‘ਮਿਲਾਵਟੀ ਖੁਰਾਕ ਪਦਾਰਥਾਂ ਦਾ ਕਾਰੋਬਾਰ’ ਸਖਤੀ ਨਾਲ ਰੋਕ ਲਾਉਣ ਦੀ ਲੋੜ!
Sunday, Apr 05, 2026 - 05:12 AM (IST)
ਮੈਡੀਕਲ ਸਾਇੰਸ ਦੇ ਮੁਤਾਬਕ ਮਿਲਾਵਟੀ ਖਾਣਾ ਖਾਣ ਨਾਲ ਪੇਟ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਇਲਾਵਾ, ਕਿਡਨੀ ਅਤੇ ਲਿਵਰ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਕੈਂਸਰ ਤੱਕ ਹੋਣ ਦਾ ਖ਼ਤਰਾ ਹੈ।
ਇਸ ਦੇ ਬਾਵਜੂਦ ਕੁਝ ਲੋਕ ਕੁਝ ਰੁਪਏ ਕਮਾਉਣ ਲਈ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਅਤੇ ਮਿਲਾਵਟੀ ਸਾਮਾਨ ਦਾ ਕਾਰੋਬਾਰ ਕਰਦੇ ਹਨ। ਮਿਲਾਵਟੀ ਖੁਰਾਕ ਪਦਾਰਥ ਫੜੇ ਜਾਣ ਦੇ ਪਿਛਲੇ ਇਕ ਹਫ਼ਤੇ ਦੇ ਮਾਮਲੇ ਹੇਠਾਂ ਦਰਜ ਹਨ :
* 29 ਮਾਰਚ ਨੂੰ ‘ਜੈਪੁਰ’ (ਰਾਜਸਥਾਨ) ਪੁਲਸ ਨੇ ਜਵਾਹਰ ਨਗਰ ਇਲਾਕੇ ’ਚ ਇਕ ਪਿਕਅੱਪ ਵਾਹਨ ਤੋਂ 600 ਕਿਲੋਗ੍ਰਾਮ ਮਿਲਾਵਟੀ ਪਨੀਰ ਜ਼ਬਤ ਕਰ ਕੇ ਨਸ਼ਟ ਕਰ ਦਿੱਤਾ। ਇਹ ਪਨੀਰ ‘ਜੈਪੁਰ’ ’ਚ ਚੱਲ ਰਹੇ ਵਿਆਹਾਂ ਅਤੇ ਤਿਉਹਾਰ ਦੇ ਸੀਜ਼ਨ ਦੌਰਾਨ ਸਪਲਾਈ ਕਰਨ ਲਈ ਲਿਆਂਦਾ ਜਾ ਰਿਹਾ ਸੀ। ਪੁਲਸ ਨੇ ਇਸ ਮਾਮਲੇ ’ਚ ‘ਅਲਵਰ’ ਜ਼ਿਲੇ ਦੇ ‘ਅਨਵਰ’ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
* 31 ਮਾਰਚ ਨੂੰ ‘ਹੈਦਰਾਬਾਦ’ ਪੁਲਸ ਨੇ ‘ਕੱਟੇਦਨ’ ਇਲਾਕੇ ’ਚ ਸਥਿਤ ਇਕ ਫੂਡ ਪ੍ਰੋਸੈਸਿੰਗ ਯੂਨਿਟ ’ਤੇ ਛਾਪਾ ਮਾਰ ਕੇ ਅਦਰਕ-ਲਸਣ ਦਾ 4032 ਕਿਲੋ ਮਿਲਾਵਟੀ ਪੇਸਟ ਅਤੇ ਇਸ ਨੂੰ ਬਣਾਉਣ ’ਚ ਵਰਤਿਆ ਜਾਣ ਵਾਲਾ 6210 ਕਿਲੋ ਘਟੀਆ ਕੱਚਾ ਮਾਲ ਬਰਾਮਦ ਕੀਤਾ। ਬਰਾਮਦ ਕੀਤੇ ਗਏ ਸਾਮਾਨ ’ਚ ਐਸੀਟਿਕ ਐਸਿਡ ਅਤੇ ਜੈਂਥਨ ਗਮ ਜਿਹੇ ਕੈਮੀਕਲ ਸ਼ਾਮਲ ਹਨ।
* 1 ਅਪ੍ਰੈਲ ਨੂੰ ‘ਹੈਦਰਾਬਾਦ’ ਪੁਲਸ ਨੇ ਇਕ ਆਈਸਕ੍ਰੀਮ ਪਾਰਲਰ ’ਚ ਛਾਪਾ ਮਾਰ ਕੇ ਗੰਦੀ ਜਗ੍ਹਾ ’ਤੇ ਬਣਾਈਆਂ ਗਈਆਂ 16,560 ਆਈਸ ਕੈਂਡੀ, 4200 ਲੱਸੀ ਕੈਂਡੀ ਅਤੇ ਲੱਸੀ ਨਾਲ ਭਰੇ 300 ਗਲਾਸ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਇਸ ਯੂਨਿਟ ਤੋਂ 15 ਬਾਟੀਆਂ ਦਹੀਂ, 50 ਕਿਲੋ ਖੰਡ, 8 ਕਿਲੋ ਸਾਈਟਰਿਕ ਐਸਿਡ ਅਤੇ 500 ਗ੍ਰਾਮ ਸੁਕਰੋਜ਼ ਅਤੇ ਲੱਸੀ ਅਤੇ ਕੈਂਡੀ ਬਣਾਉਣ ਵਾਲੀ ਮਸ਼ੀਨ ਵੀ ਜ਼ਬਤ ਕੀਤੀ।
* 3 ਅਪ੍ਰੈਲ ਨੂੰ ‘ਦਿੱਲੀ’ ਪੁਲਸ ਨੇ ਮਹਾਵੀਰ ਵਿਹਾਰ ਸਥਿਤ ਇਕ ਗੋਦਾਮ ’ਤੇ ਛਾਪਾ ਮਾਰਿਆ ਅਤੇ ਵੱਡੀ ਮਾਤਰਾ ’ਚ ਨਕਲੀ ਟੁੱਥਪੇਸਟ, ਖਾਲੀ ਟਿਊਬਾਂ, ਪੈਕੇਜਿੰਗ ਸਮੱਗਰੀ, ਮਸ਼ੀਨਾਂ, ਬ੍ਰਾਂਡ ਨਾਂ ਲਿਖੇ ਟੇਪ, ਗੂੰਦ, ਹੀਟਿੰਗ ਗੰਨ ਅਤੇ ਕੱਚਾ ਮਾਲ ਜ਼ਬਤ ਕੀਤਾ। ਗੰਦੀ ਜਗ੍ਹਾ ’ਤੇ ਨਿਰਮਾਣ ਹੋਣ ਦੇ ਕਾਰਨ ਇਸ ਨਾਲ ਸਿਹਤ ਨੂੰ ਗੰਭੀਰ ਖ਼ਤਰਾ ਸੀ।
* 3 ਅਪ੍ਰੈਲ ਨੂੰ ਹੀ ਪੁਲਸ ਨੇ ‘ਦਿੱਲੀ’ ਦੇ ਦਵਾਰਕਾ ਇਲਾਕੇ ’ਚ ਇਕ ਗੋਦਾਮ ’ਤੇ ਛਾਪਾ ਮਾਰ ਕੇ ਸਾਫਟਡ੍ਰਿੰਕ ਦੇ 115 ਡੱਬੇ ਅਤੇ ਬ੍ਰਾਂਡਿਡ ਬਿਸਕੁਟ ਜ਼ਬਤ ਕੀਤੇ, ਜਿਨ੍ਹਾਂ ਦੀ ਪੈਕੇਜਿੰਗ ਨਾਲ ਛੇੜਛਾੜ ਕਰ ਕੇ ਐਕਸਪਾਇਰੀ ਡੇਟ ਬਦਲੀ ਗਈ ਸੀ। ਐਕਸਪਾਇਰਡ ਉਤਪਾਦ ਖ਼ਰੀਦ ਕੇ ਲੇਬਲ ਬਦਲ ਕੇ ਸਥਾਨਕ ਬਾਜ਼ਾਰਾਂ ’ਚ ਵੇਚਿਆ ਜਾਂਦਾ ਸੀ।
* 3 ਅਪ੍ਰੈਲ ਨੂੰ ਹੀ ‘ਸੂਰਤ’ (ਗੁਜਰਾਤ) ਪੁਲਸ ਨੇ ਪਨੀਰ ਬਣਾਉਣ ਅਤੇ ਵੇਚਣ ਦੇ ਦੋਸ਼ ਹੇਠ ‘ਮਹੇਸ਼ ਕੁਮਾਰ ਸ਼ਰਮਾ’ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਨੇ ਸੂਰਤ ਨਗਰ ਨਿਗਮ ਦੇ ਖੁਰਾਕ ਅਤੇ ਸੁਰੱਖਿਆ ਵਿਭਾਗ ਦੇ ਨਾਲ ਮਿਲ ਕੇ ਪਾਂਦੇਸਰਾ ਦੀ ‘ਭੀਡਭੰਜਨ ਸੋਸਾਇਟੀ’ ਸਥਿਤ ਇਸ ਮੁਲਜ਼ਮ ਦੀ ਯੂਨਿਟ ’ਤੇ ਛਾਪਾ ਮਾਰ ਕੇ 3.08 ਲੱਖ ਰੁਪਏ ਮੁੱਲ ਦਾ 1401 ਕਿਲੋਗ੍ਰਾਮ ਖੁੱਲ੍ਹਾ ਪਨੀਰ ਅਤੇ ਇਸ ਨੂੰ ਬਣਾਉਣ ’ਚ ਵਰਤੀ ਜਾਣ ਵਾਲੀ ਮਸ਼ੀਨਰੀ ਅਤੇ ਕੱਚਾ ਮਾਲ ਜ਼ਬਤ ਕੀਤਾ ਸੀ।
* 3 ਅਪ੍ਰੈਲ ਨੂੰ ਹੀ ‘ਬੈਂਗਲੁਰੂ’ ਪੁਲਸ ਨੇ ਵਜ਼ਨ ਘਟਾਉਣ ਵਾਲੇ ਨਕਲੀ ਪਾਊਡਰ ਅਤੇ ਮਿਲਾਵਟੀ ਆਯੁਰਵੈਦਿਕ ਉਤਪਾਦਾਂ ਦੀ ਆਨਲਾਈਨ ਵਿਕਰੀ ਦਾ ਗਿਰੋਹ ਚਲਾਉਣ ਦੇ ਦੋਸ਼ ਹੇਠ ਦਿੱਲੀ ਦੇ 56 ਸਾਲਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮ ਵਜ਼ਨ ਘਟਾਉਣ ਵਾਲੇ ਬ੍ਰਾਂਡਿਡ ਪਾਊਡਰ ਦੇ ਪੈਕੇਟਾਂ ’ਚ ਕਣਕ ਦਾ ਆਟਾ ਭਰ ਕੇ ਵੇਚ ਰਿਹਾ ਸੀ।
ਮਿਲਾਵਟੀ ਸਾਮਾਨ ਵੇਚ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨਾ ਹੱਤਿਆ ਜਿਹਾ ਘਿਨੌਣਾ ਅਪਰਾਧ ਹੈ। ਮਿਲਾਵਟੀ ਖੁਰਾਕ ਪਦਾਰਥਾਂ ਦਾ ਨਿਰਮਾਣ ਅਤੇ ਵਿਕਰੀ ਰੋਕਣ ਲਈ ਫੂਡ ਸੇਫਟੀ ਐਂਡ ਸਟੈਂਡਰਡ ਐਕਟ (2006) ਲਾਗੂ ਹੈ ਪਰ ਇਸ ਕਾਨੂੰਨ ’ਚ ਸਜ਼ਾ ਸਖ਼ਤ ਨਹੀਂ ਹੈ।
ਇਸ ਤੋਂ ਇਲਾਵਾ ਰਾਜਾਂ ਦੇ ਪੱਧਰ ’ਤੇ ਫੂਡ ਸੇਫਟੀ ਡਿਪਾਰਟਮੈਂਟ ਕੰਮ ਕਰਦੇ ਹਨ ਪਰ ਇਸ ਕਾਨੂੰਨ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ’ਚ ਕਮੀਆਂ ਹਨ। ਇਸੇ ਕਾਰਨ ਦੇਸ਼ ’ਚ ਮਿਲਾਵਟੀ ਸਾਮਾਨ ਵਿਕਣ ਦੇ ਮਾਮਲੇ ਵਧ ਰਹੇ ਹਨ।
ਇਸ ’ਤੇ ਕਾਬੂ ਪਾਉਣ ਲਈ ਕਾਨੂੰਨ ’ਚ ਸਖ਼ਤ ਸਜ਼ਾ ਦੀ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਅਜਿਹੇ ਮਾਮਲਿਆਂ ’ਚ ਫੜੇ ਗਏ ਮੁਲਜ਼ਮਾਂ ਦੇ ਖ਼ਿਲਾਫ਼ ਫਾਸਟ ਟਰੈਕ ਕੋਰਟ ’ਚ ਸੁਣਵਾਈ ਕਰ ਕੇ ਤੁਰੰਤ ਸਖ਼ਤ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ। ਇਸ ਨਾਲ ਅਸੀਂ ਆਮ ਲੋਕਾਂ ਦੀ ਸਿਹਤ ਦੇ ਨਾਲ ਹੋ ਰਹੇ ਖਿਲਵਾੜ ਨੂੰ ਰੋਕ ਸਕਦੇ ਹਾਂ।
—ਵਿਜੇ ਕੁਮਾਰ
