‘ਪਾਕਿਸਤਾਨ ਸਰਹੱਦ ਤੋਂ ਜਾਰੀ ਹਥਿਆਰਾਂ ਦੀ ਸਮੱਗਲਿੰਗ’ ਵਧੇਰੇ ਚੌਕਸੀ ਅਤੇ ਐਂਟੀ ਡ੍ਰੋਨ ਸਿਸਟਮ ਜ਼ਰੂਰੀ!

Wednesday, Apr 08, 2026 - 02:20 AM (IST)

‘ਪਾਕਿਸਤਾਨ ਸਰਹੱਦ ਤੋਂ ਜਾਰੀ ਹਥਿਆਰਾਂ ਦੀ ਸਮੱਗਲਿੰਗ’ ਵਧੇਰੇ ਚੌਕਸੀ ਅਤੇ ਐਂਟੀ ਡ੍ਰੋਨ ਸਿਸਟਮ ਜ਼ਰੂਰੀ!

ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਨੇ 2025 ’ਚ ਨਵੰਬਰ ਤੱਕ ਪਾਕਿਸਤਾਨ ਤੋਂ ਸਮੱਗਲ ਕਰ ਕੇ ਭਾਰਤ ਭੇਜੇ ਗਏ ਕੁੱਲ 662 ਹਥਿਆਰ ਜ਼ਬਤ ਕੀਤੇ ਸਨ। ਇਨ੍ਹਾਂ ’ਚ 454 ਰਾਈਫਲਾਂ, 10 ਕਿੱਲੋ ਤੋਂ ਵੱਧ ਆਰ. ਡੀ. ਐਕਸ. ਅਤੇ 12 ਹੈਂਡ ਗ੍ਰੇਨੇਡ ਸ਼ਾਮਲ ਸਨ।

ਇਸ ਦੇ ਨਾਲ ਹੀ ਬੀ. ਐੱਸ. ਐੱਫ. ਨੇ 2025 ’ਚ 272 ਪਾਕਿਸਤਾਨੀ ਡ੍ਰੋਨ ਡੇਗੇ। ਇਹ ਸਿਲਸਿਲਾ ਰੁਕ ਨਹੀਂ ਰਿਹਾ ਅਤੇ ਹਥਿਆਰਾਂ ਦੀ ਸਮੱਗਲਿੰਗ ਲਗਾਤਾਰ ਜਾਰੀ ਹੈ। ਹੁਣੇ ਜਿਹੇ ਹੀ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਦੇ ਸਾਹਮਣੇ ਆਏ ਮਾਮਲੇ ਹੇਠਾਂ ਦਰਜ ਹਨ :

* 25 ਮਾਰਚ ਨੂੰ ‘ਦਿੱਲੀ’ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਹਥਿਆਰਾਂ ਦੀ ਸਮੱਗਲਿੰਗ ਦੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 10 ਸਮੱਗਲਰਾਂ ਨੂੰ 21 ਵਿਦੇਸ਼ੀ ਪਿਸਤੌਲਾਂ, ਸਬ-ਮਸ਼ੀਨਗਨ, ਆਟੋਮੈਟਿਕ ਫਾਇਰ ਆਰਮਜ਼ ਅਤੇ 200 ਜ਼ਿੰਦਾ ਕਾਰਤੂਸਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਇਹ ਗਿਰੋਹ ਪਾਕਿਸਤਾਨ ਸਮੇਤ ਹੋਰਨਾਂ ਦੇਸ਼ਾਂ ਤੋਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਵੇਚਦਾ ਸੀ।

* 29 ਮਾਰਚ ਨੂੰ ‘ਅੰਮ੍ਰਿਤਸਰ’ ਪੁਲਸ ਵੱਲੋਂ ਛੇਹਰਟਾ ਇਲਾਕੇ ’ਚ ਲਾਏ ਗਏ ਨਾਕੇ ਦੌਰਾਨ ਬਾਈਕ ਸਵਾਰਾਂ ਵੱਲੋਂ ਪੁਲਸ ਨੂੰ ਦੇਖ ਕੇ ਜਲਦਬਾਜ਼ੀ ’ਚ ਸੁੱਟੇ ਗਏ ਇਕ ਬੈਗ ’ਚੋਂ ਦੋ 9 ਐੱਮ. ਐੱਮ. ਦੀਆਂ ਸਬ-ਮਸ਼ੀਨਗਨਾਂ ਅਤੇ ਇਕ ਖਾਲੀ ਮੈਗਜ਼ੀਨ ਬਰਾਮਦ ਕੀਤਾ ਗਿਆ। ਬਾਈਕ ਸਵਾਰ ਦੋਵੇਂ ਮੁਲਜ਼ਮ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ।

* 4 ਅਪ੍ਰੈਲ ਨੂੰ ਪੰਜਾਬ ਪੁਲਸ ਨੇ ‘ਚੰਡੀਗੜ੍ਹ’ ’ਚ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਗ੍ਰੇਨੇਡ ਹਮਲੇ ’ਚ ਸ਼ਾਮਲ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਮੁਲਜ਼ਮਾਂ ਨੇ ਪਾਕਿਸਤਾਨ ਰਾਹੀਂ ਭਾਰਤ ਲਿਆਂਦੇ ਗਏ ਚੀਨ ’ਚ ਬਣੇ ਹੈਂਡ ਗ੍ਰੇਨੇਡ ਪੀ-86 ਨਾਲ ਭਾਜਪਾ ਹੈੱਡਕੁਆਰਟਰ ਦੇ ਬਾਹਰ ਹਮਲਾ ਕੀਤਾ ਸੀ।

* 4 ਅਪ੍ਰੈਲ ਨੂੰ ਹੀ ਗੁਜਰਾਤ ’ਚ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਅਤੇ ਗੁਜਰਾਤ ਪੁਲਸ ਨੇ ਮਿਲ ਕੇ ਪੰਜਾਬ ’ਚ ਗ੍ਰੇਨੇਡ ਸਮੱਗਲਿੰਗ ਕਰਨ ਵਾਲੇ ‘ਵਿਕਰਮਜੀਤ ਸਿੰਘ’ ਨਾਮਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ।

‘ਵਿਕਰਮਜੀਤ’ ਦਾ ਸਬੰਧ ਪਾਕਿਸਤਾਨੀ ਗੈਂਗਸਟਰਾਂ ਨਾਲ ਹੈ ਅਤੇ ਉਸ ਦਾ ਨਾਂ ਪੰਜਾਬ ’ਚ ਪੁਲਸ ਥਾਣਿਆਂ ਅਤੇ ਹੋਰ ਥਾਵਾਂ ’ਤੇ ਕੀਤੇ ਗਏ ਗ੍ਰੇਨੇਡ ਹਮਲਿਆਂ ’ਚ ਸ਼ਾਮਲ ਹੈ।

* 6 ਅਪ੍ਰੈਲ ਨੂੰ ‘ਦਿੱਲੀ’ ਪੁਲਸ ਨੇ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਇਕ ਪਿਸਤੌਲ, 11 ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ। ਮੁਲਜ਼ਮ ‘ਮੁਹੰਮਦ ਕਾਮਰਾਨ’ ਅਤੇ ‘ਇਮਰਾਨ’ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਜੁੜੇ ਹੋਏ ਹਨ ਅਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ’ਚ ਵੀ ਸ਼ਾਮਲ ਹਨ।

* 6 ਅਪ੍ਰੈਲ ਨੂੰ ਹੀ ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਸੈੱਲ ਨੇ ਆਈ. ਐੱਸ. ਆਈ. ਨਾਲ ਜੁੜੇ ਹਥਿਆਰ ਸਮੱਗਲਿੰਗ ਦੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 2 ਹੈਂਡ ਗ੍ਰੇਨੇਡ ਅਤੇ ਵਿਦੇਸ਼ ’ਚ ਬਣੇ ਇਕ ਗਲੌਕ ਪਿਸਤੌਲ ਦੇ ਨਾਲ 3 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ।

ਪੰਜਾਬ ਪੁਲਸ ਦੇ ਡੀ. ਜੀ. ਪੀ. ‘ਗੌਰਵ ਯਾਦਵ’ ਅਨੁਸਾਰ ਬਰਾਮਦ ਹਥਿਆਰ ਪਾਕਿਸਤਾਨ ਆਰਡਨੈਂਸ ਫੈਕਟਰੀ ਦੇ ਬਣੇ ਹੋਏ ਹਨ। ਪੁਲਸ ਨੇ ਇਹ ਗ੍ਰਿਫ਼ਤਾਰੀ ਗੁਜਰਾਤ ਏ. ਟੀ. ਐੱਸ. ਵੱਲੋਂ ਸਾਂਝੀ ਕੀਤੀ ਗਈ ਇਕ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ।

ਇਸੇ ਦੌਰਾਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ 6 ਅਪ੍ਰੈਲ ਨੂੰ ‘ਅੰਮ੍ਰਿਤਸਰ’ ’ਚ ਪਾਕਿਸਤਾਨੀ ਅੱਤਵਾਦੀ ‘ਜਸਵੀਰ ਚੌਧਰੀ’ ਅਤੇ ਉਸ ਦੇ ਸਹਿਯੋਗੀ ‘ਸ਼ੁਭਮ ਕੁਮਾਰ’ ਅਤੇ ਹੋਰਨਾਂ ਵਿਰੁੱਧ 10 ਫਰਵਰੀ ਨੂੰ ਦਰਜ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਇਹ ਮਾਮਲਾ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹੋ ਰਹੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਮੱਗਲਿੰਗ ਨਾਲ ਜੁੜਿਆ ਹੈ।

ਪੁਲਸ ਨੇ ‘ਜਸਵੀਰ ਚੌਧਰੀ’ ਰਾਹੀਂ ਭਾਰਤ ਭੇਜੀ ਗਈ ਧਮਾਕਾਖੇਜ਼ ਸਮੱਗਰੀ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਸੀ। ਐੱਨ. ਆਈ. ਏ. ਨੂੰ ਸ਼ੱਕ ਹੈ ਕਿ ਇਹ ਸਮੱਗਲਿੰਗ ਭਾਰਤ ’ਚ ਅੱਤਵਾਦੀ ਹਮਲੇ ਕਰਨ ਲਈ ਰਚੀ ਗਈ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।

ਪਾਕਿਸਤਾਨ ਭਾਰਤ ਦੇ ਨਾਲ ਸਿੱਧੀ ਜੰਗ ’ਚ ਹਰ ਵਾਰ ਮੂੰਹ ਦੀ ਖਾਂਦਾ ਰਿਹਾ ਹੈ। ਇਸ ਲਈ ਉਸ ਨੇ ਹਥਿਆਰਾਂ ਦੀ ਸਮੱਗਲਿੰਗ ਰਾਹੀਂ ਭਾਰਤ ਨਾਲ ਅਖੌਤੀ ਜੰਗ ਛੇੜੀ ਹੋਈ ਹੈ। ਅਜਿਹੀ ਸਥਿਤੀ ’ਚ ਸਰਹੱਦ ’ਤੇ ਸੁਰੱਖਿਆ ਵਧਾਉਣ ਦੇ ਨਾਲ-ਨਾਲ ਭਾਰਤ ਵਲੋਂ ਐਂਟੀ ਡ੍ਰੋਨ ਸਿਸਟਮ ਲਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਭਾਰਤ ’ਚ ਪਾਕਿਸਤਾਨੀ ਸਮੱਗਲਰਾਂ ਦਾ ਸਾਥ ਦੇਣ ਵਾਲੇ ਅਪਰਾਧੀਆਂ ਵਿਰੁੱਧ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪਾਕਿਸਤਾਨ ਤੋਂ ਹੋਣ ਵਾਲੀ ਹਥਿਆਰਾਂ ਦੀ ਸਮੱਗਲਿੰਗ ’ਤੇ ਰੋਕ ਲੱਗ ਸਕੇ।

—ਵਿਜੇ ਕੁਮਾਰ


author

Sandeep Kumar

Content Editor

Related News