‘ਜ਼ਮਾਨਤ ’ਤੇ ਛੁੱਟਣ ’ਤੇ ਕੀਤਾ ਫਿਰ ਜੁਰਮ’ ਛੂਟਤੀ ਨਹੀਂ ਕਾਫਿਰ ਮੂੰਹ ਕੋ ਲਗੀ ਹੂਈ!

Tuesday, Jul 14, 2026 - 04:13 AM (IST)

‘ਜ਼ਮਾਨਤ ’ਤੇ ਛੁੱਟਣ ’ਤੇ ਕੀਤਾ ਫਿਰ ਜੁਰਮ’ ਛੂਟਤੀ ਨਹੀਂ ਕਾਫਿਰ ਮੂੰਹ ਕੋ ਲਗੀ ਹੂਈ!

ਜੇਲਾਂ ਨੂੰ ‘ਸੁਧਾਰ ਘਰ’ ਵੀ ਕਿਹਾ ਜਾਂਦਾ ਹੈ ਅਤੇ ਇਸੇ ਕਾਰਨ ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਆਪਣੀ ਸਜ਼ਾ ਭੁਗਤ ਕੇ ਜਾਂ ਜ਼ਮਾਨਤ ਮਿਲਣ ’ਤੇ ਜੇਲ ’ਚੋਂ ਨਿਕਲਣ ਵਾਲੇ ਮੁਲਜ਼ਮ ਦੇ ਆਚਰਨ ’ਚ ਹਾਂ-ਪੱਖੀ ਬਦਲਾਅ ਆ ਚੁੱਕਿਆ ਹੋਵੇਗਾ ਅਤੇ ਉਹ ਜੁਰਮ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਇਕ ਅਨੁਸ਼ਾਸਿਤ ਨਾਗਰਿਕ ਦੇ ਵਾਂਗ ਅਗਲਾ ਜੀਵਨ ਬਤੀਤ ਕਰੇਗਾ।

ਪਰ ਕਈ ਮਾਮਲਿਆਂ ’ਚ ਜੇਲ ਵਿਚੋਂ ਬਾਹਰ ਆਉਣ ਦੇ ਬਾਅਦ ਵੀ ਕਈ ਅਪਰਾਧੀਆਂ ਦੀ ਆਦਤ ਛੁੱਟਦੀ ਨਹੀਂ ਅਤੇ ਉਹ ਆਪਣਾ ਪਹਿਲਾਂ ਵਾਲਾ ਅਪਰਾਧਿਕ ਵਤੀਰਾ ਜਾਰੀ ਰੱਖਦੇ ਹਨ, ਜਿਸ ਦੀਆਂ ਪਿਛਲੇ ਸਿਰਫ਼ ਇਕ ਹਫ਼ਤੇ ਦੀਆਂ ਘਟਨਾਵਾਂ ਦਰਜ ਹਨ :

* 6 ਜੁਲਾਈ ਨੂੰ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ’ਚ 20 ਤੋਂ ਵੱਧ ਮੁਕੱਦਮਿਆਂ ’ਚ ਨਾਮਜ਼ਦ ਤੇਜ਼-ਤਰਾਰ ਅਪਰਾਧੀ ‘ਦਿਨੇਸ਼’ ਨੇ ਜੇਲ ’ਚੋਂ ਜ਼ਮਾਨਤ ’ਤੇ ਛੁੱਟ ਕੇ ਬਾਹਰ ਆਉਣ ਦੇ 10 ਦਿਨਾਂ ਬਾਅਦ ਪੁਰਾਣੀ ਰੰਜਿਸ਼ ਅਤੇ ਵਿਵਾਦ ਕਾਰਨ ਆਪਣੀ ਪਤਨੀ ਦੀ ਪੇਕਿਆਂ ਤੋਂ ਵਿਦਾਈ ਕਰਵਾ ਕੇ ਆਪਣੇ ਘਰ ਲਿਆਉਂਦੇ ਸਮੇਂ ਰਸਤੇ ’ਚ ‘ਸਿਆ ਰਫ਼ੀਪੁਰ’ ਦੇ ਖੇਤਾਂ ’ਚ ਲਿਜਾ ਕੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

* 6 ਜੁਲਾਈ ਨੂੰ ਹੀ ‘ਜੁਵੇਨਾਈਲ ਜਸਟਿਸ ਬੋਰਡ’ ਨੇ ਪਹਿਲਾਂ ਹੀ ਕਤਲ ਦੇ ਇਕ ਮਾਮਲੇ ’ਚ ਜ਼ਮਾਨਤ ’ਤੇ ਰਿਹਾਅ ਇਕ 16 ਸਾਲਾ ਨਾਬਾਲਗ ਨੂੰ ਕਤਲ ਦੇ ਇਕ ਹੋਰ ਮਾਮਲੇ ’ਚ ਸ਼ਾਮਲ ਪਾਏ ਜਾਣ ’ਤੇ ਉਸ ਵਿਰੁੱਧ ਬਾਲਗ ਵਾਂਗ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ।

* 7 ਜੁਲਾਈ ਨੂੰ ‘ਕਰਨਾਲ’ (ਹਰਿਆਣਾ) ਪੁਲਸ ਦੇ ‘ਐਂਟੀ ਆਟੋ ਵ੍ਹੀਕਲ ਥੈਫਟ ਸਟਾਫ਼’ ਨੇ ਦੋਪਹੀਆ ਵਾਹਨਾਂ ਦੀ ਚੋਰੀ ਕਰਨ ਵਾਲੇ ਇਕ ਤੇਜ਼-ਤਰਾਰ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਕੇ 5 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਕੀਤੀ।

ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਚੋਰੀ ਦੇ ਇਕ ਹੋਰ ਮਾਮਲੇ ’ਚ ਜ਼ਮਾਨਤ ’ਤੇ ਜੇਲ ਵਿਚੋਂ ਬਾਹਰ ਆਇਆ ਸੀ ਅਤੇ ਬਾਹਰ ਆਉਂਦੇ ਹੀ ਉਸ ਨੇ ਦੁਬਾਰਾ ਵਾਹਨ ਚੋਰੀ ਦਾ ਧੰਦਾ ਸ਼ੁਰੂ ਕਰ ਦਿੱਤਾ।

* 7 ਜੁਲਾਈ ਨੂੰ ਹੀ ਸੁਪਰੀਮ ਕੋਰਟ ਨੇ ਕਤਲ ਦੇ ਇਕ ਮੁਲਜ਼ਮ ਨੂੰ ‘ਇਲਾਹਾਬਾਦ ਹਾਈ ਕੋਰਟ’ ਵੱਲੋਂ ਦਿੱਤੀ ਗਈ ਜ਼ਮਾਨਤ ਨੂੰ ਇਹ ਕਹਿੰਦੇ ਹੋਏ ਪੂਰੀ ਤਰ੍ਹਾਂ ਪਲਟ ਦਿੱਤਾ ਕਿ ਜ਼ਮਾਨਤ ਦੀ ਵਰਤੋਂ ਸਮਾਜ ’ਚ ਦਹਿਸ਼ਤ ਫੈਲਾਉਣ ਲਈ ਨਹੀਂ ਕੀਤੀ ਜਾ ਸਕਦੀ।

ਰਿਪੋਰਟ ਅਨੁਸਾਰ, ਜਾਂਚ ’ਚ ਪਾਇਆ ਗਿਆ ਕਿ ਮੁਲਜ਼ਮ ਨੇ ਜ਼ਮਾਨਤ ’ਤੇ ਬਾਹਰ ਆਉਂਦੇ ਹੀ ਉਸ ਵਿਰੁੱਧ ਚੱਲ ਰਹੇ ਕਤਲ ਦੇ ਮੁਕੱਦਮੇ ਦੇ ਮੁੱਖ ਗਵਾਹਾਂ ਅਤੇ ਪੀੜਤ ਪਰਿਵਾਰ ਨੂੰ ਹਥਿਆਰ (ਕੱਟਾ) ਦਿਖਾ ਕੇ ਡਰਾਇਆ-ਧਮਕਾਇਆ ਅਤੇ ਆਪਣੇ ਵਿਰੁੱਧ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਇਆ।

* 7 ਜੁਲਾਈ ਨੂੰ ਹੀ ‘ਨਾਗਪੁਰ’ (ਮਹਾਰਾਸ਼ਟਰ) ’ਚ ਪੁਲਸ ਨੇ ਸਰਾਫ਼ਾ ਦੀਆਂ ਦੁਕਾਨਾਂ ’ਤੇ ਚੋਰੀ ਕਰਨ ’ਚ ਮਾਹਿਰ ‘ਮੋਨਾਲੀ’ ਨਾਂ ਦੀ ਔਰਤ ਨੂੰ ਜ਼ਮਾਨਤ ’ਤੇ ਰਿਹਾਅ ਹੋਣ ਦੇ ਕੁਝ ਹੀ ਸਮੇਂ ਬਾਅਦ ਇਕ ਸਰਾਫ ਦੇ ਇਥੋਂ ਪੌਣੇ 13 ਲੱਖ ਰੁਪਿਆਂ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਫਿਰ ਗ੍ਰਿਫ਼ਤਾਰ ਕੀਤਾ।

* 8 ਜੁਲਾਈ ਨੂੰ ‘ਫ਼ਰੀਦਾਬਾਦ’ (ਹਰਿਆਣਾ) ’ਚ ਅਪਰਾਧ ਸ਼ਾਖਾ ਦੀ ਟੀਮ ਨੇ ਚੋਰੀ ਦੇ ਵਾਹਨਾਂ ਦੀ ਖ਼ਰੀਦੋ-ਫ਼ਰੋਖਤ ਕਰਨ ਵਾਲੇ ਇਕ ਤੇਜ਼-ਤਰਾਰ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ। ਉਹ 2026 ’ਚ ਹੀ ਚੋਰੀ ਦੇ ਇਕ ਪੁਰਾਣੇ ਮਾਮਲੇ ’ਚ ਜ਼ਮਾਨਤ ’ਤੇ ਜੇਲ ਵਿਚੋਂ ਬਾਹਰ ਆਇਆ ਸੀ।

* 10 ਜੁਲਾਈ ਨੂੰ ‘ਵਿਕਾਸਨਗਰ’ (ਉੱਤਰਾਖੰਡ) ਦੇ ‘ਢਕਰਾਨੀ’ ਸਥਿਤ ਸੋਲਰ ਪਲਾਂਟ ਤੋਂ 600 ਮੀਟਰ ਕਾਪਰ ਵਾਇਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਪੁਲਸ ਨੇ ਇਸ ਮਾਮਲੇ ’ਚ 27 ਸਾਲਾ ਮੁਲਜ਼ਮ ‘ਜੱਬਾਰ’ ਨੂੰ ਚੋਰੀ ਦੇ ਲਗਭਗ 80,000 ਰੁਪਏ ਦੇ ਸਾਮਾਨ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਉਹ 2023 ’ਚ ਵੀ ਵਾਹਨ ਚੋਰੀ ਦੇ ਦੋਸ਼ ’ਚ ਜੇਲ ਗਿਆ ਸੀ ਅਤੇ ਫਿਲਹਾਲ ਜ਼ਮਾਨਤ ’ਤੇ ਸੀ।

* 11 ਜੁਲਾਈ ਨੂੰ ‘ਰੰਗਾਰੈੱਡੀ’ (ਤੇਲੰਗਾਨਾ) ਜ਼ਿਲੇ ’ਚ ‘ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ’ (ਪੋਕਸੋ) ਅਧੀਨ ਦਰਜ ਮਾਮਲੇ ’ਚ 35 ਸਾਲਾ ਮੁਲਜ਼ਮ ਨੇ ਜ਼ਮਾਨਤ ਮਿਲਣ ’ਤੇ ਜੇਲ ਵਿਚੋਂ ਬਾਹਰ ਆਉਂਦੇ ਹੀ 6 ਵਿਅਕਤੀਆਂ ਦਾ ਕਤਲ ਕਰ ਦਿੱਤਾ।

ਸਭ ਤੋਂ ਪਹਿਲਾਂ ਉਹ ‘ਸ਼ਾਬਾਦ’ ਕਸਬੇ ’ਚ ਗਿਆ ਅਤੇ ਉੱਥੇ ਪੀੜਤਾ ਦੀ ਮਾਂ ਅਤੇ ਨਾਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਨਾਬਾਲਗ ਪੀੜਤਾ ਨੂੰ ਆਪਣੇ ਜੱਦੀ ਪਿੰਡ ਲੈ ਗਿਆ ਅਤੇ ਚਾਕੂ ਮਾਰ ਕੇ ਉਸ ਦਾ ਕਤਲ ਕਰਨ ਤੋਂ ਬਾਅਦ ਆਪਣੇ ਘਰ ਆ ਕੇ ਆਪਣੀ 30 ਸਾਲਾ ਪਤਨੀ ਅਤੇ 2 ਮਾਸੂਮ ਪੁੱਤਰਾਂ ਨੂੰ ਮਾਰ ਦਿੱਤਾ।

ਉਕਤ ਘਟਨਾਵਾਂ ਨੇ ਦੇਸ਼ ਭਰ ’ਚ ਜ਼ਮਾਨਤ ਅਤੇ ਪੈਰੋਲ ਦੇ ਨਿਯਮਾਂ ਅਤੇ ਗਵਾਹਾਂ ਦੀ ਸੁਰੱਖਿਆ ’ਤੇ ਇਕ ਵੱਡਾ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਸਾਡੀਆਂ ਜੇਲਾਂ ਅਪਰਾਧੀਆਂ ਨੂੰ ਸੁਧਾਰਨ ’ਚ ਅਸਫਲ ਸਿੱਧ ਹੋ ਰਹੀਆਂ ਹਨ। ਇਸ ਲਈ ਇਸ ਸਬੰਧ ’ਚ ਅਪਰਾਧੀਆਂ ਦੇ ਨਾਲ-ਨਾਲ ਜੇਲ ਪ੍ਰਬੰਧਨ ’ਤੇ ਵੀ ਸਖ਼ਤ ਕਦਮ ਚੁੱਕਣ ਦੀ ਤੁਰੰਤ ਲੋੜ ਹੈ।

— ਵਿਜੇ ਕੁਮਾਰ


author

Sandeep Kumar

Content Editor

Related News