ਔਰਤਾਂ ਦੇ ਵਿਰੁੱਧ ਅਪਰਾਧਾਂ ’ਚ ਪੋਰਨ ਦਾ ਬੜਾ ਵੱਡਾ ਹੱਥ

Tuesday, Sep 03, 2024 - 07:12 PM (IST)

ਔਰਤਾਂ ਦੇ ਵਿਰੁੱਧ ਅਪਰਾਧਾਂ ’ਚ ਪੋਰਨ ਦਾ ਬੜਾ ਵੱਡਾ ਹੱਥ

ਪੱਛਮ ’ਚ ਪੋਰਨ ਦੇਖਣ ਵਾਲੇ ਜਦੋਂ ਆਪਣੇ ਮੋਬਾਈਲ ਜਾਂ ਕੰਪਿਊਟਰ ’ਤੇ ਇਸ ਨੂੰ ਦੇਖਦੇ ਹੋਏ ਫੜੇ ਜਾਂਦੇ ਹਨ ਤਾਂ ਉਹ ਹੱਸਦੇ ਹੋਏ ਆਖਦੇ ਹਨ ਕਿ ਇਸ ਨਾਲ ਉਨ੍ਹਾਂ ਦਾ ਤਣਾਅ ਦੂਰ ਹੁੰਦਾ ਹੈ। ਇਕ ਅਧਿਐਨ ਅਨੁਸਾਰ ਬਹੁਤ ਸਾਰੇ ਦੇਸ਼ਾਂ ’ਚ ਸਰੀਰਕ ਸੰਬੰਧ ਬਣਾਉਣ ਲਈ ਲੜਕਿਆਂ ਦੀ ਉਮਰ 17 ਸਾਲ ਮੰਨੀ ਜਾਂਦੀ ਹੈ ਪਰ ਇਸ ਉਮਰ ਤਕ ਆਉਂਦਿਆਂ-ਆਉਂਦਿਆਂ ਉਹ ਕਿਸੇ ਨਾ ਕਿਸੇ ਤਰ੍ਹਾਂ 1400 ਵਾਰ ਪੋਰਨ ਦੇਖ ਚੁੱਕੇ ਹੁੰਦੇ ਹਨ।

ਕਈ ਲੋਕ ਕਹਿੰਦੇ ਹਨ ਕਿ ਇਸ ਨਾਲ ਤਣਾਅ ਘੱਟ ਹੁੰਦਾ ਹੈ ਪਰ ਮਾਹਿਰਾਂ ਦੇ ਅਨੁਸਾਰ ਬਹੁਤ ਜ਼ਿਆਦਾ ਦੇਖਣ ਨਾਲ ਬੜਾ ਨੁਕਸਾਨ ਵੀ ਹੋ ਸਕਦਾ ਹੈ। ਇਸ ਨਾਲ ਨਾਂਹ-ਪੱਖੀ ਅਤੇ ਹਿੰਸਕ ਪ੍ਰਵਿਰਤੀ ਵਧਦੀ ਹੈ। ਇਸ ਦੇ ਇਲਾਵਾ ਜੇਕਰ ਇਸ ਨੂੰ ਦੇਖਣ ਦੀ ਆਦਤ ਪੈ ਜਾਵੇ ਤਾਂ ਔਖੀ ਛੁੱਟਦੀ ਹੈ।

2023 ਦੇ ਇਕ ਅਧਿਐਨ ਅਨੁਸਾਰ 20 ਦੇਸ਼ ਜਿਨ੍ਹਾਂ ’ਚ ਸਭ ਤੋਂ ਵੱਧ ਪੋਰਨ ਦੇਖਿਆ ਗਿਆ ਉਹ ਹਨ ਅਮਰੀਕਾ, ਬ੍ਰਿਟੇਨ, ਜਾਪਾਨ, ਫਰਾਂਸ, ਕੈਨੇਡਾ, ਇਟਲੀ, ਮੈਕਸੀਕੋ, ਜਰਮਨੀ, ਫਿਲੀਪੀਂਜ਼, ਬ੍ਰਾਜ਼ੀਲ, ਸਪੇਨ, ਪੋਲੈਂਡ, ਆਸਟ੍ਰੇਲੀਆ, ਨੀਦਰਲੈਂਡਸ, ਯੂਕ੍ਰੇਨ, ਰੂਸ, ਦੱਖਣੀ ਅਫਰੀਕਾ, ਅਰਜਨਟੀਨਾ, ਸਵੀਡਨ ਅਤੇ ਚਿਲੀ।

ਅਧਿਐਨ ਦੱਸਦੇ ਹਨ ਕਿ 2 ਲੱਖ ਅਮਰੀਕੀ ਪੋਰਨ ਦੇਖਣ ਦੇ ਆਦੀ ਹਨ। ਭਾਵ ਕਿ ਉਹ ਇਸ ਨੂੰ ਦੇਖੇ ਬਿਨਾਂ ਨਹੀਂ ਰਹਿ ਸਕਦੇ। ਕਹਿੰਦੇ ਹਨ ਕਿ ਪੋਰਨ ਉਨ੍ਹਾਂ ਦੇਸ਼ਾਂ ’ਚ ਵੱਧ ਦੇਖਿਆ ਜਾਂਦਾ ਹੈ ਜਿੱਥੇ ਸਰੀਰਕ ਸਬੰਧ ਬਣਾਉਣ ਦੀ ਮਨਾਹੀ ਹੈ ਪਰ ਇਸ ਸੂਚੀ ’ਚ ਬਹੁਤ ਸਾਰੇ ਯੂਰਪ ਦੇ ਦੇਸ਼ ਅਤੇ ਅਮਰੀਕਾ ਭਾਵ ਕਿ ਪੱਛਮੀ ਦੇਸ਼ ਸ਼ਾਮਲ ਹਨ, ਜਿੱਥੇ ਅਜਿਹੀ ਕੋਈ ਰੋਕ-ਟੋਕ ਨਹੀਂ ਹੈ।

ਦੁਨੀਆ ਭਰ ’ਚ ਔਰਤਾਂ ਲਈ ਕੰਮ ਕਰਨ ਵਾਲੇ ਸੰਗਠਨ ਇਸ ਬਾਰੇ ਇਕਮਤ ਹਨ ਕਿ ਔਰਤਾਂ ਦੇ ਪ੍ਰਤੀ ਅਪਰਾਧ ’ਚ ਪੋਰਨ ਦਾ ਬੜਾ ਵੱਡਾ ਹੱਥ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਵੱਡੀ ਗਿਣਤੀ ’ਚ ਔਰਤਾਂ ਵੀ ਇਸ ਨੂੰ ਦੇਖਦੀਆਂ ਹਨ। ਫਰਾਂਸ ’ਚ ਨੌਜਵਾਨ ਇਸ ਨੂੰ ਦੇਖਣ ਤੋਂ ਕਿਵੇਂ ਰੁਕਣ ਇਸੇ ਲਈ ਸਰਕਾਰ ਕਈ ਵਾਰ ਤਰ੍ਹਾਂ-ਤਰ੍ਹਾਂ ਦੇ ਯਤਨ ਕਰਦੀ ਹੈ ਪਰ ਕਾਮਯਾਬ ਨਹੀਂ ਹੁੰਦੀ।

ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਸਾਈਟਾਂ, ਫਿਲਮਾਂ ਵੱਧ ਮਸ਼ਹੂਰ ਹੁੰਦੀਆਂ ਹਨ, ਜਿਨ੍ਹਾਂ ’ਚ ਬੱਚੇ ਹੁੰਦੇ ਹਨ। ਇਸ ਤੋਂ ਸਾਡੀ ਮਾਨਸਿਕ ਬਨਾਵਟ ਦਾ ਵੀ ਪਤੀ ਲੱਗਦਾ ਹੈ ਕਿ ਅਸੀਂ ਮਾਸੂਮਾਂ ਨੂੰ ਵੀ ਆਪਣੇ ਵਿਗਾੜਾਂ ਦਾ ਸ਼ਿਕਾਰ ਬਣਦੇ ਦੇਖ ਖੁਸ਼ ਹੁੰਦੇ ਹਾਂ ਅਤੇ ਕਹਿੰਦੇ ਹਾਂ ਇਸ ਨਾਲ ਤਣਾਅ ਤੋਂ ਮੁਕਤੀ ਮਿਲਦੀ ਹੈ।

ਭਾਰਤ ’ਚ ਵੀ ਲੋਕ ਇਨ੍ਹਾਂ ਨੂੰ ਦੇਖਣ ਤੋਂ ਪਿੱਛੇ ਨਹੀਂ ਹਨ। ਜਦੋਂ ਤੋਂ ਸਮਾਰਟ ਫੋਨ ਲੋਕਾਂ ਦੇ ਹੱਥਾਂ ’ਚ ਆਇਆ ਹੈ ਉਦੋਂ ਤੋਂ ਭਾਰਤ ’ਚ ਪੋਰਨ ਦੇਖਣ ਵਾਲਿਆਂ ਦੀ ਗਿਣਤੀ ਬੜੀ ਵਧੀ ਹੈ। 2019 ’ਚ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ 79 ਫੀਸਦੀ ਭਾਰਤੀਆਂ ਨੇ ਇਸ ਨੂੰ ਦੇਖਿਆ। 2017 ’ਚ ਇਹ ਅੰਕੜਾ 86 ਫੀਸਦੀ ਸੀ।

ਭਾਰਤ ’ਚ ਬਹੁਤ ਸਾਰੀਆਂ ਪੋਰਨ ਸਾਈਟਾਂ ’ਤੇ ਪਾਬੰਦੀ ਵੀ ਲਾਈ ਗਈ ਸੀ ਪਰ ਅੱਜ ਜਦੋਂ ਮੋਬਾਈਲ ਦੇ ਰੂਪ ’ਚ ਤੁਸੀਂ ਕਿਤੋਂ ਵੀ ਕੁਝ ਵੀ ਦੇਖ ਸਕਦੇ ਹੋ ਤਾਂ ਇਨ੍ਹਾਂ ਪਾਬੰਦੀਆਂ ’ਤੇ ਕੋਈ ਮਾਅਨੇ ਵੀ ਨਹੀਂ ਰਹਿੰਦੇ।

ਆਪਣੇ ਇੱਥੇ ਪੋਰਨ ਦੇਖਣ ਦੇ ਆਦੀ ਬਹੁਤ ਸਾਰੇ ਲੋਕ ਆਪਣੇ ਹੀ ਨੇੜੇ-ਤੇੜੇ ਦੀ ਕਿਸੇ ਔਰਤ ਨਾਲ ਜਬਰ-ਜ਼ਨਾਹ ਕਰਦੇ ਹਨ ਅਤੇ ਫਿਰ ਉਸ ਦਾ ਕਤਲ ਕਰ ਦਿੰਦੇ ਹਨ। ਇਸ ਸਾਲ ਜੁਲਾਈ ਦੇ ਮਹੀਨੇ ’ਚ ਮੱਧ ਪ੍ਰਦੇਸ਼ ਦੇ ਰੀਵਾ ਸ਼ਹਿਰ ’ਚ ਸਕੇ ਭਰਾ ਨੇ ਆਪਣੀ 9 ਸਾਲ ਦੀ ਭੈਣ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਭੈਣ ਨੇ ਪਿਤਾ ਕੋਲ ਸ਼ਿਕਾਇਤ ਕੀਤੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਸਤਨਾ (ਮੱਧ ਪ੍ਰਦੇਸ਼) ’ਚ 5 ਸਾਲ ਦੀ ਬੱਚੀ ਟਿਊਸ਼ਨ ਪੜ੍ਹਨ ਲਈ ਇਕ ਅਧਿਆਪਕ ਦੇ ਕੋਲ ਜਾਂਦੀ ਸੀ। ਉਹ ਉਸ ਨੂੰ ਪੋਰਨ ਵੀਡੀਓ ਦਿਖਾਉਂਦਾ ਸੀ , ਫਿਰ ਉਸ ਨੇ ਅਤੇ ਉਸ ਦੇ ਭਰਾ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਕੋਲਕਾਤਾ ਦੀ ਡਾਕਟਰ ਦਾ ਜਬਰ-ਜ਼ਨਾਹ ਦੇ ਬਾਅਦ ਕਤਲ ਕਰ ਦਿੱਤਾ ਗਿਆ। 2021 ’ਚ ਦਿੱਲੀ ਕੈਂਟ ’ਚ ਇਕ ਬੱਚੀ ਦੇ ਨਾਲ ਵੀ ਜਬਰ-ਜ਼ਨਾਹ ਕਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਨ੍ਹਾਂ ’ਚੋਂ ਵਧੇਰੇ ਅਪਰਾਧੀ ਪੋਰਨ ਦੀ ਆਦਤ ਦੇ ਸ਼ਿਕਾਰ ਸੀ। ਜਬਰ-ਜ਼ਨਾਹ ਦੇ ਬਹੁਤ ਸਾਰੇ ਮਾਮਲਿਆਂ ’ਚ ਅਪਰਾਧੀਆਂ ਤੋਂ ਪੁੱਛਗਿੱਛ ’ਚ ਪਤਾ ਲੱਗਦਾ ਹੈ ਕਿ ਉਹ ਲਗਾਤਾਰ ਪੋਰਨ ਦੇਖ ਰਹੇ ਸਨ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਵਿਅਕਤੀ ਨਸ਼ਾ ਕਰਦਾ ਹੋਵੇ ਅਤੇ ਪੋਰਨ ਵੀ ਦੇਖਦਾ ਹੋਵੇ ਤਾਂ ਉਸ ’ਚ ਹਿੰਸਕ ਅਪਰਾਧਿਕ ਪ੍ਰਵਿਰਤੀਆਂ ਪੈਦਾ ਹੋਣ ਲੱਗਦੀਆਂ ਹਨ। ਅਕਸਰ ਪੋਰਨ ਨਾਲ ਜੁੜੀਆਂ ਚੀਜ਼ਾਂ ਹਿੰਸਾ ਨਾਲ ਵੀ ਭਰੀਆਂ ਹੁੰਦੀਆਂ ਹਨ ਜੋ ਅਪਰਾਧੀ ਮਾਨਸਿਕਤਾ ਦੇ ਲੋਕਾਂ ਨੂੰ ਅਪਰਾਧ ਕਰਨ ਤੋਂ ਬਾਅਦ ਕਤਲ ਦੇ ਲਈ ਵੀ ਉਕਸਾਉਂਦੀਆਂ ਹਨ।

ਹੱਦ ਤਾਂ ਇਹ ਹੈ ਕਿ ਇਕ ਪਾਸੇ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਜਿਹੜੇ ਕਾਰਨਾਂ ਕਰ ਕੇ ਅਜਿਹੇ ਅਪਰਾਧ ਵਧਦੇ ਹਨ ਉਨ੍ਹਾਂ ’ਤੇ ਅੱਧ-ਅਧੂਰੇ ਮਨ ਨਾਲ ਧਿਆਨ ਦਿੱਤਾ ਜਾਂਦਾ ਹੈ।

ਕੁਝ ਸਾਲ ਪਹਿਲਾਂ ਮੁੰਬਈ ’ਚ 9 ਅਤੇ 10 ਸਾਲ ਦੇ ਬੱਚਿਆਂ ਨੇ ਇਕ ਬੱਚੀ ਨਾਲ ਜਬਰ-ਜ਼ਨਾਹ ਕੀਤਾ ਸੀ। ਇੰਨੇ ਛੋਟੇ ਬੱਚੇ ਅਪਰਾਧਾਂ ਵੱਲ ਇਸ ਤਰ੍ਹਾਂ ਵਧਦੇ ਹਨ ਕਿ ਉਹ ਚੋਰੀ-ਛਿਪੇ ਅਜਿਹਾ ਬਹੁਤ ਕੁਝ ਦੇਖਦੇ ਹਨ ਜੋ ਉਨ੍ਹਾਂ ਲਈ ਠੀਕ ਨਹੀਂ ਹੈ। ਮਾਤਾ-ਪਿਤਾ ਜਾਂ ਅਧਿਆਪਕਾਂ ਨੂੰ ਇਸ ਬਾਰੇ ਖਬਰ ਤਕ ਨਹੀਂ ਹੁੰਦੀ। ਉਂਝ ਵੀ ਅਧਿਆਪਕ ਜਾਂ ਮਾਤਾ-ਪਿਤਾ 24 ਘੰਟੇ ਤਾਂ ਬੱਚਿਆਂ ਦੀ ਨਿਗਰਾਨੀ ਨਹੀਂ ਕਰ ਸਕਦੇ।

2018 ’ਚ ਦੱਸਿਆ ਗਿਆ ਸੀ ਕਿ ਪੋਰਨ ਦੇਖਣ ਦੇ ਮਾਮਲੇ ’ਚ ਭਾਰਤ ਤੀਜੇ ਨੰਬਰ ’ਤੇ ਹੈ। ਕੀ ਵਧਦੇ ਔਰਤਾਂ ਪ੍ਰਤੀ ਅਪਰਾਧ ਇਸੇ ਕਾਰਨ ਹਨ। ਇਸ ਬਾਰੇ ਵਿਸਥਾਰਤ ਅਧਿਐਨ ਦੀ ਲੋੜ ਹੈ। ਸੈਕਸ ਅਪਰਾਧ ਸਿਰਫ ਲੜਕੀਆਂ ਦੇ ਨਾਲ ਹੀ ਨਹੀਂ ਲੜਕਿਆਂ ਦੇ ਨਾਲ ਵੀ ਹੁੰਦੇ ਹਨ।

ਸ਼ਮਾ ਸ਼ਰਮਾ


author

Rakesh

Content Editor

Related News