ਪੰਜਾਬੀ ਮਿੱਤਰ ਦੇ ਖ਼ਤ ਦਾ ਮੇਰਾ ਜਵਾਬ

Friday, Nov 29, 2024 - 02:54 PM (IST)

ਪੰਜਾਬੀ ਮਿੱਤਰ ਦੇ ਖ਼ਤ ਦਾ ਮੇਰਾ ਜਵਾਬ

ਪਿਛਲੇ ਹਫਤੇ ਇਕ ਸੱਜਣ ਨੇ ਮੈਨੂੰ ਖ਼ਤ ਲਿਖਿਆ, ਜਿਨ੍ਹਾਂ ਨੂੰ ਮੈਂ ਕਦੀ ਨਹੀਂ ਮਿਲਿਆ। ਉਹ 74 ਸਾਲ ਦੇ ਹਨ ਅਤੇ ਪੰਜਾਬ ਤੋਂ ਕਲਾ ’ਚ ਐੱਮ. ਏ. ਦੀ ਡਿਗਰੀ ਹਾਸਲ ਹਨ। ਉਨ੍ਹਾਂ ਨੇ ਆਪਣੇ ਖ਼ਤ ਦੀ ਸ਼ੁਰੂਆਤ ਇਹ ਕਹਿੰਦਿਆਂ ਕੀਤੀ ਹੈ ਕਿ ‘ਪੰਜਾਬ ’ਚ ਪੁਲਸ ਮੁਖੀ ਵਜੋਂ ਤੁਹਾਡੀ ਭੂਮਿਕਾ ਬਹੁਤ ਸ਼ਲਾਘਾਯੋਗ ਸੀ।’ ਧੰਨਵਾਦ, ਸ਼੍ਰੀਮਾਨ ਜੀ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਗੀਤਾ ਹਰ ਵਿਅਕਤੀ ਨੂੰ ਬਿਨਾਂ ਕਿਸੇ ਇਨਾਮ ਜਾਂ ਮਾਨਤਾ ਦੀ ਆਸ ਦੇ ਆਪਣਾ ਕਰਤੱਵ ਕਰਨ ਲਈ ਆਖਦੀ ਹੈ। ਇਸੇ ਤਰ੍ਹਾਂ, ਬਾਈਬਲ ਨੇ ਮੈਨੂੰ ਸਿਖਾਇਆ ਹੈ ਕਿ ਮਸੀਹ ਲੋਕਾਂ ਦਾ ਸੇਵਕ ਸੀ ਅਤੇ ਮੈਨੂੰ, ਉਸ ਦੇ ਪੈਰੋਕਾਰ ਵਜੋਂ, ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਇਕ ਈਸਾਈ ਸਿਧਾਂਤ ਹੈ ਜਿਸਦੀ ਮੈਂ ਪਾਲਣਾ ਕੀਤੀ ਪਰ ਭਗਵਾਨ ਨੂੰ ਵੀ ਪ੍ਰਸ਼ੰਸਾ ਪਸੰਦ ਹੈ ਅਤੇ ਮੈਂ ਸਿਰਫ ਮਨੁੱਖ ਹਾਂ।

ਦੂਜੇ ਪਾਸੇ, ਮੇਰੇ ਪ੍ਰਧਾਨ ਮੰਤਰੀ ਨੇ ਦੈਵੀ ਤਾਕਤ ਦਾ ਦਾਅਵਾ ਕਰਨ ਲਈ ਰਿਕਾਰਡ ’ਤੇ ਲਿਖਿਆ ਹੈ। ਮੈਨੂੰ ਸਪੱਸ਼ਟ ਤੌਰ ’ਤੇ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਪ੍ਰਸ਼ੰਸਾ ਪਸੰਦ ਹੈ। ਇਸ ਮਨੁੱਖੀ ਅਸਫਲਤਾ ’ਚ ਅਸੀਂ ਸਾਰੇ ਹਿੱਸੇਦਾਰ ਹਾਂ! ਇਸ ਲਈ, ਜਦੋਂ ਤੁਸੀਂ ਕਹਿੰਦੇ ਹੋ ਕਿ ਮੇਰੇ ਲੇਖ ‘ਮੋਦੀ ਵਿਰੋਧੀ ਅਤੇ ਹਿੰਦੂ ਵਿਰੋਧੀ ਆਵਾਜ਼ਾਂ’ ਨਾਲ ਭਰੇ ਹੋਏ ਹਨ, ਤਾਂ ਮੈਂ ਹੈਰਾਨ ਹਾਂ ਅਤੇ ਜਵਾਬ ਦੇਣ ਲਈ ਪਾਬੰਦ ਹਾਂ। ਮੈਂ ਹਿੰਦੂ ਧਰਮ ਜਾਂ ਹਿੰਦੂਆਂ ਖਿਲਾਫ ਕਦੋਂ ਬੋਲਿਆ? ਮੇਰੇ ਪੂਰਵਜ, ਭਾਰਤ ’ਚ 99.9 ਫੀਸਦੀ ਈਸਾਈਆਂ ਦੇ ਪੂਰਵਜਾਂ ਵਾਂਗ ਹਿੰਦੂ ਸਨ। ਜੇ ਤੁਸੀਂ ਹਿੰਦੂ ਧਰਮ ਦੇ ਹਿੱਸੇ ਵਜੋਂ ਕੁਦਰਤ ਦੀ ਪੂਜਾ ਨੂੰ ਸ਼ਾਮਲ ਕਰਦੇ ਹੋ, ਜਿਵੇਂ ਕਿ ਜ਼ਿਆਦਾਤਰ ਆਦਿਵਾਸੀ ਭਾਈਚਾਰਿਆਂ ’ਚ ਹੁੰਦਾ ਹੈ। ਭਾਰਤ ਦੇ ਉੱਤਰ-ਪੂਰਬ ’ਚ ਰਹਿਣ ਵਾਲੇ ਆਦਿਵਾਸੀ ਵੱਡੇ ਪੱਧਰ ’ਤੇ ਈਸਾਈ ਹਨ। ਵਰਤਮਾਨ ’ਚ, ਉਹ ਸਿਆਸੀ ਤੌਰ ’ਤੇ ਮੋਦੀ ਦੀ ਪਾਰਟੀ ਨਾਲ ਜੁੜੇ ਹੋਏ ਹਨ। ਸ਼ਾਇਦ ਤੁਸੀਂ ਉਨ੍ਹਾਂ ਦੀ ਹੋਂਦ ਬਾਰੇ ਭੁੱਲ ਗਏ?

ਮੈਂ ਕਦੀ-ਕਦੀ ਮੋਦੀ ਦੀ ਨੁਕਤਾਚੀਨੀ ਕਰਨੀ ਸਵੀਕਾਰ ਕਰਦਾ ਹਾਂ। ਪੱਕੇ ਲੋਕਤੰਤਰਾਂ ’ਚ ਸ਼ਾਸਕਾਂ ਦੀ ਨੁਕਤਾਚੀਨੀ ਕਰਨੀ ਇਕ ਮਨਜ਼ੂਰ ਹੋਈ ਪ੍ਰਥਾ ਹੈ। ਸ਼ਾਸਕਾਂ ਨੂੰ ਸ਼ਾਸਿਤਾਂ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ। ਦਿੱਲੀ ’ਚ ਮੋਦੀ ਅਤੇ ਸ਼ਾਹ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਮੈਂ ਮਹਾਰਾਸ਼ਟਰ ’ਚ ਕਾਂਗਰਸੀ ਸ਼ਾਸਕਾਂ ਖਿਲਾਫ ਲਿਖਿਆ ਸੀ ਅਤੇ ਪੰਜਾਬ ’ਚ ਸੇਵਾ ਦੌਰਾਨ ਮੈਂ ਬੰਦ ਕਮਰੇ ’ਚ ਕਾਂਗਰਸ ਪਾਰਟੀ ਵਲੋਂ 1984 ’ਚ ਦਿੱਲੀ ’ਚ ਸਿੱਖਾਂ ਖਿਲਾਫ ਹਿੰਸਾ ਭੜਕਾਉਣ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੇ ਜਾਣ ਖਿਲਾਫ ਖੁੱਲ੍ਹ ਕੇ ਬੋਲਿਆ ਸੀ। ਰਾਜੀਵ ਗਾਂਧੀ ਨੇ ਮੇਰੇ ਵਿਚਾਰਾਂ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਜੇਕਰ ਤੁਸੀਂ ਗਲਤ ਨੀਤੀਆਂ ਦੇ ਖਿਲਾਫ ਵਿਚਾਰਾਂ ਨੂੰ ਮੋਦੀ ਵਿਰੋਧੀ ਮੰਨਦੇ ਹੋ, ਤਾਂ ਅਜਿਹਾ ਹੀ ਹੋਵੇ। ਪਸ਼ੂਆਂ ਦੇ ਵਪਾਰੀਆਂ ਅਤੇ ਗਊਮਾਸ ਖਾਣ ਵਾਲਿਆਂ ਦੀ ਹੱਤਿਆ ਅਤੇ ਸਿਰਫ ਮੁਸਲਮਾਨ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਬੁਲਡੋਜ਼ਰ ਦੀ ਵਰਤੋਂ ਕਰਨਾ ਨਿਰਪੱਖਤਾ ਅਤੇ ਨਿਆਂ ਲਈ ਸਰਾਪ ਹੈ।

ਮੈਂ ਕਾਨੂੰਨ ਦੇ ਸ਼ਾਸਨ ਦੀ ਉਲੰਘਣਾ ਖਿਲਾਫ ਬੋਲਣਾ ਜਾਰੀ ਰੱਖਾਂਗਾ, ਜਿਸ ’ਤੇ ਸ਼ਾਸਨ ਦਾ ਸਿਧਾਂਤ ਸਰਬਵਿਆਪਕ ਤੌਰ ’ਤੇ ਆਧਾਰਿਤ ਹੈ। ਮੇਰੇ ’ਤੇ ਹਿੰਦੂ ਵਿਰੋਧੀ ਹੋਣ ਦਾ ਦੋਸ਼ ਹਾਸੋਹੀਣਾ ਅਤੇ ਬੇਤੁਕਾ ਹੈ। ਇਸੇ ਹਫਤੇ ਮੇਰੇ ਘਰ ’ਚ ਮੇਰੇ ਪਹਿਲੇ ਬੌਸਾਂ ’ਚੋਂ ਇਕ ਦੀ ਬੇਟੀ ਆਈ। ਨਾਗਰਕਰ ਪੁਣੇ ਦੇ ਇਕ ਚਿਤਪਾਵਨ ਬ੍ਰਾਹਮਣ ਸਨ। ਉਨ੍ਹਾਂ ਨੇ ਮੈਨੂੰ ਆਪਣੀ ਟ੍ਰੇਨਿੰਗ ਦੇ ਸਮੇਂ ਲਈ ਆਪਣੇ ਅਤੇ ਆਪਣੇ ਪਰਿਵਾਰ ਨਾਲ ਰਹਿਣ ਲਈ ਕਿਹਾ। ਮੈਂ ਅਜਿਹਾ ਕੀਤਾ ਅਤੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣ ਗਿਆ।

ਉਨ੍ਹਾਂ ਦੀ ਬੇਟੀ ਅਤੇ ਉਨ੍ਹਾਂ ਦੇ ਪਤੀ ਜੋ ਹਾਲ ਹੀ ’ਚ ਮੈਨੂੰ ਮਿਲਣ ਆਏ ਸਨ, ਉਹ ਅਮਰੀਕਾ ’ਚ ਰਹਿੰਦੇ ਹਨ। ਹਰ 2 ਜਾਂ 3 ਸਾਲ ਪਿੱਛੋਂ ਉਹ ਭਾਰਤ ’ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਉਂਦੇ ਹਨ। ਮੈਨੂੰ ਖੁਸ਼ੀ ਹੈ ਅਤੇ ਮਾਣ ਹੈ ਕਿ ਉਹ ਮੈਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦੀ ਹੈ। ਆਈ. ਪੀ. ਐੱਸ. ’ਚ ਆਪਣੀ ਪੂਰੀ ਸੇਵਾ ਦੌਰਾਨ ਮੈਂ ਹਿੰਦੂ ਅਧਿਕਾਰੀਆਂ ਅਧੀਨ ਕੰਮ ਕੀਤਾ ਹੈ। ਉਹ ਹਮੇਸ਼ਾ ਮੇਰੇ ਪ੍ਰਤੀ ਦਿਆਲੂ ਰਹੇ ਹਨ, ਸਿਰਫ ਇਕ ਅਪਵਾਦ ਦੇ।ਮੇਰੇ ਅਧੀਨ ਕੰਮ ਕਰਨ ਵਾਲੇ ਜ਼ਿਆਦਾਤਰ ਅਧਿਕਾਰੀ ਹਿੰਦੂ ਸਨ। ਮੇਰੇ ਸੇਵਾਮੁਕਤ ਹੋਣ ਪਿੱਛੋਂ ਵੀ ਉਨ੍ਹਾਂ ’ਚੋਂ ਕਈ ਮੇਰੇ ਸੰਪਰਕ ’ਚ ਹਨ। ਜੇਕਰ ਉਨ੍ਹਾਂ ਨੂੰ ਲੱਗਦਾ ਕਿ ਮੈਂ ਹਿੰਦੂ ਵਿਰੋਧੀ ਹਾਂ ਤਾਂ ਉਹ ਮੇਰੇ ਤੋਂ ਦੂਰੀ ਬਣਾਈ ਰੱਖਦੇ। ਇਕ ਇਨਸਾਨ ਵਜੋਂ, ਇਕ ਈਸਾਈ ਵਜੋਂ, ਮੈਂ ਦੂਜੇ ਇਨਸਾਨਾਂ ਨਾਲ ਨਫਰਤ ਨਹੀਂ ਕਰਦਾ ਅਤੇ ਨਾ ਹੀ ਕਰਾਂਗਾ।

ਮੋਦੀ-ਸ਼ਾਹ ਦੀ ਜੋੜੀ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਧਾਰਮਿਕ ਪਛਾਣ ਕਦੀ ਵੀ ਅਧਿਕਾਰਤ ਸ਼ਬਦਾਵਲੀ ਜਾਂ ਹਿੱਸਾ ਨਹੀਂ ਸੀ। ਭਾਜਪਾ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਨ, ਜੋ ਇਕ ਸੱਚੇ ਸਿਆਸੀ ਆਗੂ ਸਨ। ਆਪਣਾ ਅਹੁਦਾ ਸੰਭਾਲਣ ਪਿੱਛੋਂ ਉਨ੍ਹਾਂ ਨੇ ਮੈਨੂੰ ਰਾਜਪਾਲ ਬਣਨ ਦੀ ਪੇਸ਼ਕਸ਼ ਕੀਤੀ, ਜਿਸਦੀ ਉਮੀਦ ਮੋਦੀ ਦੇ ਸ਼ਾਸਨਕਾਲ ’ਚ ਕੋਈ ਵੀ ਈਸਾਈ ਨਹੀਂ ਕਰ ਸਕਦਾ। ਅੱਜ ਦੇ ਦੌਰ ’ਚ ਰਾਜਪਾਲਾਂ ਨੂੰ ਇਹ ਯਕੀਨੀ ਬਣਾਉਣ ਲਈ ਵੱਧ ਸਰਗਰਮ ਭੂਮਿਕਾ ਨਿਭਾਉਣੀ ਪੈਂਦੀ ਹੈ ਕਿ ਸਿੰਗਲ ਇੰਜਣ ਵਾਲੀਆਂ ਸਰਕਾਰਾਂ ਸਹੀ ਦਿਸ਼ਾ ’ਚ ਚੱਲਣ। ਅਜਿਹੇ ’ਚ ਢੁੱਕਵੇਂ ਈਸਾਈ ਦੀ ਪਛਾਣ ਕਰਨੀ ਲਗਭਗ ਅਸੰਭਵ ਹੋਵੇਗੀ। ਤੁਸੀਂ ਆਪਣੇ ਖ਼ਤ ’ਚ ਇਕ ਅਜੀਬ ਬਿਆਨ ਦਿੱਤਾ ਹੈ ਕਿ ਮੈਂ ਗਲਤ ਹਾਂ ਜਦੋਂ ਮੈਂ ਪੁਸ਼ਟੀ ਕਰਦਾ ਹਾਂ ਕਿ ਅੱਤਵਾਦ ਨੂੰ ਸਿਰਫ ‘ਬੰਦੂਕਾਂ ਅਤੇ ਗੋਲੀਆਂ’ ਨਾਲ ਖਤਮ ਨਹੀਂ ਕੀਤਾ ਜਾ ਸਕਦਾ।

ਅੱਤਵਾਦ ਜੰਮੂ-ਕਸ਼ਮੀਰ ਸੂਬੇ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਜਦ ਤਕ ਕਸ਼ਮੀਰੀ ਮੁਸਲਿਮ ਭਾਈਚਾਰੇ ਦੇ ਬਹੁਮਤ ਨੂੰ ਜਿੱਤ ਨਹੀਂ ਲਿਆ ਜਾਂਦਾ, ਉਦੋਂ ਤਕ ਅਜਿਹਾ ਹੁੰਦਾ ਰਹੇਗਾ। ਮੇਰੀ ਤੁਹਾਨੂੰ ਸਲਾਹ ਹੈ ਕਿ ਆਪਣੇ ਹਾਕਮਾਂ ਦੇ ਮੂੰਹ ’ਚੋਂ ਨਿਕਲਣ ਵਾਲੀ ਹਰ ਗੱਲ ਨੂੰ ਮਨਜ਼ੂਰ ਨਾ ਕਰੋ। ਉਹ ਸਿਆਸੀ ਆਗੂ ਹਨ। ਅਸੀਂ ਨਹੀਂ। ਸੱਚ ’ਚ, ਮੈਨੂੰ ਤੁਹਾਡੇ ਸਿੱਟਿਆਂ ਨੂੰ ਸਹੀ ਠਹਿਰਾਉਣ ਲਈ ਸਬੂਤ ਲੱਭਣਾ ਮੁਸ਼ਕਲ ਲੱਗਦਾ ਹੈ। ਤੁਹਾਡਾ ਇਹ ਦਾਅਵਾ ਕਿ ਧਰਮ ਤਬਦੀਲੀ ਬੇਸ਼ਰਮੀ ਭਰੇ, ਗੈਰ-ਮਨੁੱਖੀ ਤਰੀਕੇ ਨਾਲ ਕੀਤੀ ਜਾਂਦੀ ਹੈ, ਮੈਨੂੰ ਚਿੰਤਤ ਕਰਦਾ ਹੈ। ਮੈਨੂੰ ਹੈਰਾਨੀ ਹੈ ਕਿ ਤੁਹਾਨੂੰ ਇਹ ਕਿੱਥੋਂ ਮਿਲਿਆ।

ਤੁਸੀਂ ਆਪਣੇ ਖ਼ਤ ਦਾ ਅੰਤ ਮੈਨੂੰ ਇਹ ਅਪੀਲ ਕਰਦਿਆਂ ਕੀਤਾ ਹੈ ਕਿ ‘ਤੁਸੀਂ ਈਸਾਈ ਅਤੇ ਮੁਸਲਮਾਨ ਸਾਥੀਆਂ ਨੂੰ ਹਿੰਦੂਆਂ ਦਾ ਸਨਮਾਨ ਕਰਨਾ ਸਿਖਾਓ’ (ਇਸ ਤਰ੍ਹਾਂ) ਅਤੇ ਉਨ੍ਹਾਂ ਨੂੰ ‘ਚਿੜਾਓ ਜਾਂ ਮਾਰੋ’ ਨਾ! ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਤੁਹਾਨੂੰ ਗਲਤ ਸੂਚਨਾ ਦਿੱਤੀ ਗਈ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ, ਇਕ ਵਿਅਕਤੀ ਵਜੋਂ, ਇਕ ਧਰਮ ਤੋਂ ਦੂਜੇ ਧਰਮ ’ਚ ਧਰਮ ਤਬਦੀਲੀ ਦੇ ਖਿਲਾਫ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੇ ਦੇਸ਼ ਦੇ ਹਰੇਕ ਨਾਗਰਿਕ ਦੀ ਧਰਮ ਤਬਦੀਲੀ ਮਨੁੱਖਤਾ ’ਚ ਭਰੋਸੇ ਦੇ ਨਾਲ ਹੋਵੇ।

-ਜੂਲੀਓ ਰਿਬੈਰੋ


author

Tanu

Content Editor

Related News