ਕ੍ਰਿਕਟ ਨੂੰ ਖੇਡ ਹੀ ਰਹਿਣ ਦਿਓ, ਕੋਈ ਕੰਮ ਨਾ ਲਓ
Wednesday, Sep 24, 2025 - 06:06 PM (IST)

ਵਧੇਰੇ ਦੇਸ਼ ਵਾਸੀਆਂ ਵਾਂਗ ਮੈਂ ਵੀ ਕ੍ਰਿਕਟ ਦਾ ਸ਼ੌਕੀਨ ਹਾਂ। ਸਾਰੀ ਦੌੜ-ਭੱਜ ਅਤੇ ਖਿੱਚੋਤਾਣ ਦੇ ਦਰਮਿਆਨ ਸਮਾਂ ਮਿਲੇ ਤਾਂ ਦੇਖ ਵੀ ਲੈਂਦਾ ਹਾਂ, ਭਾਵੇਂ ਕੁਝ ਓਵਰ ਹੀ ਸਹੀ ਅਤੇ ਕੁਝ ਨਹੀਂ ਤਾਂ ਫੋਨ ’ਤੇ ਸਕੋਰ ਹੀ ਚੈੱਕ ਕਰਦਾ ਰਹਿੰਦਾ ਹਾਂ ਪਰ ਇਸ ਵਾਰ ਏਸ਼ੀਆ ਕੱਪ ’ਚ ਭਾਰਤ-ਪਾਕਿਸਤਾਨ ਦੇ ਮੈਚ ਨਹੀਂ ਦੇਖੇ। ਮਨ ਹੀ ਨਹੀਂ ਕੀਤਾ ਅਤੇ ਉਨ੍ਹਾਂ ਦੇ ਬਾਰੇ ’ਚ ਜੋ ਕੁਝ ਪੜ੍ਹਨ-ਸੁਣਨ ਨੂੰ ਮਿਲਿਆ, ਉਸ ਤੋਂ ਰਹਿੰਦੀ-ਖੂੰਹਦੀ ਇੱਛਾ ਵੀ ਜਾਂਦੀ ਰਹੀ।
ਇਸ ਸਾਰੇ ਕਾਂਡ ਦੇ ਬਾਰੇ ’ਚ ਸੁਣ ਕੇ ਬਚਪਨ ਦੀ ਯਾਦ ਆਈ। ਸਾਡੇ ਸ਼ਹਿਰ ’ਚ ਕਿੰਗ ਕੋਂਗ ਆਇਆ ਸੀ। ਉਸ ਦੀ ਫ੍ਰੀਸਟਾਈਲ ਕੁਸ਼ਤੀ ਸੀ। ਕਿਸ ਦੇ ਨਾਲ ਇਹ ਯਾਦ ਨਹੀਂ। ਫਰਕ ਵੀ ਨਹੀਂ ਪੈਂਦਾ। ਕਈ ਹਫਤੇ ਤੋਂ ਿਰਕਸ਼ੇ ’ਤੇ ਮੁਨਾਦੀ ਹੋ ਰਹੀ ਸੀ, ਸ਼ਹਿਰ ’ਚ ਵੱਡੇ ਪੋਸਟਰ ਲੱਗੇ ਸਨ। ਰੋਜ਼ ਅਖਬਾਰ ’ਚ ਖਤਰਨਾਕ ਜਿਹਾ ਬਿਆਨ ਆਉਂਦਾ ਹੈ, ਕਦੇ ਕਿੰਗ ਕੋਂਗ ਦਾ, ਕਦੇ ਉਸ ਦੇ ਵਿਰੋਧੀ ਦਾ। ਮੈਂ ਉਸ ਨੂੰ ਸਟੇਡੀਅਮ ਤੋਂ ਬਾਹਰ ਸੁੱਟ ਦੇਵਾਂਗਾ, ਜਾਂ ਫਿਰ ਉਸ ਨੂੰ ਕੱਚਾ ਚੱਬ ਜਾਵਾਂਗਾ ਆਦਿ।
ਉਨ੍ਹੀਂ ਦਿਨੀਂ ਸੋਸ਼ਲ ਮੀਡੀਆ ਨਹੀਂ ਸੀ। ਦਿਨ-ਰਾਤ ਭੜਕਾਊ ਬਿਆਨ ਸੁਣਨ ਦੀ ਆਦਤ ਨਹੀਂ ਬਣੀ ਸੀ। ਇਸ ਲਈ ਉਹ ਬਿਆਨ ਸਾਨੂੰ ਹੈਰਾਨ ਕਰਦੇ ਹਨ, ਮਨ ’ਚ ਹਲਚਲ ਪੈਦਾ ਕਰਦੇ ਸਨ। ਇਸ ਰਣਨੀਤੀ ਦਾ ਮਨਚਾਹਿਆ ਅਸਰ ਹੋਇਆ। ਪੂਰਾ ਸ਼ਹਿਰ ਕਿੰਗ ਕੋਂਗ ਦੀ ਕੁਸ਼ਤੀ ਦੇਖਣ ਪਹੁੰਚਿਆ, ਹਾਲਾਂਕਿ ਪਹਿਲਵਾਨੀ ਤੋਂ ਗੁਰੇਜ਼ ਦੇ ਕਾਰਨ ਮੈਂ ਇਸ ਚੰਗੀ ਘੜੀ ਤੋਂ ਵਾਂਝਾ ਰਿਹਾ। ਹੋਇਆ ਉਹੀ ਜੋ ਹੋਣਾ ਸੀ, ਕਿੰਗ ਕੋਂਗ ਨੇ ਆਪਣੇ ਵਿਰੋਧੀ ਨੂੰ ਪਛਾੜ ਦਿੱਤਾ। ਖੇਡ ਖਤਮ, ਪੈਸਾ ਹਜ਼ਮ। ਬਾਅਦ ’ਚ ਸ਼ਹਿਰ ’ਚ ਕੁਸ਼ਤੀ ਫਿਕਸ ਹੋਣ ਦੀ ਚਰਚਾ ਰਹੀ।
ਕਹਿਣ ਦਾ ਭਾਵ ਇਹ ਕਿਸੇ ਵੀ ਤਰ੍ਹਾਂ ਨਹੀਂ ਕਿ ਏਸ਼ੀਆ ਕੱਪ ’ਚ ਭਾਰਤ-ਪਾਕਿਸਤਾਨ ਦਾ ਮੈਚ ਫਿਕਸ ਸੀ। ਉਸ ਦੀ ਕੋਈ ਲੋੜ ਨਹੀਂ ਸੀ। ਜਦੋਂ ਤੋਂ ਆਈ. ਪੀ. ਐੱਲ. ਕਾਰਨ ਭਾਰਤੀ ਕ੍ਰਿਕਟ ਦੇ ਦਰਵਾਜ਼ੇ ਛੋਟੇ ਸ਼ਹਿਰਾਂ ਦੇ ਟੇਲੈਂਟ ਲਈ ਖੁੱਲ੍ਹ ਗਏ ਹਨ, ਉਦੋਂ ਤੋਂ ਭਾਰਤ ਦੀ ਕ੍ਰਿਕਟ ਟੀਮ ਇਕ ਵੱਖਰੇ ਪੱਧਰ ’ਤੇ ਪਹੁੰਚ ਗਈ ਹੈ। ਜੇਕਰ ਏਸ਼ੀਆ ਕੱਪ ’ਚ ਭਾਰਤ ਦੀਆਂ ਦੋ ਟੀਮਾਂ ਹੁੰਦੀਆਂ ਤਾਂ ਸੰਭਵ ਹੈ ਦੋਵੇਂ ਫਾਈਨਲ ’ਚ ਪਹੁੰਚ ਜਾਂਦੀਆਂ। ਇਸ ਲਈ ਇਕ ਅੱਧੇ ਫਿੱਕੇ ਮੈਚ ਦੇ ਅਪਵਾਦ ਨੂੰ ਛੱਡ ਕੇ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਕਾਫੀ ਇਕ-ਪਾਸੜ ਰਹਿੰਦਾ ਹੈ।
ਹੁਣ ਇਨ੍ਹਾਂ ਮੈਚਾਂ ’ਚ ਉਹ ਖਿੱਚ ਨਹੀਂ, ਜੋ ਜ਼ਹੀਰ ਅੱਬਾਸ, ਇਮਰਾਨ ਖਾਨ, ਜਾਵੇਦ ਮਿਆਂਦਾਦ, ਵਸੀਮ ਅਕਰਮ ਜਾਂ ਸ਼ਾਹਿਦ ਅਫਰੀਦੀ ਦੀ ਪਾਕਿਸਤਾਨੀ ਟੀਮਾਂ ਨਾਲ ਮੁਕਾਬਲੇ ’ਚ ਹੁੰਦੀ ਸੀ। ਅੱਜ ਭਾਰਤ ਕੌਮਾਂਤਰੀ ਕ੍ਰਿਕਟ ਦੀ ਰਾਜਧਾਨੀ ਹੈ। ਕ੍ਰਿਕਟ ਦੇ ਲਿਹਾਜ਼ ਨਾਲ ਪਾਕਿਸਤਾਨ ਦੀ ਟੀਮ ਨੂੰ ਆਪਣਾ ਮੁੱਖ ਵਿਰੋਧੀ ਮੰਨਣਾ ਭਾਰਤੀ ਕ੍ਰਿਕਟ ਟੀਮ ਦੀ ਸ਼ਾਨ ਦੇ ਖਿਲਾਫ ਹੋਵੇਗਾ।
ਪਰ ਏਸ਼ੀਆ ਕੱਪ ਦੇ ਮੈਚ ਨਾ ਦੇਖਣ ਦੇ ਪਿੱਛੇ ਮੇਰਾ ਅਸਲੀ ਕਾਰਨ ਇਹ ਨਹੀਂ ਸੀ। ਦਰਅਸਲ ਸ਼ੁਰੂ ਤੋਂ ਹੀ ਇਹ ਸਾਫ ਸੀ ਕਿ ਇਹ ਕ੍ਰਿਕਟ ਦੀ ਖੇਡ ਨਹੀਂ, ਸਗੋਂ ਬਾਜ਼ਾਰ ਅਤੇ ਸਰਕਾਰ ਦੀ ਖੇਡ ਹੋਣ ਜਾ ਰਹੀ ਹੈ। ਕ੍ਰਿਕਟ ਦੀ ਖੇਡ ਦੀ ਆੜ ’ਚ ਕੁਝ ਹੋਰ ਖੇਡਾਂ ਹੋ ਰਹੀਆਂ ਹਨ। ਬਾਜ਼ਾਰ ਦੇ ਅਸੀਮਤ ਮੁਨਾਫੇ ਦੀ ਖੇਡ। ਸਰਕਾਰ ਦੀ ਵਿਦੇਸ਼ ਨੀਤੀ ਦੇ ਪੈਂਤੜੇ ਦੀ ਖੇਡ। ਦੇਸ਼ ਦੀ ਜਨਤਾ ਨੂੰ ਲੁਕਵੇਂ ਰਾਸ਼ਟਰਵਾਦ ’ਚ ਰੱਖਣ ਦੀ ਸਿਆਸੀ ਖੇਡ।
ਪਹਿਲੇ ਦਿਨ ਤੋਂ ਹੀ ਭਾਰਤ-ਪਾਕਿਸਤਾਨ ਦੇ ਮੈਚ ਨੂੰ ਲੈ ਕੇ ਚੱਲੀ ਬਹਿਸ ਬੇਮਾਨੀ ਸੀ। ਜ਼ਾਹਿਰ ਹੈ ਮੈਚ ’ਚ ਹਿੱਸਾ ਲੈਣ ਦੇ ਸਮਰਥਨ ’ਚ ਕ੍ਰਿਕਟ ਬੋਰਡ ਦੀ ਦਲੀਲ ਬਚਕਾਨਾ ਸੀ। ਇਸ ਨੂੰ ਕੌਮਾਂਤਰੀ ਟੂਰਨਾਮੈਂਟ ਦੀ ਮਜਬੂਰੀ ਦੱਸਣਾ ਬੇਤਰਕ ਸੀ। ਏਸ਼ੀਆ ਕੱਪ ਕੋਈ ਵਰਲਡ ਕੱਪ ਤਾਂ ਹੈ ਨਹੀਂ ਕਿ ਭਾਰਤੀ ਟੀਮ ਉਸ ਨੂੰ ਛੱਡ ਨਹੀਂ ਸਕਦੀ। ਉਂਝ ਸਿਆਸੀ ਕਾਰਨਾਂ ਕਰ ਕੇ ਕਈ ਦੇਸ਼ਾਂ ਨੇ ਓਲੰਪਿਕ ਤੱਕ ਦਾ ਵੀ ਬਾਈਕਾਟ ਕੀਤਾ ਹੈ।
ਇਸ ਨੂੰ ਕ੍ਰਿਕਟ ਬੋਰਡ ਦਾ ਖੁਦਮੁਖਤਿਆਰ ਫੈਸਲਾ ਦੱਸਣਾ ਹੋਰ ਵੀ ਹਾਸੋਹੀਣਾ ਸੀ। ਕੌਣ ਨਹੀਂ ਜਾਣਦਾ ਕਿ ਕੌਮਾਂਤਰੀ ਕ੍ਰਿਕਟ ਦਾ ਪ੍ਰਧਾਨ ਭਾਰਤ ਦੇ ਕਿਸ ਲਾਲ ਦਾ ਲਾਲ ਹੈ ਤੇ ਭਾਰਤ ਦੇ ਕ੍ਰਿਕਟ ਬੋਰਡ ਦੇ ਅਹੁਦੇਦਾਰ ਕਿਸ ਮੰਤਰੀ ਦੇ ਬੰਗਲੇ ’ਚ ਚੁਣੇ ਜਾਂਦੇ ਹਨ। ਇਸ ਸੱਚ ’ਤੇ ਪਰਦਾ ਪਾਉਣਾ ਅਸੰਭਵ ਹੈ ਕਿ ਇਹ ਸਭ ਬਾਜ਼ਾਰ ਦੀ ਖੇਡ ਸੀ। ਭਾਰਤ-ਪਾਕਿਸਤਾਨ ਦਾ ਕ੍ਰਿਕਟ ਮੈਚ ਇਕ ਵਧੀਆ ਵਿਕਾਊ ਮਾਲ ਹੈ। ਖਾਸ ਤੌਰ ’ਤੇ ਇਕ ਜੰਗ ਦੇ ਬਾਅਦ। ਖਾਸ ਤੌਰ ’ਤੇ ਤਿਉਹਾਰ ਦੇ ਸੀਜ਼ਨ ਤੋਂ ਪਹਿਲਾਂ ਟੀ. ਵੀ. ਅਤੇ ਫੋਨ ਦੀ ਸਕਰੀਨ ’ਤੇ ਅਤੇ ਖਾਸ ਤੌਰ ’ਤੇ ਦੁਬਈ ’ਚ ਜਿੱਥੇ ਦੋਵਾਂ ਦੇਸ਼ਾਂ ਦੀਆਂ ਮਾਲਦਾਰ ਆਸਾਮੀਆਂ ਆਪਣੇ ਦੇਸ਼ ਤੋਂ ਦੂਰ ਬੈਠ ਕੇ ਬਿਨਾਂ ਜੋਖਮ ਚੁੱਕੇ ਦੇਸ਼ ਭਗਤੀ ਦੀ ਖੇਡ ਖੇਡ ਸਕਦੀਆਂ ਹਨ।
ਕੁਝ ਅਜਿਹੀ ਹੀ ਖੇਡ, ਜੋ ਰੋਜ਼ ਸ਼ਾਮ ਨੂੰ ਵਾਹਗਾ ਬਾਰਡਰ ’ਤੇ ਹੁੰਦੀ ਸੀ। ਇੱਧਰ ਭਾਰਤ ਦੇ ਸੁਰੱਖਿਆ ਬਲ, ਉਧਰ ਪਾਕਿਸਤਾਨ ਦੇ। ਦੁਸ਼ਮਣੀ ਦੇ ਜਨੂੰਨ ਦੀਆਂ ਪ੍ਰਾਯੋਜਿਤ ਰਸਮਾਂ। ਲਾਊਡਸਪੀਕਰ ’ਤੇ ਦੇਸ਼ ਭਗਤੀ ਦੇ ਗੀਤ ਅਤੇ ਉਸ ਨੂੰ ਹੱਲਾਸ਼ੇਰੀ ਦਿੰਦੇ ਹੋਏ ਹਜ਼ਾਰਾਂ ਲੋਕ। ਵਾਲ ਵੀ ਵਿੰਗਾ ਹੋਣ ਦਾ ਜੋਖਮ ਚੁੱਕੇ ਬਿਨਾਂ ਜੰਗ ਦਾ ਪੂਰਾ ਮਜ਼ਾ। ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਬਣੇ ਰਾਸ਼ਟਰਵਾਦ ਦਾ ਸਭ ਤੋਂ ਸਸਤਾ ਅਤੇ ਸੌਖਾ ਐਡੀਸ਼ਨ।
ਉਧਰ ਇਸ ਮੈਚ ਦਾ ਵਿਰੋਧ ਕਰਨ ਵਾਲਿਆਂ ਦੀ ਦਲੀਲ ਵੀ ਗਲੇ ਤੋਂ ਨਹੀਂ ਉਤਰ ਰਹੀ ਸੀ। ਬੇਸ਼ੱਕ ਮੋਦੀ ਸਰਕਾਰ ਦੇ ਪਾਖੰਡ ਦਾ ਪਰਦਾਫਾਸ਼ ਕਰਨਾ ਉਨ੍ਹਾਂ ਦਾ ਹੱਕ ਸੀ। ਇਧਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਆਪ੍ਰੇਸ਼ਨ ਸਿੰਧੂਰ ਜਾਰੀ ਹੈ, ਹਰ ਤਰ੍ਹਾਂ ਦੇ ਸੰਬੰਧ ਤੋੜੇ ਜਾ ਰਹੇ ਹਨ, ਸਰਕਾਰੀ ਵੀਜ਼ੇ ’ਤੇ ਭਾਰਤ ’ਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਉਧਰ ਕ੍ਰਿਕਟ ਬੋਰਡ ਅਤੇ ਟੀ. ਵੀ. ਚੈਨਲਾਂ ਦੇ ਮੁਨਾਫੇ ਲਈ ਮੈਚ ਖੇਡਣ ’ਚ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ।
ਪਰ ਜਦੋਂ ਉਹ ਕਹਿੰਦੇ ਹਨ ਕਿ ਦੁਸ਼ਮਣ ਦੇ ਨਾਲ ਖੇਡ ਖੇਡ ਕੇ ਅਸੀਂ ਦੇਸ਼ ਦੀ ਤੌਹੀਨ ਕੀਤੀ ਹੈ, ਤਾਂ ਉਹ ਵੀ ਉਸੇ ਬੀਮਾਰ ਮਾਨਸਿਕਤਾ ਦੇ ਸ਼ਿਕਾਰ ਹੋ ਜਾਂਦੇ ਹਨ। ਕਲਾ, ਖੇਡ ਸੰਸਕ੍ਰਿਤੀ ਦਾ ਕੰਮ ਰਾਜਨੀਤਿਕ ਪੁਲਾਂ ਨੂੰ ਤੋੜਨਾ ਨਹੀਂ, ਸਗੋਂ ਟੁੱਟੇ ਹੋਏ ਪੁਲਾਂ ਨੂੰ ਜੋੜਨਾ ਹੈ। ਇਸ ਲਈ ਜਦੋਂ ਦਿਲੀਪ ਕੁਮਾਰ ਮਹਾਨ ਪਾਕਿਸਤਾਨੀ ਗਾਇਕਾ ਨੂਰਜਹਾਂ ਦਾ ਸਨਮਾਨ ਕਰਦੇ ਹਨ, ਜਾਂ ਜਦੋਂ ਨੀਰਜ ਚੋਪੜਾ ਆਪਣੇ ਵਿਰੋਧੀ ਅਰਸ਼ਦ ਨਦੀਮ ਦੇ ਗਲੇ ’ਚ ਹੱਥ ਪਾਉਂਦੇ ਹਨ, ਉਦੋਂ ਆਪਣਾ ਕੰਮ ਕਰ ਰਹੇ ਹਨ।
ਜਦੋਂ ਖਿਡਾਰੀ ਇਕ-ਦੂਜੇ ਨਾਲ ਹੱਥ ਨਹੀਂ ਮਿਲਾਉਂਦੇ, ਤਾਂ ਉਹ ਨਾ ਆਪਣਾ ਮਾਣ ਵਧਾਉਂਦੇ ਹਨ, ਨਾ ਆਪਣੇ ਦੇਸ਼ ਦਾ। ਕ੍ਰਿਕਟ ਦੇ ਮੈਦਾਨ ’ਚ ਬੰਦੂਕ ਚਲਾਉਣ ਅਤੇ ਹਵਾਈ ਜਹਾਜ਼ ਡੇਗਣ ਦੇ ਇਸ਼ਾਰਿਆਂ ਨਾਲ ਸਿਰਫ ਖੇਡ ਭਾਵਨਾ ਜ਼ਖਮੀ ਹੁੰਦੀ ਹੈ, ਕ੍ਰਿਕਟ ਡਿੱਗਦੀ ਹੈ ਪਰ ਇਸ ਦੇ ਲਈ ਖਿਡਾਰੀਆਂ ਨੂੰ ਦੋਸ਼ ਦੇਣਾ ਬੇਮਾਨੀ ਹੋਵੇਗਾ। ਉਹ ਕ੍ਰਿਕਟਰ ਹਨ, ਐਕਟਰ ਨਹੀਂ। ਉਹ ਆਪਣੇ ਵਲੋਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਉਨ੍ਹਾਂ ਨੂੰ ਕਿਹਾ ਿਗਆ। ਬਾਜ਼ਾਰ ਨੇ ਕਿਹਾ ਕਿ ਖੇਡੋ, ਤਾਂ ਉਹ ਖੇਡ ਰਹੇ ਹਨ। ਸਰਕਾਰ ਨੇ ਕਿਹਾ ਕਿ ਖੇਡਦੇ ਸਮੇਂ ਦੋਸਤੀ ਨਹੀਂ ਦਿਸਣੀ ਚਾਹੀਦੀ, ਤਾਂ ਦੋਵਾਂ ਪਾਸਿਆਂ ਤੋਂ ਖਿਡਾਰੀ ਦੁਸ਼ਮਣੀ ਦਾ ਖੇਖਣ ਕਰ ਰਹੇ ਹਨ।
ਸਵਾਲ ਖਿਡਾਰੀਆਂ ਜਾਂ ਉਨ੍ਹਾਂ ਦੇ ਮੈਨੇਜਰ ਨੂੰ ਨਹੀਂ, ਸਗੋਂ ਉਨ੍ਹਾਂ ਦੇ ਸਿਆਸੀ ਅਾਕਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ। ਗੁਲਜ਼ਾਰ ਦੀਆਂ ਅਮਰ ਸਤਰਾਂ ‘ਪਿਆਰ ਕੋ ਪਿਆਰ ਹੀ ਰਹਿਨੇ ਦੋ ਕੋਈ ਨਾਮ ਨਾ ਦੋ’ ਦੀ ਤਰਜ਼ ’ਤੇ ਉਨ੍ਹਾਂ ਨੂੰ ਕਿਹਾ ਜਾਣਾ ਚਾਹੀਦਾ ਹੈ-‘ਕ੍ਰਿਕਟ ਕੋ ਖੇਲ ਹੀ ਰਹਿਨੇ ਦੋ, ਕੋਈ ਕਾਮ ਨਾ ਲੋ’।
–ਯੋਗੇਂਦਰ ਯਾਦਵ