‘ਜੰਮੂ ਵਿਚ ਸੀ. ਆਰ. ਪੀ. ਐੱਫ. ਦੀਆਂ 3 ਬਟਾਲੀਅਨਾਂ ਵਧੀਆਂ’ ਸਰਕਾਰ ਨੇ ਦੇਰ ਨਾਲ ਲਿਆ ਸਹੀ ਫੈਸਲਾ!
Sunday, Aug 24, 2025 - 07:26 AM (IST)

ਪਿਛਲੇ ਦੋ ਸਾਲਾਂ ਦੌਰਾਨ ਜੰਮੂ ਦੇ ਊਧਮਪੁਰ, ਕਠੂਆ ਅਤੇ ਸਾਂਬਾ ’ਚ ਅੱਤਵਾਦੀਆਂ ਦੀ ਮੌਜੂਦਗੀ ਵਧਣ ਦੇ ਕਾਰਨ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ, ਜਿਨ੍ਹਾਂ ’ਚ ਕੁਝ ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ, ਨੂੰ ਫੜਨ ਲਈ ਲਗਾਤਾਰ ਤਲਾਸ਼ੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਇਸੇ ਸਿਲਸਿਲੇ ’ਚ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਤਵਾਦੀਆਂ ਨਾਲ ਸੰਬੰਧਾਂ ਦੇ ਦੋਸ਼ ’ਚ 2 ਸਰਕਾਰੀ ਕਰਮਚਾਰੀਆਂ ਖੁਰਸ਼ੀਦ ਅਹਿਮਦ ਅਤੇ ਸਿਆਦ ਅਹਿਮਦ ਖਾਨ ਨੂੰ 22 ਅਗਸਤ ਨੂੰ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਹੈ।
ਇਹ ਅੱਤਵਾਦੀ ਕਈ ਵਾਰ ਨਾਗਰਿਕਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਦੇ ਘਰ ਖਾਣਾ ਖਾਣ ਅਤੇ ਉਨ੍ਹਾਂ ਦੇ ਮੋਬਾਈਲ ਆਦਿ ਦੀ ਵਰਤੋਂ ਕਰਨ ਤੋਂ ਬਾਅਦ ਉੱਥੋਂ ਦੌੜ ਜਾਂਦੇ ਹਨ। ਅੱਤਵਾਦੀਆਂ ਨੇ ਕਠੂਆ ਜ਼ਿਲੇ ਦੇ ‘ਬਿਲਾਵਰ’ ਅਧੀਨ ‘ਬਦਨੌਤਾ’ ’ਚ ਫੌਜ ਦੇ 5 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਊਧਮਪੁਰ ਦੇ ਬਸੰਤਗੜ੍ਹ ’ਚ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਹੋਏ ਹਨ।
ਇਸੇ ਨੂੰ ਦੇਖਦੇ ਹੋਏ 21 ਅਗਸਤ ਨੂੰ ਕੇਂਦਰ ਸਰਕਾਰ ਨੇ ‘ਅੱਤਵਾਦ ਨਿਰੋਧਕ ਸੁਰੱਖਿਆ ਵਿਵਸਥਾ’ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜੰਮੂ ਖੇਤਰ ’ਚ ਸਰਹੱਦ ਨਾਲ ਲੱਗਦੇ 2 ਜ਼ਿਲਿਆਂ ਅਤੇ ਊਧਮਪੁਰ ਦੇ ਪਹਾੜੀ ਇਲਾਕਿਆਂ ’ਚ ਸੀ. ਆਰ. ਪੀ. ਐੱਫ. ਦੀਆਂ 3 ਬਟਾਲੀਅਨਾਂ ਨੂੰ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਹਰੇਕ ਬਟਾਲੀਅਨ ’ਚ 800 ਜਵਾਨ ਹੋਣਗੇ।
ਜੰਮੂ ਖੇਤਰ ’ਚ ਸੀ. ਆਰ. ਪੀ. ਐੱਫ. ਦੀ ਤਾਇਨਾਤੀ ਇਕ ਨਵੀਂ ਸੁਰੱਖਿਆ ਰਣਨੀਤੀ ਦਾ ਹਿੱਸਾ ਹੈ ਜਿਸ ਦੇ ਅਧੀਨ ਅੰਦਰੂਨੀ ਇਲਾਕਿਆਂ ਦੀ ਸੁਰੱਖਿਆ ਦਾ ਜ਼ਿੰਮਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਬਲਾਂ ਨੂੰ ਸੌਂਪਣ ਦਾ ਪ੍ਰਸਤਾਵ ਹੈ ਜਦਕਿ ਫੌਜ ਦੀਆਂ ਯੂਨਿਟਾਂ ਨੂੰ ਕੰਟਰੋਲ ਰੇਖਾ (ਐੱਲ. ਓ. ਸੀ.) ਅਤੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਤਾਇਨਾਤ ਕੀਤਾ ਜਾਵੇਗਾ।
ਇਨ੍ਹਾਂ ਇਲਾਕਿਆਂ ’ਚ ਸੀ. ਆਰ. ਪੀ. ਐੱਫ. ਦੀਆਂ 3 ਬਟਾਲੀਅਨਾਂ ਦੀ ਤਾਇਨਾਤੀ ਅਤੇ ਲਗਾਤਾਰ ਤਲਾਸ਼ੀ ਮੁਹਿੰਮਾਂ ਚਲਾਉਣ ਨਾਲ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੀਆਂ ਸਰਗਰਮੀਆਂ ’ਤੇ ਰੋਕ ਲਗਾਉਣ ’ਚ ਕੁਝ ਸਹਾਇਤਾ ਜ਼ਰੂਰ ਮਿਲੇਗੀ।
–ਵਿਜੇ ਕੁਮਾਰ