ਅਫ਼ਗਾਨਿਸਤਾਨ ਅਤੇ ਈਰਾਨ ਵਿਚਾਲੇ ਜੰਗਾਂ ’ਚ ਫਸੇ ਪਾਕਿਸਤਾਨ ਦੇ ਸਾਹਮਣੇ ਮੁਸ਼ਕਲ ਬਦਲ

Saturday, Mar 14, 2026 - 03:54 PM (IST)

ਅਫ਼ਗਾਨਿਸਤਾਨ ਅਤੇ ਈਰਾਨ ਵਿਚਾਲੇ ਜੰਗਾਂ ’ਚ ਫਸੇ ਪਾਕਿਸਤਾਨ ਦੇ ਸਾਹਮਣੇ ਮੁਸ਼ਕਲ ਬਦਲ

ਪਾਕਿਸਤਾਨ ਦੋ ਸੰਘਰਸ਼ਾਂ ਵਿਚਾਲੇ ਫਸਿਆ ਹੋਇਆ ਹੈ। ਪੱਛਮ ’ਚ ਅਫ਼ਗਾਨਿਸਤਾਨ ’ਚ, ਕਦੇ ਉਸ ਦੀ ਸਰਪ੍ਰਸਤੀ ’ਚ ਰਹੇ ਤਾਲਿਬਾਨ ਦੇ ਨਾਲ ਸਬੰਧ ਬੇਹੱਦ ਵਿਗੜ ਗਏ ਹਨ ਅਤੇ ਹੁਣ ਉਹ ‘ਪੂਰਨ ਯੁੱਧ’ ਦੀ ਸਥਿਤੀ ’ਚ ਹਨ। ਦੱਖਣ-ਪੱਛਮ ’ਚ ਈਰਾਨ ਦੇ ਨਾਲ ਯੁੱਧ ਜਾਰੀ ਹੈ, ਜਿਸ ਦਾ ਅਸਰ ਸਾਊਦੀ ਅਰਬ ’ਤੇ ਵੀ ਪੈ ਰਿਹਾ ਹੈ, ਜਿਸ ਦੇ ਨਾਲ ਪਾਕਿਸਤਾਨ ਦਾ ਆਪਸੀ ਰੱਖਿਆ ਸਮਝੌਤਾ ਹੈ।

ਈਰਾਨ ਯੁੱਧ ਦੇ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 55 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪਹਿਲਾਂ ਹੀ ਕਮਜ਼ੋਰ ਅਰਥਵਿਵਸਥਾ ’ਤੇ ਪੈ ਰਹੇ ਇਸ ਨਵੇਂ ਦਬਾਅ ਦੇ ਨਾਲ, ਅਫ਼ਗਾਨਿਸਤਾਨ ’ਚ ਆਪਣੇ ਫੌਜੀ ਆਪ੍ਰੇਸ਼ਨਾਂ ਨੂੰ ਜਾਰੀ ਰੱਖਣਾ ਅਤੇ ਸਾਊਦੀ ਅਰਬ ਦੀ ਮਦਦ ਲਈ ਸੰਭਾਵਿਤ ਤੌਰ ’ਤੇ ਇਕ ਨਵੀਂ ਮੁਹਿੰਮ ਸ਼ੁਰੂ ਕਰਨਾ ਵਿੱਤੀ ਪੱਖੋਂ ਬਹੁਤ ਘੱਟ ਸਮਝਦਾਰੀ ਭਰਿਆ ਲੱਗਦਾ ਹੈ, ਖਾਸ ਕਰਕੇ ਅਜਿਹੇ ਸਮੇਂ ’ਚ, ਜਦੋਂ ਕੌਮਾਂਤਰੀ ਮੁਦਰਾ ਕੋਸ਼ ਫੰਡ (ਆਈ. ਐੱਮ. ਐੱਫ.) ਦੇ ਅਧਿਕਾਰੀ 7 ਅਰਬ ਡਾਲਰ ਦੇ ਰਾਹਤ ਪੈਕੇਜ ਨਾਲ ਸਬੰਧਤ ਸਮੀਖਿਆ ਦੌਰੇ ’ਤੇ ਹਨ।

ਬਲੋਚਿਸਤਾਨ ’ਚ ਵੀ ਸੰਘਰਸ਼ ਜਾਰੀ ਹੈ। ਇਸ ਤੋਂ ਇਲਾਵਾ, ਦੋਵੇਂ ਸੰਘਰਸ਼ ਪਾਕਿਸਤਾਨ ਦੀ ਅੰਦਰੂਨੀ ਸੁਰੱਖਿਆ ਸਥਿਤੀ ਨੂੰ ਹੋਰ ਖ਼ਰਾਬ ਕਰ ਸਕਦੇ ਹਨ। ਈਰਾਨ ਯੁੱਧ ਨਾਲ ਅੱਤਵਾਦ ਨੂੰ ਉਤਸ਼ਾਹ ਮਿਲ ਸਕਦਾ ਹੈ, ਜਦਕਿ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅਫ਼ਗਾਨਿਸਤਾਨ ਯੁੱਧ ਦਾ ਬਦਲਾ ਲੈ ਸਕਦਾ ਹੈ। ਪਹਿਲਾਂ ਹੀ, ਪੂਰੇ ਪਾਕਿਸਤਾਨ ’ਚ ਸ਼ੀਆ ਭਾਈਚਾਰੇ ਵੱਲੋਂ ਪੂਜੇ ਜਾਣ ਵਾਲੇ ਅਯਾਤੁੱਲਾ ਅਲ ਖਾਮੇਨੇਈ ਦੀ ਹੱਤਿਆ ਦੇ ਵਿਰੋਧ ’ਚ ਹੋਏ ਪ੍ਰਦਰਸ਼ਨਾਂ ’ਚ 20 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

ਪਾਕਿਸਤਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਆਪਣੇ ਨਵੇਂ ਸੁਖਾਵੇਂ ਸਬੰਧਾਂ ਨੂੰ ਖ਼ਤਰੇ ’ਚ ਨਹੀਂ ਪਾ ਸਕਦਾ ਪਰ ਈਰਾਨ ਦੇ ਨਾਲ ਉਸ ਦੇ ਸਬੰਧ ਵੀ ਮਹੱਤਵਪੂਰਨ ਹਨ। ਇਸ ਲਈ, ਇਸਲਾਮਾਬਾਦ ਨੇ ਈਰਾਨ ’ਤੇ ਹੋਏ ਪਹਿਲੇ ਹਮਲੇ ਦੀ ਨਿੰਦਾ ਕੀਤੀ ਪਰ ਹਮਲਾਵਰ ਦਾ ਨਾਂ ਨਹੀਂ ਦੱਸਿਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਆਪਣੇ ਪਿਤਾ ਦੇ ਉੱਤਰਾਧਿਕਾਰੀ ਬਣਨ ’ਤੇ ਮੁਜਤਬਾ ਖਾਮੇਨੇਈ ਨੂੰ ਵਧਾਈ ਦਿੱਤੀ ਅਤੇ ਅਯਾਤੁੱਲਾ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ, ਨਾਲ ਹੀ ਉਨ੍ਹਾਂ ਖਾੜੀ ਦੇਸ਼ਾਂ ਪ੍ਰਤੀ ਇਕਜੁੱਟਤਾ ਵੀ ਪ੍ਰਗਟਾਈ, ਜਿਨ੍ਹਾਂ ’ਤੇ ਈਰਾਨ ਨੇ ਹਮਲਾ ਕੀਤਾ ਹੈ।

ਇਨ੍ਹਾਂ ਦੇਸ਼ਾਂ ’ਚ ਇਸਲਾਮਾਬਾਦ ਲਈ ਸਭ ਤੋਂ ਮਹੱਤਵਪੂਰਨ ਸਾਊਦੀ ਅਰਬ ਹੈ, ਜੋ ਉਸ ਦਾ ਲੰਬੇ ਸਮੇਂ ਤੋਂ ਹਿਤੈਸ਼ੀ ਰਿਹਾ ਹੈ। ਪਿਛਲੇ ਸਾਲ ਸਤੰਬਰ ’ਚ, ਦੋਵਾਂ ਦੇਸ਼ਾਂ ਨੇ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਕਿ ਕਿਸੇ ਵੀ ਦੇਸ਼ ਦੇ ਖਿਲਾਫ਼ ਹਮਲੇ ਨੂੰ ਦੋਵਾਂ ਦੇਸ਼ਾਂ ਦੇ ਖਿਲਾਫ਼ ਹਮਲਾ ਮੰਨਿਆ ਜਾਵੇਗਾ। ਪਿਛਲੇ ਹਫਤੇ, ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਊਦੀ ਰੱਖਿਆ ਮੰਤਰੀ ਨੂੰ ਮਿਲਣ ਰਿਆਦ ਗਏ ਸਨ। ਇਸ ਮੁਲਾਕਾਤ ਤੋਂ ਬਾਅਦ ਜਾਰੀ ਇਕ ਬਿਆਨ ’ਚ, ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਕਿਸੇ ਵੀ ਸਿੱਧੀ ਨਿੰਦਾ ਤੋਂ ਬਚਦੇ ਹੋਏ ਉਮੀਦ ਜਤਾਈ ਕਿ ‘ਭਰਾਤਰੀ ਦੇਸ਼ ਈਰਾਨ ਵਿਵੇਕ ਅਤੇ ਸਮਝਦਾਰੀ ਦਿਖਾਏਗਾ।’ ਅੱਜ ਜੇਕਰ ਸਾਊਦੀ ਅਰਬ ਲਈ ਯੁੱਧ ਦੀ ਸਥਿਤੀ ਹੋਰ ਵਿਗੜਦੀ ਹੈ, ਤਾਂ ਦੁਨੀਆ ਇਹ ਦੇਖੇਗੀ ਕਿ ਪਾਕਿਸਤਾਨ ਆਪਣੇ ਸਮਝੌਤੇ ਦਾ ਪਾਲਣ ਕਿਵੇਂ ਕਰਦਾ ਹੈ।

ਪਾਕਿਸਤਾਨ ਦੇ ਈਰਾਨ ਨਾਲ ਸਬੰਧ ਗੁੰਝਲਦਾਰ ਹਨ। ਸ਼ੀਆ-ਸੁੰਨੀ ਵੰਡ ਇਕ ਕਾਰਨ ਹੈ, ਉਥੇ ਹੀ ਅਮਰੀਕਾ ਦੇ ਨਾਲ ਚੰਗੇ ਸਬੰਧ ਬਣਾਈ ਰੱਖਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੂਜਾ ਕਾਰਨ ਹਨ। ਦੋਵੇਂ ਦੇਸ਼ 900 ਕਿਲੋਮੀਟਰ ਲੰਬੀ ਹੱਦ ਸਾਂਝੀ ਕਰਦੇ ਹਨ, ਜਿਸ ਦੇ ਦੋਵੇਂ ਪਾਸੇ ਪਾਕਿਸਤਾਨ ਦਾ ਬਲੋਚਿਸਤਾਨ ਅਤੇ ਈਰਾਨ ਦਾ ਸਿਸਤਾਨ ਅਤੇ ਬਲੋਚਿਸਤਾਨ ਸਥਿਤ ਹਨ, ਜਿੱਥੇ ਬਲੋਚ ਵਿਦਰੋਹ ਸੁਲਗ ਰਿਹਾ ਹੈ। 2024 ’ਚ, ਈਰਾਨ ਨੇ ਪਾਕਿਸਤਾਨ ਦੀ ਹੱਦ ਦੇ ਅੰਦਰ ਹਮਲਾ ਕੀਤਾ ਅਤੇ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ, ਦੋਵਾਂ ਦੇਸ਼ਾਂ ਨੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਉਦੋਂ ਤੋਂ, ਸਬੰਧਾਂ ਨੂੰ ਸੁਧਾਰਨ ਲਈ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।

ਪਰ ਹਾਰਿਆ ਹੋਇਆ ਜਾਂ ਕਮਜ਼ੋਰ ਈਰਾਨ ਇਸਲਾਮਾਬਾਦ ਦੇ ਹਿੱਤ ’ਚ ਨਹੀਂ ਹੈ। ਜੇਕਰ ਈਰਾਨ ਆਪਣੀ ਸਰਹੱਦ ਦੀ ਸੁਰੱਖਿਆ ਨਹੀਂ ਕਰ ਪਾਉਂਦਾ ਹੈ, ਤਾਂ ਬਲੋਚ ਅੱਤਵਾਦੀਆਂ ਦੇ ਹੌਸਲੇ ਵਧਣਗੇ। ਇਸਲਾਮਾਬਾਦ ਆਪਣੇ ਗੁਆਂਢੀ ਦੇਸ਼ ’ਚ ਇਜ਼ਰਾਈਲ ਸਮਰਥਿਤ ਕਠਪੁਤਲੀ ਲੀਡਰਸ਼ਿਪ ਵੀ ਨਹੀਂ ਚਾਹੇਗਾ। ਇਸ ਤੋਂ ਇਲਾਵਾ, ਬਲੋਚਿਸਤਾਨ ਈਰਾਨ ਸਰਹੱਦ ਦੇ ਪਾਰ ਤੋਂ ਹੋਣ ਵਾਲੇ ਵਪਾਰ ਅਤੇ ਸਪਲਾਈ ’ਤੇ ਬਹੁਤ ਜ਼ਿਆਦਾ ਨਿਰਭਰ ਹੈ, ਜਦਕਿ ਈਰਾਨ ਅਤੇ ਖਾੜੀ ਦੇਸ਼ਾਂ ’ਚ ਕੰਮ ਕਰਨ ਵਾਲੇ ਲੱਖਾਂ ਪਾਕਿਸਤਾਨੀ ਆਪਣੇ ਘਰ ਪੈਸੇ ਭੇਜਦੇ ਹਨ। ਇਸ ਤੋਂ ਇਲਾਵਾ, ਇਹ ਤੱਥ ਵੀ ਹੈ ਕਿ ਲਗਭਗ ਉਹ ਸਾਰੇ ਦੇਸ਼, ਜੋ ਅਫ਼ਗਾਨਿਸਤਾਨ ਦੇ ਨਾਲ ਉਸ ਦੇ ਯੁੱਧ ’ਚ ਵਿਚੋਲਗੀ ਕਰ ਸਕਦੇ ਸਨ, ਹੁਣ ਆਪਣੇ ਹੀ ਯੁੱਧਾਂ ’ਚ ਰੁੱਝੇ ਹੋਏ ਹਨ।

ਹਾਲਾਂਕਿ, ਪਾਕਿਸਤਾਨ ਭਾਵੇਂ ਹੀ ਮੁਸ਼ਕਲ ਹਾਲਾਤ ’ਚ ਹੈ, ਫਿਰ ਵੀ ਉਹ ਇਕਮਾਤਰ ਅਜਿਹਾ ਦੇਸ਼ ਹੈ, ਜੋ ਇਸ ਸੰਘਰਸ਼ ’ਚ ਸ਼ਾਮਲ ਸਾਰੇ ਪੱਖਾਂ ਨਾਲ ਗੱਲਬਾਤ ਕਰ ਸਕਦਾ ਹੈ। ਪਾਕਿਸਤਾਨ ਦੇ ਰੱਖਿਆ ਅਤੇ ਸੁਰੱਖਿਆ ਮਾਹਿਰ ਅਲੀ ਕੇ. ਚਿਸ਼ਤੀ ਨੇ ਦਾਅਵਾ ਕੀਤਾ, ‘‘ਈਰਾਨ ਦੇ ਮੁੱਦੇ ’ਤੇ ਪਾਕਿਸਤਾਨ ਨੀਤੀਗਤ ਅੜਿੱਕੇ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ, ਉਸ ਨੇ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਈਰਾਨ ਦੇ ਨਾਲ ਆਪਣੇ ਸਬੰਧਾਂ ਨੂੰ ਸਰਗਰਮੀ ਨਾਲ ਮਜ਼ਬੂਤ ਕੀਤਾ ਹੈ, ਜਿਸ ਦੇ ਕਾਰਨ ਈਰਾਨ ਨੇ ਸਾਊਦੀ ਅਰਬ ਨੂੰ ਹੋਰਾਂ ਦੇਸ਼ਾਂ ਵਾਂਗ ਬੇਰਹਿਮੀ ਨਾਲ ਨਿਸ਼ਾਨਾ ਨਹੀਂ ਬਣਾਇਆ। ਇਸ ਲਈ ਇਹ ਪਾਕਿਸਤਾਨ ਲਈ ਇਕ ਜਿੱਤ ਹੈ।’’

ਅਫ਼ਗਾਨਿਸਤਾਨ ਨਾਲ ਟਕਰਾਅ : ਇੱਥੇ ਵਿਵਾਦ ਦੀ ਜੜ੍ਹ ਟੀ. ਟੀ. ਪੀ. ਹੈ, ਜਿਸ ਨੂੰ ਪਾਕਿਸਤਾਨੀ ਤਾਲਿਬਾਨ ਵੀ ਕਿਹਾ ਜਾਂਦਾ ਹੈ। ਟੀ. ਟੀ. ਪੀ. ਦਾ ਮੂਲ ਸਿਧਾਂਤ ਇਸਲਾਮੀ ਜਿਹਾਦ ’ਤੇ ਆਧਾਰਿਤ ਸੀ, ਜਿਸ ਦੇ ਤਹਿਤ ਉਹ ਪਾਕਿਸਤਾਨ ਨੂੰ ਕੁਰਾਨ ਦੀ ਸਖ਼ਤ ਵਿਆਖਿਆ ਦਾ ਪਾਲਣ ਕਰਨ ਵਾਲੇ ਇਕ ਅਮੀਰਾਤ ਦੇ ਰੂਪ ’ਚ ਚਲਾਉਣਾ ਚਾਹੁੰਦਾ ਸੀ ਪਰ ਹੌਲੀ-ਹੌਲੀ ਇਸ ਨੇ ਖੈਬਰ ਪਖਤੂਨਖਵਾ ਦੀ ਪਸ਼ਤੂਨ ਆਬਾਦੀ ਦੀਆਂ ਕਈ ਪੁਰਾਣੀਆਂ ਸਥਾਨਕ ਸ਼ਿਕਾਇਤਾਂ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ। ਟੀ. ਟੀ. ਪੀ. ਇਕ ਘਾਤਕ ਸੰਗਠਨ ਹੈ, ਜਿਸ ਨੇ ਇਕੱਲੇ ਪਿਛਲੇ ਕੁਝ ਸਾਲਾਂ ’ਚ ਅੱਤਵਾਦੀ ਹਮਲਿਆਂ ’ਚ ਹਜ਼ਾਰਾਂ ਲੋਕਾਂ ਦੀ ਜਾਨ ਲਈ ਹੈ। ਟੀ. ਟੀ. ਪੀ. ’ਤੇ ਨਕੇਲ ਕੱਸਣ ਦੀਆਂ ਕਈ ਕੋਸ਼ਿਸ਼ਾਂ ਫੇਲ ਹੋਣ ਤੋਂ ਬਾਅਦ, ਪਾਕਿਸਤਾਨ ਨੇ 27 ਫਰਵਰੀ ਨੂੰ ਅਫ਼ਗਾਨਿਸਤਾਨ ’ਚ ਬੰਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ’ਚ ਦੂਜੇ ਪਾਸੇ ਤੋਂ ਵੀ ਬੰਬਾਰੀ ਕੀਤੀ ਗਈ। ਕਾਬੁਲ ਨੇ ਹੁਣ ਤੱਕ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ।

-ਯਾਸ਼ੀ


author

Harpreet SIngh

Content Editor

Related News