ਨੌਕਰੀਆਂ ਗੁਆਉਣ ਦੀ ਚਿੰਤਾ ਅਤੇ ਮਾਨਸਿਕ ਸਿਹਤ ਦੀ ਪੁਕਾਰ

Sunday, Apr 05, 2026 - 05:00 PM (IST)

ਨੌਕਰੀਆਂ ਗੁਆਉਣ ਦੀ ਚਿੰਤਾ ਅਤੇ ਮਾਨਸਿਕ ਸਿਹਤ ਦੀ ਪੁਕਾਰ

ਬੈਂਗਲੁਰੂ, ਜਿਸ ਨੂੰ ਭਾਰਤ ਦੀ ਆਈ. ਟੀ. ਰਾਜਧਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪਿਛਲੇ ਦਿਨੀਂ ਇਕ ਅਜਿਹੀ ਘਟਨਾ ਨਾਲ ਹਿੱਲ ਗਿਆ, ਜੋ ਨਾ ਸਿਰਫ ਦਿਲ ਦਹਿਲਾ ਦੇਣ ਵਾਲੀ ਹੈ, ਸਗੋਂ ਪੂਰੇ ਸਮਾਜ ਨੂੰ ਸੋਚਣ ’ਤੇ ਮਜਬੂਰ ਕਰ ਦਿੰਦੀ ਹੈ। ਬੀਤੀ 31 ਮਾਰਚ ਨੂੰ ਕੋਠਾਨੂਰ ਇਲਾਕੇ ਦੇ ਇਕ ਹਾਈ-ਰਾਈਜ਼ ਅਪਾਰਟਮੈਂਟ ’ਚ ਇਕ ਨੌਜਵਾਨ ਤਕਨੀਕੀ ਜੋੜੀ ਨੇ ਖ਼ੁਦਕੁਸ਼ੀ ਕਰ ਲਈ। ਪਤੀ ਭਾਨੂਚੰਦਰ ਰੈੱਡੀ (32) ਅਤੇ ਪਤਨੀ ਬੀਬੀ ਸ਼ਾਜੀਆ ਸਿਰਾਜ (31), ਦੋਵੇਂ ਸਾਫਟਵੇਅਰ ਇੰਜੀਨੀਅਰ, ਦੋਵਾਂ ਦੀ ਕਮਾਈ ਲੱਖਾਂ ’ਚ, ਅਮਰੀਕਾ ’ਚ ਕੰਮ ਦਾ ਤਜਰਬਾ, 80 ਲੱਖ ਦਾ ਸਾਲਾਨਾ ਪੈਕੇਜ ਅਤੇ ਸਫਲਤਾ ਦੀਆਂ ਸਾਰੀਆਂ ਬਾਹਰੀ ਨਿਸ਼ਾਨੀਆਂ ਪਰ ਅੰਦਰੋਂ, ਨੌਕਰੀ ਗੁਆਉਣ ਦਾ ਡਰ ਅਤੇ ਵਧਦਾ ਤਣਾਅ।

ਠੀਕ ਉਸੇ ਦਿਨ, ਜਦੋਂ ਵਿਸ਼ਵ ਪੱਧਰ ’ਤੇ ਏ. ਆਈ. ਦੀ ਵਜ੍ਹਾ ਕਰ ਕੇ ਆਈ. ਟੀ. ਸੈਕਟਰ ’ਚ ਭਾਰੀ ਛਾਂਟੀ ਦੀਆਂ ਖ਼ਬਰਾਂ ਆ ਰਹੀਆਂ ਸਨ, ਭਾਨੂਚੰਦਰ ਅਮਰੀਕਾ ’ਚ ਕੰਮ ਕਰ ਰਹੇ ਸਨ। ਏ. ਆਈ. ਟੂਲਸ ਦੇ ਕਾਰਨ ਉਨ੍ਹਾਂ ਦੀ ਟੀਮ ’ਚ ਛਾਂਟੀ ਹੋਈ ਅਤੇ ਉਨ੍ਹਾਂ ਦੀ ਨੌਕਰੀ ਚਲੀ ਗਈ। ਭਾਰਤ ਪਰਤ ਕੇ ਉਹ ਨਵੀਂ ਨੌਕਰੀ ਦੀ ਤਲਾਸ਼ ’ਚ ਲੱਗੇ ਪਰ ਅਸਫਲ ਰਹੇ। ਚਿੰਤਾ ਨੇ ਉਨ੍ਹਾਂ ਨੂੰ ਘੇਰ ਲਿਆ। ਸਿਹਤ ਵਿਗੜਨ ਲੱਗੀ। ਆਪਣੇ ਸੁਸਾਈਡ ਨੋਟ ’ਚ ਉਨ੍ਹਾਂ ਨੇ ਇਹੀ ਲਿਖਿਆ, ‘‘ਨੌਕਰੀ ਦੀ ਅਨਿਸ਼ਚਿਤਤਾ ਅਤੇ ਲਗਾਤਾਰ ਦਬਾਅ।’’ ਪਤਨੀ ਸ਼ਾਜੀਆ ਆਈ. ਬੀ. ਐੱਮ. ’ਚ ਨਾਈਟ ਸ਼ਿਫਟ ਕਰ ਰਹੀ ਸੀ। ਸਵੇਰੇ 7.30 ਵਜੇ ਘਰ ਪਰਤੀ ਤਾਂ ਪਤੀ ਦਾ ਕਮਰਾ ਅੰਦਰੋਂ ਬੰਦ ਸੀ। ਸੁਰੱਖਿਆ ਗਾਰਡ ਨੇ ਦਰਵਾਜ਼ਾ ਤੋੜਿਆ ਤਾਂ ਭਾਨੂਚੰਦਰ ਫਾਂਸੀ ’ਤੇ ਲਟਕ ਰਹੇ ਸਨ। ਸ਼ਾਜੀਆ ਨੇ 20 ਮਿੰਟ ਤੱਕ ਉਹ ਦ੍ਰਿਸ਼ ਦੇਖਿਆ। ਫਿਰ ਉਹ ਅਚਾਨਕ 18ਵੀਂ ਮੰਜ਼ਿਲ ’ਤੇ ਪਹੁੰਚੀ ਅਤੇ ਉੱਥੋਂ ਹੇਠਾਂ ਕੁੱਦ ਗਈ।

ਇਹ ਘਟਨਾ ਏ. ਆਈ. ਕ੍ਰਾਂਤੀ ਦੀ ਉਸ ਕਾਲੀ ਸਾਈਡ ਦੀ ਪ੍ਰਤੀਕ ਹੈ, ਜੋ ਕੱਲ ਤੱਕ ‘ਭਵਿੱਖ ਦੀ ਤਕਨੀਕ’ ਮੰਨੀ ਜਾ ਰਹੀ ਸੀ। ਠੀਕ ਉਸੇ ਦਿਨ, 31 ਮਾਰਚ 2026 ਨੂੰ, ਅਮਰੀਕੀ ਸਾਫਟਵੇਅਰ ਪ੍ਰਮੁੱਖ ਓਰੇਕਲ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕੰਪਨੀ ਏ. ਆਈ. ਡਾਟਾ ਸੈਂਟਰ ਬਣਾਉਣ ਲਈ ਭਾਰੀ ਨਿਵੇਸ਼ ਕਰ ਰਹੀ ਹੈ। 2026 ’ਚ 500 ਕਰੋੜ ਡਾਲਰ ਤੋਂ ਜ਼ਿਆਦਾ ਦਾ ਕੈਪੀਟਲ ਨਿਵੇਸ਼ ਵੀ ਕੀਤਾ ਪਰ ਇਸ ਖ਼ਰਚੇ ਨੂੰ ਪੂਰਾ ਕਰਨ ਲਈ ਉਸ ਨੇ ਲਾਗਤ ਘਟਾਉਣ ਦਾ ਫ਼ੈਸਲਾ ਕੀਤਾ। ਰਿਪੋਰਟਾਂ ਮੁਤਾਬਕ, ਕਰੀਬ 20,000-30,000 ਤੱਕ ਕਰਮਚਾਰੀ ਪ੍ਰਭਾਵਿਤ ਹੋਏ ਹਨ।

ਓਰੇਕਲ ਇਕੱਲੀ ਨਹੀਂ। 2026 ’ਚ ਏ. ਆਈ. ਦੀ ਵਜ੍ਹਾ ਕਰ ਕੇ ਬਿਗ ਟੈਕ ਦੀ ਛਾਂਟੀ ਦੀ ਲਹਿਰ ਚੱਲ ਰਹੀ ਹੈ। ਐਮਾਜ਼ੋਨ ਨੇ ਜਨਵਰੀ ’ਚ 16,000 ਕਾਰਪੋਰੇਟ ਜੌਬਸ ਕੱਟੇ। ਮਾਈਕ੍ਰੋਸਾਫਟ ਨੇ ਪਿਛਲੇ ਸਾਲ 15,000 ਅਹੁਦੇ ਘਟਾਏ। ਮੇਟਾ, ਐਟਲਾਸੀਅਨ, ਬਲਾਕ ਆਦਿ ਸਾਰੀਆਂ ਕੰਪਨੀਆਂ ਏ. ਆਈ. ਦੇ ਨਾਂ ’ਤੇ ਕਰਮਚਾਰੀਆਂ ਨੂੰ ‘ਵਾਧੂ’ ਦੱਸ ਰਹੀਆਂ ਹਨ। ਭਾਰਤ ’ਚ ਵੀ ਆਈ. ਟੀ. ਸੈਕਟਰ ’ਚ 2017 ਤੋਂ ਹੁਣ ਤੱਕ 227 ਤੋਂ ਜ਼ਿਆਦਾ ਖ਼ੁਦਕੁਸ਼ੀ ਕੇਸ ਦਰਜ ਹੋਏ ਹਨ। ਐੱਨ. ਸੀ. ਆਰ. ਬੀ. ਦੇ 2023 ਦੀ ਅੰਕੜਾ ਰਿਪੋਰਟ ਅਨੁਸਾਰ ਕੁੱਲ 1,71,418 ਖ਼ੁਦਕੁਸ਼ੀਆਂ ਹੋਈਆਂ, ਜਿਨ੍ਹਾਂ ’ਚ ਨੌਜਵਾਨ ਪ੍ਰੋਫੈਸ਼ਨਲਜ਼ (25-40 ਸਾਲ) ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਬੈਂਗਲੁਰੂ, ਹੈਦਰਾਬਾਦ, ਪੁਣੇ ਵਰਗੇ ਹਰ ਸ਼ਹਿਰ ’ਚ ਏ. ਆਈ. ਛਾਂਟੀ ਦਾ ਡਰ ਨੌਜਵਾਨਾਂ ਨੂੰ ਘੇਰ ਰਿਹਾ ਹੈ।

ਸਮੱਸਿਆ ਸਿਰਫ਼ ਨੌਕਰੀ ਚਲੇ ਜਾਣ ਦੀ ਨਹੀਂ, ਸਮੱਸਿਆ ਉਸ ਚਿੰਤਾ ਦੀ ਵੀ ਹੈ, ਜੋ ਏ. ਆਈ. ਦੇ ਨਾਂ ’ਤੇ ਪੈਦਾ ਹੋ ਰਹੀ ਹੈ। ਏ. ਆਈ. ਟੂਲਸ ਕੋਡਿੰਗ, ਡਾਟਾ ਐਨਾਲਿਸਿਸ, ਇੱਥੋਂ ਤੱਕ ਕਿ ਸਾਫਟਵੇਅਰ ਡਿਜ਼ਾਈਨ ’ਚ ਇਨਸਾਨਾਂ ਤੋਂ ਬਿਹਤਰ ਸਾਬਤ ਹੋ ਰਹੇ ਹਨ। ਕੰਪਨੀਆਂ ਸੋਚ ਰਹੀਆਂ ਹਨ ਕਿ ‘ਘੱਟ ਲੋਕਾਂ ਤੋਂ ਜ਼ਿਆਦਾ ਕੰਮ’। ਪਰ ਕਰਮਚਾਰੀ? ਉਨ੍ਹਾਂ ਲਈ ਇਹ ਜੀਵਨ-ਮਰਨ ਦਾ ਸਵਾਲ ਬਣ ਗਿਆ ਹੈ। ਈ. ਐੱਮ. ਆਈ., ਲੋਨ, ਪਰਿਵਾਰ ਦੀ ਜ਼ਿੰਮੇਵਾਰੀ, ਸਭ ਕੁਝ ਇਕ ਨੌਕਰੀ ’ਤੇ ਟਿਕਿਆ ਹੈ। ਜਦੋਂ ਨੌਕਰੀ ਚਲੀ ਜਾਂਦੀ ਹੈ, ਤਾਂ ਚਿੰਤਾ ਡਿਪ੍ਰੈਸ਼ਨ ’ਚ ਬਦਲ ਜਾਂਦੀ ਹੈ ਅਤੇ ਸਮਾਜ? ਅਸੀਂ ਅਜੇ ਵੀ ਇਸ ਨੂੰ ‘ਵਿਅਕਤੀਗਤ ਕਮਜ਼ੋਰੀ’ ਮੰਨਦੇ ਹਾਂ।

ਸਰਕਾਰ, ਕਾਰਪੋਰੇਟ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਸਕੂਲ-ਕਾਲਜ ’ਚ ਮਾਨਸਿਕ ਸਿਹਤ ਦੇ ਨਾਲ-ਨਾਲ ਅਧਿਆਤਮਿਕ ਸਿੱਖਿਆ ਵੀ ਸ਼ਾਮਲ ਕਰੋ। ਮੀਡੀਆ ਖ਼ੁਦਕੁਸ਼ੀ ਦੀਆਂ ਖ਼ਬਰਾਂ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਕਵਰ ਕਰੇ। ਪਰਿਵਾਰਾਂ ’ਚ ਖੁੱਲ੍ਹੀ ਗੱਲਬਾਤ ਦਾ ਮਾਹੌਲ ਬਣੇ। ਬੈਂਗਲੁਰੂ ਦੀ ਇਹ ਤ੍ਰਾਸਦੀ ਅਤੇ ਓਰੇਕਲ ਵਰਗੀਆਂ ਕੰਪਨੀਆਂ ਦੀ ਛਾਂਟੀ ਸਾਨੂੰ ਚਿਤਾਵਨੀ ਦੇ ਰਹੀ ਹੈ। ਏ. ਆਈ. ਭਵਿੱਖ ਹੈ ਪਰ ਬਿਨਾਂ ਮਨੁੱਖਤਾ ਦੇ ਨਹੀਂ। ਜਦੋਂ ਅਸੀਂ ਮਾਨਸਿਕ ਸਿਹਤ ਨੂੰ ਸਰੀਰਕ ਬੀਮਾਰੀ ਦੀ ਤਰ੍ਹਾਂ ਦੇਖਾਂਗੇ, ਜਦੋਂ ਹਸਪਤਾਲਾਂ ਦੀ ਤਰ੍ਹਾਂ ਸਾਈਕੋਲਾਜੀਕਲ ਸੈਂਟਰਜ਼ ਹਰ ਜਗ੍ਹਾ ਹੋਣਗੇ ਅਤੇ ਜਦੋਂ ਅਧਿਆਤਮਿਕ ਮਾਰਗਦਰਸ਼ਨ ਸਾਨੂੰ ਅੰਦਰੋਂ ਮਜ਼ਬੂਤ ਕਰੇਗਾ, ਉਦੋਂ ਹੀ ਅਸੀਂ ਇਸ ਦਬਾਅ ਨੂੰ ਪਾਰ ਕਰ ਪਾਵਾਂਗੇ।

ਸਮਾਂ ਆ ਗਿਆ ਹੈ ਕਿ ਅਸੀਂ ਬਦਲੀਏ। ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਇਕੱਠੇ ਦੇਖੀਏ। ਉਦੋਂ ਹੀ ਇਕ ਸਿਹਤਮੰਦ, ਸ਼ਕਤੀਸ਼ਾਲੀ ਅਤੇ ਸੰਤੁਲਿਤ ਭਾਰਤ ਬਣੇਗਾ।

—ਰਜਨੀਸ਼ ਕਪੂਰ


author

Harpreet SIngh

Content Editor

Related News