ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਸਿਆਸੀ ਲੜਾਈ ਹੋਰ ਤੇਜ਼
Saturday, Apr 04, 2026 - 04:41 PM (IST)
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਸਿਆਸੀ ਲੜਾਈ ਤੇਜ਼ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਦੇ ਵੋਟਿੰਗ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੂੰ ਸੱਤਾ ਤੋਂ ਹਟਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ, ‘‘ਇਸ ਵਾਰ, ਕਿਸੇ ਨੂੰ ਡਰਨਾ ਨਹੀਂ ਚਾਹੀਦਾ। ਬੰਗਾਲ ਦੇ ਵੋਟਰਾਂ ਨੂੰ ਕੋਈ ਗੁੰਡਾ ਨਹੀਂ ਰੋਕ ਸਕਦਾ। ਟੀ. ਐੱਮ. ਸੀ. ਨੂੰ ਉਖਾੜ ਸੁੱਟਣ ਅਤੇ ਬੰਗਾਲ ਦੀ ਖਾੜੀ ’ਚ ਸੁੱਟਣ ਲਈ ਸਭ ਨੂੰ ਬਿਨਾਂ ਕਿਸੇ ਡਰ ਦੇ ਵੋਟ ਪਾਉਣੀ ਚਾਹੀਦੀ ਹੈ।’’ ਸ਼ਾਹ ਨੇ ਸਿੱਧੇ ਭਵਾਨੀਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ, ਜਿਸ ਚੋਣ ਖੇਤਰ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸ਼ਾਹ ਨੇ ਕਿਹਾ ਕਿ ਭਾਜਪਾ ਇਕ ‘ਸੋਨਾਰ ਬੰਗਲਾ’ ਬਣਾਉਣਾ ਚਾਹੁੰਦੀ ਹੈ ਅਤੇ ਸੱਤਾਧਾਰੀ ਪਾਰਟੀ ’ਤੇ ਭ੍ਰਿਸ਼ਟਾਚਾਰ ਤੋਂ ਪ੍ਰਭਾਵਿਤ ਹੋਣ ਦਾ ਦੋਸ਼ ਲਾਇਆ।
ਇਸ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਮਾਲਦਾ ਦੇ ਕਾਲੀਆਚਕ ’ਚ 7 ਨਿਆਂਇਕ ਅਧਿਕਾਰੀਆਂ ਦਾ ਸ਼ੋਸ਼ਣ ਭਾਜਪਾ ਅਤੇ ਭਾਰਤੀ ਚੋਣ ਕਮਿਸ਼ਨ ਨਾਲ ਜੁੜੀ ਇਕ ਸਾਂਝੀ ਸਾਜ਼ਿਸ਼ ਦਾ ਹਿੱਸਾ ਸੀ। ਗੁਆਂਢੀ ਮੁਰਸ਼ਿਦਾਬਾਦ ਜ਼ਿਲੇ ’ਚ ਸਥਿਤ ਸਾਗਰਦੀਘੀ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ਕਥਿਤ ਯੋਜਨਾ ਦਾ ਧਿਆਨ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਅਤੇ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀਆਂ ਸਥਿਤੀਆਂ ਬਣਾਉਣ ’ਤੇ ਕੇਂਦਰਿਤ ਸੀ।
ਖੜਗੇ ਅਤੇ ਰਿਜਿਜੂ ਵਿਚਾਲੇ ਤਿੱਖੀ ਬਹਿਸ
ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਕੇਂਦਰੀ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਵਿਚਾਲੇ ਸਦਨ ’ਚ ਤਿੱਖੀ ਬਹਿਸ ਹੋਈ, ਜਦੋਂ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਛਮੀ ਏਸ਼ੀਆ ਸੰਕਟ ’ਤੇ ਸਰਵ-ਪਾਰਟੀ ਮੀਟਿੰਗ ’ਚੋਂ ਗੈਰ-ਹਾਜ਼ਰ ਰਹਿਣ ’ਤੇ ਸਵਾਲ ਉਠਾਇਆ ਅਤੇ ਸੰਘਰਸ਼ ਦੇ ਨਤੀਜਿਆਂ ’ਤੇ ਸਦਨ ’ਚ ਚਰਚਾ ਲਈ ਸਰਕਾਰ ਦੇ ਸਹਿਮਤ ਨਾ ਹੋਣ ਦੀ ਆਲੋਚਨਾ ਕੀਤੀ। ਜਦੋਂ ਸਭਾਪਤੀ ਨੇ ਮੰਤਰੀ ਨੂੰ ਚਰਚਾ ਲਈ ਸੂਚੀਬੱਧ ਬਿੱਲਾਂ ’ਤੇ ਬੋਲਣ ਦੀ ਇਜਾਜ਼ਤ ਦਿੱਤੀ, ਤਾਂ ਖੜਗੇ ਨੇ ਕਿਹਾ ਕਿ ਭਾਜਪਾ ਕੋਲ ਕਾਨੂੰਨ ਪਾਸ ਕਰਨ ਦਾ ਸਮਾਂ ਹੈ ਪਰ ਨੋਟਿਸ ਦੇ ਬਾਵਜੂਦ ਈਰਾਨ ਯੁੱਧ ’ਤੇ ਬਹਿਸ ਕਰਨ ਦਾ ਨਹੀਂ। ਖੜਗੇ ਨੇ ਕਿਹਾ, ‘‘ਐੱਲ. ਪੀ. ਜੀ. ਦੀਆਂ ਕੀਮਤਾਂ ਵਧ ਰਹੀਆਂ ਹਨ ਪਰ ਉਹ (ਸਰਕਾਰ) ਇਸ ’ਤੇ ਚਰਚਾ ਨਹੀਂ ਕਰਨਾ ਚਾਹੁੰਦੀ। ਅਸੀਂ ਜੋ ਵੀ ਸੁਝਾਅ ਦਿੰਦੇ ਹਾਂ, ਉਹ ਅਸਹਿਮਤ ਹੁੰਦੇ ਹਨ। ਜੋ ਉਹ ਚਾਹੁੰਦੇ ਹਨ, ਉਸ ਨੂੰ ਉਹ ਜ਼ਬਰਦਸਤੀ ਲਾਗੂ ਕਰਦੇ ਹਨ। ਕੀ ਇਹ ਲੋਕਤੰਤਰ ਹੈ?’’ ਦੂਜੇ ਪਾਸੇ, ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਇਸ ਮੁੱਦੇ ’ਤੇ ਸਰਵ-ਪਾਰਟੀ ਮੀਟਿੰਗ ’ਚ ਸ਼ਾਮਲ ਨਾ ਹੋਣ ਲਈ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਰਿਜਿਜੂ ਨੇ ਕਿਹਾ ਕਿ ਪੈਟਰੋਲੀਅਮ ਮੰਤਰੀ ਅਤੇ ਪ੍ਰਧਾਨ ਮੰਤਰੀ ਪਹਿਲਾਂ ਹੀ ਦੋਵਾਂ ਸਦਨਾਂ ’ਚ ਇਸ ਮੁੱਦੇ ’ਤੇ ਬਿਆਨ ਦੇ ਚੁੱਕੇ ਹਨ।
‘ਆਪ’ ਅਤੇ ਰਾਘਵ ਚੱਢਾ ’ਚ ਤਣਾਅ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ‘ਆਪ’ ਹਾਈ ਕਮਾਂਡ ਵਿਚਾਲੇ ਅੰਦਰੂਨੀ ਕਲੇਸ਼ ਉਦੋਂ ਸਾਹਮਣੇ ਆਇਆ, ਜਦੋਂ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ’ਚ ਆਪਣੇ ਉਪ-ਨੇਤਾ ਅਸ਼ੋਕ ਮਿੱਤਲ ਨਾਲ ਬਦਲ ਦਿੱਤਾ। ਇਹ ਬਦਲਾਅ ‘ਆਪ’ ਨਾਲ ਸਬੰਧਤ ਮਾਮਲਿਆਂ ’ਤੇ ਚੱਢਾ ਦੀ ਲੰਬੀ ਚੁੱਪ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੇ ਕਈ ਜਨਤਕ ਪ੍ਰੋਗਰਾਮਾਂ ਤੋਂ ਉਨ੍ਹਾਂ ਦੀ ਗੈਰ-ਹਾਜ਼ਰੀ ਦੌਰਾਨ ਆਇਆ ਹੈ। ‘ਆਪ’ ਕੋਲ ਮੌਜੂਦਾ ਸਮੇਂ ’ਚ ਰਾਜ ਸਭਾ ’ਚ 10 ਮੈਂਬਰ ਹਨ, ਜਿਨ੍ਹਾਂ ’ਚ 7 ਪੰਜਾਬ ਤੋਂ ਅਤੇ 3 ਦਿੱਲੀ ਤੋਂ ਹਨ। ਇਸ ਦੌਰਾਨ, ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਵਾਇਆ ਗਿਆ ਹੈ, ਹਰਾਇਆ ਨਹੀਂ ਗਿਆ। ‘ਐਕਸ’ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ’ਚ, ਚੱਢਾ ਨੇ ਕਿਹਾ, ‘‘ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਸੰਸਦ ’ਚ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਂਦਾ ਹਾਂ, ਜਿਨ੍ਹਾਂ ’ਚ ਅਕਸਰ ਅਣਗੌਲੇ ਕੀਤੇ ਜਾਣ ਵਾਲੇ ਵਿਸ਼ੇ ਵੀ ਸ਼ਾਮਲ ਹੁੰਦੇ ਹਨ ਪਰ ਕੀ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨਾ ਕੋਈ ਅਪਰਾਧ ਹੈ? ਕੀ ਮੈਂ ਕੋਈ ਅਪਰਾਧ ਕੀਤਾ?’’ ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਪਾਰਟੀ ਨੇ ਰਸਮੀ ਤੌਰ ’ਤੇ ਰਾਜ ਸਭਾ ਸਕੱਤਰੇਤ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਦੂਜੇ ਪਾਸੇ, ਇਹ ਅਟਕਲਾਂ ਤੇਜ਼ ਹਨ ਕਿ ਚੱਢਾ ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ ਪਰ ‘ਆਪ’ ਆਗੂਆਂ ਨੇ ਹਾਲਾਂਕਿ ਇਸ ਦੀ ਸੰਭਾਵਨਾ ਨੂੰ ਘੱਟ ਦੱਸਿਆ।
ਬਸਪਾ ਦੀ ਵੱਖਰੇ ਸੂਬੇ ਦੀ ਮੰਗ
2027 ’ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਿਰਧਾਰਿਤ ਹੋਣ ਦੇ ਨਾਲ, ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਪੱਛਮੀ ਉੱਤਰ ਪ੍ਰਦੇਸ਼ ਲਈ ਇਕ ਵੱਖਰੇ ਸੂਬੇ ਦੀ ਪੁਰਾਣੀ ਮੰਗ ਨੂੰ ਫਿਰ ਤੋਂ ਜਗਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਆਪਣੇ ਪਾਰਟੀ ਵਰਕਰਾਂ ਨੂੰ ਆਪਣੀਆਂ ਮੀਟਿੰਗਾਂ ਦੌਰਾਨ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਬਸਪਾ ਸੂਬੇ ਦੇ ਮੁੜ-ਗਠਨ ਦੇ ਪੱਖ ’ਚ ਹੈ, ਜਦਕਿ ਭਾਜਪਾ ਅਤੇ ਸਮਾਜਵਾਦੀ ਪਾਰਟੀ ਭਲਾਈ ਦੀ ਤੁਲਨਾ ’ਚ ਆਪਣੀ ਖੁਦ ਦੀ ਸਿਆਸਤ ’ਚ ਜ਼ਿਆਦਾ ਦਿਲਚਸਪੀ ਰੱਖਦੀਆਂ ਹਨ। ਇਸ ਖੇਤਰ ’ਚ ਦਲਿਤ ਅਤੇ ਮੁਸਲਿਮ ਮਿਲ ਕੇ ਆਬਾਦੀ ਦਾ 45 ਫੀਸਦੀ ਤੋਂ ਵੱਧ ਹਿੱਸਾ ਹਨ, ਜਿਸ ’ਚ ਦਲਿਤ ਲੱਗਭਗ 20 ਫੀਸਦੀ ਹਨ। ਦਲਿਤ ਆਬਾਦੀ ਦਾ ਇਕ ਮਹੱਤਵਪੂਰਨ ਹਿੱਸਾ ਜਾਟਵ ਭਾਈਚਾਰੇ ਨਾਲ ਸਬੰਧਤ ਹੈ, ਜਿਸ ਨੂੰ ਬਸਪਾ ਦਾ ਇਕ ਮੁੱਖ ਵੋਟਰ ਮੰਨਿਆ ਜਾਂਦਾ ਹੈ।
ਜੇ. ਐੱਮ. ਐੱਮ. ਦਾ ਅਸਾਮ ’ਚ ਪ੍ਰਚਾਰ
ਕਾਂਗਰਸ ਅਤੇ ਜੇ. ਐੱਮ. ਐੱਮ. ਝਾਰਖੰਡ ’ਚ ਗੱਠਜੋੜ ’ਚ ਹਨ ਅਤੇ ਮਿਲ ਕੇ ਸਰਕਾਰ ਚਲਾ ਰਹੇ ਹਨ। ਹਾਲਾਂਕਿ, ਜੇ. ਐੱਮ. ਐੱਮ. ਨੇ ਅਸਾਮ ਦੀ ਸਿਆਸਤ ’ਚ ਕਦਮ ਰੱਖਿਆ ਹੈ ਅਤੇ 9 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸੁਤੰਤਰ ਰੂਪ ’ਚ ਲੜੇਗੀ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਸਮੇਤ ਕਈ ਪਾਰਟੀ ਆਗੂ ਪੂਰਬੀ ਅਤੇ ਉੱਤਰੀ ਅਸਾਮ ਦੇ ਚਾਹ ਦੇ ਬਾਗਾਂ ’ਚ ਪ੍ਰਚਾਰ ਕਰ ਰਹੇ ਹਨ, ਜਿੱਥੇ ਆਦਿਵਾਸੀ ਵੋਟਰ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ। ਜੇ. ਐੱਮ. ਐੱਮ. ਨੇ ਐਲਾਨ ਕੀਤਾ ਹੈ ਕਿ ਉਹ 18 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ, ਜੋ ਝਾਰਖੰਡ ਤੋਂ ਬਾਹਰ ਪਾਰਟੀ ਦਾ ਸਭ ਤੋਂ ਵੱਡਾ ਸਿਆਸੀ ਵਿਸਥਾਰ ਹੈ, ਜਿੱਥੇ ਉਹ 65 ਲੱਖ ਤੋਂ ਵੱਧ ਮਜ਼ਬੂਤ ਚਾਹ ਜਨਜਾਤੀ ਆਬਾਦੀ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ’ਚ ਸੰਥਾਲ, ਮੁੰਡਾ, ਉਰਾਓਂ ਅਤੇ ਕੁਰੂਖ ਭਾਈਚਾਰੇ ਸ਼ਾਮਲ ਹਨ—ਇਹ ਜਨਜਾਤੀਆਂ ਝਾਰਖੰਡ ਤੋਂ ਪੈਦਾ ਹੋਈਆਂ ਮੰਨੀਆਂ ਜਾਂਦੀਆਂ ਹਨ। ਚਾਹ ਜਨਜਾਤੀ ਭਾਈਚਾਰਾ ਸੂਬੇ ਦੀ ਆਬਾਦੀ ਦਾ ਲੱਗਭਗ 20 ਫੀਸਦੀ ਹੈ।
—ਰਾਹਿਲ ਨੋਰਾ ਚੋਪੜਾ
