ਨਰਿੰਦਰ ਮੋਦੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਬਿਹਾਰ

Thursday, Nov 20, 2025 - 04:59 PM (IST)

ਨਰਿੰਦਰ ਮੋਦੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਬਿਹਾਰ

ਬਿਹਾਰ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਅਜਿਹਾ ਫਤਵਾ ਦਿੱਤਾ ਹੈ ਜਿਸ ਨੇ ਸੂਬੇ ਦੀ ਰਾਜਨੀਤੀ ਦੀ ਦਿਸ਼ਾ ਅਤੇ ਚਰਿੱਤਰ, ਦੋਵਾਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਦਿੱਤਾ ਹੈ। ਇਹ ਸਿੱਟਾ ਸਿਰਫ ਐੱਨ. ਡੀ. ਏ. ਦੀ ਮੁੜ ਜਿੱਤ ਦਾ ਨਹੀਂ ਸਗੋਂ ਉਸ ਪੁਰਾਣੇ ਸਿਆਸੀ ਦੌਰ ਤੋਂ ਫੈਸਲਾਕੁੰਨ ਦੂਰੀ ਦਾ ਸੰਕੇਤ ਹੈ ਜਿਸ ਨੂੰ ਸਾਲਾਂ ਤਕ ਬਿਹਾਰ ’ਤੇ ਇਕ ਸਥਾਈ ਪਰਛਾਵੇਂ ਵਾਂਗ ਮੰਨਿਆ ਜਾਂਦਾ ਰਿਹਾ।

ਕਦੇ ਹਿੰਸਾ, ਮੁੜ ਵੋਟਿੰਗ ਅਤੇ ਅਰਾਜਕਤਾ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਸਮਝ ਲੈਣ ਵਾਲੇ ਬਿਹਾਰ ਨੇ ਇਸ ਵਾਰ ਸ਼ਾਂਤ, ਸਥਿਰ ਅਤੇ ਸੁਚਾਰੂ ਜਮਹੂਰੀ ਅਭਿਆਸ ਰਾਹੀਂ ਸਾਬਿਤ ਕੀਤਾ ਹੈ ਕਿ ਸੂਬਾ ਹੁਣ ਇਕ ਬਿਲਕੁਲ ਨਵੀਂ ਸਿਆਸੀ ਸੰਸਕ੍ਰਿਤੀ ਨੂੰ ਅਪਣਾ ਚੁੱਕਾ ਹੈ। ਬਿਹਾਰ ਨੇ ਇਸ ਵਾਰ ਸਿਰਫ ਸਰਕਾਰ ਨਹੀਂ ਚੁਣੀ ਸਗੋਂ ਭਰੋਸੇ, ਵਿਕਾਸ ਅਤੇ ਸਨਮਾਨ ਦੀ ਰਾਜਨੀਤੀ ਨੂੰ ਫਿਰ ਤੋਂ ਸਪੱਸ਼ਟ ਸਮਰਥਨ ਦਿੱਤਾ ਹੈ।

ਬਿਹਾਰ ਦੀ ਸਿਆਸੀ ਯਾਦ ’ਚ ਇਹ ਤੱਥ ਡੂੰਘਾਈ ਨਾਲ ਦਰਜ ਹੈ ਕਿ ਜਦੋਂ-ਜਦੋਂ ਕਾਂਗਰਸ ਅਤੇ ਰਾਜਦ ਦੀਆਂ ਸਰਕਾਰਾਂ ਰਹੀਆਂ, ਸੂਬਾ ਚੋਣ ਹਿੰਸਾ ਅਤੇ ਅਰਾਜਕਤਾ ਨਾਲ ਜੂਝਦਾ ਰਿਹਾ। 1985 ਦੀਆਂ ਚੋਣਾਂ ’ਚ 63 ਲੋਕਾਂ ਦੀ ਮੌਤ ਹੋਈ ਅਤੇ 156 ਵੋਟਿੰਗ ਕੇਂਦਰਾਂ ’ਤੇ ਦੁਬਾਰਾ ਵੋਟਾਂ ਪੁਆਉਣੀਆਂ ਪਈਆਂ। 1990 ’ਚ ਸਥਿਤੀ ਹੋਰ ਭਿਆਨਕ ਹੋਈ ਅਤੇ 87 ਲੋਕਾਂ ਨੇ ਅਾਪਣੀਆਂ ਜਾਨਾਂ ਗੁਆਈਆਂ। 1995 ’ਚ ਹਾਲਾਤ ਇੰਨੇ ਵਿਗੜ ਗਏ ਕਿ ਚੋਣ ਕਮਿਸ਼ਨ ਨੂੰ ਬਿਹਾਰ ਚੋਣਾਂ 4 ਵਾਰ ਮੁਲਤਵੀ ਕਰਨੀਆਂ ਪਈਆਂ।

2005 ’ਚ ਵੀ ਹਿੰਸਾ ਅਤੇ ਗੜਬੜੀਆਂ ਕਾਰਨ 660 ਵੋਟਿੰਗ ਕੇਂਦਰਾਂ ’ਤੇ ਦੁਬਾਰਾ ਵੋਟਿੰਗ ਹੋਈ। ਇਨ੍ਹਾਂ ਘਟਨਾਵਾਂ ਨੇ ਇਹ ਸਥਾਪਿਤ ਕਰ ਦਿੱਤਾ ਸੀ ਕਿ ਬਿਹਾਰ ’ਚ ਚੋਣਾਂ ਕਿਸੇ ਉਤਸਵ ਵਾਂਗ ਨਹੀਂ ਸਗੋਂ ਇਕ ਚੁਣੌਤੀ ਵਾਂਗ ਹੁੰਦੀਆਂ ਹਨ ਪਰ ਸਾਲ 2025 ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਬਿਹਾਰ ਨੂੰ ਸ਼ਾਂਤੀਪੂਰਨ ਜਮਹੂਰੀ ਪ੍ਰਕਿਰਿਆ ਦੀ ਨਵੀਂ ਪਛਾਣ ਦਿੱਤੀ। ਇਸ ਵਾਰ ਪੂਰੇ ਸੂਬੇ ’ਚ ਨਾ ਹਿੰਸਾ ਹੋਈ ਅਤੇ ਨਾ ਇਕ ਵੀ ਵੋਟਿੰਗ ਕੇਂਦਰ ’ਤੇ ਮੁੜ ਵੋਟਿੰਗ ਕਰਵਾਈ ਗਈ।

ਇਹ ਉਹੀ ਸੁਸ਼ਾਸਨ ਹੈ ਜਿਸ ਦੀ ਗੱਲ ਰਾਸ਼ਟਰੀ ਜਮਹੂਰੀ ਗੱਠਜੋੜ ਸਾਲਾਂ ਤੋਂ ਕਰਦਾ ਆਇਆ ਹੈ। ਇਹ ਉਹ ਪ੍ਰਸ਼ਾਸਨਿਕ ਸਥਿਰਤਾ ਹੈ ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਿਲ ਕੇ ਸਥਾਪਿਤ ਕੀਤਾ ਹੈ। ਇਨ੍ਹਾਂ ਚੋਣਾਂ ਦਾ ਇਕ ਵਰਣਨਯੋਗ ਪਹਿਲੂ ਇਹ ਵੀ ਰਿਹਾ ਕਿ ਜਿਥੇ-ਜਿਥੇ ਪ੍ਰਧਾਨ ਮੰਤਰੀ ਮੋਦੀ ਨੇ ਰੈਲੀਆਂ ਕੀਤੀਆਂ, ਉਥੇ-ਉਥੇ ਵੋਟਿੰਗ ਦਾ ਫੀਸਦੀ ਵੱਧ ਰਿਹਾ ਅਤੇ ਰਾਸ਼ਟਰੀ ਜਮਹੂਰੀ ਗੱਠਜੋੜ ਨੂੰ ਫੈਸਲਾਕੁੰਨ ਸਮਰਥਨ ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ 24 ਅਕਤੂਬਰ ਨੂੰ ਸਮਸਤੀਪੁਰ ਤੋਂ ਅਾਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਥੇ 71.74 ਫੀਸਦੀ ਵੋਟਿੰਗ ਦਰਜ ਹੋਈ। ਉਸੇ ਦਿਨ ਬੇਗੂਸਰਾਏ ’ਚ ਉਨ੍ਹਾਂ ਦੇ ਸੰਬੋਧਨ ਤੋਂ ਬਾਅਦ 69.87 ਫੀਸਦੀ ਵੋਟਿੰਗ ਹੋਈ। 30 ਅਕਤੂਬਰ ਨੂੰ ਮੁਜ਼ੱਫਰਪੁਰ ਅਤੇ ਛਪਰਾ ’ਚ ਜਨਸਭਾਵਾਂ ਤੋਂ ਬਾਅਦ ਤਰਤੀਬਵਾਰ 71.81 ਫੀਸਦੀ ਅਤੇ 63.86 ਫੀਸਦੀ ਵੋਟਿੰਗ ਹੋਈ।

ਪਿੰਡਾਂ ਅਤੇ ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਗਿਆ ਸਮਰਥਨ ਵੀ ਇਨ੍ਹਾਂ ਚੋਣਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ’ਚੋਂ ਇਕ ਹੈ। ਬਿਹਾਰ ਦੇਸ਼ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਅਤੇ ਇਥੋਂ ਦੀ ਲਗਭਗ 89 ਫੀਸਦੀ ਆਬਾਦੀ ਪੇਂਡੂ ਖੇਤਰਾਂ ’ਚ ਰਹਿੰਦੀ ਹੈ। ਹਿਮਾਚਲ ਪ੍ਰਦੇਸ਼ ਤੋਂ ਬਾਅਦ ਦਿਹਾਤੀ ਫੀਸਦੀ ਦੇ ਮਾਮਲੇ ’ਚ ਬਿਹਾਰ ਦੂਜੇ ਸਥਾਨ ’ਤੇ ਆਉਂਦਾ ਹੈ। ਅਜਿਹੇ ’ਚ ਬਿਹਾਰ ਦਾ ਫਤਵਾ ਉਸ ਦਿਹਾਤੀ ਭਾਰਤ ਦਾ ਸੰਕੇਤ ਦਿੰਦਾ ਹੈ ਜੋ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੂੰ ਭਰੋਸੇ ਦੇ ਨਾਲ ਸਵੀਕਾਰ ਕਰਦਾ ਹੈ। ਮੋਦੀ ਸਰਕਾਰ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਦਾ ਲਾਭ ਸਿੱਧਾ ਦਿਹਾਤੀ ਸਮਾਜ ਤੱਕ ਪਹੁੰਚਿਆ ਹੈ। ਇਹੀ ਕਾਰਨ ਹੈ ਕਿ ਪਿੰਡਾਂ ’ਚ ਰਾਸ਼ਟਰੀ ਜਮਹੂਰੀ ਗੱਠਜੋੜ ਦੇ ਸਮਰਥਨ ਦੀ ਲਹਿਰ ਹੋਰ ਜ਼ਿਆਦਾ ਮਜ਼ਬੂਤ ਦਿਖਾਈ ਦਿੱਤੀ।

ਇਨ੍ਹਾਂ ਚੋਣਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਬਿਹਾਰ ਦੀ ਜਨਤਾ ਨੇ ਇਸ ਵਾਰ ਸਨਮਾਨ ਅਤੇ ਸਵਾਭਿਮਾਨ ਲਈ ਵੋਟਾਂ ਪਾਈਆਂ ਹਨ। ਵਿਰੋਧੀ ਗੱਠਜੋੜ ਦੇ ਨੇਤਾਵਾਂ ਨੇ ਕਈ ਵਾਰ ਬਿਹਾਰ ਦੀ ਸੰਸਕ੍ਰਿਤੀ ਨੂੰ ਅਪਮਾਨਿਤ ਕਰਨ ਵਾਲੇ ਬਿਆਨ ਦਿੱਤੇ। ਰਾਹੁਲ ਗਾਂਧੀ ਨੇ ਛੱਠ ਪੂਜਾ ਦਾ ਮਜ਼ਾਕ ਉਡਾਉਂਦੇ ਹੋਏ ਇਸ ਨੂੰ ਨਾਟਕ ਕਿਹਾ, ਜਿਸ ਨੇ ਬਿਹਾਰ ਦੀ ਪਛਾਣ ਨੂੰ ਠੇਸ ਪਹੁੰਚਾਈ। ਇਸ ਦੇ ਉਲਟ ਪ੍ਰਧਾਨ ਮੰਤਰੀ ਮੋਦੀ ਛੱਠ ਪੂਜਾ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ’ਚ ਸ਼ਾਮਲ ਕਰਵਾਉਣ ਦਾ ਯਤਨ ਕਰ ਰਹੇ ਹਨ ਤਾਂ ਕਿ ਇਸ ਪ੍ਰੰਪਰਾ ਨੂੰ ਵਿਸ਼ਵਵਿਆਪੀ ਪਛਾਣ ਮਿਲ ਸਕੇ।

ਇਹ ਚੋਣ ਨਤੀਜਾ ਇਹ ਵੀ ਦਰਸਾਉਂਦਾ ਹੈ ਕਿ ਬਿਹਾਰ ਲਗਾਤਾਰ 5 ਚੋਣਾਂ ਨਾਲ ਨਰਿੰਦਰ ਮੋਦੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਸਾਲ 2014, 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਅਤੇ 2020 ਅਤੇ 2025 ਦੀਆਂ ਵਿਧਾਨ ਸਭਾ ਚੋਣਾਂ ’ਚ ਬਿਹਾਰ ਦੀ ਜਨਤਾ ਨੇ ਸਪੱਸ਼ਟ ਸਮਰਥਨ ਦਿੱਤਾ ਹੈ। ਇਹ ਸਿਰਫ ਸਿਆਸੀ ਸਮਰਥਨ ਨਹੀਂ ਸਗੋਂ ਪ੍ਰਧਾਨ ਮੰਤਰੀ ਮੋਦੀ ਅਤੇ ਬਿਹਾਰ ਦੇ ਲੋਕਾਂ ਦਰਮਿਆਨ ਬਣੇ ਵਿਸ਼ਵਾਸ ਅਤੇ ਵਿਕਾਸ ਅਾਧਾਰਿਤ ਸੰਬੰਧਾਂ ਦਾ ਸੰਕੇਤ ਹੈ।

ਪ੍ਰੇਮ ਸ਼ੁਕਲ (ਰਾਸ਼ਟਰੀ ਬੁਲਾਰਾ, ਭਾਜਪਾ)


author

Rakesh

Content Editor

Related News