‘ਕਥਿਤ ਬਾਬਿਆਂ ਦੇ ਪਾਖੰਡ’ ਬੱਚੀਆਂ-ਮਹਿਲਾਵਾਂ ਦਾ ਹੋਰ ਰਿਹਾ ਯੌਨ ਸ਼ੋਸ਼ਣ!

Tuesday, Aug 19, 2025 - 07:05 AM (IST)

‘ਕਥਿਤ ਬਾਬਿਆਂ ਦੇ ਪਾਖੰਡ’ ਬੱਚੀਆਂ-ਮਹਿਲਾਵਾਂ ਦਾ ਹੋਰ ਰਿਹਾ ਯੌਨ ਸ਼ੋਸ਼ਣ!

ਸੰਤ-ਮਹਾਤਮਾ ਦੇਸ਼ ਅਤੇ ਸਮਾਜ ਨੂੰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਪਰ ਕੁਝ ਕਥਿਤ ਆਪੇ ਬਣੇ ਸੰਤ-ਮਹਾਤਮਾ ਅਤੇ ਬਾਬੇ ਇਸ ਦੇ ਉਲਟ ਵਿਵਹਾਰ ਕਰ ਕੇ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।

ਇਸੇ ਸਿਲਸਿਲੇ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਿਸੰਘ, ਬਾਬਾ ਵੈਰਾਗਿਆ ਨੰਦ ਗਿਰੀ ਉਰਫ ‘ਮਿਰਚੀ ਬਾਬਾ’, ਲਿੰਗਾਯਤ ਸਾਧੂ ‘ਸ਼ਿਵਮੂਰਤੀ’ ਮੁਰੂਘਾ ਸ਼ਰਣਾਰੂ ਅਤੇ ‘ਜਲੇਬੀ ਬਾਬਾ’ ਆਦਿ ਨੂੰ ਮਹਿਲਾਵਾਂ ਅਤੇ ਬੱਚੀਆਂ ਦੇ ਯੌਨ ਸ਼ੋਸ਼ਣ ਆਦਿ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਅਜਿਹੇ ਬਾਬਿਆਂ ਦੇ ਵਿਰੁੱਧ ਸ਼ਿਕਾਇਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਨ੍ਹਾਂ ’ਚੋਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 20 ਫਰਵਰੀ ਨੂੰ ‘ਅਮਰਾਵਤੀ’ (ਮਹਾਰਾਸ਼ਟਰ) ਜ਼ਿਲੇ ਦੇ ‘ਸ਼੍ਰੀਖੇੜ’ ਥਾਣੇ ਦੇ ਤਹਿਤ ‘ਸਿੱਧਪੁਰਮੱਠ’ ਦੇ 75 ਸਾਲਾ ਪੁਜਾਰੀ ‘ਸੁਰਿੰਦਰ ਮੁਨੀ ਤਾਲੇਗਾਂਵਕਰ’ ਅਤੇ ਉਸਦੇ ਸਹਾਇਕ ‘ਬਾਬਾ ਸਾਹਬ ਦੇਸਾਈ’ ਨੂੰ ਇਕ 17 ਸਾਲਾ ਨਾਬਾਲਿਗ ਲੜਕੀ ਦਾ ਕਈ ਵਾਰ ਯੌਨ ਸ਼ੋਸ਼ਣ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ’ਚ ਦੋਵਾਂ ਨੂੰ ਗ੍ਰਿਫਤਾਰ ਕੀਤਾ ਿਗਆ।

* 26 ਮਈ ਨੂੰ ‘ਸੰਬਲਪੁਰ’ (ਓਡਿਸ਼ਾ) ਜ਼ਿਲੇ ਦੇ ‘ਜਮਨਕਿਰਾ’ ਪਿੰਡ ’ਚ ਸਥਿਤ ਇਕ ਧਾਰਮਿਕ ਸਥਾਨ ਦੇ ਪੁਜਾਰੀ ਨੂੰ ਮੰਦਰ ਕੰਪਲੈਕਸ ਦੇ ਅੰਦਰ 11 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।

ਇਹ ਘਿਨੌਣਾ ਅਪਰਾਧ ਉਦੋਂ ਹੋਇਆ ਜਦੋਂ ਬੱਚੀ ਆਪਣੇ ਪਿਤਾ ਦੇ ਨਾਲ ਰੋਜ਼ਾਨਾ ਦੀ ਪੂਜਾ-ਅਰਚਨਾ ’ਚ ਸਹਾਇਤਾ ਕਰਨ ਲਈ ਉਕਤ ਧਾਰਮਿਕ ਸਥਾਨ ’ਤੇ ਗਈ ਸੀ। ਦੁਪਹਿਰ ਦੀ ਪੂਜਾ ਅਤੇ ਭੋਜਨ ਤੋਂ ਬਾਅਦ ਜਦੋਂ ਇਹ ਬੱਚੀ ‘ਭੋਗ ਘਰ’ ਭਾਵ ‘ਭੋਗ’ ਚੜ੍ਹਾਉਣ ਵਾਲੇ ਕਮਰੇ ਦੇ ਨੇੜੇ ਆਰਾਮ ਕਰ ਰਹੀ ਸੀ ਤਾਂ ਇਸੇ ਦੌਰਾਨ ਪੁਜਾਰੀ ਨੇ ਇਹ ਪਾਪ ਕਰ ਦਿੱਤਾ।

* 1 ਜੂਨ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ਦੇ ‘ਕੌਸ਼ਾਂਬੀ’ ਥਾਣਾ ਖੇਤਰ ’ਚ ਸਥਿਤ ਇਕ ਆਸ਼ਰਮ ਦੀ ਸੰਚਾਲਿਕਾ ‘ਦਿਵਿਆ ਯੋਗ ਮਾਇਆ ਸਰਸਵਤੀ’ ਦੇ ਮਤਰੇਅ ਭਰਾ ‘ਗੋਕੁਲ’ ਨੇ ਕੋਲਡ ਡਰਿੰਕ ’ਚ ਨਸ਼ੀਲਾ ਪਦਾਰਥ ਮਿਲਾ ਕੇ ਉੱਥੇ ਰਹਿਣ ਵਾਲੀ ਇਕ ਸਾਧਵੀ ਨਾਲ ਜਬਰ-ਜ਼ਨਾਹ ਕੀਤਾ।

ਹੋਸ਼ ’ਚ ਆਉਣ ’ਤੇ ਜਦੋਂ ਉਸ ਨੇ ਪੁਲਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਆਸ਼ਰਮ ਦੀ ਸੰਚਾਲਿਕਾ ‘ਦਿਵਿਆ ਯੋਗ ਮਾਇਆ ਸਰਸਵਤੀ’ ਅਤੇ ਉਸ ਦੀ ਸਹਾਇਕਾ ‘ਸ਼ਬਨਮ’ ਉਰਫ ਰਾਧਾ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਵੀ ਕੀਤਾ।

* 6 ਜੂਨ ਨੂੰ ਸ਼੍ਰੀ ‘ਡੂੰਗਰਗੜ੍ਹ’ (ਰਾਜਸਥਾਨ) ’ਚ ਇਕ ਮੰਦਰ ਦੇ ਪੁਜਾਰੀ ਦੇ ਵਿਰੁੱਧ ਪ੍ਰਸ਼ਾਦ ਦੇਣ ਦੇ ਬਹਾਨੇ 8 ਅਤੇ 9 ਸਾਲ ਦੀਆਂ 2 ਬੱਚੀਆਂ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦੇਣ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।

* 5 ਜੁਲਾਈ ਨੂੰ ‘ਛਤਰਪੁਰ’ (ਮੱਧ ਪ੍ਰਦੇਸ਼) ਦੇ ਜ਼ਿਲੇ ’ਚ ਇਕ ਮੰਦਰ ਦੇ ਪੁਜਾਰੀ ‘ਭਗਵਤ ਸ਼ਰਨ’ ਨੇ ਪ੍ਰਸ਼ਾਦ ਦੇਣ ਦੇ ਬਹਾਨੇ ਦੋ ਮਾਸੂਮ ਚਚੇਰੀਆਂ ਭੈਣਾਂ ਨੂੰ ਮੰਦਰ ’ਚ ਬੁਲਾ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰ ਦਿੱਤਾ ਅਤੇ ਇਕ ਮਾਸੂਮ ਬੱਚੀ ਦੇ ਪ੍ਰਾਈਵੇਟ ਪਾਰਟ ਨੂੰ ਦੰਦ ਨਾਲ ਕੱਟ ਵੀ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ।

* 14 ਜੁਲਾਈ ਨੂੰ ‘ਫਿਰੋਜ਼ਾਬਾਦ’ (ਉੱਤਰ ਪ੍ਰਦੇਸ਼) ’ਚ ‘ਨਾਰਖੀ’ ਸਥਿਤ ਇਕ ਆਸ਼ਰਮ ’ਚ ਸੰਤਾਨ ਉਤਪੱਤੀ ਲਈ ਧਾਰਮਿਕ ਕਾਰਜ ਕਰਵਾਉਣ ਪਹੁੰਚੀ ਇਕ ਮਹਿਲਾ ਨੂੰ ਕਮਰੇ ’ਚ ਲਿਜਾ ਕੇ ਆਸ਼ਰਮ ਦੇ ਬਾਬਾ ‘ਚੰਦਰਪਾਲ’ ਨੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ ਜਦਕਿ ਮਹਿਲਾ ਦੇ ਨਾਲ ਗਏ ਉਸ ਦੇ ਪਤੀ, ਨਨਾਣ ਅਤੇ ਨਨਦੋਈਆ ਬਾਹਰ ਬੈਠੇ ਉਡੀਕ ਕਰਦੇ ਰਹੇ। ਸੱਚਾਈ ਸਾਹਮਣੇ ਆਉਣ ’ਤੇ ਆਸ਼ਰਮ ’ਚ ਹੰਗਾਮਾ ਖੜ੍ਹਾ ਹੋ ਗਿਆ ਅਤੇ ਪੁਲਸ ਨੇ ਦੋਸ਼ੀ ਬਾਬੇ ਨੂੰ ਗ੍ਰਿਫਤਾਰ ਕਰ ਲਿਆ।

* 4 ਅਗਸਤ ਨੂੰ ‘ਢੇਂਕਨਾਲ’ (ਓਡਿਸ਼ਾ) ਦੇ ‘ਕਾਮਾਕਸ਼ਯ ਨਗਰ’ ’ਚ ‘ਮਾਤਾਕਰਗੋਲਾ’ ਆਸ਼ਰਮ ਦੇ ਮੁੱਖ ਪੁਜਾਰੀ ਨੂੰ ਆਸ਼ਰਮ ਕੰਪਲੈਕਸ ’ਚ ਬਣੇ ਇਕ ਕਮਰੇ ’ਚ ਸੌਂ ਰਹੀ ਇਕ ਮਹਿਲਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।

ਹਾਲਾਂਕਿ ਸਾਰੇ ਸੰਤ ਅਜਿਹੇ ਨਹੀਂ ਹਨ ਪਰ ਨਿਸ਼ਚੈ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ ਪਰ ਇਸ ਦੇ ਲਈ ਕਿਸੇ ਹੱਦ ਤੱਕ ਮਹਿਲਾਵਾਂ ਵੀ ਦੋਸ਼ੀ ਹਨ, ਜੋ ਇਨ੍ਹਾਂ ਢੋਂਗੀ ਬਾਬਿਆਂ ਦੀ ਭਾਸ਼ਣ ਕਲਾ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦੇ ਝਾਂਸੇ ’ਚ ਆ ਜਾਂਦੀਆਂ ਹਨ ਅਤੇ ਔਲਾਦ ਪ੍ਰਾਪਤੀ, ਘਰੇਲੂ ਸਮੱਸਿਆ ਨਿਵਾਰਣ ਆਦਿ ਦੇ ਲਾਲਚ ’ਚ ਆਪਣਾ ਸਭ ਕੁਝ ਲੁਟਾ ਬੈਠਦੀਆਂ ਹਨ।

ਇਸ ਲਈ ਇਸ ਮਾਮਲੇ ’ਚ ਜਿੱਥੇ ਮਹਿਲਾਵਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ, ਉਥੇ ਹੀ ਸਮਾਜ ਅਤੇ ਘਰ ਦੇ ਵੱਡੇ ਬਜ਼ੁਰਗਾਂ ਨੂੰ ਵੀ ਪਰਿਵਾਰ ਦੀਆਂ ਮਹਿਲਾਵਾਂ ਅਤੇ ਬੱਚੀਆਂ ਨੂੰ ਵਿਸ਼ੇਸ਼ ਤੌਰ ’ਤੇ ਬਿਨਾਂ ਜਾਂਚੇ-ਪਰਖੇ ਇਸ ਤਰ੍ਹਾਂ ਦੇ ਬਾਬਿਆਂ ਦੇ ਜਾਲ ’ਚ ਫਸਣ ਤੋਂ ਬਚਣ ਲਈ ਸੁਚੇਤ ਅਤੇ ਜਾਗਰੂਕ ਕਰਨਾ ਚਾਹੀਦਾ ਹੈ।

–ਵਿਜੇ ਕੁਮਾਰ
 


author

Sandeep Kumar

Content Editor

Related News