ਹਰ ਚੋਣ ਖਿਡਾਰੀਆਂ ਦੀਆਂ ਗਲਤੀਆਂ ਅਤੇ ਸਫਲਤਾਵਾਂ ਨੂੰ ਦਰਸਾਉਂਦੀ ਹੈ
Monday, Dec 02, 2024 - 03:00 PM (IST)
ਹਰ ਸਿਆਸੀ ਪਾਰਟੀ ਗਲਤੀਆਂ ਕਰਦੀ ਹੈ ਪਰ ਸਮਝਦਾਰ ਪਾਰਟੀ ਉਨ੍ਹਾਂ ਤੋਂ ਸਿੱਖ ਕੇ ਅੱਗੇ ਵਧਦੀ ਹੈ। ਕਿਸੇ ਵੀ ਪਾਰਟੀ ਦੇ ਵਾਧੇ ਅਤੇ ਸਫਲਤਾ ਲਈ ਪਿਛਲੀਆਂ ਗਲਤੀਆਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਦੀ ਤਰੱਕੀ ਲਈ ਕਦਮ ਵਜੋਂ ਵਰਤਣਾ ਚਾਹੀਦਾ ਹੈ। ਕਾਂਗਰਸ 6 ਮਹੀਨੇ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਬਾਅਦ ਆਪਣੀਆਂ ਸੀਟਾਂ ਨੂੰ ਦੁੱਗਣਾ ਕਰਨ ਦੇ ਬਾਅਦ ਉਹ ਰਫਤਾਰ ਬਣਾ ਕੇ ਨਹੀਂ ਰੱਖ ਸਕੀ।
ਇਸ ਦੀ ਕਾਰਗੁਜ਼ਾਰੀ ’ਚ ਗਿਰਾਵਟ ਦਾ ਕਾਰਨ ਕੀ ਸੀ? ਕੀ ਭਾਰਤ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਸਹੀ ਮੌਕਿਆਂ ਨੂੰ ਆਪਣੇ ਹੱਕ ’ਚ ਭੁਗਤਾਨ ’ਚ ਅਸਫਲ ਰਹੀ? ਕੀ ਝਾਰਖੰਡ ’ਚ ਭਾਜਪਾ ਨੇ ਗਲਤੀਆਂ ਕੀਤੀਆਂ? ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਹਾਲੀਆ ਨਤੀਜਿਆਂ ਤੋਂ ਵਿਕਾਸ ਦੇ ਮੌਕਿਆਂ ਦੇ ਖੁੰਝਣ ਦਾ ਪਤਾ ਲੱਗਦਾ ਹੈ। ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਚੋਣਾਂ ’ਚ ਦੋ ਗੱਲਾਂ ਸਾਹਮਣੇ ਆਈਆਂ ਹਨ।
ਪਹਿਲੀ ਗੱਲ ਇਹ ਹੈ ਕਿ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਦੀ ਜਿੱਤ ਦਾ ਆਕਾਰ, ਜਿਸ ਨੇ ਐੱਨ. ਸੀ. ਪੀ. ਅਤੇ ਊਧਵ ਸ਼ਿਵਸੈਨਾ ਨੂੰ ਹਰਾਇਆ, ਜੋ ਪਹਿਲਾਂ ਮਹਾਰਾਸ਼ਟਰ ’ਚ ਰਾਜ ਕਰ ਚੁੱਕੀਆਂ ਸਨ, ਅਤੇ ਦੂਜੀ ਗੱਲ ਇਹ ਹੈ ਕਿ ਹੇਮੰਤ ਸੋਰੇਨ ਨੇ ਝਾਰਖੰਡ ਨੂੰ ਕਿੰਨੀ ਆਸਾਨੀ ਨਾਲ ਕਾਇਮ ਰੱਖਿਆ। ਦੋਵੇਂ ਆਪਣੇ-ਆਪਣੇ ਸੂਬਿਆਂ ’ਚ ਰਾਜ ਕਰ ਰਹੇ ਸਨ। ਜੇਕਰ ਕਾਂਗਰਸ ਨੇ ਪਿਛਲੇ ਤਜਰਬਿਆਂ ਤੋਂ ਸਿੱਖਿਆ ਹੁੰਦਾ ਅਤੇ ਜ਼ਰੂਰੀ ਸਮਾਯੋਜਨ ਕੀਤੇ ਹੁੰਦੇ ਤਾਂ ਇਹ ਵਧੀਆ ਕਾਰਗੁਜ਼ਾਰੀ ਪੇਸ਼ ਕਰ ਸਕਦੀ ਸੀ। ਪੰਚਮੜੀ ਜਾਂ ਸ਼ਿਮਲਾ ਸੰਮੇਲਨਾਂ ਦੇ ਉਲਟ, ਇਥੇ ਚੋਣਾਂ ਉਪਰੰਤ ਵਿਸ਼ਲੇਸ਼ਣ ਦੀ ਘਾਟ ਰਹੀ ਹੈ।
ਕਾਂਗਰਸ ਨੂੰ ਸਵੈ-ਪੜਚੋਲ ਦੀ ਇਸ ਘਾਟ ਨੂੰ ਦੂਰ ਕਰਨਾ ਚਾਹੀਦਾ ਹੈ। ਇਹ ਪੀੜ੍ਹੀ ਦਰ ਪੀੜ੍ਹੀ ਬਦਲਾਅ ਦੇ ਕਾਰਨ ਨਹੀਂ ਹੋ ਸਕਦਾ, ਕਿਉਂਕਿ ਬਦਲਾਅ ਲਗਾਤਾਰ ਹੁੰਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਰਟੀ ਨੂੰ ਅੱਗੇ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ। ਬੜੀ ਪੁਰਾਣੀ ਪਾਰਟੀ ਪੂਰੀ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਚੁਣੇ ਹੋਏ ਸਹਿਯੋਗੀਆਂ ਦੇ ਕੰਟਰੋਲ ’ਚ ਹੈ। ਰਾਹੁਲ ਨੇ ਸਖਤ ਮਿਹਨਤ ਕੀਤੀ ਅਤੇ ਪ੍ਰਚਾਰ ਕੀਤਾ ਪਰ ਪਾਰਟੀ ਨੂੰ ਅਜੇ ਵੀ ਵੋਟਰਾਂ ਨੂੰ ਪੋਲਿੰਗ ਕੇਂਦਰਾਂ ਤੱਕ ਲਿਆਉਣਾ ਹੋਵੇਗਾ। ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਹਾਲ ਹੀ ’ਚ ਹਰਿਆਣਾ ਵਿਧਾਨ ਸਭਾ ’ਚ ਕੁਝ ਨਹੀਂ ਸਿੱਖਿਆ, ਜਿਵੇਂ ਕਿ ਇਕ ਨੇਤਾ ’ਤੇ ਬੜਾ ਜ਼ਿਆਦਾ ਨਿਰਭਰ ਰਹਿਣਾ, ਦੂਜਿਆਂ ਦੀ ਅਣਦੇਖੀ ਕਰਨੀ ਅਤੇ ਜਿੱਤਣ ਦੀ ਸਥਿਤੀ ’ਚ ਹੋਣ ਦੇ ਬਾਵਜੂਦ ਟਿਕਟਾਂ ਦੀ ਗਲਤ ਵੰਡ।
ਕਾਂਗਰਸ ਪਾਰਟੀ, ਐੱਨ. ਸੀ. ਪੀ. ਅਤੇ ਸ਼ਿਵਸੈਨਾ ਦੇ ਊਧਵ ਧੜੇ ਨੂੰ ਜਿਸ ਸਭ ਤੋਂ ਮਹੱਤਵਪੂਰਨ ਪਹਿਲੂ ’ਤੇ ਧਿਆਨ ਦੇਣਾ ਚਾਹੀਦਾ ਹੈ, ਉਹ ਹੈ ਕਥਾਨਕ। ਕਾਂਗਰਸ ਲਈ ਜਾਤੀ ਦੇ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕਰਨਾ, ਸੰਵਿਧਾਨ ਦੀ ਰੱਖਿਆ ਕਰਨ ਅਤੇ ਪ੍ਰਧਾਨ ਮੰਤਰੀ ’ਤੇ ਨਿੱਜੀ ਹਮਲੇ ਕਰਨਾ ਵੋਟਰਾਂ ਨੂੰ ਪਸੰਦ ਨਹੀਂ ਆਇਆ ਹੈ।
ਇਹ ਵਖਰੇਵਾਂ ਇਕ ਸਪੱਸ਼ਟ ਸੰਕੇਤ ਹੈ ਕਿ ਪਾਰਟੀ ਨੂੰ ਆਪਣੀ ਰਣਨੀਤੀ ਦਾ ਮੁੜ ਮੁਲਾਂਕਣ ਕਰਨ ਅਤੇ ਉਨ੍ਹਾਂ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ, ਜੋ ਅਸਲ ’ਚ ਵੋਟਰਾਂ ਲਈ ਮਾਅਨੇ ਰੱਖਦੇ ਹਨ, ਜਿਵੇਂ ਕਿ ਰੋਟੀ ਅਤੇ ਮੱਖਣ ਦੇ ਮੁੱਦੇ। ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ’ਤੇ ਇਕਮਤ ਹੋਣ ਦੀ ਲੋੜ ਹੈ। ‘ਇੰਡੀਆ’ ਗੱਠਜੋੜ ਦੇ ਅੰਦਰ ਵੀ ਹੁਣ ਮਤਭੇਦ ਹਨ। ਹਾਲਾਂਕਿ ਨਤੀਜਿਆਂ ਦੇ ਬਾਅਦ, ‘ਇੰਡੀਆ’ ਬਲਾਕ ’ਚ ਹਿੱਸੇਦਾਰ, ਜਿਵੇਂ ਕਿ ‘ਆਪ’ ਅਤੇ ਤ੍ਰਿਣਮੂਲ ਕਾਂਗਰਸ, ਆਪਣੇ ਖੁਦ ਦੇ ਏਜੰਡੇ ’ਤੇ ਕੰਮ ਕਰ ਰਹੇ ਹਨ ਅਤੇ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਲਈ ਸਾਂਝੀ ਕਾਰਵਾਈ ’ਚ ਬੜੀ ਘੱਟ ਰੁਚੀ ਦਿਖਾ ਰਹੇ ਹਨ।
ਇਸ ਤੋਂ ਪਹਿਲਾਂ ਵੀ, ਰਾਹੁਲ ਗਾਂਧੀ ਦੇ ਸਾਵਰਕਰ ’ਤੇ ਹਮਲੇ ਨੇ ਕਾਂਗਰਸ ਨੂੰ ਕੋਈ ਸਮਰਥਨ ਨਹੀਂ ਦਿਵਾਇਆ ਸੀ। ਇਸ ਦੀ ਬਜਾਏ, ਇਸ ਨੇ ਸ਼ਿਵਸੈਨਾ ਜੋ ਸਾਵਰਕਰ ਨੰੂ ਆਦਰਸ਼ ਮੰਨਦੀ ਸੀ ਅਤੇ ਕਾਂਗਰਸ ਦੇ ਦਰਮਿਆਨ ਮਤਭੇਦ ਪੈਦਾ ਕਰ ਦਿੱਤਾ ਸੀ। ਇਨ੍ਹਾਂ ਪਾਰਟੀਆਂ ਨੂੰ ਭਾਜਪਾ ਦੇ ਮੂਲ ਸੰਗਠਨ, ਆਰ. ਐੱਸ. ਐੱਸ. ਦੇ ਸਿਆਸੀ ਪ੍ਰਭਾਵ ਦਾ ਵੀ ਅਹਿਸਾਸ ਨਹੀਂ ਸੀ, ਜਿਸ ਨੇ ਪਾਰਟੀ ਦੀ ਸਫਲਤਾ ਲਈ ਕੰਮ ਕੀਤਾ।
‘ਇੰਡੀਆ’ ਬਲਾਕ ਨੇ ਲੋਕ ਸਭਾ ਚੋਣਾਂ ਦੌਰਾਨ ਮੁੱਦਿਆਂ ਨੂੰ ਸਪੱਸ਼ਟ ਨਹੀਂ ਕੀਤਾ, ਸਿਰਫ ਭਾਜਪਾ ਅਤੇ ਉਸਦੇ ਸਹਿਯੋਗੀਆਂ ਨੂੰ ਹਰਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ। ਇਸ ਰਣਨੀਤੀ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਿਸ ਨਾਲ ਭਾਜਪਾ ਨੂੰ 2 ਖੇਤਰੀ ਪਾਰਟੀਆਂ, ਜਦ (ਯੂ) ਅਤੇ ਤੇਲਗੂ ਦੇਸ਼ਮ ਪਾਰਟੀ ਦੇ ਸਮਰਥਨ ਨਾਲ ਸਰਕਾਰ ਬਣਾਉਣ ਲਈ ਮਜਬੂਰ ਹੋਣਾ ਪਿਆ।
ਮਰਾਠਾ ਮਹਾਰਥੀ ਸ਼ਰਦ ਪਵਾਰ ਆਪਣੀ ਪਾਰਟੀ ਅਤੇ ਚੋਣ ਆਪਣੇ ਭਤੀਜੇ, ਅਜੀਤ ਪਵਾਰ ਤੋਂ ਹਾਰਨ ਦੇ ਬਾਅਦ ਨਿਰਾਸ਼ਾ ਮਹਿਸੂਸ ਕਰ ਰਹੇ ਹੋਣਗੇਂ, ਜਿਨ੍ਹਾਂ ਨੂੰ ਉਨ੍ਹਾਂ ਨੇ ਤਿਆਰ ਕੀਤਾ ਸੀ। ਚਿਤਾਵਨੀ ਦੇ ਸੰਕੇਤ ਉਦੋਂ ਸਪੱਸ਼ਟ ਹੋ ਗਏ ਜਦੋਂ ਅਜੀਤ ਨੇ ਭਾਜਪਾ ਦਾ ਪੱਲਾ ਫੜ ਲਿਆ ਅਤੇ ਸਰਕਾਰ ਬਣਾਉਣ ’ਚ ਆਪਣੇ ਚਾਚੇ ਨੂੰ ਧੋਖਾ ਦਿੱਤਾ।
ਹਾਲਤ ਉਦੋਂ ਹੋਰ ਖਰਾਬ ਹੋ ਗਈ ਜਦੋਂ ਚੋਣ ਕਮਿਸ਼ਨ ਨੇ ਅਜੀਤ ਦੇ ਧੜੇ ਨੂੰ ਅਸਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਵਜੋਂ ਮਾਨਤਾ ਦੇ ਦਿੱਤੀ, ਜਦ ਕਿ ਸ਼ਰਦ ਪਵਾਰ ਨੇ ਇਸ ਨੂੰ ਕਈ ਵਾਰ ਸਥਾਪਿਤ ਕੀਤਾ। ਇਸ ਫੈਸਲੇ ਨੇ ਪਵਾਰ ਨੂੰ ਬੜਾ ਕਮਜ਼ੋਰ ਕਰ ਦਿੱਤਾ।
ਸ਼ਿਵਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੇ ਬੇਟੇ ਊਧਵ ਠਾਕਰੇ, ਜਿਨ੍ਹਾਂ ਨੇ ਆਪਣੇ ਪਿਤਾ ਦੀ ਥਾਂ ਲਈ, ਪਾਰਟੀ ਅਤੇ ਚੋਣ ਆਪਣੇ ਬਾਗੀ ਏਕਨਾਥ ਸ਼ਿੰਦੇ ਤੋਂ ਹਾਰ ਗਏ, ਜਿਨ੍ਹਾਂ ਨੇ ਭਾਜਪਾ ਨੂੰ ਮਹਾਰਾਸ਼ਟਰ ’ਚ ਗੱਠਜੋੜ ਸਰਕਾਰ ਬਣਾਉਣ ’ਚ ਮਦਦ ਕੀਤੀ। ਦੋਵਾਂ ਨੂੰ ਇਸ ਗੱਲ ’ਤੇ ਸਵੈ-ਚਿੰਤਨ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ’ਚ ਕਮੀ ਕਿਉਂ ਆਈ।ਦੂਜੇ ਪਾਸੇ, ‘ਇੰਡੀਆ’ ਬਲਾਕ ’ਚ ਭਾਈਵਾਲ ਜੇ. ਐੱਮ. ਐੱਮ. ਨੇ ਕਈ ਚੁਣੌਤੀਆਂ ਦੇ ਬਾਵਜੂਦ ਜਿੱਤ ਹਾਸਲ ਕਰਨ ਦਾ ਤਰੀਕਾ ਦਿਖਾਇਆ ਹੈ। ਜੇ. ਐੱਮ. ਐੱਮ. ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਉਨ੍ਹਾਂ ਦੀ ਪਤਨੀ ਕਲਪਨਾ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ, ਜਿਸ ’ਚ ਸੋਰੇਨ ਨੂੰ ਜੇਲ ਦੀ ਸਜ਼ਾ ਵੀ ਸ਼ਾਮਲ ਹੈ।
ਆਖਰਕਾਰ, ਚੋਣਾਂ ਦੀ ਜਿੱਤ ਅਤੇ ਹਾਰ ਪੂਰੀ ਦੁਨੀਆ ’ਚ ਦੇਖੀ ਜਾਂਦੀ ਹੈ। ਹਰ ਚੋਣ ਖਿਡਾਰੀਆਂ ਦੀਆਂ ਗਲਤੀਆਂ ਅਤੇ ਸਫਲਤਾਵਾਂ ਨੂੰ ਦਰਸਾਉਂਦੀ ਹੈ ਪਰ ਅਸਲੀ ਜੇਤੂ ਉਹ ਹੈ ਜੋ ਬਿਨਾਂ ਸਮਾਂ ਗੁਆਏ ਆਪਣੀਆਂ ਗਲਤੀਆਂ ਨੂੰ ਸੁਧਾਰਦਾ ਹੈ। ਜੇਤੂਆਂ ਨੂੰ ਆਤਮ ਸੰਤੁਸ਼ਟ ਨਹੀਂ ਹੋਣਾ ਚਾਹੀਦਾ, ਜਦ ਕਿ ਹਾਰਨ ਵਾਲਿਆਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੈ।