ਭਾਰਤ ਵਿਰੋਧੀ ਸਰਗਰਮੀਆਂ ਦਰਮਿਆਨ ਪਾਕਿ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਸਹਿਯੋਗ ਸੰਮੇਲਨ ਲਈ ਸੱਦਾ

Sunday, Sep 01, 2024 - 01:44 AM (IST)

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15-16 ਅਕਤੂਬਰ ਨੂੰ ਇਸਲਾਮਾਬਾਦ ’ਚ ਹੋਣ ਵਾਲੇ ‘ਸ਼ੰਘਾਈ ਸਹਿਯੋਗ ਸੰਗਠਨ’ (ਐੱਸ. ਸੀ. ਓ.) ਦੀ ਮੀਟਿੰਗ ’ਚ ਹਿੱਸਾ ਲੈਣ ਲਈ ਸੱਦਾ ਭੇਜਿਆ ਹੈ।

ਕਿਉਂਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅਪੂਰਨ ਸਬੰਧਾਂ ਦਾ ਇਕ ਲੰਬਾ ਇਤਿਹਾਸ ਰਿਹਾ ਹੈ, ਇਸ ਲਈ ਭਾਰਤ ਸਰਕਾਰ ਨੇ ਅਜੇ ਇਸ ’ਤੇ ਫੈਸਲਾ ਨਹੀਂ ਲਿਆ ਹੈ। ਭਾਰਤ ਕਹਿੰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨਾਲ ਆਮ ਵਰਗੇ ਸਬੰਧ ਚਾਹੁੰਦਾ ਹੈ ਪਰ ਪਾਕਿਸਤਾਨ ਦਾ ਆਚਰਣ ਇਸ ਦੇ ਉਲਟ ਹੈ।

ਅਸਲ ’ਚ ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਭਾਰਤ ਵਿਰੁੱਧ ਤਿੰਨ-ਤਿੰਨ ਜੰਗਾਂ ਲੜ ਕੇ ਮੂੰਹ ਦੀ ਖਾ ਚੁੱਕੇ ਪਾਕਿਸਤਾਨ ਦੇ ਸ਼ਾਸਕਾਂ ਨੇ ਅਜੇ ਵੀ ਆਪਣੀਆਂ ਭਾਰਤ ਵਿਰੋਧੀ ਸਰਗਰਮੀਆਂ ਬੰਦ ਨਹੀਂ ਕੀਤੀਆਂ ਹਨ।

ਆਪਣੇ ਪਾਲੇ ਹੋਏ ਅੱਤਵਾਦੀਆਂ ਰਾਹੀਂ ਪਾਕਿਸਤਾਨ ਨੇ ਜੰਮੂ-ਕਸ਼ਮੀਰ ’ਚ ਅੱਤਵਾਦੀ ਸਰਗਰਮੀਆਂ ਜਾਰੀ ਰੱਖਣ ਦੇ ਨਾਲ-ਨਾਲ ਭਾਰਤ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਲਈ ਜਾਅਲੀ ਕਰੰਸੀ, ਨੌਜਵਾਨਾਂ ਨੂੰ ਤਬਾਹ ਕਰਨ ਲਈ ਹੈਰੋਇਨ ਵਰਗੇ ਨਸ਼ੇ ਅਤੇ ਖੂਨ ਵਹਾਉਣ ਲਈ ਸਮੱਗਲਿੰਗ ਰਾਹੀਂ ਹਥਿਆਰ ਭੇਜਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ ਜੋ ਹਾਲ ਹੀ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 23 ਮਈ ਨੂੰ ਫਾਜ਼ਿਲਕਾ ਪੁਲਸ ਨੇ ਇਕ ਅੰਤਰਰਾਸ਼ਟਰੀ ਨਸ਼ਾ ਸਮੱਗਲਰ ਗਿਰੋਹ ਦਾ ਪਰਦਾਫਾਸ਼ ਕਰ ਕੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 5 ਕਿਲੋ 470 ਗ੍ਰਾਮ ਹੈਰੋਇਨ ਦੇ ਇਲਾਵਾ ਡਰੱਗ ਮਨੀ, ਸੋਨਾ-ਚਾਂਦੀ, 6 ਮੋਬਾਈਲ ਅਤੇ 40 ਕਾਰਤੂਸ ਬਰਾਮਦ ਕੀਤੇ।

* 28 ਜੂਨ ਨੂੰ ਪੰਜਾਬ ’ਚ ਛੇਹਰਟਾ ਦੀ ਪੁਲਸ ਟੀਮ ਨੇ ਪਾਕਿਸਤਾਨ ਆਧਾਰਿਤ ਸਮੱਗਲਰਾਂ ਵਲੋਂ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਨਸ਼ਾ ਸਮੱਗਲਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 8.2 ਕਿਲੋ ਹੈਰੋਇਨ ਤੋਂ ਇਲਾਵਾ 95000 ਰੁਪਏ ਡਰੱਗ ਮਨੀ, ਭਾਰ ਤੋਲਣ ਵਾਲੀ ਇਕ ਇਲੈਕਟ੍ਰਾਨਿਕ ਮਸ਼ੀਨ ਅਤੇ ਸਵਿਫਟ ਕਾਰ ਬਰਾਮਦ ਕੀਤੀ।

* ਇਕ ਹੋਰ ਮਾਮਲੇ ’ਚ ਅੰਮ੍ਰਿਤਸਰ ਪੁਲਸ ਨੇ ਇਕ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ। ਅਧਿਕਾਰੀਆਂ ਅਨੁਸਾਰ ਸਮੱਗਲਰ ਪਾਕਿਸਤਾਨ ਸਥਿਤ ਸਮੱਗਲਰਾਂ ਦੇ ਸਿੱਧੇ ਸੰਪਰਕ ’ਚ ਸੀ ਅਤੇ ਡ੍ਰੋਨ ਰਾਹੀਂ ਉੱਥੋਂ ਨਸ਼ਾ ਮੰਗਵਾ ਕੇ ਪੂਰੇ ਸੂਬੇ ’ਚ ਸਪਲਾਈ ਕਰ ਰਿਹਾ ਸੀ।

* ਅਤੇ ਹੁਣ 28 ਅਗਸਤ ਨੂੰ ਤਰਨਤਾਰਨ ਪੁਲਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ’ਚ ਪਾਕਿ ਦੀ ਹਮਾਇਤ ਪ੍ਰਾਪਤ ਹਥਿਆਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕਰ ਕੇ ਤਰਨਤਾਰਨ ਦੇ ਸੇਰੋਂ ਇਲਾਕੇ ਤੋਂ 2 ਗੁਰਗਿਆਂ ਨੂੰ ਗ੍ਰਿਫਤਾਰ ਕਰ ਕੇ 4 ਅਤਿਆਧੁਨਿਕ ‘ਗਲਾਕ’ ਪਿਸਤੌਲਾਂ, 4 ਮੈਗਜ਼ੀਨ, 7 ਜ਼ਿੰਦਾ ਕਾਰਤੂਸ ਅਤੇ 4.8 ਲੱਖ ਰੁਪਏ ਦੀ ਹਵਾਲਾ ਮਨੀ ਜ਼ਬਤ ਕੀਤੀ। ਜ਼ਬਤ ਕੀਤੇ ਗਏ ਪਿਸਤੌਲਾਂ ’ਚੋਂ ਇਕ ’ਤੇ ‘ਮੇਡ ਫਾਰ ਨਾਟੋ ਆਰਮੀ’ ਲਿਖਿਆ ਹੋਇਆ ਸੀ।

ਹਾਲ ਹੀ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਕਿ ਪਾਕਿਸਤਾਨ ਦੀ ਫੌਜ ਅਤੇ ਰੇਂਜਰਾਂ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ 24 ਤੋਂ ਵੱਧ ਲਾਂਚਿੰਗ ਪੈਡਾਂ ’ਤੇ ਵੱਡੀ ਗਿਣਤੀ ’ਚ ਅੱਤਵਾਦੀ ਇਕੱਠੇ ਕੀਤੇ ਹੋਏ ਹਨ ਜਿਨ੍ਹਾਂ ਦੀ ਭਾਰਤ ’ਚ ਘੁਸਪੈਠ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਾਕਿਸਤਾਨ ਦੀ ਫੌਜ ਨੇ ਲਾਂਚ ਪੈਡ ਦੇ ਨੇੜੇ ਬਣਾਏ ਬੰਕਰਾਂ ’ਚ ਅੱਤਵਾਦੀਆਂ ਨੂੰ ਲੁਕੋਇਆ ਹੋਇਆ ਹੈ ਤਾਂ ਕਿ ਭਾਰਤੀ ਫੌਜ ਦੀ ਨਿਗ੍ਹਾ ਉਨ੍ਹਾਂ ’ਤੇ ਨਾ ਪਵੇ।

ਪਾਕਿਸਤਾਨ ਦੀ ਆਈ. ਐੱਸ. ਆਈ. ਅਤੇ ਫੌਜ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨੂੰ ਚੀਨ ’ਚ ਬਣੇ ਪਿਸਤੌਲ, ਗ੍ਰੇਨੇਡ ਅਤੇ ਨਾਈਟਵਿਜ਼ਨ ਉਪਕਰਣ ਦੇ ਕੇ ਭਾਰਤ ਭੇਜ ਰਹੀ ਹੈ। ਉਨ੍ਹਾਂ ਨੂੰ ਪਾਕਿਸਤਾਨੀ ਫੌਜ ਵਲੋਂ ਵਰਤੇ ਜਾਣ ਵਾਲੇ ਐੱਮ-4 ਵਰਗੇ ਮਹਿੰਗੇ ਹਥਿਆਰ ਅਤੇ ਕਵਚ ਵਿੰਨ੍ਹ ਦੇਣ ਵਾਲੀਆਂ ਗੋਲੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਅੱਤਵਾਦੀਆਂ ਨੂੰ ‘ਡਿਜੀਟਲ ਮੈਪਸ਼ੀਟ’ ਅਤੇ ‘ਸਿਸਟਮ’ ਨਾਲ ਵੀ ਲੈਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ‘ਹਾਈਲੀ ਐਨਕ੍ਰਿਪਟਿਡ’ ਸੰਚਾਰ ਉਪਕਰਣ ਦਿੱਤੇ ਜਾ ਰਹੇ ਹਨ ਤਾਂ ਕਿ ਭਾਰਤੀ ਏਜੰਸੀਆਂ ਉਨ੍ਹਾਂ ਦੇ ਸੁਨੇਹਿਆਂ ਨੂੰ ਡੀਕੋਡ ਨਾ ਕਰ ਸਕਣ।

ਘੁਸਪੈਠੀਆਂ ਨੂੰ ਇਕ-ਇਕ, ਡੇਢ-ਡੇਢ ਲੱਖ ਰੁਪਏ ਨਕਦ ਰਾਸ਼ੀ ਨਾਲ ਘੁਸਪੈਠ ਕਰਵਾਈ ਜਾਂਦੀ ਹੈ ਜਦ ਕਿ ਅੱੱਤਵਾਦੀਆਂ ਦੀ ਸਹਾਇਤਾ ਕਰਨ ਵਾਲੇ ਸਥਾਨਕ ਓਵਰ ਗਰਾਊਂਡ ਵਰਕਰਾਂ ਜਾਂ ਗਾਈਡਾਂ ਨੂੰ 6 ਤੋਂ 10 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।

ਇਸ ਦੇ ਨਾਲ ਹੀ ਚੀਨੀ ਡਰੋਨਾਂ ਰਾਹੀਂ ਪਹਿਲਾਂ ਹੀ ਪੰਜਾਬ, ਜੰਮੂ ਅਤੇ ਰਾਜਸਥਾਨ ਦੇ ਰਸਤੇ ਹਥਿਆਰ ਅਤੇ ਨਸ਼ਾ ਸਪਲਾਈ ਕਰਨਾ ਜਾਰੀ ਹੈ।

ਇਸ ਤਰ੍ਹਾਂ ਦੇ ਹਾਲਾਤ ’ਚ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਅੱਤਵਾਦ ਅਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਸਰਕਾਰ ਦੀ ਹੈ। ਇਸ ਲਈ ਜਦ ਪਾਕਿਸਤਾਨ ਵਲੋਂ ਭਾਰਤ ਵਿਰੋਧੀ ਸਰਗਰਮੀਆਂ ਜਾਰੀ ਹਨ, ਮੋਦੀ ਦੇ ਇਸ ਸੰਮੇਲਨ ’ਚ ਜਾਣ ਦੀ ਕੋਈ ਤੁਕ ਨਹੀਂ ਬਣਦੀ।

-ਵਿਜੇ ਕੁਮਾਰ


Harpreet SIngh

Content Editor

Related News