‘ਜੰਗਬੰਦੀ ਜੰਗ ਸਮਾਪਤੀ ’ਚ ਬਦਲੇਗੀ’ ਦੁਨੀਆ ਨੂੰ ਰਾਹਤ, ਘੱਟ ਹੋਵੇਗੀ ਮਹਿੰਗਾਈ!

Thursday, Apr 09, 2026 - 03:59 AM (IST)

‘ਜੰਗਬੰਦੀ ਜੰਗ ਸਮਾਪਤੀ ’ਚ ਬਦਲੇਗੀ’ ਦੁਨੀਆ ਨੂੰ ਰਾਹਤ, ਘੱਟ ਹੋਵੇਗੀ ਮਹਿੰਗਾਈ!

ਅਮਰੀਕਾ ਅਤੇ ਇਜ਼ਰਾਈਲ ਵੱਲੋਂ 28 ਫਰਵਰੀ ਨੂੰ ਈਰਾਨ ’ਤੇ ਕੀਤੇ ਗਏ ਹਮਲੇ ਨਾਲ ਖਾੜੀ ਦੇਸ਼ਾਂ ’ਚ ਛਿੜੀ ਭਿਆਨਕ ਜੰਗ ਦੇ 40 ਦਿਨ ਬਾਅਦ 7 ਅਪ੍ਰੈਲ ਅੱਧੀ ਰਾਤ ਨੂੰ 15 ਦਿਨ ਦੇ ਲਈ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ।

ਇਸ ਜੰਗ ’ਚ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਅਤੇ 40,000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਟਿਕਾਣਿਆਂ ’ਤੇ ਪਨਾਹ ਲੈਣੀ ਪਈ।

ਜੰਗਬੰਦੀ ਲਈ ਦੋਵਾਂ ਧਿਰਾਂ ’ਚ 22 ਮਾਰਚ ਤੋਂ ਬਾਅਦ ਹੀ ਗੱਲਬਾਤ ਸ਼ੁਰੂ ਹੋ ਗਈ ਸੀ ਪਰ ਦੋਵੇਂ ਹੀ ਇਕ-ਦੂਜੇ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਨਹੀਂ ਸਨ। ਇਸੇ ਦੌਰਾਨ ‘ਡੋਨਾਲਡ ਟਰੰਪ’ ਨੇ ਈਰਾਨ ਦੇ ਪਾਵਰ ਪਲਾਂਟਾਂ ’ਤੇ ਹਮਲੇ ਦੀ ਧਮਕੀ ਦੇ ਦਿੱਤੀ।

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ‘ਡੋਨਾਲਡ ਟਰੰਪ’ ਨੇ 27 ਮਾਰਚ ਨੂੰ ਕਿਹਾ ਕਿ ਈਰਾਨ ਦੀ ਸਰਕਾਰ ਦੀ ਅਪੀਲ ’ਤੇ ਅਮਰੀਕਾ 6 ਅਪ੍ਰੈਲ ਤੱਕ ਈਰਾਨ ਦੇ ਬਿਜਲੀ ਪਲਾਂਟਾਂ ’ਤੇ ਹਮਲੇ ਨੂੰ ਟਾਲ ਰਿਹਾ ਹੈ ਅਤੇ 6 ਅਪ੍ਰੈਲ ਨੂੰ ਹਮਲੇ ਦੀ ਇਹ ਸਮਾਂਹੱਦ 8 ਅਪ੍ਰੈਲ ਕਰ ਦਿੱਤੀ ਗਈ ਪਰ ਇਹ ਸਮਾਂਹੱਦ ਪੂਰੀ ਹੋਣ ਤੋਂ ਪਹਿਲਾਂ ਦੋਵਾਂ ਧਿਰਾਂ ’ਚ ਜੰਗਬੰਦੀ ’ਤੇ ਸਹਿਮਤੀ ਬਣ ਗਈ।

8 ਅਪ੍ਰੈਲ ਦੀ ਸਵੇਰ ਈਰਾਨ ਦੇ ਵਿਦੇਸ਼ ਮੰਤਰੀ ‘ਸਈਅਦ ਅੱਬਾਸ ਅਰਘਚੀ’ ਨੇ ਕਿਹਾ ਕਿ “ਜੇਕਰ ਈਰਾਨ ਦੇ ਖ਼ਿਲਾਫ਼ ਹਮਲੇ ਰੋਕ ਦਿੱਤੇ ਜਾਂਦੇ ਹਨ, ਤਾਂ ਉਸ ਦੀਆਂ ਹਥਿਆਰਬੰਦ ਫੌਜਾਂ ਆਪਣੀ ਰੱਖਿਆ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਬੰਦ ਕਰ ਦੇਣਗੀਆਂ ਅਤੇ ਈਰਾਨ ਦੀ ਫੌਜ ਅਮਰੀਕਾ ਦੇ ਨਾਲ ਤਾਲਮੇਲ ਕਰਦੇ ਹੋਏ ਅਗਲੇ ਦੋ ਹਫ਼ਤਿਆਂ ਲਈ ਹੋਰਮੁਜ਼ ਜਲਡਮਰੂਮੱਧ ਤੋਂ ਸੁਰੱਖਿਅਤ ਆਵਾਜਾਈ ਯਕੀਨੀ ਕਰੇਗੀ।”

ਇਸ ਦੇ ਤੁਰੰਤ ਬਾਅਦ ‘ਡੋਨਾਲਡ ਟਰੰਪ’ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖੀ ਇਕ ਪੋਸਟ ’ਚ ਲਿਖਿਆ ਕਿ “ਇਹ ਵਿਸ਼ਵ ਸ਼ਾਂਤੀ ਲਈ ਇਕ ਵੱਡਾ ਦਿਨ ਹੈ, ਈਰਾਨ ਸ਼ਾਂਤੀ ਚਾਹੁੰਦਾ ਹੈ ਕਿਉਂਕਿ ਹੁਣ ਉਹ ਹੋਰ ਹਮਲੇ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਈਰਾਨ ਦੇ ਨਾਲ-ਨਾਲ ਹਰ ਕੋਈ ਸ਼ਾਂਤੀ ਚਾਹੁੰਦਾ ਹੈ।”

“ਅਮਰੀਕਾ ਹੋਰਮੁਜ਼ ਜਲਡਮਰੂਮੱਧ ’ਚ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਉਣ ’ਚ ਮਦਦ ਕਰੇਗਾ ਅਤੇ ਇਸ ਨਾਲ ਖ਼ੂਬ ਪੈਸਾ ਕਮਾਇਆ ਜਾਵੇਗਾ। ਅਮਰੀਕਾ ਹੁਣ ਈਰਾਨ ਦੇ ਮੁੜ-ਨਿਰਮਾਣ ਦੀ ਪ੍ਰਕਿਰਿਆ ’ਚ ਹਰ ਤਰ੍ਹਾਂ ਦੀ ਸਮੱਗਰੀ ਮੁਹੱਈਆ ਕਰਵਾਏਗਾ ਅਤੇ ਸਭ ਕੁਝ ਠੀਕ ਤਰੀਕੇ ਨਾਲ ਕਰਨ ਲਈ ਅਮਰੀਕੀ ਉੱਥੇ ਹੀ ਮੌਜੂਦ ਰਹਿਣਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹਾ ਹੀ ਹੋਵੇਗਾ ਅਤੇ ਇਹ ਮੱਧ ਪੂਰਬ ਦਾ ਸੁਨਹਿਰੀ ਯੁੱਗ ਹੋ ਸਕਦਾ ਹੈ।”

ਇਸੇ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ‘ਪੀਟ ਹੇਗਸੇਥ’ ਨੇ ਬੁੱਧਵਾਰ ਨੂੰ ਕਿਹਾ ਕਿ "ਅਮਰੀਕਾ ਨੇ 40 ਦਿਨਾਂ ਤੋਂ ਵੀ ਘੱਟ ਸਮੇਂ ’ਚ ਆਪਣੀ ਯੁੱਧ ਸ਼ਕਤੀ ਦੀ ਸਿਰਫ 10 ਫੀਸਦੀ ਦੀ ਵਰਤੋਂ ਕਰ ਕੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਫੌਜਾਂ ’ਚੋਂ ਇਕ ਈਰਾਨ ਦੀ ਫੌਜ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਖੁਦ ਦਾ ਬਚਾਅ ਕਰਨ ’ਚ ਅਸਮਰੱਥ ਸਾਬਤ ਹੋਇਆ ਹੈ।"

ਦੂਜੇ ਪਾਸੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਿਕਅਨ ਨੇ ਕਿਹਾ ਕਿ ‘‘ਅਮਰੀਕਾ ਦੇ ਨਾਲ ਹੋਈ ਜੰਗਬੰਦੀ ਸਮਝੌਤੇ ’ਚ ਈਰਾਨ ਵੱਲੋਂ ਸੁਝਾਏ ਗਏ ਆਮ ਸਿਧਾਂਤਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਸਾਬਕਾ ਸਰਵਉੱਚ ਨੇਤਾ ‘ਅਲੀ ਖ਼ਾਮੇਨੇਈ’ ਦੀ ਕੁਰਬਾਨੀ ਦਾ ਨਤੀਜਾ ਹੈ, ਜੋ ਜੰਗ ਦੇ ਪਹਿਲੇ ਦਿਨ ਅਮਰੀਕੀ-ਇਜ਼ਰਾਈਲੀ ਹਮਲਿਆਂ ’ਚ ਮਾਰੇ ਗਏ ਸਨ। ਅੱਜ ਤੋਂ ਅਸੀਂ ਇਕਜੁੱਟ ਹੋ ਕੇ ਖੜ੍ਹੇ ਰਹਾਂਗੇ।’’

ਇਸੇ ਦੌਰਾਨ ਰੂਸ, ਚੀਨ, ਭਾਰਤ ਸਮੇਤ ਮਿਡਲ ਈਸਟ ਅਤੇ ਦੁਨੀਆ ਦੇ ਹੋਰ ਦੇਸ਼ਾਂ ਨੇ ਵੀ ਇਸ ਜੰਗਬੰਦੀ ਦਾ ਸੁਆਗਤ ਕੀਤਾ ਹੈ। ਈਰਾਨੀ ਸੰਸਦ ਦੇ ਸਪੀਕਰ ‘ਮੁਹੰਮਦ ਬਾਘਰ ਗਾਲੀਬਫ’ ਅਤੇ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਇਸ ਮਾਮਲੇ ’ਚ ਅੱਗੇ ਦੀ ਗੱਲਬਾਤ ਲਈ ਸ਼ੁੱਕਰਵਾਰ ਨੂੰ ਇਸਲਾਮਾਬਾਦ ’ਚ ਮਿਲ ਸਕਦੇ ਹਨ।

ਈਰਾਨ ਦੇ ਪ੍ਰਸਤਾਵ ’ਚ ਉਸ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਤੋਂ ਇਲਾਵਾ ਉਸ ’ਤੇ 45 ਸਾਲ ਪਹਿਲਾਂ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਹਟਾਉਣਾ ਵੀ ਸ਼ਾਮਲ ਹੈ।

ਜੰਗਬੰਦੀ ਨਾਲ ਪੂਰੀ ਦੁਨੀਆ ’ਚ ਵਧ ਰਹੀ ਮਹਿੰਗਾਈ ’ਤੇ ਲਗਾਮ ਲੱਗੇਗੀ ਅਤੇ ਐੱਲ. ਪੀ. ਜੀ. ਦੀ ਸਪਲਾਈ ਵੀ ਆਮ ਵਾਂਗ ਹੋਣ ’ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਜੰਗ ’ਚ ਲੋਕਾਂ ਦੇ ਹੋ ਰਹੇ ਜਾਨੀ-ਮਾਲੀ ਨੁਕਸਾਨ ’ਤੇ ਵੀ ਰੋਕ ਲੱਗੇਗੀ। ਦੁਨੀਆ ’ਚ ਕਿਤੇ ਵੀ ਜੰਗ ਹੋਵੇ ਉਸ ’ਚ ਆਮ ਜਨਤਾ ਹੀ ਪਿਸਦੀ ਹੈ।

ਅਜਿਹੇ ’ਚ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਦੋਵਾਂ ਧਿਰਾਂ ਦਰਮਿਆਨ ਅਗਲੀ ਦੀ ਗੱਲਬਾਤ ਦੇ ਵੀ ਚੰਗੇ ਨਤੀਜੇ ਨਿਕਲਣਗੇ ਅਤੇ ਇਹ ਜੰਗ ਮੁਕੰਮਲ ਤੌਰ ’ਤੇ ਖਤਮ ਹੋਵੇ, ਇਸੇ ’ਚ ਹੀ ਸਾਰੇ ਦੇਸ਼ਾਂ ਦੀ ਭਲਾਈ ਹੈ।

—ਵਿਜੇ ਕੁਮਾਰ


author

Sandeep Kumar

Content Editor

Related News