ਕੀ ਸੱਚਮੁੱਚ ਕਮਜ਼ੋਰ ਪਵੇਗਾ ਜਾਤੀ ਦਾ ਜਿੰਨ

Monday, Aug 18, 2025 - 07:35 PM (IST)

ਕੀ ਸੱਚਮੁੱਚ ਕਮਜ਼ੋਰ ਪਵੇਗਾ ਜਾਤੀ ਦਾ ਜਿੰਨ

ਬਿਹਾਰ ’ਚ ਚੋਣਾਂ ਹੋਣ ਅਤੇ ਜਾਤੀ ਦਾ ਜਿੰਨ ਬੋਤਲ ’ਚੋਂ ਬਾਹਰ ਨਿਕਲ ਕੇ ਘੁੰਮਦਾ ਨਾ ਦਿਸੇ, ਸ਼ਾਇਦ ਇਹ ਸੰਭਵ ਨਹੀਂ। ਹਰ ਵਾਰ ਇਹੀ ਸਵਾਲ ਉੱਠਦਾ ਹੈ ਕਿ ਬਿਹਾਰ ਤੋਂ ਜਾਤੀ ਕਿਉਂ ਨਹੀਂ ਜਾਂਦੀ? ਕੀ ਬਿਹਾਰ ਦੀ ਪਛਾਣ ਸਿਰਫ ਜਾਤੀ ਹੈ ਅਤੇ ਬਿਹਾਰੀਆਂ ਦੀ ਸੋਚ ਜਾਤੀਵਾਦੀ? ਇਹ ਇਕ ਗੰਭੀਰ ਪ੍ਰਸ਼ਨ ਹੈ ਜੋ ਬਦਕਿਸਮਤੀ ਨਾਲ ਇਸ ਊਰਜਾਵਾਨ ਸੂਬੇ ਦੀ ਪਛਾਣ ਬਣ ਗਿਆ ਹੈ।

ਜਾਤੀ ਦਾ ਜਿੰਨ ਚੋਣਾਂ ਦੇ ਸਮੇਂ ਸਭ ਤੋਂ ਵੱਧ ਸਰਗਰਮ ਹੁੰਦਾ ਹੈ। ਚੋਣਾਂ ਤੋਂ ਪਹਿਲਾਂ ਸਭ ਇਹੀ ਜਾਣਨਾ ਚਾਹੁੰਦੇ ਹਨ ਕਿ ਇਸ ਵਾਰ ਦੀਆਂ ਚੋਣਾਂ ’ਚ ਜਾਤੀ ਦੀ ਕੀ ਭੂਮਿਕਾ ਹੋਵੇਗੀ ਜਾਂ ਸਿਆਸੀ ਦਲ ਕਿਹੜੇ ਨਵੇਂ ਜਾਤੀ ਸਮੀਕਰਨ ਡਿਜ਼ਾਈਨ ਕਰਨਗੇ? ਸਮਾਜਵਾਦ ’ਤੇ ਸਿਆਸੀ ਵਿਅੰਗ ਅਤੇ ਟਿੱਪਣੀ ਕਰਦੇ ਹੋਏ ਭੋਜਪੁਰੀ ਦੇ ਕਵੀ ਗੋਰਖ ਪਾਂਡੇ ਨੇ ਲਿਖਿਆ ਸੀ, ‘‘ਸਮਾਜਵਾਦ ਬਬੂਆ, ਧੀਰੇ-ਧੀਰੇ ਆਈ ਹਾਥੀ ਸੇ ਆਈ, ਘੋੜਾ ਸੇ ਆਈ, ਅੰਗਰੇਜ਼ੀ ਬਾਜਾ ਬਜਾਈ, ਸਮਾਜਵਾਦ ਉਨਕੇ ਧੀਰੇ-ਧੀਰੇ ਆਈ।’ ਅਸਲੀ ਸਮਾਜਵਾਦ ਦਾ ਤਾਂ ਪਤਾ ਨਹੀਂ, ਪਰ ਹਾਂ ਬੈੱਡ ਬਾਜਾ ਵਜਾਉਂਦੇ ਹੋਏ ਜਾਤੀਵਾਦ ਜ਼ਰੂਰ ਆ ਗਿਆ ਅਤੇ ਸਮਾਜਵਾਦ ਵਿਚ ਛਾ ਗਿਆ।

ਬਿਹਾਰ ਵਿਚ ਜਾਤੀ ਕੇਂਦਰਿਤ ਸਮਾਜਿਕ ਨਿਆਂ ਸਮਾਜਵਾਦੀ ਸਿਆਸਤ ਦਾ ਇਕ ਮੁੱਖ ਵਿਚਾਰ ਅਤੇ ਕੋਸ਼ਿਸ਼ ਰਿਹਾ। ਉਸ ਨੇ ਬਿਹਾਰ ਦੇ ਰਵਾਇਤੀ ਜਾਤੀਵਾਦੀ ਗਲਬੇ ਨੂੰ ਦੂਰ ਕੀਤਾ ਅਤੇ ਕਾਫੀ ਹੱਦ ਤਕ ਵਾਂਝੇ- ਸ਼ੋਸ਼ਿਤ ਵਰਗਾਂ ਨੂੰ ਮੁੱਖ ਧਾਰਾ ਨਾਲ ਜੋੜਨ ਵਿਚ ਸਫਲਤਾ ਵੀ ਹਾਸਲ ਕੀਤੀ। ਨਿਸ਼ਚੈ ਹੀ ਇਹ ਸਮਾਜਵਾਦੀ ਕੋਸ਼ਿਸ਼ ਸ਼ਲਾਘਾਯੋਗ ਹੈ ਪਰ ਅਸਲ ’ਚ ਕੀ ਸਿਰਫ ਇਹੀ ਸਮਾਜਵਾਦ ਹੈ? ਕੀ ਸਮਾਜਿਕ ਨਿਆਂ ਦਾ ਜਾਤੀ ਕੇਂਦਰਿਤ ਦ੍ਰਿਸ਼ਟੀਕੋਣ ਬਿਹਾਰ ਦੀ ਬਦਹਾਲ ਸਿਹਤ ਅਤੇ ਸਿੱਖਿਆ ਵਿਵਸਥਾ, ਹਿਜਰਤ, ਬੇਰੋਜ਼ਗਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਦੂਰ ਕਰ ਸਕਿਆ?

ਅੱਜ ਇਹ ਸਵਾਲ ਬਿਹਾਰ ਵਾਸੀਆਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਜਿਨ੍ਹਾਂ ਦੀ ਆਬਾਦੀ 58 ਫੀਸਦੀ, ਔਸਤ ਉਮਰ 25 ਸਾਲ ਤੋਂ ਘੱਟ ਅਤੇ ਜਿਨ੍ਹਾਂ ਨੂੰ ਸਿੱਖਿਆ, ਹਿਜਰਤ ਅਤੇ ਰੋਜ਼ਗਾਰ ਵਰਗੀਆਂ ਸਮੱਸਿਆਵਾਂ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ, ਸਾਰੇ ਸਿਆਸੀ ਦਲਾਂ ਤੋਂ ਪੁੱਛਣਾ ਚਾਹੀਦਾ ਹੈ । 2011 ਦੀ ਮਰਦਮਸ਼ੁਮਾਰੀ ਅਨੁਸਾਰ ਬਿਹਾਰ ਤੋਂ ਰੋਜ਼ਗਾਰ ਲਈ ਬਾਹਰ ਜਾਣ ਵਾਲਿਆਂ ਦੀ ਗਿਣਤੀ 74.54 ਲੱਖ ਸੀ ਜੋ ਕਿ ਸੂਬੇ ਦੀ ਕੁੱਲ ਆਬਾਦੀ ਦਾ 7.2 ਫੀਸਦੀ ਸੀ।

ਹੁਣ ਇਹ ਗਿਣਤੀ ਕਈ ਗੁਣਾ ਵਧ ਚੁੱਕੀ ਹੈ। ਰੋਜ਼ਗਾਰ ਲਈ ਹਿਜਰਤ ਦੀ ਰਾਸ਼ਟਰੀ ਔਸਤ 23 ਫੀਸਦੀ ਹੈ ਜਦੋਂਕਿ ਬਿਹਾਰ ਤੋਂ ਕਰੀਬ 30 ਫੀਸਦੀ ਲੋਕ ਰੋਜ਼ਗਾਰ ਲਈ ਹਿਜਰਤ ਕਰਦੇ ਹਨ। ਜੇਕਰ ਰੋਜ਼ਗਾਰ ਦੇ ਨਾਲ ਹੋਰਨਾਂ ਕਾਰਨਾਂ ਕਰਕੇ ਆਊਟ ਮਾਈਗ੍ਰੇਸ਼ਨ ਦੇ ਅੰਕੜਿਆਂ ਨੂੰ ਦੇਖੀਏ ਤਾਂ ਪਤਾ ਲੱਗੇਗਾ ਕਿ ਭਾਰਤ ਵਿਚ ਕੁੱਲ 5.43 ਕਰੋੜ ਅੰਤਰ-ਰਾਜੀ ਪ੍ਰਵਾਸੀ ਹਨ, ਜਿਸ ’ਚ ਬਿਹਾਰ ਦਾ ਯੋਗਦਾਨ 13.7 ਫੀਸਦੀ ਹੈ। ਬਿਹਾਰ ਤੋਂ ਆਊਟ ਮਾਈਗ੍ਰੇਸ਼ਨ ਮੁੱਖ ਤੌਰ ’ਤੇ ਨੌਜਵਾਨ ਕੇਂਦਰਿਤ ਹੈ, ਜਿਥੇ 83 ਫੀਸਦੀ ਪ੍ਰਵਾਸੀ 15-30 ਸਾਲ ਦੀ ਉਮਰ ਦੇ ਹਨ। ਇਸ ਨਾਲ ਸੂਬੇ ਦੀ ਅਰਥਵਿਵਸਥਾ, ਕਿਰਤ ਸ਼ਕਤੀ ਅਤੇ ਅਕਸ ਸਾਰਿਆਂ ਦਾ ਨੁਕਸਾਨ ਹੁੰਦਾ ਹੈ ਅਤੇ ਸੂਬੇ ਤੋਂ ਬਾਹਰ ਆਮ ਬਿਹਾਰੀਆਂ ਦੀ ਪਛਾਣ ਦਿਹਾੜੀ ਮਜ਼ਦੂਰਾਂ ਦੀ ਬਣ ਜਾਂਦੀ ਹੈ।

ਸਿੱਖਿਆ ਲਈ ਬਿਹਾਰ ਤੋਂ ਹਿਜਰਤ ਇਕ ਦੂਜੀ ਵੱਡੀ ਚੁਣੌਤੀ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ’ਚ ਕੁਲ 55 ਲੱਖ ਅੰਦਰੂਨੀ ਪ੍ਰਵਾਸੀ ਵਿਦਿਆਰਥੀ ਸਨ, ਜਿਨ੍ਹਾਂ ’ਚ ਬਿਹਾਰ ਦੀ ਹਿੱਸੇਦਾਰੀ 15.6 ਫੀਸਦੀ, ਲਗਭਗ 8.6 ਲੱਖ ਵਿਦਿਆਰਥੀ ਸਨ। ਬਿਹਾਰ ਦੇ ਤਕਰੀਬਨ 8,60,000 ਵਿਦਿਆਰਥੀਆਂ ਨੂੰ ਉੱਚ ਅਤੇ ਪ੍ਰੋਫੈਸ਼ਨਲ ਸਿੱਖਿਆ ਲਈ ਦਿੱਲੀ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ’ਚ ਜਾਣਾ ਪੈਂਦਾ ਹੈ। ਸਿਰਫ ਕਰਨਾਟਕ ਵਿਚ ਹੀ ਲਗਭਗ 80,000 ਵਿਦਿਆਰਥੀ ਜਾਂਦੇ ਹਨ, ਜੋ ਕੁਲ ਪ੍ਰਵਾਸੀ ਵਿਦਿਆਰਥੀਆਂ ਦਾ ਲਗਭਗ 9 ਫੀਸਦੀ ਹੈ। ਇਹ ਅੰਕੜੇ 2011 ਦੀ ਮਰਦਮਸ਼ੁਮਾਰੀ ’ਤੇ ਆਧਾਰਿਤ ਸਨ। ਹੁਣ ਤਕ ਇਹ ਕਈ ਗੁਣਾ ਵਧ ਗਏ ਹੋਣਗੇ ਪਰ ਇਨ੍ਹਾਂ ਨਾਲ ਨਜਿੱਠਣ ਲਈ ਕਿਸੇ ਸਿਆਸੀ ਪਾਰਟੀ ਕੋਲ ਕੋਈ ਸਪੱਸ਼ਟ ਬਲਿਊ ਪ੍ਰਿੰਟ ਨਹੀਂ ਹੈ।

ਸੂਬੇ ਵਿਚ ਉੱਚ ਪੱਧਰੀ ਤਕਨੀਕੀ ਅਤੇ ਪ੍ਰੋਫੈਸ਼ਨਲ ਸਿੱਖਿਆ ਸੰਸਥਾਨਾਂ ਦੀ ਕਮੀ ਹੈਰਾਨੀਜਨਕ ਹੈ। ਗਰੀਬੀ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਵਿਚ ਪੇਸ਼ ਇਕ ਰਿਪੋਰਟ ਅਨੁਸਾਰ ਸੂਬੇ ਦੀ ਕਰੀਬ 34 ਫੀਸਦੀ ਪਰਿਵਾਰਾਂ ਦੀ ਮਾਸਿਕ ਆਮਦਨ 6,000 ਰੁਪਏ ਤੋਂ ਘੱਟ ਹੈ ਜਦੋਂਕਿ ਰਾਸ਼ਟਰੀ ਔਸਤ ਲਗਭਗ 17,100 ਰੁਪਏ ਹੈ।

ਅਜਿਹੇ ਕਈ ਵਿਸ਼ੇ ਹਨ ਜੋ ਬਿਹਾਰ ਦੀਆਂ ਚੋਣਾਂ ਦੇ ਮੁੱਖ ਏਜੰਡੇ ਵਿਚ ਸ਼ਾਮਲ ਹੋਣੇ ਚਾਹੀਦੇ ਹਨ। ਅਜਿਹਾ ਨਹੀਂ ਕਿ ਇਹ ਮੁੱਦਾ ਚਰਚਾ ਵਿਚ ਨਹੀਂ, ਪਰ ਵਿਕਾਸ ਦੀ ਹਰ ਚਰਚਾ ’ਤੇ ਜਾਤੀਵਾਦੀ ਤੜਕਾ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਪਿਛਲੇ ਕੁਝ ਦਿਨਾਂ ’ਚ ਜਨ ਸੁਰਾਜ ਪਾਰਟੀ ਦੇ ਨੇਤਾ ਪ੍ਰਸ਼ਾਂਤ ਕਿਸ਼ੋਰ ਬਹੁਤ ਖੁੱਲ੍ਹ ਕੇ ਜਾਤੀਵਾਦ ਰਾਜਨੀਤੀ ਦੇ ਹੁਣ ਤਕ ਦੇ ਨਾ ਵਿੰਨ੍ਹੇ ਜਾਣ ਵਾਲੇ ਕਿਲੇ ’ਤੇ ਨਿਸ਼ਾਨਾ ਸਾਧ ਰਹੇ ਹਨ। ਸੂਬੇ ਦੇ ਵਿਕਾਸ ਦੀਆਂ ਲੋੜਾਂ ਨੂੰ ਚੋਣ ਦੇ ਕੇਂਦਰ ਵਿਚ ਲਿਆ ਕੇ ਜਾਤੀਵਾਦੀ ਸਿਆਸਤ ਤੋਂ ਵੱਖ ਉਹ ਇਕ ਨਵਾਂ ਨੈਰੇਟਿਵ ਘੜਨ ’ਚ ਲੱਗੇ ਹਨ। ਉਹ ਜਾਤੀਵਾਦੀ ਸਿਆਸਤ ਤੋਂ ਵਿਕਾਸ ਨੂੰ ਹੋਣ ਵਾਲੇ ਨੁਕਸਾਨ ਨੂੰ ਗੰਭੀਰਤਾ ਨਾਲ ਦੱਸਣ ਦੀ ਕੋਸ਼ਿਸ਼ ’ਚ ਲੱਗੇ ਦਿਸਦੇ ਹਨ।

ਪ੍ਰਸ਼ਾਂਤ ਦੀਆਂ ਜਨ ਸਭਾਵਾਂ ਵਿਚ ਉਮੜੀ ਭੀੜ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਜਨਤਾ ਨੂੰ ਆਪਣੀ ਗੱਲ ਸਮਝਾ ਪਾ ਰਹੇ ਹਨ। ਸੂਬੇ ਵਿਚ ਤੇਜਸਵੀ ਯਾਦਵ, ਚਿਰਾਗ ਪਾਸਵਾਨ ਵਰਗੇ ਉਭਰਦੇ ਨੌਜਵਾਨ ਨੇਤਾ ਵੀ ਹਨ ਜੋ ਸੂਬੇ ਵਿਚ 100 ਫੀਸਦੀ ਡੋਮੀਸਾਈਲ ਨੀਤੀ, ਮੁਫਤ ਬਿਜਲੀ, ਮਾਈ-ਭੈਣ ਸਨਮਾਨ ਯੋਜਨਾ, ਬਿਹਾਰੀ ਫਸਟ ਵਰਗੇ ਨਾਅਰੇ ਲਗਾ ਰਹੇ ਹਨ ਪਰ ਉਨ੍ਹਾਂ ਦਾ ਵੀ ਜਨ ਆਧਾਰ ਆਪਣੀ ਸਿਆਸੀ ਵਿਰਾਸਤ ਅਤੇ ਜਾਤੀ ਸਮੀਕਰਨ ਵਿਚ ਸਿਮਟਿਆ ਦਿਸਦਾ ਹੈ।

ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਐੱਨ. ਡੀ. ਏ. ਅਤਿ ਪੱਛੜਿਆ, ਮਹਾਦਲਿਤ ਅਤੇ ਹੋਰ ਜਾਤੀਗਤ ਗੱਠਜੋੜ ਦੇ ਨਾਲ ਵਿਕਾਸ ਦੀਆਂ ਯੋਜਨਾਵਾਂ ਨੂੰ ਜੋੜ ਕੇ ਬਿਹਾਰ ਦੇ ਵਿਕਾਸ ਦੇ ਨਵੇਂ ਸੁਪਨੇ ਦਿਖਾ ਰਿਹਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਨਿਤੀਸ਼ ਕੁਮਾਰ ਦਾ ਅਕਸ ਇਕ ਬੇਦਾਗ ਪ੍ਰੋ-ਡਿਵੈੱਲਪਮੈਂਟ ਨੇਤਾ ਅਤੇ ਕੁਸ਼ਲ ਪ੍ਰਸ਼ਾਸਕ ਦਾ ਰਿਹਾ ਹੈ। ਹੋਰ ਨੇਤਾਵਾਂ ਦੇ ਮੁਕਾਬਲੇ ਉਨ੍ਹਾਂ ਦੀ ਮਨਜ਼ੂਰੀ ਵੀ ਸਾਰੇ ਵਰਗਾਂ ਵਿਸ਼ੇਸ਼ ਕਰ ਔਰਤਾਂ ’ਚ ਕਿਤੇ ਵੱਧ ਹੈ।

ਮਿਹਿਰ ਭੋਲੇ


author

Rakesh

Content Editor

Related News