ਓਵਰ ਥਿੰਕਿੰਗ : ਯੇ ਕਿਆ ਹੂਆ, ਕਬ ਹੂਆ ’ਚ ਨਾ ਉਲਝੋ
Tuesday, Oct 15, 2024 - 10:32 PM (IST)
ਓਵਰ ਥਿੰਕਿੰਗ ਲੋਕਾਂ ’ਚ ਇਕ ਵੱਡੀ ਮਾਨਸਿਕ ਬੀਮਾਰੀ ਦੇ ਰੂਪ ’ਚ ਸਾਹਮਣੇ ਆ ਰਹੀ ਹੈ। ਸਾਡੇ ਨੇੜੇ-ਤੇੜੇ ਦੇ ਕਈ ਲੋਕ ਕਿਸੇ ਵੀ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸੋਚਣ ਲੱਗਦੇ ਹਨ। ਕੁਝ ਲੋਕ ਇਕ ਹੀ ਗੱਲ ਸਾਰਾ ਦਿਨ ਸੋਚਦੇ ਰਹਿੰਦੇ ਹਨ। ਚਿੰਤਾਵਾਂ, ਪ੍ਰੇਸ਼ਾਨੀਆਂ ਤੇ ਮਾਨਸਿਕ ਤਣਾਅ ਹਰ ਇਕ ਦੀ ਜ਼ਿੰਦਗੀ ’ਚ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਇਕ ਕਿਸੇ ਵੀ ਇਕ ਗੱਲ ਨੂੰ ਲੈ ਕੇ ਬੈਠੇ ਰਹੋ, ਸੋਚਦੇ ਰਹੋ। ਚਿੰਤਾ ਕਰਨ ਦੀ ਆਦਤ ਹੀ ਅੱਗੇ ਚੱਲ ਕੇ ਓਵਰ ਥਿੰਕਿੰਗ ’ਚ ਬਦਲ ਜਾਂਦੀ ਹੈ।
ਕਿਸੇ ਵੀ ਕੰਮ ਨੂੰ ਕਰਨ ਜਾਂ ਫੈਸਲਾ ਲੈਣ ਤੋਂ ਪਹਿਲਾਂ ਲੋਕ ਸੋਚਦੇ ਹਨ, ਜੋ ਸਹੀ ਵੀ ਹੈ। ਇਹ ਇਨਸਾਨ ਦਾ ਕੁਦਰਤੀ ਸੁਭਾਅ ਹੈ ਪਰ ਜਦੋਂ ਇਹ ਸੁਭਾਅ ਹੱਦ ਤੋਂ ਜ਼ਿਆਦਾ ਵਧ ਜਾਵੇ ਤਾਂ ਓਵਰ ਥਿੰਕਿੰਗ ਅਖਵਾਉਂਦੀ ਹੈ।
ਓਵਰ ਥਿੰਕਿੰਗ ਦੇ ਕੁਝ ਲੱਛਣ ਇਸ ਤਰ੍ਹਾਂ ਦੇ ਹੁੰਦੇ ਹਨ। ਆਪਣੇ ਨਾਲ ਹੋਏ ਕਿਸੇ ਖਰਾਬ ਅਤੇ ਸ਼ਰਮਿੰਦਾ ਕਰਨ ਵਾਲੇ ਪਲ ਨੂੰ ਯਾਦ ਕਰਦੇ ਰਹਿਣਾ, ਵਾਰ-ਵਾਰ ਸੋਚਦੇ ਰਹਿਣ ਕਾਰਨ ਨੀਂਦ ਠੀਕ ਢੰਗ ਨਾਲ ਨਾ ਆਉਣੀ, ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਰਹਿਣਾ, ਉਸ ’ਚ ਸਮਾਂ ਬਰਬਾਦ ਕਰਨਾ, ਤੁਹਾਡੀਆਂ ਗਲਤੀਆਂ ਕੋਈ ਦੱਸੇ ਤਾਂ ਉਸ ਬਾਰੇ ਸੋਚਦੇ ਰਹਿਣਾ, ਕਿਸੇ ਨੇ ਕੁਝ ਕਹਿ ਦਿੱਤਾ ਤਾਂ ਉਸ ਨੂੰ ਦਿਲ-ਦਿਮਾਗ ’ਤੇ ਲਾਉਣਾ, ਆਪਣੇ ਅਤੀਤ ਅਤੇ ਭਵਿੱਖ ਬਾਰੇ ਬਹੁਤ ਜ਼ਿਆਦਾ ਸੋਚਦੇ ਰਹਿਣਾ ਅਤੇ ਆਪਣੀਆਂ ਚਿੰਤਾਵਾਂ ਤੋਂ ਖੁਦ ਨੂੰ ਉਭਾਰ ਸਕਣ ’ਚ ਅਸਫਲ ਹੋਣਾ ਆਦਿ।
ਓਵਰ ਥਿੰਕਿੰਗ ਤੋਂ ਬਚਣ ਲਈ ਕੁਝ ਜਾਪਾਨੀ ਉਪਾਅ ਹਨ, ਜਿਨ੍ਹਾਂ ਦਾ ਆਧਾਰ ਭਾਰਤੀ ਸੱਭਿਆਚਾਰ ’ਚ ਹੀ ਹੈ। ਉਂਝ ਵੀ ਦੁਨੀਆ ਭਰ ’ਚ ਜਾਪਾਨ ਦੇ ਲੋਕਾਂ ਦਾ ਲਾਈਫ ਸਟਾਇਲ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ। ਜੇ ਤੁਸੀਂ ਵਾਰ-ਵਾਰ ਕੋਸ਼ਿਸ਼ ਕਰਨ ਪਿੱਛੋਂ ਵੀ ਓਵਰ ਥਿੰਕਿੰਗ ਤੋਂ ਪਿੱਛਾ ਨਹੀਂ ਛੁਡਾ ਪਾ ਰਹੇ ਤਾਂ ਕੁਝ ਪ੍ਰਭਾਵਸ਼ਾਲੀ ਜਾਪਾਨੀ ਤਕਨੀਕਾਂ ਓਵਰ ਥਿੰਕਿੰਗ ਨੂੰ ਰੋਕਣ ’ਚ ਸਹਾਈ ਹੋ ਸਕਦੀਆਂ ਹਨ।
ਇਨ੍ਹਾਂ ’ਚੋਂ ਸਭ ਤੋਂ ਪਹਿਲੀ ਹੈ ਸ਼ੋਗਾਨਾਈ। ਸ਼ੋਗਾਨਾਈ ਕਹਿੰਦਾ ਹੈ ਕਿ ਜੋ ਚੀਜ਼ਾਂ ਤੁਹਾਡੇ ਵਸ ’ਚ ਨਹੀਂ ਉਨ੍ਹਾਂ ਨੂੰ ਸਵੀਕਾਰ ਕਰੋ। ਅਜਿਹੀਆਂ ਗੱਲਾਂ ’ਤੇ ਆਪਣਾ ਸਮਾਂ ਨਸ਼ਟ ਨਾ ਕਰੋ ਜਿਨ੍ਹਾਂ ’ਤੇ ਤੁਹਾਡਾ ਕੋਈ ਕੰਟਰੋਲ ਨਾ ਹੋਵੇ। ਇਸ ਦੀ ਥਾਂ ਉਨ੍ਹਾਂ ਚੀਜ਼ਾਂ ’ਤੇ ਫੋਕਸ ਕਰੋ, ਜਿਨ੍ਹਾਂ ਨੂੰ ਕਰ ਕੇ ਤੁਸੀਂ ਆਪਣੀ ਜ਼ਿੰਦਗੀ ’ਚ ਕੁਝ ਬਿਹਤਰ ਕਰ ਸਕਦੇ ਹੋ। ਹਮੇਸ਼ਾ ਅੱਗੇ ਦੀ ਸੋਚ ਕੇ ਚੱਲੋ। ਜੇ ਤੁਸੀਂ ਇਸ ਤਰੀਕੇ ਨੂੰ ਅਪਣਾ ਲਿਆ ਤਾਂ ਤੁਸੀਂ ਜ਼ਿੰਦਗੀ ’ਚ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਬਿਹਤਰ ਤਰੀਕੇ ਨਾਲ ਕਰ ਸਕੋਗੇ।
ਦੂਜੀ ਜਾਪਾਨੀ ਤਕਨੀਕ ਹੈ ਸ਼ਿਰੀਨ ਯੋਕੂ। ਇਸ ਤਕਨੀਕ ਦਾ ਮੰਨਣਾ ਹੈ ਕਿ ਓਵਰ ਥਿੰਕਿੰਗ ਤੋਂ ਬਚਣ ਦਾ ਸਭ ਤੋਂ ਬਿਹਤਰ ਤਰੀਕਾ ਹੋਵੇਗਾ ਕਿ ਤੁਸੀਂ ਕੁਦਰਤ ਦੀ ਗੋਦ ’ਚ ਜਾਂ ਹਰਿਆਲੀ ’ਚ ਸਮਾ ਜਾਓ। ਨਦੀਆਂ ਅਤੇ ਪਹਾੜਾਂ ਦੀ ਖੂਬਸੂਰਤੀ ’ਚ ਗੁਆਚ ਜਾਓ। ਇਸ ਨਾਲ ਓਵਰ ਥਿੰਕਿੰਗ ਤੋਂ ਰਾਹਤ ਮਹਿਸੂਸ ਹੋਵੇਗੀ।
ਤੀਜੀ ਤਕਨੀਕ ਹੈ ਗਾਮਨ, ਜਿਸ ਦਾ ਅਰਥ ਹੁੰਦਾ ਹੈ ਦ੍ਰਿੜ੍ਹਤਾ। ਇਹ ਤਕਨੀਕ ਸਿਖਾਉਂਦੀ ਹੈ ਕਿ ਮੁਸੀਬਤ ਵੇਲੇ ਖੁਦ ਨੂੰ ਕਮਜ਼ੋਰ ਨਾ ਸਮਝੋ। ਮੁਸ਼ਕਲਾਂ ਦਾ ਮਜ਼ਬੂਤੀ ਨਾਲ ਸਾਹਮਣਾ ਕਰੋ, ਇਸ ਨਾਲ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਪ੍ਰੇਸ਼ਾਨੀਆਂ ਵੀ ਮਾਮੂਲੀ ਲੱਗਣਗੀਆਂ। ਮੁਸੀਬਤ ਬਾਰੇ ਜ਼ਿਆਦਾ ਸੋਚਣ ਦੀ ਥਾਂ ਇਸ ਨਾਲ ਕਿਵੇਂ ਲੜਨਾ ਹੈ, ਇਸ ’ਤੇ ਫੋਕਸ ਕਰੋ। ਇਸ ਨਾਲ ਸਾਨੂੰ ਮੁਸੀਬਤ ਅੱਗੇ ਗੋਡੇ ਟੇਕਣ ਦੀ ਥਾਂ ਉਸ ਨਾਲ ਨਜਿੱਠਣ ’ਚ ਮਦਦ ਮਿਲਦੀ ਹੈ।
ਸਾਨੂੰ ਸਮਝਣਾ ਚਾਹੀਦਾ ਹੈ ਕਿ ਓਵਰ ਥਿੰਕਿੰਗ ਇਕ ਤਰ੍ਹਾਂ ਦੀ ਨਾਂਹਪੱਖੀ ਵਿਚਾਰ ਕਿਰਿਆ ਹੈ। ਜ਼ਿਆਦਾ ਸੋਚਣ ਨਾਲ ਕਦੇ ਵੀ ਹੱਲ ਨਹੀਂ ਹੁੰਦਾ। ਇਸ ਲਈ ਕੋਈ ਵੀ ਗੱਲ, ਜਿਸ ਨਾਲ ਤੁਹਾਨੂੰ ਗੁੱਸਾ ਆਵੇ ਜਾਂ ਦੁੱਖ ਪੁੱਜਦਾ ਹੋਵੇ, ਉਸ ’ਤੇ ਤੁਰੰਤ ਰੀਐਕਟ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰੋ। ਅਜਿਹੇ ’ਚ ਤੁਹਾਨੂੰ ਤੁਰੰਤ ਘਰ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ ਜਾਂ ਤੁਰੰਤ ਕਿਸੇ ਦੂਜੇ ਕੰਮ ’ਚ ਆਪਣਾ ਦਿਮਾਗ ਲਾਉਣਾ ਚਾਹੀਦਾ ਹੈ।
ਹਮੇਸ਼ਾ ਕੁਝ ਨਵੀਆਂ ਚੀਜ਼ਾਂ ਸਿੱਖੋ ਅਤੇ ਜਦ ਵੀ ਅਜਿਹਾ ਹੋਵੇ ਉਨ੍ਹਾਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰੋ। ਕਈ ਵਾਰ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਜ਼ਿਆਦਾ ਚਿੰਤਿਤ ਹੁੰਦੇ ਹਾਂ, ਅਜਿਹੇ ’ਚ ਆਪਣੇ ਦਿਮਾਗ ਦੀ ਸੋਚ ਦੀ ਦਿਸ਼ਾ ਬਦਲਦਿਆਂ ਆਪਣੀ ਜ਼ਿੰਦਗੀ ਦੀਆਂ ਪ੍ਰਾਪਤੀਆਂ ’ਤੇ ਧਿਆਨ ਲਾਓ ਅਤੇ ਆਪਣੇ ਚੰਗੇ ਪਲਾਂ ਨੂੰ ਯਾਦ ਕਰੋ।
ਅਕਸਰ ਅਸੀਂ ਜਦ ਕੋਈ ਗਲਤੀ ਹੋ ਜਾਂਦੀ ਹੈ, ਤਦ ਅਸੀਂ ਉਸ ਬਾਰੇ ਜ਼ਿਆਦਾ ਸੋਚਣ ਲੱਗਦੇ ਹਾਂ। ਉਨ੍ਹਾਂ ਗੱਲਾਂ ਨੂੰ ਵਾਰ-ਵਾਰ ਯਾਦ ਕਰਦੇ ਹਾਂ। ਅਜਿਹਾ ਕਰਨ ਨਾਲ ਤੁਹਾਡੀ ਮਾਨਸਿਕ ਸਿਹਤ ’ਤੇ ਡੂੰਘਾ ਅਸਰ ਪਵੇਗਾ, ਅਜਿਹੇ ’ਚ ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਮਾਫ ਕਰਨ ਲਈ ਖੁਦ ਸਾਰੀਆਂ ਚੀਜ਼ਾਂ ਨੂੰ ਸੌਖਾ ਬਣਾਉਣਾ ਪਵੇਗਾ।
ਅਖੀਰ ’ਚ ਰਾਜੇਸ਼ ਖੰਨਾ, ਸ਼ਰਮੀਲਾ ਟੈਗੋਰ ਦੀ ਬਾਲੀਵੁੱਡ ਫਿਲਮ ‘ਅਮਰ ਪ੍ਰੇਮ’ ਤੋਂ ਕੁਝ ਚੋਣਵੇਂ ਸ਼ਬਦ ਜੋ ਸ਼ਾਇਦ ਓਵਰ ਥਿੰਕਿੰਗ ਦੇ ਕੰਟਰੋਲ ਨੂੰ ਲੈ ਕੇ ਕਹੇ ਗਏ ਸਨ ‘ਯੇ ਕਿਆ ਹੂਆ, ਕਬ ਹੂਆ, ਕਿਉਂ ਹੂਆ, ਕੈਸੇ ਹੂਆ, ਯੇ ਨਾ ਸੋਚੋ!’
ਡਾ.ਵਰਿੰਦਰ ਭਾਟੀਆ