‘ਅਰਥਵਿਵਸਥਾ ਨੂੰ ਕਮਜ਼ੋਰ ਕਰੇਗਾ’ ਨਕਲੀ ਕਰੰਸੀ ਦਾ ਕਾਲਾ ਕਾਰੋਬਾਰ!

Wednesday, Aug 27, 2025 - 06:36 AM (IST)

‘ਅਰਥਵਿਵਸਥਾ ਨੂੰ ਕਮਜ਼ੋਰ ਕਰੇਗਾ’ ਨਕਲੀ ਕਰੰਸੀ ਦਾ ਕਾਲਾ ਕਾਰੋਬਾਰ!

ਕੇਂਦਰ ਸਰਕਾਰ ਨੇ ਕਾਲਾ ਧਨ ਅਤੇ ਨਕਲੀ ਕਰੰਸੀ ਖਤਮ ਕਰਨ ਲਈ 8 ਨਵੰਬਰ, 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਕੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ।

ਉਸ ਸਮੇਂ ਕਿਹਾ ਗਿਆ ਸੀ ਕਿ ਨਵੀਂ ਕਰੰਸੀ ਦੇ ਸਕਿਓਰਿਟੀ ਫੀਚਰਸ ਦੀ ਨਕਲ ਕਰ ਸਕਣੀ ਜਾਅਲਸਾਜ਼ਾਂ ਲਈ ਸੌਖੀ ਨਹੀਂ ਹੋਵੇਗੀ ਪਰ ਨੋਟਬੰਦੀ ਲਾਗੂ ਹੋਣ ਦੇ ਤੁਰੰਤ ਬਾਅਦ ਨਕਲੀ ਨੋਟ ਬਾਜ਼ਾਰ ’ਚ ਆ ਗਏ। ਬੀਤੇ ਸਿਰਫ 3 ਮਹੀਨਿਆਂ ਦੇ ਅਰਸੇ ’ਚ ਹੀ ਨਕਲੀ ਕਰੰਸੀ ਦੀ ਬਰਾਮਦਗੀ ਦੇ ਹੇਠਲੇ ਮਾਮਲੇ ਸਾਹਮਣੇ ਆਏ ਹਨ :

* 13 ਮਈ, 2025 ਨੂੰ ‘ਜਾਂਜਪੁਰ’ (ਓਡਿਸ਼ਾ) ਜ਼ਿਲੇ ਦੇ ‘ਦਸ਼ਰਥਪੁਰ’ ’ਚ ਪੁਲਸ ਨੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ‘ਚੰਦਰਮਣੀ’ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 2 ਲੱਖ 72 ਹਜ਼ਾਰ ਰੁਪਏ ਮੁੱਲ ਦੇ ਜਾਅਲੀ ਨੋਟ ਬਰਾਮਦ ਕੀਤੇ।

* 18 ਜੂਨ ਨੂੰ ‘ਜਬਲਪੁਰ’ (ਮੱਧ ਪ੍ਰਦੇਸ਼) ’ਚ ‘ਹਨੂੰਮਾਨ ਤਾਲ’ ਦੀ ਪੁਲਸ ਨੇ ‘ਰਿਤੂਰਾਜ ਵਿਸ਼ਵਕਰਮਾ’ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 4 ਲੱਖ 80 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ।

* 28 ਜੂਨ ਨੂੰ ‘ਸੀਤਾਪੁਰ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ‘ਅਨਸ ਅਹਿਮਦ’ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1.05 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ।

* 28 ਜੂਨ ਨੂੰ ਹੀ ‘ਰੁੜਕੀ’ (ਉੱਤਰਾਖੰਡ) ’ਚ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 6 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ।

* 1 ਜੁਲਾਈ ਨੂੰ ‘ਮੁਜ਼ੱਫਰਨਗਰ’ (ਬਿਹਾਰ) ਦੀ ਪੁਲਸ ਨੇ ਨਕਲੀ ਨੋਟਾਂ ਦੇ ਧੰਦੇਬਾਜ਼ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 15.16 ਲੱਖ ਰੁਪਏ ਦੇ ਨਕਲੀ ਨੋਟ ਅਤੇ ਨੋਟ ਛਾਪਣ ਦੇ ਯੰਤਰ ਬਰਾਮਦ ਕੀਤੇ।

* 20 ਅਗਸਤ ਨੂੰ ‘ਮੋਤੀਹਾਰੀ’ (ਬਿਹਾਰ) ਪੁਲਸ ਨੇ ‘ਬੰਜਾਰਿਆ’ ਤੋਂ ‘ਮੰਜਰ’ ਨਾਂ ਦੇ ਇਕ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 500-500 ਰੁਪਏ ਦੇ ਮੁੱਲ ਵਾਲੇ 38,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ‘ਮੰਜਰ’ ਨੇ ਮੰਨਿਆ ਕਿ ਉਸ ਦਾ ਨੈੱਟਵਰਕ ਨੇਪਾਲ ਨਾਲ ਜੁੜਿਆ ਹੋਇਆ ਹੈ।

* 22 ਅਗਸਤ ਨੂੰ ‘ਰਾਂਚੀ’ (ਝਾਰਖੰਡ) ’ਚ ਪੁਲਸ ਨੇ ਲਗਭਗ 2 ਕਰੋੜ ਰੁਪਏ ਮੁੱਲ ਦੇ ਨਕਲੀ ਨੋਟਾਂ ਦੇ ਨਾਲ 2 ਸਮੱਗਲਰਾਂ ‘ਮੁਹੰਮਦ ਸਾਬਿਰ’ ਉਰਫ ‘ਰਾਜਾ’ ਅਤੇ ‘ਸਾਹਿਲ ਕੁਮਾਰ’ ਉਰਫ ‘ਕਰਨ’ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਰਾਜਾ ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਣਾ ਦਿੱਲੀ ’ਚ ਬੈਠਾ ‘ਨੀਰਜ ਕੁਮਾਰ ਚੌਧਰੀ’ ਹੈ।

* 23 ਅਗਸਤ ਨੂੰ ‘ਦੀਨਾਨਗਰ’ (ਪੰਜਾਬ) ’ਚ ਪੁਲਸ ਨੇ 500-500 ਰੁਪਏ ਦੇ ਨਕਲੀ ਨੋਟਾਂ ਦੇ ਰੂਪ ’ਚ 2.35 ਲੱਖ ਰੁਪਏ ਦੀ ਨਕਲੀ ਕਰੰਸੀ ਸਮੇਤ 2 ਮੁਲਜ਼ਮਾਂ ‘ਕਮਲਦੀਪ ਿਸੰਘ’ ਅਤੇ ‘ਨਿਰਮਲ ਸਿੰਘ’ ਨੂੰ ਗ੍ਰਿਫਤਾਰ ਕੀਤਾ।

* 24 ਅਗਸਤ ਨੂੰ ਪੁਲਸ ਨੇ ਨਕਲੀ ਨੋਟ ਛਾਪਣ ਅਤੇ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 3 ਮੁਲਜ਼ਮਾਂ ‘ਸ਼ਸ਼ੀ ਕੁਮਾਰ, ‘ਨਵੀਨ ਪਾਸਵਾਨ’ ਅਤੇ ‘ਕਰਣਵੀਰ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 500-500 ਰੁਪਏ ਵਾਲੇ 2.59 ਲੱਖ ਰੁਪਏ ਮੁੱਲ ਦੇ ਨਕਲੀ ਨੋਟ ਅਤੇ ਉਨ੍ਹਾਂ ਨੂੰ ਛਾਪਣ ਦੇ ਯੰਤਰ ਜ਼ਬਤ ਕੀਤੇ। ਪੁਲਸ ਅਨੁਸਾਰ ਗਿਰੋਹ ਦੇ ਲੋਕ ਨੋਟਾਂ ਦੀਆਂ ਗੁੱਟੀਆਂ ਦੇ ਉਪਰ ਅਤੇ ਹੇਠਾਂ ਇਕ-ਇਕ ਅਸਲੀ ਨੋਟ ਰੱਖ ਕੇ ਵਿਚਾਲੇ ਸਾਰੇ ਨਕਲੀ ਨੋਟ ਭਰ ਦਿੰਦੇ ਸਨ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਵਰ੍ਹਿਆਂ ਤੋਂ ਚੱਲਿਆ ਆ ਰਿਹਾ ਨਕਲੀ ਨੋਟਾਂ ਦਾ ਇਹ ਧੰਦਾ ਿਕੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਨਕਲੀ ਨੋਟਾਂ ਦੇ ਧੰਦੇਬਾਜ਼ ਇਸ ਕੰਮ ’ਚ ਕਿੰਨੇ ਮਾਹਿਰ ਹੋ ਗਏ ਹਨ ਕਿ ਉਨ੍ਹਾਂ ਨੇ ਇਨ੍ਹਾਂ ਨੋਟਾਂ ਨੂੰ ਖਪਾਉਣ ਲਈ ਕਮੀਸ਼ਨ ’ਤੇ ਵੱਖ-ਵੱਖ ਥਾਵਾਂ ’ਤੇ ਆਪਣੇ ਏਜੰਟ ਵੀ ਰੱਖੇ ਹੋਏ ਹਨ।

ਕੰਪਿਊਟਰ ਨਾਲ ਤਿਆਰ ਕੀਤੇ ਜਾਣ ਵਾਲੇ ਜਾਅਲੀ ਨੋਟ ਹੂ-ਬ-ਹੂ ਪ੍ਰਿੰਟ ਨਹੀਂ ਹੋ ਸਕਦੇ ਜਦਕਿ ਮਸ਼ੀਨਾਂ ਨਾਲ ਛਾਪੇ ਗਏ ਜਾਅਲੀ ਨੋਟਾਂ ’ਚ ਵਿਦੇਸ਼ ਤੋਂ ਮੰਗਵਾਏ ਗਏ ਉੱਚ ਗੁਣਵੱਤਾ ਵਾਲੇ ਕਾਗਜ਼ ਦੀ ਵਰਤੋਂ ਹੋਣ ਕਾਰਨ ਇਹ ਨੋਟ ਅਸਲੀ ਵਰਗੇ ਜਾਪਦੇ ਹਨ। ਮੈਟਰੋ ਸਿਟੀਜ਼ ਅਤੇ ਵੱਡੇ ਸ਼ਹਿਰਾਂ ’ਚ ਇਨ੍ਹਾਂ ਨੋਟਾਂ ਨੂੰ ਚਲਾਉਣਾ ਔਖਾ ਹੋਣ ਕਾਰਨ ਇਨ੍ਹਾਂ ਨੂੰ ਵਧੇਰੇ ਕਰਕੇ ਦਿਹਾਤੀ ਇਲਾਕਿਆਂ ’ਚ ਭੇਜਿਆ ਜਾਂਦਾ ਹੈ।

ਨਕਲੀ ਨੋਟ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰ ਸਕਦੇ ਹਨ, ਇਸ ਲਈ ਨਕਲੀ ਕਰੰਸੀ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਦੇ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ’ਚ ਸਖਤ ਅਤੇ ਸਿੱਖਿਆਦਾਇਕ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਨਕਲੀ ਕਰੰਸੀ ’ਤੇ ਰੋਕ ਲੱਗ ਸਕੇ।

-ਵਿਜੇ ਕੁਮਾਰ
 


author

Sandeep Kumar

Content Editor

Related News