੍ਰੀਖਿਆ ਹਨ। ਉਮੀਦ ਹੈ ਕਿ ਇਹ ਵਿਵਾਦ ਸੰਵਾਦ ਦਾ ਰਸਤਾ ਖੋਲ੍ਹੇਗਾ, ਨਾ ਕਿ ਹੋਰ ਵੰਡ ਦਾ।

—ਵਿਨੀਤ ਨਾਰਾਇਣ


author

Anmol Tagra

Content Editor

Related News