ਭਾਰਤ ਨੂੰ ਵਿਸ਼ਵਗੁਰੂ ਬਣਾਉਣਾ ਹੀ ਆਰ. ਐੱਸ. ਐੱਸ. ਦਾ ਉਦੇਸ਼

Thursday, Apr 09, 2026 - 05:37 PM (IST)

ਭਾਰਤ ਨੂੰ ਵਿਸ਼ਵਗੁਰੂ ਬਣਾਉਣਾ ਹੀ ਆਰ. ਐੱਸ. ਐੱਸ. ਦਾ ਉਦੇਸ਼

‘ਸ਼ਾਖਾ’ ਵਰਗੀ ਵਿਲੱਖਣ ਪ੍ਰਣਾਲੀ ਰਾਹੀਂ ਸ਼ਖ਼ਸੀਅਤ ਨਿਰਮਾਣ ਦਾ ਕਾਰਜ ਸੰਘ ਕਰਦਾ ਹੈ। ਇਸੇ ਨਾਲ ਲੱਖਾਂ ਸਵੈਮ-ਸੇਵਕ ਤਿਆਰ ਹੋਏ ਹਨ, ਜਿਨ੍ਹਾਂ ਦੇ ਜੀਵਨ ਦੇ ਆਦਰਸ਼ ਵਿਵਹਾਰ ਨਾਲ ਸਮਾਜ ’ਚ ਵੀ ਹਾਂ-ਪੱਖੀ ਪਰਿਵਰਤਨ ਦਿਸਦਾ ਹੈ। ਸੰਘ ਦੀ ਕਾਰਜ-ਪੱਧਤੀ ਹੋਰ ਸੰਗਠਨਾਂ ਤੋਂ ਵੱਖਰੀ ਅਤੇ ਵਿਸ਼ੇਸ਼ ਹੈ। ਬਾਲ ਸਵੈਮ-ਸੇਵਕ ਤੋਂ ਲੈ ਕੇ ਸਰਸੰਘਚਾਲਕ ਤੱਕ, ਸਾਰੇ ਇਕ ਹੀ ਆਦੇਸ਼ ’ਤੇ ਕੰਮ ਕਰਦੇ ਹਨ। ਸ਼ਾਖਾ ’ਚ ਹੋਣ ਵਾਲੇ ਛੋਟੇ-ਛੋਟੇ ਪ੍ਰੋਗਰਾਮਾਂ ਰਾਹੀਂ ਅਨੁਸ਼ਾਸਨ ਅਤੇ ਸੰਸਕਾਰ ਵਿਕਸਿਤ ਹੁੰਦੇ ਹਨ।

ਸੰਘ ਦੇ ਨਾਲ ਹੀ ਸਮਾਜ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਸਵੈਮ-ਸੇਵਕਾਂ ਨੇ 40 ਤੋਂ ਵੱਧ ਸੰਗਠਨਾਂ, ਜਿਵੇਂ ਏ. ਬੀ. ਵੀ. ਪੀ., ਲਘੂ ਉਦਯੋਗ ਭਾਰਤੀ, ਸੇਵਾ ਭਾਰਤੀ, ਵਿੱਦਿਆ ਭਾਰਤੀ ਦੀ ਸਥਾਪਨਾ ਕੀਤੀ, ਜੋ ਆਪਣੇ-ਆਪਣੇ ਖੇਤਰ ’ਚ ਮਹੱਤਵਪੂਰਨ ਕਾਰਜ ਕਰ ਰਹੇ ਹਨ। ਇਹ ਸਾਰੇ ਸੁਤੰਤਰ, ਖੁਦਮੁਖਤਾਰ ਅਤੇ ਸਵੈ-ਨਿਰਭਰ ਸੰਗਠਨ ਹਨ। ਭਾਰਤ ਨੂੰ ਮੁੜ ‘ਵਿਸ਼ਵਗੁਰੂ’ ਦੇ ਸਥਾਨ ’ਤੇ ਪ੍ਰਤਿਸ਼ਠਿਤ ਕਰ ਕੇ ਭਾਰਤ ਮਾਤਾ ਨੂੰ ਪਰਮ ਵੈਭਵ ’ਤੇ ਲੈ ਜਾਣਾ ਹੀ ਇਨ੍ਹਾਂ ਦਾ ਮੁੱਖ ਉਦੇਸ਼ ਹੈ।

ਆਰ. ਐੱਸ. ਐੱਸ. ਦੇ ਪਹਿਲੇ ਚਾਰ ਪ੍ਰਚਾਰਕ
1925 ’ਚ ਸੰਗਠਨ ਦੇ ਰੂਪ ’ਚ ਅਕਾਰ ਲੈਣ ’ਤੇ ਆਰ. ਐੱਸ. ਐੱਸ. ਦੇ ਆਦਿ ਸਰਸੰਘਚਾਲਕ ਡਾ. ਹੈਡਗੇਵਾਰ ਦੇ ਸਾਹਮਣੇ ਚੁਣੌਤੀ ਸੀ ਕਿ ਸੰਘ ਦੇ ਵਿਚਾਰਾਂ ਦਾ ਦੇਸ਼ ਭਰ ’ਚ ਪ੍ਰਚਾਰ-ਪ੍ਰਸਾਰ ਕਿਵੇਂ ਕੀਤਾ ਜਾਵੇ। ਉਨ੍ਹਾਂ ਨੂੰ ਸਮਰਪਿਤ, ਪੂਰਨਕਾਲਿਕ ਅਤੇ ਸੰਘ ਦੀ ਭਾਵਨਾ ’ਚ ਦੀਕਸ਼ਤ ਵਰਕਰਾਂ ਦੀ ਭਾਲ ਸੀ। ਪ੍ਰਾਚੀਨ ਸਮੇਂ ’ਚ ਜਿਵੇਂ ਰਿਸ਼ੀ-ਮਹਾਰਿਸ਼ੀ ਪ੍ਰੰਪਰਾ ਸੀ, ਜੋ ਜੀਵਨ ਪ੍ਰਣਾਲੀ ਦਾ ਅਧਿਐਨ ਕਰ ਕੇ ਅਲੱਗ-ਅਲੱਗ ਸਮੇਂ ’ਤੇ ਮਨੁੱਖੀ ਜੀਵਨ ’ਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਪ੍ਰਾਣੀ ਮਾਤਰ ਨੂੰ ਦਿੰਦੇ ਸਨ, ਉਸੇ ਤਰ੍ਹਾਂ ਪ੍ਰਚਾਰਕ ਵੀ ਰਾਸ਼ਟਰ ਨਿਰਮਾਣ ਦੇ ਕਾਰਜ ’ਚ ਪੈਦਾ ਹੋਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਦਾ ਨਿਬੇੜਾ ਕਰਨ ’ਚ ਮਾਰਗਦਰਸ਼ਨ ਕਰਦੇ ਹਨ। ਪ੍ਰਚਾਰਕ ਪ੍ਰੰਪਰਾ ਸੰਘ ਦੀ ਰੀੜ੍ਹ ਦੀ ਹੱਡੀ ਹੈ। ਇਸ ਪ੍ਰੰਪਰਾ ’ਚ ਪਹਿਲੇ 4 ਪ੍ਰਚਾਰਕ ਸਨ ਬਾਬਾ ਸਾਹਿਬ ਆਪਟੇ, ਦਾਦਾ ਰਾਓ ਪਰਮਾਰਥ, ਰਾਮਭਾਊ ਜਮਗੜੇ ਅਤੇ ਗੋਪਾਲ ਰਾਓ ਯੇਰਕੁੰਟਵਾਰ।

2 ਸਾਲ ਤੱਕ ਸਿਖਲਾਈ ਤੋਂ ਬਾਅਦ 1929 ’ਚ ਡਾ. ਕੇਸ਼ਵ ਬਲੀਰਾਮ ਹੈਡਗੇਵਾਰ ਨੇ ਪ੍ਰਚਾਰਕ ਵਿਵਸਥਾ ਨੂੰ ਰਸਮੀ ਰੂਪ ਦੇਣ ਦੀ ਸ਼ੁਰੂਆਤ ਕੀਤੀ। 1930 ’ਚ ਜਦੋਂ ਡਾ. ਹੈਡਗੇਵਾਰ ਸਵਿਨੈ ਅਵੱਗਿਆ ਅੰਦੋਲਨ ਲਈ ਜੰਗਲ ਸਤਿਆਗ੍ਰਹਿ ’ਚ ਭਾਗ ਲੈਣ ਪਹੁੰਚੇ ਤਾਂ ਸਰਸੰਘਚਾਲਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਡਾ. ਪਰਾਂਜਪੇ ਨੂੰ ਨਵਾਂ ਸਰਸੰਘਚਾਲਕ ਬਣਾਇਆ ਗਿਆ। ਡਾ. ਹੈਡਗੇਵਾਰ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ। ਉਨ੍ਹਾਂ ਨੂੰ ਬਾਬਾ ਸਾਹਿਬ ਆਪਟੇ ਦੀਆਂ ਸਮਰੱਥਾਵਾਂ ’ਤੇ ਪੂਰਾ ਭਰੋਸਾ ਸੀ ਅਤੇ ਬਾਬਾ ਸਾਹਿਬ ਨੇ ਉਨ੍ਹਾਂ ਦੇ ਭਰੋਸੇ ਨੂੰ ਬਰਕਰਾਰ ਵੀ ਰੱਖਿਆ। 1931 ’ਚ ਬਾਬਾ ਸਾਹਿਬ ਆਪਟੇ ਨੂੰ ਡਾ. ਹੈਡਗੇਵਾਰ ਨੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪੂਰੇ ਸਮੇਂ ਦਾ ਪ੍ਰਚਾਰਕ ਬਣਾਉਣ ਲਈ ਚੁਣਿਆ। ਇਸ ਤਰ੍ਹਾਂ ਇਨ੍ਹਾਂ ਚਾਰਾਂ ਨੂੰ ਸੰਘ ਦੀ ਪਹਿਲੀ ਪ੍ਰਚਾਰਕ ਟੋਲੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਨ੍ਹਾਂ ’ਚੋਂ ਬਾਬਾ ਸਾਹਿਬ ਆਪਟੇ ਨੂੰ ਪਹਿਲਾ ਪ੍ਰਚਾਰਕ ਮੰਨਿਆ ਜਾਂਦਾ ਹੈ।

ਸੰਘ ਦੇ ਪਹਿਲੇ ਪੂਰੇ ਸਮੇਂ ਦੇ ਪ੍ਰਚਾਰਕਾਂ ਦੀ ਦੀਖਿਆ ਲਈ ਇਕ ਛੋਟਾ ਜਿਹਾ ਪ੍ਰੋਗਰਾਮ ਨਾਗਪੁਰ ’ਚ ਰੱਖਿਆ ਗਿਆ, ਜਿੱਥੇ ਪ੍ਰਮੁੱਖ ਸਵੈਮ-ਸੇਵਕ ਹਾਜ਼ਰ ਸਨ। ਉਸੇ ਪ੍ਰੋਗਰਾਮ ’ਚ ਡਾ. ਹੈਡਗੇਵਾਰ ਦਾ ਛੋਟਾ ਜਿਹਾ ਸੰਬੋਧਨ ਹੋਇਆ, ਜਿਸ ’ਚ ਸੰਗਠਨ ਦਾ ਸੰਕਲਪ ਅਤੇ ਪ੍ਰਚਾਰਕਾਂ ਦਾ ਜੀਵਨ ਸਾਧੂਆਂ ਦੀ ਤਰ੍ਹਾਂ ਹੋਣਾ ਚਾਹੀਦਾ ਹੈ, ਇਸੇ ’ਤੇ ਉਨ੍ਹਾਂ ਦਾ ਜ਼ੋਰ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਕੇਂਦਰ ਦੱਸੇ ਗਏ ਕਿ ਉਨ੍ਹਾਂ ਨੂੰ ਪ੍ਰਚਾਰ ਲਈ ਕਿਸ ਸ਼ਹਿਰ ਜਾਂ ਸੂਬੇ ’ਚ ਜਾਣਾ ਹੈ।

ਉੱਤਰ-ਪੂਰਬ ’ਚ ‘ਸੰਘ ਦੇ ਬੀਜ’ ਬੀਜਣ ਵਾਲੇ ਪਹਿਲੇ ਪ੍ਰਚਾਰਕ
ਦਾਦਾਰਾਓ ਪਰਮਾਰਥ ਭਾਵ ਗੋਵਿੰਦ ਸੀਤਾਰਾਮ ਪਰਮਾਰਥ ਨਾਗਪੁਰ ਦੇ ਰਹਿਣ ਵਾਲੇ ਸਨ। 10ਵੀਂ ਦੀ ਪ੍ਰੀਖਿਆ ਦੀ ਉੱਤਰ ਕਾਪੀ ’ਚ ਉਨ੍ਹਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਅਧਿਆਪਕਾਂ ਨੇ ਉਨ੍ਹਾਂ ਨੂੰ ਫੇਲ ਕਰ ਦਿੱਤਾ ਅਤੇ ਉਹ ਪੜ੍ਹਾਈ ਛੱਡ ਕੇ ਡਾ. ਹੈਡਗੇਵਾਰ ਦੇ ਨਾਲ ਜੁੜ ਗਏ ਅਤੇ ਸਵੈਮ-ਸੇਵਕ ਬਣ ਗਏ। 1930 ਦੇ ਜੰਗਲ ਸੱੱਤਿਆਗ੍ਰਹਿ ’ਚ ਡਾ. ਹੈਡਗੇਵਾਰ ਦੇ ਨਾਲ ਗਏ ਅਤੇ ਜੇਲ ਵੀ ਗਏ। ਬੀਮਾਰ ਪਏ ਤਾਂ ਜੇਲ ’ਚ ਡਾ. ਹੈਡਗੇਵਾਰ ਨੇ ਹੀ ਉਨ੍ਹਾਂ ਦੀ ਦੇਖਭਾਲ ਕੀਤੀ ਸੀ। ਉੱਤਰ-ਪੂਰਬ ’ਚ ਸੰਘ ਦੇ ਕਾਰਜ ਦਾ ਵਿਸਤਾਰ ਕਰਨ ਵਾਲੇ ਉਹ ਪਹਿਲੇ ਪ੍ਰਚਾਰਕ ਸਨ।

ਭਵਿੱਖ ਦੇ ਪ੍ਰਚਾਰਕਾਂ ਨੂੰ ਜੋੜਨ ਵਾਲੇ ਗੋਪਾਲ ਰਾਓ ਯੇਰਕੁੰਟਵਾਰ 
ਗੋਪਾਲ ਰਾਓ ਯੇਰਕੁੰਟਵਾਰ ਨੇ ਉਸ ਦੌਰ ’ਚ ਜਿੰਨੇ ਸਮਰਪਿਤ ਪ੍ਰਚਾਰਕਾਂ ਨੂੰ ਤਿਆਰ ਕੀਤਾ, ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇਗਾ। ਉਨ੍ਹਾਂ ਵਿਚੋਂ ਇਕ ਸਨ ਭਾਸਕਰ ਰਾਓ ਕਲਾਮਬੀ, ਜਿਨ੍ਹਾਂ ਨੂੰ ਵਨਵਾਸੀ ਕਲਿਆਣ ਆਸ਼ਰਮ ਦੇ ਕੰਮ ਨੂੰ ਸ਼ੁਰੂ ਕਰਨ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਨੂੰ ਸੰਘ ’ਚ ਗੋਪਾਲ ਰਾਓ ਹੀ ਲੈ ਕੇ ਆਏ ਸਨ। ਪੰਜਾਬ ’ਚ ਸ਼ੁਰੂਆਤ ’ਚ ਸੰਘ ਦਾ ਝੰਡਾ ਲਹਿਰਾਉਣ ਵਾਲੇ ਮੋਰੇਸ਼ਵਰ ਰਾਘਵ ਜਾਂ ਮੋਰੂਭਾਈ ਮੁੰਜੇ ਨੂੰ ਵੀ ਗੋਪਾਲ ਰਾਓ ਲੈ ਕੇ ਆਏ ਸਨ।

ਇਨ੍ਹਾਂ ਸਾਰੇ ਪ੍ਰਚਾਰਕਾਂ ਦੇ ਨਾਂ ਸੰਘ ਦੇ ਇਤਿਹਾਸ ’ਚ ਕਈ ਤਰ੍ਹਾਂ ਦੀਆਂ ਉਪਲਬਧੀਆਂ ਦਰਜ ਹਨ। ਕੇਸ਼ਵ ਆਪਟੇ ਨੇ ਤਾਂ 33 ਸ਼ਲੋਕਾਂ ਦਾ ਇਕ ‘ਭਾਰਤ ਭਗਤੀ ਸਰੋਤ’ ਰਚ ਦਿੱਤਾ ਸੀ। ਉਨ੍ਹਾਂ ਦਾ ਦਹਾਕਿਆਂ ਤੱਕ ਭਾਰਤ ਦੇ ਇਤਿਹਾਸ ਦੇ ਮੁੜ-ਲੇਖਣ ’ਤੇ ਕੰਮ ਚੱਲਦਾ ਰਿਹਾ। ਆਪਟੇ ਨੇ ਕਦੇ ਆਪਣੇ ਹੱਥ ਨਾਲ ਲਿਖ ਕੇ ‘ਦਾਸਬੋਧ’ ਅਤੇ ਟਾਈਪ ਕਰ ਕੇ ਵੀਰ ਸਾਵਰਕਰ ਦੀ ਕਿਤਾਬ ‘1857 ਸੁਤੰਤਰਤਾ ਸੰਗਰਾਮ’ ਅਨੇਕਾਂ ਨੌਜਵਾਨਾਂ ਨੂੰ ਉਪਲਬਧ ਕਰਵਾਈ ਸੀ।

ਆਰ.ਐੱਸ.ਐੱਸ. ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਦੇ ਸ਼ਬਦਾਂ ’ਚ,‘‘ਅਸੀਂ ਲੋਕ, ਆਪਣੇ ਨਜ਼ਰੀਏ ਨਾਲ ਵਿਚਾਰ ਕਰ ਕੇ ਜੋ ਚੰਗਾ ਲੱਗਦਾ ਹੈ, ਉਹ ਬੋਲ ਸਕਦੇ ਹਾਂ। ਜੋ ਖ਼ਰਾਬ ਲੱਗਦਾ ਹੈ, ਉਹ ਵੀ ਬੋਲ ਸਕਦੇ ਹਾਂ ਪਰ ਬੋਲਣ ਦੇ ਪਿੱਛੇ ਕੋਈ ਵਿਰੋਧ ਦੀ ਭਾਵਨਾ ਨਹੀਂ ਹੈ। ਸੰਘ ਨਾ ਕਿਸੇ ਵਿਰੋਧ ’ਚ ਚੱਲਦਾ ਹੈ ਅਤੇ ਨਾ ਕਿਸੇ ਵੈਰ ਭਾਵ ਨਾਲ। ‘ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ’ ਅਤੇ ਦੋਸਤੀ ਕਹੀਏ ਤਾਂ ਸਭ ਆਪਣੇ ਹਨ। ਸਭ ਦੇ ਪ੍ਰਤੀ ਪਿਆਰ ਹੈ। ਉਸ ਪਿਆਰ ਦੇ ਆਧਾਰ ’ਤੇ ਅਤੇ ਸਵੈਮ-ਸੇਵਕਾਂ ਦੀ ਨਿਸ਼ਠਾ, ਤਪੱਸਿਆ ਦੇ ਅਾਧਾਰ ’ਤੇ ਅਸੀਂ ਇੱਥੇ ਤੱਕ ਪਹੁੰਚੇ ਹਾਂ। ਕਿੰਨੇ ਵੱਡੇ ਤਿਆਗ ਹੋਏ, ਕਿੰਨੇ ਵੱਡੇ ਬਲੀਦਾਨ ਹੋਏ, ਉਸ ’ਤੇ ਅਸੀਂ ਖੜ੍ਹੇ ਹਾਂ। ਇਹ ਅਸੀਂ ਜਾਣਦੇ ਹਾਂ। ਉਨ੍ਹਾਂ ਦੇ ਪ੍ਰਤੀ ਮਨ ’ਚ ਜੋ ਭਾਵ ਹੈ, ਉਸ ਦਾ ਵਰਣਨ ਮੈਂ ਨਹੀਂ ਕਰ ਸਕਦਾ। ਸੰਘ ਨੂੰ ਸਾਨੂੰ ਅੱਗੇ ਲੈ ਕੇ ਜਾਣਾ ਹੈ। ਕਿਉਂ ਲੈ ਕੇ ਜਾਣਾ ਹੈ, ਕਿਉਂਕਿ ਭਾਰਤ ਨੂੰ ਖੜ੍ਹਾ ਕਰਨਾ ਹੈ।’’

-ਸੁਖਦੇਵ ਵਸ਼ਿਸ਼ਟ


author

Harpreet SIngh

Content Editor

Related News