ਐੱਨ. ਸੀ. ਈ. ਆਰ. ਟੀ. ਨੂੰ ਅਦਾਲਤ ਦੀ ਝਾੜ ਤੋਂ ਸਬਕ ਲੈਣਾ ਚਾਹੀਦੈ

Tuesday, Mar 17, 2026 - 05:11 PM (IST)

ਐੱਨ. ਸੀ. ਈ. ਆਰ. ਟੀ. ਨੂੰ ਅਦਾਲਤ ਦੀ ਝਾੜ ਤੋਂ ਸਬਕ ਲੈਣਾ ਚਾਹੀਦੈ

ਐੱਨ. ਸੀ. ਈ. ਆਰ. ਟੀ. ਨੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੂੰ ਨਾਰਾਜ਼ ਕਰ ਦਿੱਤਾ ਹੈ ਅਤੇ ਉਸ ਦੀ ਸਾਖ ਨੂੰ ਸੱਟ ਵੱਜੀ ਹੈ। ਭਾਰਤ ਦੇ ਸੁਪਰੀਮ ਕੋਰਟ ਨੇ ਨਿਆਂਪਾਲਿਕਾ ’ਚ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਹਿੱਸੇ ’ਤੇ ਬੜੇ ਹੀ ਸਖ਼ਤ ਸ਼ਬਦਾਂ ’ਚ ਗੁੱਸਾ ਅਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਇਕ ਖ਼ਾਸ ਅਧਿਆਏ ’ਤੇ ਮੀਡੀਆ ’ਚ ਆਈਆਂ ਰਿਪੋਰਟਾਂ ਤੋਂ ਬਾਅਦ ਜੋ ਕੁਝ ਵੀ ਹੋਇਆ, ਉਸ ਤੋਂ ਹਰ ਕੋਈ ਹੈਰਾਨ ਅਤੇ ਪਰੇਸ਼ਾਨ ਹੈ।

ਵੱਡੇ ਪੱਧਰ ’ਤੇ ਦੇਖੀਏ ਤਾਂ ਇਨ੍ਹਾਂ ਸੰਸਥਾਵਾਂ ਦੇ ਵਿਚਾਲੇ ਸੰਸਥਾਗਤ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਪੇਸ਼ੇਵਰ ਕਾਬਲੀਅਤ ਦਾ ਉੱਚਾ ਪੱਧਰ ਬਣਿਆ ਰਹੇ ਅਤੇ ਸਾਰਿਆਂ ਨੂੰ ਨਿਆਂ ਮਿਲ ਸਕੇ— ਭਾਵੇਂ ਉਹ ਕੋਈ ਵਿਅਕਤੀ ਹੋਵੇ, ਕੋਈ ਸੰਸਥਾ ਹੋਵੇ ਜਾਂ ਕੋਈ ਸੰਗਠਨ। ਜਨਤਕ ਸੰਸਥਾਵਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਬਿਹਤਰੀਨ ਕੰਮ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ’ਚ ਇਕ-ਦੂਜੇ ਦਾ ਸਾਥ ਦੇਣ। ਕਿਸੇ ਵੀ ਸੰਸਥਾ ਦੀ ਸਾਖ ਉਸ ਦੇ ਅੰਦਰ ਕੰਮ ਕਰਨ ਵਾਲੇ ਪੇਸ਼ੇਵਰਾਂ ਦੀ ਕਾਬਲੀਅਤ, ਲਗਨ ਅਤੇ ਯੋਗਦਾਨ ਦਾ ਹੀ ਨਤੀਜਾ ਹੁੰਦੀ ਹੈ।

ਸੁਪਰੀਮ ਕੋਰਟ ’ਤੇ ਹਰ ਭਾਰਤੀ ਨੂੰ ਭਰੋਸਾ ਅਤੇ ਯਕੀਨ ਹੈ। ਅਜਿਹੀਆਂ ਹੋਰ ਵੀ ਸੰਸਥਾਵਾਂ ਹਨ, ਜਿਨ੍ਹਾਂ ’ਤੇ ਭਾਰਤੀਆਂ ਨੂੰ ਮਾਣ ਹੈ। ਐੱਨ. ਸੀ. ਈ. ਆਰ. ਟੀ. ਵੀ ਉਨ੍ਹਾਂ ’ਚੋਂ ਇਕ ਹੈ; ਇਹ ਇਕ ਅਜਿਹੀ ਸੰਸਥਾ ਹੈ, ਜਿਸ ’ਚ ਮੈਂ ਤਿੰਨ ਦਹਾਕਿਆਂ ਤੱਕ ਪ੍ਰੋਫੈਸਰ ਵਜੋਂ ਸੇਵਾ ਕੀਤੀ ਹੈ, ਇਸ ’ਚ ਪੰਜ ਸਾਲ ਇਸ ਦੇ ਡਾਇਰੈਕਟਰ ਵਜੋਂ ਵੀ ਸ਼ਾਮਲ ਹਨ। ਐੱਨ. ਸੀ. ਈ. ਆਰ. ਟੀ. ਭਾਰਤ ਸਰਕਾਰ ਵੱਲੋਂ ਬਣਾਈ ਅਤੇ ਫੰਡ ਦਿੱਤੀ ਜਾਣ ਵਾਲੀ ਇਕ ਖੁਦਮੁਖਤਿਆਰ ਸੰਸਥਾ ਹੈ। ਇਹ ਭਾਰਤ ਦੇ ਭਵਿੱਖ ਨੂੰ ਸੰਵਾਰਦੀ ਹੈ ਅਤੇ ਮਾਸੂਮ ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ ਸਿੱਖਿਆ ਦੇ ਖੇਤਰ ’ਚ ਨਵੀਂ ਜਾਨ ਪਾਉਂਦੀ ਹੈ ਅਤੇ ਨੌਜਵਾਨਾਂ ਨੂੰ ਗਿਆਨ ਹਾਸਲ ਕਰਨ ਲਈ ਤਿਆਰ ਕਰਦੀ ਹੈ। ਨਿਆਂਪਾਲਿਕਾ ਦੇ ਹਰ ਪੱਧਰ ’ਤੇ ਅਜਿਹੇ ਜੱਜ ਅਤੇ ਵਕੀਲ ਹੁੰਦੇ ਹਨ, ਜੋ ਐੱਨ. ਸੀ. ਈ. ਆਰ. ਟੀ. ਦਾ ਬਹੁਤ ਸਤਿਕਾਰ ਕਰਦੇ ਹਨ। ਆਪਣੇ ਲੰਬੇ ਨਿੱਜੀ ਤਜਰਬੇ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਇਸ ਸੰਸਥਾ ਪ੍ਰਤੀ ਆਪਣਾ ਧੰਨਵਾਦ ਜ਼ਾਹਿਰ ਕਰਨ ’ਚ ਕਦੇ ਕੋਈ ਝਿਜਕ ਨਹੀਂ ਦਿਖਾਈ।

ਲੇਕਿਨ, ਨਿਆਂਪਾਲਿਕਾ ’ਚ ਭ੍ਰਿਸ਼ਟਾਚਾਰ ਨਾਲ ਜੁੜੇ ਉਸ ਹਿੱਸੇ ਨੇ ਕਿਤਾਬਾਂ ਨੂੰ ਤਿਆਰ ਕਰਨ ਦੇ ਤਰੀਕੇ ’ਚ ਮੌਜੂਦ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ ਹੈ ਅਤੇ ਇਹ ਗੱਲ ਬਿਨਾਂ ਕਿਸੇ ਝਿਜਕ ਦੇ ਕਹੀ ਜਾਣੀ ਚਾਹੀਦੀ ਹੈ ਕਿ ਇਸ ਨੇ ਐੱਨ. ਸੀ. ਈ. ਆਰ. ਟੀ. ਦੀ ਸਾਖ ਨੂੰ ਡੂੰਘੀ ਸੱਟ ਮਾਰੀ ਹੈ। ਇਹ ਸਾਖ ਪਿਛਲੇ ਛੇ ਦਹਾਕਿਆਂ ’ਚ ਐੱਨ. ਸੀ. ਈ. ਆਰ. ਟੀ. ਦੇ ਸਿੱਖਿਆ ਮਾਹਿਰਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਬਣਾਈ ਸੀ; ਇਨ੍ਹਾਂ ’ਚੋਂ ਕਈ ਸਿੱਖਿਆ ਮਾਹਿਰਾਂ ਨੇ ਆਪਣੇ ਸ਼ਾਨਦਾਰ ਯੋਗਦਾਨ ਲਈ ਬੜਾ ਨਾਂ ਕਮਾਇਆ ਹੈ।

ਸੁਪਰੀਮ ਕੋਰਟ ਨੇ 11 ਮਾਰਚ ਨੂੰ ਇਕ ਫੈਸਲਾ ਸੁਣਾਇਆ, ਜਿਸ ’ਚ ਭ੍ਰਿਸ਼ਟਾਚਾਰ ਵਾਲੇ ਅਧਿਆਏ ਦੇ ਸਿਲਸਿਲੇ ’ਚ ਤਿੰਨ ਸੀਨੀਅਰ ਪੇਸ਼ੇਵਰਾਂ ’ਤੇ ਰੋਕ ਲਗਾ ਦਿੱਤੀ ਗਈ। ਐੱਨ. ਸੀ. ਈ. ਆਰ. ਟੀ. ਨੇ ਕੋਰਟ ’ਚ ਜੋ ਜਾਣਕਾਰੀ ਜਮ੍ਹਾ ਕੀਤੀ ਸੀ, ਉਸ ’ਚ ਇਨ੍ਹਾਂ ਲੋਕਾਂ ਦੇ ਨਾਂ ਵੀ ਸ਼ਾਮਲ ਸਨ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ। ਇਨ੍ਹਾਂ ’ਚੋਂ ਕੋਈ ਵੀ ਐੱਨ. ਸੀ. ਈ. ਆਰ. ਟੀ. ਦਾ ਸਿੱਖਿਆ ਮਾਹਿਰ ਨਹੀਂ ਹੈ, ਫਿਰ ਵੀ ਉਨ੍ਹਾਂ ਦੀ ਸਾਖ ’ਤੇ ਦਾਗ ਲੱਗ ਗਿਆ ਹੈ। ਇਕ ਆਮ ਨਾਗਰਿਕ ਵਜੋਂ, ਆਪਣੀਆਂ ਸੀਮਾਵਾਂ ਅਤੇ ਕਮੀਆਂ ਨੂੰ ਪੂਰੀ ਤਰ੍ਹਾਂ ਸਮਝਦੇ ਹੋਏ, ਮੈਂ ਇਹ ਸੋਚਦਾ ਹਾਂ ਕਿ ਕੀ ਕਿਸੇ ਵੀ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨਾਂ, ਉਸ ਨੂੰ ਅਜਿਹੀ ਮੁਸ਼ਕਿਲ ਸਥਿਤੀ ’ਚ ਪਾਉਣਾ ਸਹੀ ਹੈ? ਇਹ ਵੀ ਹੈਰਾਨੀ ਦੀ ਗੱਲ ਹੈ ਕਿ ਐੱਨ. ਸੀ. ਈ. ਆਰ. ਟੀ. ਨੇ ਇਹ ਪੱਕਾ ਕੀਤੇ ਬਿਨਾਂ ਕਿਤਾਬਾਂ ਕਿਵੇਂ ਪ੍ਰਕਾਸ਼ਿਤ ਕਰ ਦਿੱਤੀਆਂ ਕਿ ਸਮੱਗਰੀ ਦੀ ਯੋਗਤਾ ਲਈ ਕੋਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

ਐੱਨ. ਸੀ. ਈ. ਆਰ. ਟੀ. ’ਚ ਅਧਿਆਪਕਾਂ ਸਮੇਤ ਲੱਗਭਗ 500 ਸਿੱਖਿਆ ਸ਼ਾਸਤਰੀ ਹਨ। 2004 ਤੱਕ ਪਾਠ-ਪੁਸਤਕਾਂ ਨੂੰ ਤਿਆਰ ਕਰਨ ’ਚ ਜੋ ਤਰੀਕਾ ਅਪਣਾਇਆ ਜਾਂਦਾ ਸੀ, ਉਹ ਇਹ ਸੀ ਕਿ ਦੇਸ਼ ਭਰ ਤੋਂ ਮਾਹਿਰਾਂ ਦੀ ਰਾਏ ਲਈ ਜਾਂਦੀ ਸੀ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਸਮੱਗਰੀ ਦਾ ਸਰੂਪ ਰਾਸ਼ਟਰੀ ਹੋਵੇ ਪਰ ਅੰਤਿਮ ਜ਼ਿੰਮੇਵਾਰੀ ਐੱਨ. ਸੀ. ਈ. ਆਰ. ਟੀ. ਦੇ ਨਿਯਮਤ ਸਿੱਖਿਆ ਮਾਹਿਰਾਂ ਦੀ ਹੀ ਹੁੰਦੀ ਸੀ। ਨੈਤਿਕ ਅਤੇ ਸਿਧਾਂਤਕ ਤੌਰ ’ਤੇ, ਐੱਨ. ਸੀ. ਈ. ਆਰ.ਟੀ. ਵੱਲੋਂ ਪ੍ਰਕਾਸ਼ਿਤ ਹਰ ਸ਼ਬਦ ਦੀ ਜ਼ਿੰਮੇਵਾਰੀ ਨਿਰਦੇਸ਼ਕ ਦੀ ਹੁੰਦੀ ਹੈ। ਮੇਰੇ ਵੱਲੋਂ ਇਹ ਗੱਲ ਥੋੜ੍ਹੀ ਸਖਤ ਲੱਗ ਸਕਦੀ ਹੈ ਪਰ ਜਿਸ ਸੰਗਠਨ ਨੂੰ ਨੌਜਵਾਨਾਂ ਨੂੰ ਮਨੁੱਖੀ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਦਾ ਕੰਮ ਸੌਂਪਿਆ ਗਿਆ ਹੈ, ਉਸ ਨੂੰ ਖੁਦ ਵੀ ਉਨ੍ਹਾਂ ਕਦਰਾਂ-ਕੀਮਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਖੁਦਮੁਖਤਿਆਰੀ ਦੇ ਨਾਲ-ਨਾਲ ਜਵਾਬਦੇਹੀ ਵੀ ਜ਼ਰੂਰੀ ਹੈ। ਜਿਸ ਕੰਮ ਦੀ ਪੂਰੀ ਅਤੇ ਇਕਮਾਤਰ ਜ਼ਿੰਮੇਵਾਰੀ ਐੱਨ. ਸੀ. ਈ. ਆਰ. ਟੀ. ਦੀ ਹੈ, ਉਸ ਲਈ ਮੰਤਰਾਲੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

ਮੈਨੂੰ ਭਾਰਤ ਸਰਕਾਰ ਵੱਲੋਂ ਗਠਿਤ ਉਸ ਕਮੇਟੀ ਦਾ ਮੈਂਬਰ ਬਣਨ ਦਾ ਸੁਭਾਗ ਮਿਲਿਆ ਜਿਸ ਦੀ ਪ੍ਰਧਾਨਗੀ ਚੀਫ਼ ਜਸਟਿਸ ਜੇ. ਐੱਸ. ਵਰਮਾ ਨੇ ਕੀਤੀ ਸੀ। ਇਸ ਕਮੇਟੀ ਦਾ ਉਦੇਸ਼ ਨਾਗਰਿਕਾਂ ਨੂੰ ‘ਮੌਲਿਕ ਕਰਤੱਵਾਂ’ ਦੀ ਸਿੱਖਿਆ ਦੇਣ ਦੇ ਤਰੀਕਿਆਂ ’ਤੇ ਵਿਚਾਰ ਕਰਨਾ ਸੀ। ਹਾਲਾਂਕਿ ਇਸ ਕਮੇਟੀ ਦਾ ਮੁੱਖ ਜ਼ੋਰ ਕਰਤੱਵਾਂ ’ਤੇ ਸੀ ਪਰ ਅਧਿਕਾਰਾਂ ਅਤੇ ਕਰਤੱਵਾਂ ਦੇ ਆਪਸੀ ਸਬੰਧਾਂ ਨੂੰ ਸ਼ਾਮਲ ਕੀਤੇ ਬਿਨਾਂ ਸੌਂਪੇ ਗਏ ਇਸ ਕੰਮ ਨਾਲ ਇਨਸਾਫ਼ ਕਰਨਾ ਸੰਭਵ ਨਹੀਂ ਸੀ। ਇਸ ਕਮੇਟੀ ਦੀ ਰਿਪੋਰਟ ’ਚ ਮਹਾਤਮਾ ਗਾਂਧੀ ਦੇ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਸੀ : ‘‘ਮੈਂ ਆਪਣੀ ਅਨਪੜ੍ਹ ਪਰ ਸਮਝਦਾਰ ਮਾਂ ਤੋਂ ਇਹ ਸਿੱਖਿਆ ਹੈ ਕਿ ਸਾਰੇ ਅਧਿਕਾਰ, ਭਾਵੇਂ ਉਹ ਪਾਉਣ ਯੋਗ ਹੋਣ ਜਾਂ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਹੋਵੇ, ਉਦੋਂ ਹੀ ਮਿਲਦੇ ਹਨ ਜਦੋਂ ਅਸੀਂ ਆਪਣੇ ਕਰਤੱਵਾਂ ਦੀ ਠੀਕ ਤਰ੍ਹਾਂ ਪਾਲਣਾ ਕਰਦੇ ਹਾਂ।’’ ਅੱਜ ਦੇ ਸੰਦਰਭ ’ਚ ਇਨ੍ਹਾਂ ਸ਼ਬਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਬੇਹੱਦ ਜ਼ਰੂਰੀ ਹੈ।

ਐੱਨ. ਸੀ. ਈ. ਆਰ. ਟੀ. ਨੂੰ ਆਪਣੀ ਭੂਮਿਕਾ ਪੂਰੀ ਤਰ੍ਹਾਂ ਪੇਸ਼ੇਵਰ ਨਿਪੁੰਨਤਾ ਅਤੇ ਆਤਮ-ਵਿਸ਼ਵਾਸ ਨਾਲ ਨਿਭਾਉਣੀ ਚਾਹੀਦੀ ਹੈ। ਉਸ ਨੂੰ ਅਜਿਹੇ ਬਿਹਤਰੀਨ ਹੋਣਹਾਰ ਲੋਕਾਂ ਨੂੰ ਤਿਆਰ ਕਰਨ ’ਚ ਮਦਦ ਕਰਨੀ ਚਾਹੀਦੀ ਹੈ, ਜੋ ਨਿਆਂਪਾਲਿਕਾ ਦੇ ਹਰ ਪੱਧਰ ’ਤੇ ਆਪਣੀਆਂ ਸੇਵਾਵਾਂ ਦੇ ਸਕਣ। ਐੱਨ. ਸੀ. ਈ. ਆਰ. ਟੀ. ਨੂੰ ਭਾਰਤ ਦੇ ਸੁਪਰੀਮ ਕੋਰਟ ਸਮੇਤ ਹਰ ਕਿਸੇ ਤੋਂ ਇਕ ‘ਰਾਸ਼ਟਰੀ ਗੁਰੂ’ ਦੇ ਬਰਾਬਰ ਸਨਮਾਨ ਮਿਲਣਾ ਚਾਹੀਦਾ ਹੈ।

-ਜੇ.ਐੱਸ. ਰਾਜਪੂਤ


author

Harpreet SIngh

Content Editor

Related News