ਵਿਰੋਧੀ ਵਿਚਾਰਾਂ ਪ੍ਰਤੀ ਅਸਹਿਣਸ਼ੀਲਤਾ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ
Thursday, Aug 07, 2025 - 04:38 PM (IST)

ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ’ਚ ਸਾਖਰਤਾ ਦੇ ਪ੍ਰਸਾਰ ਅਤੇ ਆਰਥਿਕ ਸਥਿਤੀ ’ਚ ਸੁਧਾਰ ਦੇ ਬਾਵਜੂਦ, ਵਿਰੋਧੀ ਵਿਚਾਰਾਂ ਪ੍ਰਤੀ ਜਨਤਕ ਚਰਚਾ ਅਤੇ ਅਸਹਿਣਸ਼ੀਲਤਾ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ। ਇਹ ਵਿਅਕਤੀਆਂ ਦੇ ਨਾਲ-ਨਾਲ ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਵਰਗੀਆਂ ਸੰਸਥਾਵਾਂ ਲਈ ਵੀ ਸੱਚ ਹੈ।
ਮੀਡੀਆ ਦਾ ਇਕ ਹਿੱਸਾ ਹੋਣ ਦੇ ਨਾਤੇ, ਮੈਂ ਸਭ ਤੋਂ ਪਹਿਲਾਂ ਮੀਡੀਆ ’ਤੇ ਹੀ ਧਿਆਨ ਕੇਂਦ੍ਰਿਤ ਕਰਨਾ ਚਾਹਾਂਗਾ। ਜਿਥੇ ਪ੍ਰਿੰਟ ਮੀਡੀਆ ਅਜੇ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਅਤੇ ਸੰਜਮੀ ਹੈ ਅਤੇ ਡਿਜੀਟਲ ਮੀਡੀਆ ਅਜੇ ਵੀ ਵਧ ਰਿਹਾ ਹੈ ਅਤੇ ਮਿਸ਼ਰਤ ਵਿਚਾਰਧਾਰਾ ਵਾਲਾ ਹੈ, ਉੱਥੇ ਹੀ ਇਲੈਕਟ੍ਰਾਨਿਕ ਮੀਡੀਆ ਅਤੇ ਖਾਸ ਕਰਕੇ ਟੀ. ਵੀ. ਨਿਊਜ਼ ਚੈਨਲ ਹੀ ਹਨ ਜੋ ਸ਼ਿਸ਼ਟਾਚਾਰ ਅਤੇ ਜ਼ਿੰਮੇਵਾਰ ਜਨਤਕ ਬਹਿਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ।
ਰੌਲਾ ਪਾਉਣ ਵਾਲੇ ਐਂਕਰ, ਜਿਨ੍ਹਾਂ ’ਚੋਂ ਜ਼ਿਆਦਾਤਰ ਆਪਣੇ ਰਾਜਨੀਤਿਕ ਸੰਬੰਧਾਂ ਦਾ ਦਿਖਾਵਾ ਕਰਨ ਤੋਂ ਝਿਜਕਦੇ ਨਹੀਂ ਹਨ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਹਮਲਾਵਰ ਬੁਲਾਰੇ ਸਮੂਹਿਕ ਤੌਰ ’ਤੇ ਆਪਣਾ ਇਕ ਤਮਾਸ਼ਾ ਬਣਾ ਰਹੇ ਹਨ। ਸ਼ਾਇਦ ਟੀ. ਆਰ. ਪੀ. ਨੂੰ ਧਿਆਨ ’ਚ ਰੱਖਦੇ ਹੋਏ, ਉਹ ਮਹਿਸੂਸ ਕਰਦੇ ਹਨ ਕਿ ਇਕ-ਦੂਜੇ ’ਤੇ ਅਭੱਦਰ ਅਤੇ ਅਪਮਾਨਜਨਕ ਭਾਸ਼ਾ ਅਤੇ ਨਿੱਜੀ ਹਮਲੇ ਕਰਨ ਨਾਲ ਉਹ ‘ਪ੍ਰਸਿੱਧ’ ਹੋ ਜਾਣਗੇ। ਬਦਲਵੇਂ ਤੌਰ ’ਤੇ ਹੋ ਸਕਦਾ ਹੈ ਕਿ ਉਹ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਹੇ ਹੋਣ।
ਬਦਕਿਸਮਤੀ ਨਾਲ ਇਹ ਟੀ. ਵੀ. ‘ਸਮਾਚਾਰ ਚੈਨਲ’ ਮੀਡੀਆ ਦਾ ਚਿਹਰਾ ਬਣ ਗਏ ਹਨ। ਮੁੱਖ ਤੌਰ ’ਤੇ ਇਸ ਲਈ ਕਿਉਂਕਿ ਦ੍ਰਿਸ਼ ਮੀਡੀਆ ਦਾ ਜਨਮਾਨਸ ’ਚ ਜ਼ਿਆਦਾ ਪ੍ਰਭਾਵ ਹੈ। ਜ਼ਿਆਦਾਤਰ ਲੋਕ ਮੀਡੀਆ ’ਤੇ ਹਮਲਾ ਕਰਦੇ ਹਨ ਜਾਂ ਉਸ ਪ੍ਰਤੀ ਤ੍ਰਿਸਕਾਰ ਪ੍ਰਗਟ ਕਰਦੇ ਹਨ, ਮੁੱਖ ਤੌਰ ’ਤੇ ਇਸ ਲਈ ਕਿਉਂਕਿ ਉਹ ਇਨ੍ਹਾਂ ਚੈਨਲਾਂ ’ਤੇ ਕੀ ਦੇਖਦੇ ਹਨ। ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਨ੍ਹਾਂ ਚੈਨਲਾਂ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ’ਚ ਭਾਰੀ ਗਿਰਾਵਟ ਆਈ ਹੈ ਪਰ ਫਿਰ ਵੀ ਦ੍ਰਿਸ਼ ਲਾਭ ਦੇ ਕਾਰਨ ਇਹ ਲੋਕਾਂ ਦੇ ਮਨ ’ਚ ਆਪਣੀ ਹਾਜ਼ਰੀ ਬਣਾਈ ਰੱਖਦੇ ਹਨ।
ਫਿਰ ਵੀ ਕੋਈ ਵੀ ਸਮਝਦਾਰ ਵਿਅਕਤੀ, ਖਾਸ ਕਰ ਕੇ ਮੀਡੀਆ ਦੇ ਪੁਰਾਣੇ ਜ਼ਮਾਨੇ ਦੇ ਕੁਝ ਸਨਮਾਨਜਨਕ ਅਪਵਾਦਾਂ ਨੂੰ ਛੱਡ ਕੇ, ਇਨ੍ਹਾਂ ਚੈਨਲਾਂ ਵਲੋਂ ਕੀਤੀਆਂ ਜਾਣ ਵਾਲੀਆਂ ਅਪਮਾਨਜਨਕ ‘ਜਨਤਕ ਬਹਿਸਾਂ’ ਨੂੰ ਸਹੀ ਜਾਂ ਸੱਚ ਨਹੀਂ ਠਹਿਰਾ ਸਕਦਾ।
ਸਿਆਸੀ ਵਰਗ, ਜਿਸ ’ਚ ਸਾਰੀਆਂ ਵਿਚਾਰਧਾਰਾਵਾਂ ਦੇ ਸਿਆਸੀ ਦਲ ਸ਼ਾਮਲ ਹਨ, ਵੀ ਸਿਆਸੀ ਵਿਰੋਧੀਆਂ ਦੇ ਵਿਰੁੱਧ ਗੈਰ-ਜ਼ਿੰਮੇਵਾਰਾਨਾ ਅਤੇ ਅਪਮਾਨਜਨਕ ਟਿੱਪਣੀਆਂ ਦੀ ਗਹਿਰਾਈ ਤੱਕ ਉਤਰਨ ਲਈ ਆਲੋਚਨਾ ਦੇ ਪਾਤਰ ਹਨ। ਉਹ ਦਿਨ ਗਏ ਜਦੋਂ ਇਕ-ਦੂਸਰੇ ਦੀ ਸਿਆਸਤ ਦੇ ਸਭ ਤੋਂ ਤਿੱਖੇ ਆਲੋਚਕ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕਰਨ ਤੋਂ ਬਚਦੇ ਸਨ ਅਤੇ ਸਿਆਸਤ ’ਤੇ ਗੱਲ ਨਾ ਕਰਦੇ ਹੋਏ ਵੀ ਚੰਗੇ ਦੋਸਤ ਬਣੇ ਰਹਿੰਦੇ ਸਨ।
ਅੱਜਕਲ ਸਖਤ ਅਤੇ ਅਸੱਭਿਅਕ ਸ਼ਬਦਾਂ ਦੀ ਵਰਤੋਂ ਉਨ੍ਹਾਂ ਨੂੰ ਇਕ-ਦੂਸਰੇ ਨਾਲ ਅੱਖ ਮਿਲਾਉਣ ਦੀ ਵੀ ਗੁੰਜਾਇਸ਼ ਨਹੀਂ ਛੱਡਦੀ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ’ਚ ਅਜਿਹੇ ਬਿਆਨ ਦਿੱਤੇ ਹਨ ਜੋ ਉਨ੍ਹਾਂ ਦੇ ਅਹੁਦੇ ਦੇ ਅਨੁਕੂਲ ਨਹੀਂ ਹਨ, ਖਾਸ ਕਰ ਕੇ ਜਦੋਂ ਰਾਸ਼ਟਰੀ ਹਿੱਤਾਂ ਦੀ ਗੱਲ ਹੋਵੇ। ਪਾਕਿਸਤਾਨ ਦੇ ਨਾਲ ਹਾਲੀਆ ਝੜਪ ’ਚ ਸੁੱਟੇ ਗਏ ਜਹਾਜ਼ਾਂ ਦੀ ਗਿਣਤੀ ਜਾਣਨ ਦੀ ਉਨ੍ਹਾਂ ਦੀ ਇਕਮੁਸ਼ਤ ਮੰਗ ਅਤੇ ਅਡਾਣੀ ਦੇ ਹਿੱਤਾਂ ਦੇ ਕਾਰਨ ਟਰੰਪ ਨਾਲ ਨਜਿੱਠਣ ’ਚ ਪ੍ਰਧਾਨ ਮੰਤਰੀ ਦੇ ਹੱਥ ਬੰਨ੍ਹੇ ਹੋਣ ’ਤੇ ਜ਼ੋਰ ਦੇਣਾ, ਇਨ੍ਹਾਂ ਸਾਰੀਆਂ ਗੱਲਾਂ ਨੂੰ ਸ਼ਾਂਤ ਕੀਤਾ ਜਾਣਾ ਚਾਹੀਦਾ ਸੀ।
ਉਨ੍ਹਾਂ ਦੀਆਂ ਪਿਛਲੀਆਂ ਟਿੱਪਣੀਆਂ ਜਿਵੇਂ ਕਿ ‘ਚੌਕੀਦਾਰ ਚੋਰ ਹੈ’, ਜਿਸ ਨੂੰ ਬਹੁਤ ਘੱਟ ਲੋਕਾਂ ਨੇ ਗੰਭੀਰਤਾ ਨਾਲ ਲਿਆ ਸੀ, ਅਤੇ ਹਾਲ ਹੀ ’ਚ ਰੱਖਿਆ ਬਲਾਂ ਨੂੰ ਬਦਨਾਮ ਕਰਨ ਲਈ ‘ਪੀਟ ਰਹੇ ਥੇ’ ਵਰਗੇ ਸ਼ਬਦਾਂ ਦੀ ਵਰਤੋਂ ਇਕ ਚੋਟੀ ਦੇ ਰਾਜਨੀਤਿਕ ਨੇਤਾ ਲਈ ਲੋੜੀਂਦੀ ਪਰਿਪੱਕਤਾ ਅਤੇ ਸਮਝਦਾਰੀ ਦੀ ਘਾਟ ਨੂੰ ਦਰਸਾਉਂਦੀ ਹੈ।
ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਨੂੰ ‘ਪੱਪੂ’ ਕਹਿਣਾ ਅਤੇ ਇਹ ਦਾਅਵਾ ਕਰਨਾ ਕਿ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ‘ਰਾਸ਼ਟਰ ਵਿਰੋਧੀ’ ਹੈ ਜਾਂ ਪਾਕਿਸਤਾਨ ਨਾਲ ਮਿਲੀਭੁਗਤ ਹੈ, ਉਨ੍ਹਾਂ ਦੇ ਕੱਟੜ ਸਮਰਥਕਾਂ ਤੋਂ ਇਲਾਵਾ ਸਾਰਿਆਂ ਨੂੰ ਪਸੰਦ ਨਹੀਂ ਆਵੇਗਾ। ਭਾਜਪਾ ਰਾਹੁਲ ਗਾਂਧੀ ਨੂੰ ‘ਪਾਕਿਸਤਾਨ ਦਾ ਪੋਸਟਰ ਬੁਆਏ’ ਦੱਸਦੀ ਰਹੀ ਹੈ।
ਗੈਰ-ਜ਼ਿੰਮੇਵਾਰ ਜਾਂ ਬੇਬੁਨਿਆਦ ਟਿੱਪਣੀਆਂ ਦਾ ਇਹ ਆਮ ਰੁਝਾਨ ਨਾ ਸਿਰਫ਼ ਆਮ ਆਦਮੀ ਤੱਕ ਪਹੁੰਚਦਾ ਹੈ, ਸਗੋਂ ਕਈ ਵਾਰ ਨਿਆਂਪਾਲਿਕਾ ਵੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਹੋ ਜਾਂਦੀ ਹੈ। ਰਾਹੁਲ ਗਾਂਧੀ ਨਾਲ ਜੁੜੇ ਮਾਣਹਾਨੀ ਦੇ ਇਕ ਮਾਮਲੇ ਦੀ ਹਾਲੀਆ ਸੁਣਵਾਈ ਦੌਰਾਨ, ਦੋ ਜੱਜਾਂ ਦੇ ਬੈਂਚ ਨੇ ਟਿੱਪਣੀ ਕੀਤੀ ਕਿ ਇਕ ‘ਸੱਚਾ ਭਾਰਤੀ’ ਗਲਵਾਨ ਝੜਪਾਂ ਦੇ ਸੰਬੰਧ ’ਚ ਉਨ੍ਹਾਂ ਬਾਰੇ ਟਿੱਪਣੀਆਂ ਨਹੀਂ ਕਰੇਗਾ। ਇਸ ਦਾ ਅਰਥ ਇਹ ਹੋਵੇਗਾ ਕਿ ਜੇਕਰ ਰਾਹੁਲ ਗਾਂਧੀ ਨੇ ਸੱਚਮੁੱਚ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ, ਤਾਂ ਉਹ ‘ਸੱਚੇ ਭਾਰਤੀ’ ਨਹੀਂ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਾਹੁਲ ਗਾਂਧੀ ਦੁਆਰਾ ਉਨ੍ਹਾਂ ਸ਼ਬਦਾਂ ਦੀ ਵਰਤੋਂ ਅਣਉਚਿਤ ਸੀ ਅਤੇ ਉਨ੍ਹਾਂ ਨੂੰ ਝਿੜਕਿਆ ਜਾਣਾ ਚਾਹੀਦਾ ਹੈ, ਪਰ ਇਹ ਕਹਿਣਾ ਕਿ ਉਹ ‘ਸੱਚੇ ਭਾਰਤੀ’ ਨਹੀਂ ਹਨ, ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਨਿਆਂਪਾਲਿਕਾ ਅਧਿਕਾਰਾਂ ਦੀ ਰੱਖਿਆ ਲਈ ਹੈ, ਕਿਸੇ ਨੂੰ ਪ੍ਰਚਾਰ ਕਰਨ ਜਾਂ ਲੇਬਲ ਕਰਨ ਲਈ ਨਹੀਂ। ਹਾਲ ਹੀ ’ਚ, ਬੰਬੇ ਹਾਈ ਕੋਰਟ ਨੇ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ। ਇਸ ਨੇ ਖੱਬੇਪੱਖੀ ਪਾਰਟੀਆਂ ਦੀ ਦੇਸ਼ ਭਗਤੀ ’ਤੇ ਸਵਾਲ ਉਠਾਏ ਸਨ, ਜਿਨ੍ਹਾਂ ਨੇ ਗਾਜ਼ਾ ਦੇ ਸਮਰਥਨ ਵਿਚ ਆਜ਼ਾਦ ਮੈਦਾਨ ’ਚ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ਦੇ ਪੁਲਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ।
ਸਾਨੂੰ ਹੁਣ ਰੁਕ ਕੇ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਹਰ ਕੋਈ ਆਤਮ-ਨਿਰੀਖਣ ਕਰੇ।
-ਵਿਪਿਨ ਪੱਬੀ