‘ਭਾਰਤ ਤੋਂ ਵਾਰ-ਵਾਰ ਮੂੰਹ ਦੀ ਖਾਣ ਦੇ ਬਾਵਜੂਦ’ ਪਾਕਿਸਤਾਨ ਵਲੋਂ ਗਿੱਦੜ ਭਬਕੀਆਂ ਦੇਣਾ ਜਾਰੀ!
Sunday, Aug 17, 2025 - 07:00 AM (IST)

ਪਾਕਿਸਤਾਨ ਦੇ ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਇਸ ਦੇ ਸ਼ਾਸਕਾਂ ਨੇ ਵਾਰ-ਵਾਰ ਭਾਰਤ ਦੇ ਹੱਥੋਂ ਮੂੰਹ ਦੀ ਖਾਣ ਦੇ ਬਾਵਜੂਦ ਆਪਣੇ ਪਾਲੇ ਹੋਏ ਅੱਤਵਾਦੀਆਂ ਜ਼ਰੀਏ ਜੰਮੂ-ਕਸ਼ਮੀਰ ’ਚ ਹਿੰਸਾ ਜਾਰੀ ਰੱਖੀ ਹੋਈ ਹੈ।
ਪਹਿਲਗਾਮ ਕਾਂਡ ਦੇ ਬਾਅਦ ਭਾਰਤ ਦੀ ਕਾਰਵਾਈ ’ਚ ਅਨੇਕ ਅੱਤਵਾਦੀ ਟਿਕਾਣੇ ਤਬਾਹ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਸ਼ਾਸਕ ਭਾਰਤ ਵਿਰੁੱਧ ਜ਼ਹਿਰ ਉਗਲਣ, ਗਿੱਦੜ ਭਬਕੀਆਂ ਦੇਣ ਅਤੇ ਭਾਰਤ ਵਿਰੋਧੀ ਸਰਗਰਮੀਆਂ ਤੋਂ ਬਾਜ਼ ਨਹੀਂ ਆ ਰਹੇ, ਜਿਸ ਦੀਆਂ ਪਿਛਲੇ ਇਕ ਹਫਤੇ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 11 ਅਗਸਤ ਨੂੰ ਪਾਕਿਸਤਾਨ ਦੇ ਫੌਜ ਮੁਖੀ ਮੁੱਲਾ ਅਸੀਮ ਮੁਨੀਰ ਨੇ ਅਮਰੀਕਾ ’ਚ ਕਿਹਾ ਕਿ ਕਸ਼ਮੀਰ ਪਾਕਿਸਤਾਨ ਦੀ ਸ਼ਾਹ ਰਗ ਹੈ ਅਤੇ ਅਸੀਂ ਕਿਸੇ ਵੀ ਭਾਰਤੀ ਹਮਲੇ ਦਾ ਮੂੰਹ-ਤੋੜ ਜਵਾਬ ਦੇਵਾਂਗੇ। ਭਾਰਤ ਹਾਈਵੇਜ਼ ’ਤੇ ਦੌੜਦੀ ਹੋਈ ਇਕ ਚਮਕਦੀ ਹੋਈ ‘ਮਰਸਡੀਜ਼’ ਜਾਂ ਫਰਾਰੀ ਕਾਰ ਹੈ ਪਰ ਅਸੀਂ ਇਕ ਬੱਜਰੀ ਨਾਲ ਲੱਦਿਆ ਹੋਇਆ ਡੰਪ ਟਰੱਕ ਹਾਂ। ਜੇਕਰ ਟਰੱਕ ਨੇ ਕਾਰ ਨੂੰ ਟੱਕਰ ਮਾਰੀ ਤਾਂ ਫਿਰ ਕਿਸ ਨੂੰ ਜ਼ਿਆਦਾ ਨੁਕਸਾਨ ਹੋਵੇਗਾ?
ਕੁਝ ਦਿਨ ਪਹਿਲਾਂ ਵੀ ਮੁਨੀਰ ਨੇ ਕਿਹਾ ਸੀ ਕਿ ਜੇਕਰ ਸਾਨੂੰ ਲੱਗਾ ਕਿ ਅਸੀਂ ਤਬਾਹ ਹੋਣ ਜਾ ਰਹੇ ਹਾਂ ਤਾਂ ਅਸੀਂ ਆਪਣੇ ਨਾਲ ਅੱਧੀ ਦੁਨੀਆ ਨੂੰ ਵੀ ਤਬਾਹੀ ਦੇ ਰਸਤੇ ’ਤੇ ਲੈ ਜਾਵਾਂਗੇ। ਜੇਕਰ ਭਾਰਤ ਨੇ ਪਾਣੀ ਰੋਕਿਆ ਤਾਂ ਪਾਕਿਸਤਾਨ ਭਾਰਤੀ ਬੰਨ੍ਹ ਨੂੰ ਮਿਜ਼ਾਈਲਾਂ ਨਾਲ ਹਮਲਾ ਕਰਕੇ ਤਬਾਹ ਕਰ ਦੇਵੇਗਾ।
* 12 ਅਗਸਤ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਕਿ ਅਗਲੀ ਵਾਰ ਜੰਗ ਹੋਈ ਤਾਂ ਇਹ ਸਰਹੱਦਾਂ ’ਤੇ ਨਹੀਂ, ਭਾਰਤ ਦੇ ਅੰਦਰ ਲੜੀ ਜਾਵੇਗੀ।
* 13 ਅਗਸਤ ਨੂੰ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤ ਨੇ ਸਿੰਧੂ ਨਦੀ ’ਤੇ ਬੰਨ੍ਹ ਬਣਾਇਆ ਤਾਂ ਜੰਗ ਹੋਵੇਗੀ।
* 13 ਅਗਸਤ ਨੂੰ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਮੈਂ ਅੱਜ ਦੁਸ਼ਮਣ (ਭਾਰਤ) ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸਾਡਾ ਪਾਣੀ ਰੋਕਣ ਦੀ ਕੋਈ ਕਾਰਵਾਈ ਕੀਤੀ ਤਾਂ ਤੁਹਾਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਤੁਹਾਨੂੰ ਪਛਤਾਉਣਾ ਪਵੇਗਾ।
ਇਸ ਤਰ੍ਹਾਂ ਦੇ ਘਟਨਾਚੱਕਰ ਦੇ ਵਿਚਾਲੇ ਬੌਖਲਾਈ ਹੋਈ ਪਾਕਿਸਤਾਨ ਸਰਕਾਰ ਉਲਟੇ-ਸਿੱਧੇ ਕਦਮ ਚੁੱਕਣ ਦੀ ਧਮਕੀ ਦੇਣ ’ਚ ਵੀ ਝਿਜਕ ਨਹੀਂ ਰਹੀ ਅਤੇ ਉਸ ਨੇ ਸਿੰਧੂ ਜਲ ਸੰਧੀ ਦੀ ਮੁਅੱਤਲੀ ਦੇ ਬਾਅਦ ਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨ ’ਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਬਦਲਾ ਲੈਣ ਲਈ ਉਨ੍ਹਾਂ ਦੀਆਂ ਪਾਣੀ, ਬਿਜਲੀ, ਐੱਲ. ਪੀ. ਜੀ. ਅਤੇ ਅਖਬਾਰ ਵਰਗੀਆਂ ਬੁਨਿਆਦੀ ਜ਼ਰੂਰਤਾਂ ਦੀ ਸਪਲਾਈ ’ਤੇ ਰੋਕ ਲਗਾ ਦਿੱਤੀ ਹੈ।
ਅਜਿਹੇ ਹਾਲਾਤ ’ਚ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਨੇਤਾ ਗੈਰ-ਜ਼ਿੰਮੇਵਾਰਾਨਾ, ਜੰਗ ਭੜਕਾਉਣ ਅਤੇ ਨਫਰਤ ਫੈਲਾਉਣ ਵਾਲੇ ਬਿਆਨ ਦੇ ਰਹੇ। ਉਨ੍ਹਾਂ ਵਲੋਂ ਭਾਰਤ ਵਿਰੁੱਧ ਜੰਗ ਦਾ ਹਊਆ ਉਛਾਲਣ ਦਾ ਇਕੋ-ਇਕ ਉਦੇਸ਼ ਆਪਣੀਆਂ ਘਰੇਲੂ ਸਮੱਸਿਆਵਾਂ ਨਾਲ ਨਜਿੱਠਣ ’ਚ ਨਾਕਾਮੀਆਂ ਤੋਂ ਆਪਣੇ ਦੇਸ਼ ਦੀ ਜਨਤਾ ਦਾ ਧਿਆਨ ਹਟਾਉਣਾ ਹੈ।
ਇਸੇ ਦੌਰਾਨ ‘ਰਾਸ਼ਟਰੀ ਜਾਂਚ ਏਜੰਸੀ’ (ਐੱਨ. ਆਈ. ਏ.) ਨੇ ਆਪਣੀ ਜਾਂਚ ’ਚ ਪਾਇਆ ਹੈ ਕਿ ਪਾਬੰਦੀ ਲੱਗੇ ਅੱਤਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ ਦੀ ਸ਼ਾਖਾ ‘ਦਿ ਰੈਜਿਸਟੈਂਸ ਫਰੰਟ’ (ਟੀ. ਆਰ. ਐੱਫ.) ਸਥਾਨਕ ਕਸ਼ਮੀਰੀ ਨੌਜਵਾਨਾਂ ਨੂੰ ਧਨ ਦੇ ਕੇ ਭਾਰਤ ਵਿਰੋਧੀ ਸਰਗਰਮੀਆਂ ਕਰਨ ਲਈ ਭੜਕਾਅ ਰਹੀ ਹੈ।
ਇਸ ਜਾਂਚ ਦੇ ਦੌਰਾਨ ਕਸ਼ਮੀਰ ਘਾਟੀ ’ਚ ਧਨ ਭੇਜੇ ਜਾਣ ਦੇ ਵਿਦੇਸ਼ੀ ਚੈਨਲਾਂ ਦਾ ਵੀ ਪਤਾ ਲੱਗਾ ਹੈ। ਹਾਲ ਹੀ ’ਚ ਅਮਰੀਕਾ ਵਲੋਂ ‘ਅੱਤਵਾਦੀ ਸੰਗਠਨ’ ਐਲਾਨੇ ਗਏ ਟੀ. ਆਰ. ਐੱਫ. ਦਾ ਹੀ ਪਹਿਲਗਾਮ ਹਮਲੇ ’ਚ ਹੱਥ ਸੀ।
ਵਰਣਨਯੋਗ ਹੈ ਕਿ ਸੀ. ਆਰ. ਐੱਫ. ਅੱਤਵਾਦੀਆਂ ਤੱਕ ਤਬਾਹੀ ਦਾ ਸਾਮਾਨ ਪਹੁੰਚਾਉਣ ਲਈ ਆਪਣੇ ਸਥਾਨਕ ਮਦਦਗਾਰਾਂ ਦੀ ਵੀ ਸਹਾਇਤਾ ਲੈ ਰਿਹਾ ਹੈ ਅਤੇ ਸਥਾਨਕ ਨੌਜਵਾਨਾਂ ਨੂੰ ਭੜਕਾਅ ਕੇ ਜੰਮੂ-ਕਸ਼ਮੀਰ ’ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ’ਚ ਲਗਾਤਾਰ ਜੁਟਿਆ ਹੋਇਆ ਹੈ।
ਇਹੀ ਨਹੀਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਚੀਨ ਦੀ ਤਰਜ਼ ’ਤੇ ਰਾਕੇਟ ਫੋਰਸ ਬਣਾਉਣ ਦਾ ਫੈਸਲਾ ਵੀ ਕੀਤਾ ਹੈ। ਭਾਰਤ ਨੂੰ ਸਖਤ ਸਬਕ ਸਿਖਾਉਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਨੂੰ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।
ਇਸ ਤਰ੍ਹਾਂ ਦੇ ਘਟਨਾਚੱਕਰ ਨੂੰ ਦੇਖਦੇ ਹੋਏ ਸਪੱਸ਼ਟ ਹੈ ਕਿ ਪਾਕਿਸਤਾਨ ਦੀ ਫੌਜ ਦੀ ਕਠਪੁਤਲੀ ਬਣੇ ਸ਼ਹਿਬਾਜ਼ ਸ਼ਰੀਫ ਆਪਣੇ ਵੱਡਾ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਲੋਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਭਾਰਤ ਨਾਲ ਸੰਬੰਧ ਸੁਧਾਰਨ ਦੀਆਂ ਨਸੀਹਤਾਂ ਨੂੰ ਭੁੱਲ ਗਏ ਹਨ, ਜਿਸ ਨਾਲ ਪਾਕਿਸਤਾਨ ਲਗਾਤਾਰ ਤਬਾਹੀ ਵੱਲ ਵਧ ਰਿਹਾ ਹੈ।
–ਵਿਜੇ ਕੁਮਾਰ