ਦੁਖਦਾਈ ਨਤੀਜਿਆਂ ’ਤੇ ਪਹੁੰਚਦੇ ਲਿਵ-ਇਨ ਰਿਲੇਸ਼ਨਸ਼ਿਪ!
Friday, May 01, 2026 - 03:25 AM (IST)
‘ਲਿਵ-ਇਨ ਰਿਲੇਸ਼ਨਸ਼ਿਪ’ ਜਾਂ ‘ਸਹਿਮਤੀ ਸਬੰਧ’ ਇਕ ਅਜਿਹੀ ਵਿਵਸਥਾ ਹੈ, ਜਿਸ ’ਚ ਇਸਤਰੀ-ਪੁਰਸ਼ ਬਿਨਾਂ ਵਿਆਹ ਕੀਤੇ ਪਤੀ-ਪਤਨੀ ਵਾਂਗ ਰਹਿਣ ਦੇ ਨਾਲ-ਨਾਲ ਕਈ ਵਾਰ ਬੱਚੇ ਵੀ ਪੈਦਾ ਕਰ ਲੈਂਦੇ ਹਨ।
ਆਪਸੀ ਸਹਿਮਤੀ ਨਾਲ ਕਾਇਮ ਅਜਿਹੇ ਸਬੰਧ ਪੱਛਮੀ ਦੇਸ਼ਾਂ ’ਚ ਤਾਂ ਆਮ ਹਨ ਅਤੇ ਉਨ੍ਹਾਂ ਦੀ ਦੇਖਾ-ਦੇਖੀ ਭਾਰਤ ’ਚ ਵੀ ਇਹ ਰੁਝਾਨ ਫੈਲਣ ਲੱਗਾ ਹੈ, ਜਿਸ ਦੇ ਨਤੀਜੇ ਕਈ ਵਾਰ ਦੁਖਦਾਈ ਨਿਕਲਦੇ ਹਨ ਅਤੇ ‘ਲਿਵ-ਇਨ’ ’ਚ ਰਹਿਣ ਵਾਲੇ ਆਪਣੇ ਪਾਰਟਨਰਾਂ ਦੀ ਹੱਤਿਆ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ, ਜਿਸ ਦੀਆਂ ਪਿਛਲੇ ਤਿੰਨ ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
26 ਜਨਵਰੀ ਨੂੰ ‘ਗਾਜ਼ੀਪੁਰ’ (ਉੱਤਰ ਪ੍ਰਦੇਸ਼) ਦੇ ‘ਦੇਵਕਲੀ’ ਪਿੰਡ ’ਚ ਆਪਣੀ ਰੁੱਸੀ ਹੋਈ ਗਰਲਫ੍ਰੈਂਡ ‘ਰੀਤਾ ਯਾਦਵ’ ਨੂੰ ਮਨਾਉਣ ਮੁੰਬਈ ਤੋਂ ਆਏ ਉਸ ਦੇ ਬੁਆਏਫ੍ਰੈਂਡ ‘ਰਾਜੀਵ ਯਾਦਵ’ ਨੂੰ ਉਸ ਦੀ ਹੱਤਿਆ ਕਰ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
ਦੋਵੇਂ ਕਾਫ਼ੀ ਸਮੇਂ ਤੋਂ ਮੁੰਬਈ ’ਚ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਸਨ। ਕੁਝ ਦਿਨ ਪਹਿਲਾਂ ‘ਰੀਤਾ ਯਾਦਵ’ ਨਾਰਾਜ਼ ਹੋ ਕੇ ਆਪਣੇ ਪਿੰਡ ਚਲੀ ਗਈ ਸੀ ਅਤੇ ‘ਰਾਜੀਵ’ ਉਸ ਨੂੰ ਮਨਾ ਕੇ ਮੁੰਬਈ ਵਾਪਸ ਲੈ ਜਾਣ ਲਈ ਆਇਆ ਸੀ ਅਤੇ ਉਸ ’ਤੇ ਚੱਲਣ ਲਈ ਦਬਾਅ ਪਾਉਣ ਲੱਗਾ। ਇਸੇ ਦੌਰਾਨ ਦੋਵਾਂ ’ਚ ਬਹਿਸ ਹੋਈ ਅਤੇ ‘ਰਾਜੀਵ ਯਾਦਵ’ ਨੇ ‘ਰੀਤਾ ਯਾਦਵ’ ਦੇ ਸਿਰ ’ਚ ਇੱਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
2 ਮਾਰਚ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ‘ਮੋਹਨ ਰਾਓ’ ਨਾਮਕ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦੇ ਦੋਸ਼ ਹੇਠ ਉਸ ਦੀ ਲਿਵ-ਇਨ ਪਾਰਟਨਰ ‘ਬਿੰਦੂ’, ਉਸ ਦੇ ਪ੍ਰੇਮੀ ‘ਵਿਨੈ’ ਅਤੇ ਇਕ ਹੋਰ ਨੌਜਵਾਨ ‘ਧਨੁਸ਼’ ਨੂੰ ਗ੍ਰਿਫਤਾਰ ਕੀਤਾ ਗਿਆ।
‘ਮੋਹਨ’ ਅਤੇ ‘ਬਿੰਦੂ’ ਨੇ ਆਪਣੇ ਮਕਾਨ ਮਾਲਕ ਦੇ ਸਾਹਮਣੇ ਖ਼ੁਦ ਨੂੰ ਪਤੀ-ਪਤਨੀ ਦੱਸਿਆ ਸੀ। ‘ਮੋਹਨ’ ਆਪਣੀ ਵਿਆਹੁਤਾ ਪਤਨੀ ਨੂੰ ਛੱਡ ਕੇ ਲੰਬੇ ਸਮੇਂ ਤੋਂ ਇਕੱਲਾ ਰਹਿ ਰਿਹਾ ਸੀ। ‘ਬਿੰਦੂ’ ਵੀ ਪਹਿਲਾਂ ਤੋਂ ਵਿਆਹੀ ਹੋਈ ਸੀ ਅਤੇ ਆਪਣੇ ਪਤੀ ਤੋਂ ਵੱਖ ਰਹਿੰਦੀ ਸੀ ਅਤੇ ਹੁਣ ‘ਮੋਹਨ’ ਨੂੰ ਛੱਡ ਕੇ ਆਪਣੇ ਇਕ ਹੋਰ ਪ੍ਰੇਮੀ ‘ਵਿਨੈ’ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰੰਤੂ ‘ਮੋਹਨ ਰਾਓ’ ਇਸ ’ਚ ਰੁਕਾਵਟ ਬਣ ਰਿਹਾ ਸੀ।
ਪੁਲਸ ਅਨੁਸਾਰ ਮੁਲਜ਼ਮਾਂ ਨੇ ਰਾਤ ਨੂੰ ਪਹਿਲਾਂ ‘ਮੋਹਨ’ ਨੂੰ ਸ਼ਰਾਬ ਪਿਲਾਈ, ਫਿਰ ਚਾਕੂ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਪਲਾਸਟਿਕ ਨਾਲ ਉਸ ਦਾ ਮੂੰਹ ਅਤੇ ਨੱਕ ਬੰਦ ਕਰ ਦਿੱਤੇ ਜਿਸ ਨਾਲ ਉਸ ਦੀ ਮੌਤ ਹੋ ਗਈ।
6 ਮਾਰਚ ਨੂੰ ‘ਜਗਾਧਰੀ’ (ਹਰਿਆਣਾ) ਪੁਲਸ ਨੇ ‘ਗੁੰਜਨ’ (33) ਨਾਂ ਦੇ ਨੌਜਵਾਨ ਦੀ ਹੱਤਿਆ ਕਰਨ ਦੇ ਦੋਸ਼ ਹੇਠ ‘ਸੁਸ਼ਮਾ’ ਉਰਫ਼ ‘ਰਾਣੀ’ (50) ਅਤੇ ਉਸ ਦੇ ਬੇਟੇ ‘ਆਕਾਸ਼’ ਨੂੰ ਗ੍ਰਿਫਤਾਰ ਕੀਤਾ।
‘ਗੁੰਜਨ’ ਲੱਗਭਗ ਡੇਢ ਸਾਲ ਤੋਂ ‘ਸੁਸ਼ਮਾ’ ਉਰਫ਼ ‘ਰਾਣੀ’ ਨਾਲ ਲਿਵ-ਇਨ-ਰਿਲੇਸ਼ਨ ’ਚ ਸੀ। ‘ਸੁਸ਼ਮਾ’ ਆਪਣੇ ਪਹਿਲੇ ਪਤੀ ਨੂੰ ਛੱਡਣ ਤੋਂ ਬਾਅਦ ‘ਗੁੰਜਨ’ ਦੇ ਸੰਪਰਕ ’ਚ ਆਈ ਅਤੇ ਦੋਵੇਂ ‘ਯਮੁਨਾਨਗਰ’ ਵਿਚ ਇਕੱਠੇ ਰਹਿਣ ਲੱਗੇ। ਬਾਅਦ ਵਿਚ ‘ਸੁਸ਼ਮਾ’ ਦਾ ਪਹਿਲੇ ਵਿਆਹ ਤੋਂ ਬੇਟਾ ‘ਆਕਾਸ਼’ ਵੀ ਉਨ੍ਹਾਂ ਕੋਲ ਰਹਿਣ ਲਈ ਆ ਗਿਆ।
‘ਗੁੰਜਨ’ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਨਸ਼ੇ ’ਚ ‘ਆਕਾਸ਼’ ਨਾਲ ਲੜਾਈ-ਝਗੜਾ ਕਰਦਾ ਸੀ। ਇਸੇ ਕਾਰਨ ‘ਸੁਸ਼ਮਾ’ ਅਤੇ ‘ਗੁੰਜਨ’ ਵਿਚਾਲੇ ਵੀ ਝਗੜਾ ਹੋਣ ਲੱਗਾ ਸੀ। ਸੁਸ਼ਮਾ ਅਨੁਸਾਰ ਘਟਨਾ ਦੀ ਰਾਤ ਵੀ ਗੁੰਜਨ ਅਤੇ ਆਕਾਸ਼ ’ਚ ਝਗੜਾ ਹੋਇਆ ਸੀ ਜੋ ਇੰਨਾ ਵਧ ਗਿਆ ਕਿ ਉਸ ਨੇ ਆਕਾਸ਼ ਨਾਲ ਮਿਲ ਕੇ ‘ਗੁੰਜਨ’ ਦੀ ਹੱਤਿਆ ਕਰ ਦਿੱਤੀ।
15 ਅਪ੍ਰੈਲ ਨੂੰ ‘ਕੌਸ਼ਾਂਬੀ’ (ਉੱਤਰ ਪ੍ਰਦੇਸ਼) ਵਿਚ ‘ਖੋਜਵਾਪੁਰ ਪਿੰਡ’ ਵਿਚ 3 ਸਾਲ ਤੋਂ ਲਿਵ-ਇਨ ’ਚ ਰਹਿ ਰਹੀ ‘ਮੋਨੀ ਵਰਮਾ’ ਨਾਂ ਦੀ ਮੁਟਿਆਰ ਨੂੰ ਮਾਰ ਦੇਣ ਦੇ ਦੋਸ਼ ਹੇਠ ‘ਹਰਸ਼ ਖਿਆਨੀ’ ਅਤੇ ਉਸ ਦੇ ਦੋਸਤ ‘ਯਸ਼ ਗੁਪਤਾ’ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਸ ਅਨੁਸਾਰ ‘ਹਰਸ਼ ਖਿਆਨੀ’ ਪਹਿਲਾਂ ਤੋਂ ਵਿਆਹਿਆ ਹੋਇਆ ਸੀ ਅਤੇ ‘ਮੋਨੀ’ ਉਸ ਦੀ ਦੂਜੀ ਪਤਨੀ ਵਜੋਂ ਉਸ ਦੇ ਘਰ ’ਚ ਰਹਿਣ ਦੀ ਜ਼ਿੱਦ ਕਰ ਰਹੀ ਸੀ, ਜਦੋਂ ਕਿ ‘ਹਰਸ਼’ ਦੀ ਪਹਿਲੀ ਪਤਨੀ ਅਤੇ ਬੱਚੇ ਉਸ ਦਾ ਵਿਰੋਧ ਕਰ ਰਹੇ ਸਨ। ਲਿਹਾਜ਼ਾ ‘ਮੋਨੀ’ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ‘ਹਰਸ਼’ ਅਤੇ ‘ਯਸ਼ ਗੁਪਤਾ’ ਨੇ ਉਸ ਨੂੰ ਮਾਰ ਦਿੱਤਾ।
ਅਤੇ ਹੁਣ 21 ਅਪ੍ਰੈਲ ਨੂੰ ‘ਬੈਂਗਲੁਰੂ’ (ਕਰਨਾਟਕ) ਵਿਚ ‘ਪ੍ਰੇਮਾ’ ਨਾਂ ਦੀ ਇਕ ਔਰਤ ਨੂੰ ਲਿਵ-ਇਨ ਰਿਲੇਸ਼ਨ ’ਚ ਰਹਿਣ ਵਾਲੇ ਆਪਣੇ ਪ੍ਰੇਮੀ ‘ਕਿਰਨ’ ਦੇ ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਮਾਰ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ‘ਲਿਵ-ਇਨ’ ਰਿਲੇਸ਼ਨ ਭਾਰਤੀ ਸੰਸਕ੍ਰਿਤੀ ਦੇ ਅਨੁਕੂਲ ਨਹੀਂ ਹਨ। ਇਸ ਲਈ ਅਜਿਹੇ ਸਬੰਧ ਸੋਚ-ਸਮਝ ਕੇ ਹੀ ਬਣਾਉਣੇ ਚਾਹੀਦੇ ਹਨ ਤਾਂ ਜੋ ਬਾਅਦ ’ਚ ਪਛਤਾਉਣਾ ਨਾ ਪਵੇ। ਇਹ ਇਕ ਅਜਿਹਾ ਰੁਝਾਨ ਹੈ ਜਿਸ ਤੋਂ ਬਚਣਾ ਹੀ ਬਿਹਤਰ ਹੈ।
—ਵਿਜੇ ਕੁਮਾਰ
