ਕਬੀਰ : ਉਹ ਆਵਾਜ਼ ਜਿਸ ਨੂੰ ਦਬਾਅ ਦਿੱਤਾ ਗਿਆ ਪਰ ਮਰੀ ਨਹੀਂ

Wednesday, Jun 11, 2025 - 10:13 AM (IST)

ਕਬੀਰ : ਉਹ ਆਵਾਜ਼ ਜਿਸ ਨੂੰ ਦਬਾਅ ਦਿੱਤਾ ਗਿਆ ਪਰ ਮਰੀ ਨਹੀਂ

‘ਜੇ ਕਬੀਰ ਦੀ ਵਾਣੀ, ਸ਼ਬਦ ਅਤੇ ਸਾਖੀਆਂ ਸੱਤਾ ਦੇ ਠੇਕੇਦਾਰਾਂ ਵਲੋਂ ਨਾ ਦਬਾਈਆਂ ਗਈਆਂ ਹੁੰਦੀਆਂ, ਤਾਂ ਅੱਜ ਤੋਂ 500 ਸਾਲ ਪਹਿਲਾਂ ਹੀ ਭਾਰਤ ਦੀ ਤਸਵੀਰ ਕਿਤੇ ਵੱਧ ਸੁੰਦਰ ਹੁੰਦੀ। ਸਮਾਂ ਜਿੰਨਾ ਅੱਗੇ ਵਧ ਰਿਹਾ ਹੈ, ਅਸੀਂ ਓਨਾ ਹੀ ਕਬੀਰ ਦੇ ਨੇੜੇ ਆਉਂਦੇ ਜਾ ਰਹੇ ਹਾਂ।’ ਭਾਰਤ ਦੀ ਸੰਤ ਪ੍ਰੰਪਰਾ ’ਚ ਸੰਤ ਕਬੀਰ ਜੀ ਦੀ ਥਾਂ ਅਤਿਅੰਤ ਉੱਤਮ ਅਤੇ ਕ੍ਰਾਂਤੀਕਾਰੀ ਹੈ। ਉਹ ਸਿਰਫ ਭਗਤੀ ਦੇ ਕਵੀ ਨਹੀਂ ਸਨ ਸਗੋਂ ਆਪਣੇ ਸਮੇਂ ਦੇ ਧਾਰਮਿਕ, ਸਮਾਜਿਕ ਅਤੇ ਬੌਧਿਕ ਪਾਖੰਡਾਂ ’ਤੇ ਸਖਤ ਹਮਲਾ ਕਰਨ ਵਾਲੇ ਨਿਡਰ ਵਿਚਾਰਕ ਸਨ। ਉਨ੍ਹਾਂ ਦਾ ਗਿਆਨ ਸਿਰਫ ਅਧਿਆਤਮਿਕ ਮਾਰਗਦਰਸ਼ਨ ਨਹੀਂ ਸੀ ਸਗੋਂ ਇਹ ਸਮਾਜਿਕ ਚੇਤਨਾ ਅਤੇ ਮਨੁੱਖੀ ਸ਼ਾਨ ਦਾ ਪ੍ਰਤੀਕ ਸੀ।

ਕਬੀਰ ਜੀ ਦਾ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਉਨ੍ਹਾਂ ਧਰਮ ਨੂੰ ਸਵੈ-ਚਿੰਤਨ ਅਤੇ ਖੁਦ ਨੂੰ ਅਹਿਸਾਸ ਕਰਨ ਦਾ ਵਿਸ਼ਾ ਬਣਾਇਆ ਨਾ ਕਿ ਅੰਧ ਭਗਤੀ ਅਤੇ ਕਰਮਕਾਂਡ ਦਾ। ਉਨ੍ਹਾਂ ਦੀ ਵਾਣੀ ਜਾਤੀਗਤ ਵਿਤਕਰੇ ਅਤੇ ਸਮਾਜਿਕ ਨਾਬਰਾਬਰੀ ਵਿਰੁੱਧ ਬਗਾਵਤ ਦੀ ਆਵਾਜ਼ ਸੀ। ਉਨ੍ਹਾਂ ਊਚ-ਨੀਚ, ਛੂਤ-ਛਾਤ ਅਤੇ ਧਰਮ ਦੇ ਨਾਂ ’ਤੇ ਹੋਣ ਵਾਲੇ ਵਿਤਕਰੇ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਇਕ ਮਾੜੇ ਸਮੇਂ ’ਚ ਕ੍ਰਾਂਤੀ ਦੀ ਮਸ਼ਾਲ : 500 ਸਾਲ ਪਹਿਲਾਂ ਤਾਂ ਭਾਰਤ ਇਕ ਬੇਹੱਦ ਮਾੜੇ ਸਮੇਂ ਅਤੇ ਦਮਨ ਦਾ ਕਾਲ ਦੇਖ ਰਿਹਾ ਸੀ। ਇਕ ਪਾਸੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮੁਸਲਮਾਨ ਹੁਕਮਰਾਨਾਂ ਦਾ ਦਮਨ ਚੱਕਰ ਚੱਲ ਰਿਹਾ ਸੀ ਜੋ ਗੈਰ-ਮੁਸਲਮਾਨਾਂ ਨੂੰ ‘ਕਾਫਿਰ’ ਸਮਝਦੇ ਸਨ। ਦੂਜੇ ਪਾਸੇ ਹਿੰਦੂ ਸਮਾਜ ’ਚ ਕੁਝ ਜਾਤੀਵਾਦੀ ਠੇਕੇਦਾਰ ਸਨ ਜੋ ਜਨਮ ਦੇ ਹੰਕਾਰ ’ਚ ਅੰਨ੍ਹੇ ਹੋ ਕੇ ਕਰਮ ਨੂੰ ਤੁੱਛ ਸਮਝਦੇ ਸਨ। ਅਜਿਹੇ ਸਮਾਜ ’ਚ ਕਬੀਰ ਜੀ ਨੇ ਆਪਣੀ ਨਿਡਰ ਵਾਣੀ ਨਾਲ ਦੋਹਾਂ ਧਿਰਾਂ ਨੂੰ ਸ਼ੀਸ਼ਾ ਦਿਖਾਇਆ।

ਉਨ੍ਹਾਂ ਲਿਖਿਆ : ‘ਸਾਧੋ ਦੇਖੋ ਜਗ ਬੌਰਾਨਾ, ਸਾਂਚ ਕਹੋ ਤੋ ਮਾਰਨ ਧਾਵੇ, ਝੂਠੇ ਜਗ ਪਤਿਆਨਾ।’

ਕਬੀਰ ਜੀ ਦੀ ਵਾਣੀ-ਦਮਨ ਅਤੇ ਬੇਧਿਆਨੀ ਦੀ ਸ਼ਿਕਾਰ : ਕਬੀਰ ਜੀ ਨੇ ਕਲਪਿਤ ਵਾਣੀਆਂ ਅਤੇ ਮਨਘੜਤ ਧਾਰਮਿਕ ਮਾਨਤਾਵਾਂ ਦੀ ਤਿੱਖੀ ਆਲੋਚਨਾ ਕੀਤੀ ਹੈ। ਉਹ ਕਹਿੰਦੇ ਹਨ ਕਿ ਕਲਪਿਤ ਵਾਣੀ ਬਿਨਾਂ ਪੈਰਾਂ ਤੋਂ 10 ਦਿਸ਼ਾਵਾਂ ਵੱਲ ਦੌੜਦੀ ਹੈ, ਬਿਨਾਂ ਦਿਮਾਗ ਤੋਂ ਅੱਖਾਂ ਨਾਲ ਸੰਸਾਰ ਨੂੰ ਵੇਖਦੀ ਹੈ। ਕਬੀਰ ਜੀ ਦੀ ਵਾਣੀ ਸੱਤਾ ਅਤੇ ਵਰਣਵਾਦੀਆਂ ਨੂੰ ਅਸਹਿਜ ਕਰਦੀ ਸੀ, ਇਸ ਲਈ ਉਨ੍ਹਾਂ ਦੀਆਂ ਸਾਖੀਆਂ, ਸ਼ਬਦ ਅਤੇ ਰਮੈਨੀ ਲੰਬੇ ਸਮੇਂ ਤੱਕ ਦਬਾਏ ਗਏ ਜਾਂ ਬੇਧਿਆਨ ਕੀਤੇ ਗਏ। ਜੇ ਅਜਿਹਾ ਨਾ ਹੁੰਦਾ ਤਾਂ ਭਾਰਤ ਦੀ ਸਮਾਜਿਕ, ਸਿਆਸੀ ਅਤੇ ਆਰਥਿਕ ਦਿਸ਼ਾ 5 ਸਦੀਆਂ ਪਹਿਲਾਂ ਹੀ ਬਦਲ ਚੁੱਕੀ ਹੁੰਦੀ।

ਅੰਧਵਿਸ਼ਵਾਸਾਂ ਵਿਰੁੱਧ ਸੱਚਾਈ ਦੀ ਮਸ਼ਾਲ : ਕਬੀਰ ਜੀ ਕਹਿੰਦੇ ਹਨ :

‘ਮਾਇਆ ਮਰੀ ਨਾ ਮਨ ਮਰਾ, ਮਰ-ਮਰ ਗਏ ਸਰੀਰ।

ਆਸ਼ਾ ਤ੍ਰਿਸ਼ਨਾ ਨਾ ਮਰੀ, ਕਹਿ ਗਏ ਦਾਸ ਕਬੀਰ।’

ਕਬੀਰ ਜੀ ਦੀ ਸਪੱਸ਼ਟ ਰਾਏ ਸੀ ਕਿ ਕਰਮਕਾਂਡ ਅਤੇ ਰੂੜੀਵਾਦੀ ਪ੍ਰੰਪਰਾਵਾਂ ਧਰਮ ਨੂੰ ਬੋਝਲ ਬਣਾ ਦਿੰਦੀਆਂ ਹਨ ਅਤੇ ਸਮਾਜ ਨੂੰ ਅਪੰਗ ਕਰ ਦਿੰਦੀਆਂ ਹਨ। ਉਨ੍ਹਾਂ ਮੁਤਾਬਕ ਜੇ ਇੰਦਰੀਆਂ ਅਤੇ ਮਨ ਕੰਟਰੋਲ ’ਚ ਨਹੀਂ ਤਾਂ ਸਾਰੀ ਵਿੱਦਿਆ, ਵਿਗਿਆਨ, ਦਰਸ਼ਨ ਅਤੇ ਪ੍ਰਾਪਤੀਆਂ ਫਜ਼ੂਲ ਹਨ।

ਬੀਜਕ-ਇਕ ਜਾਗਰਣ ਗ੍ਰੰਥ

‘ਬੀਜਕ’ ਸਿਰਫ ਇਕ ਅਧਿਆਤਮਿਕ ਗ੍ਰੰਥ ਨਹੀਂ ਸਗੋਂ ਸਮਾਜਿਕ ਕ੍ਰਾਂਤੀ ਦਾ ਦਸਤਾਵੇਜ਼ ਹੈ। ਇਸ ’ਚ ਕਬੀਰ ਜੀ ਦਾ ਦਰਸ਼ਨ ਬਿਨਾਂ ਕਿਸੇ ਲਗ-ਲਬੇੜ ਦੇ ਸੱਚਾਈ ਨੂੰ ਉਜਾਗਰ ਕਰਦਾ ਹੈ, ਇਹ ਆਮ ਲੋਕਾਂ ਨੂੰ ਝੰਜੋੜ ਕੇ ਸਵੈ-ਚਿੰਤਨ ਲਈ ਪ੍ਰੇਰਿਤ ਕਰਦਾ ਹੈ।

ਕਬੀਰ ਜੀ ਦਾ ਮੁੜ-ਜਾਗਰਣ ਅੱਜ ਦੀ ਲੋੜ : ਅੱਜ ਦੇ ਭਾਰਤੀ ਸਮਾਜ ’ਚ ਜਾਤੀ, ਧਰਮ, ਭਾਸ਼ਾ ਅਤੇ ਵਰਗ ਦੇ ਨਾਂ ’ਤੇ ਵਿਤਕਰਾ ਪਾਇਆ ਜਾਂਦਾ ਹੈ। ਜਦੋਂ ਤੱਕ ਇਹ ਵਿਤਕਰਾ ਨਹੀਂ ਟੁੱਟੇਗਾ, ਉਦੋਂ ਤੱਕ ਅਸੀਂ ਇਕ ਸੱਭਿਅਕ ਅਤੇ ਬਰਾਬਰੀ ਵਾਲੇ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ। ਇਹ ਭੇਦ ਉਦੋਂ ਹੀ ਖਤਮ ਹੋਵੇਗਾ ਜਦੋਂ ਇਕ ਨਵੀਂ ਸਮਾਜਿਕ ਵਿਵਸਥਾ ਜਨਮ ਲਵੇਗੀ ਅਤੇ ਇਸ ਨਵੀਂ ਵਿਵਸਥਾ ਦਾ ਆਧਾਰ ਸੰਤ ਸਾਹਿਤ ਅਤੇ ਉਨ੍ਹਾਂ ਦੇ ਵਿਚਾਰ ਹੋਣਗੇ।

ਨਵੀਂ ਪੀੜ੍ਹੀ ਲਈ ਕਬੀਰ ਜੀ ਦਾ ਸੰਦੇਸ਼

ਅੱਜ ਇਹ ਜ਼ਰੂਰੀ ਹੈ ਕਿ ਕਬੀਰ ਜੀ, ਬਾਬਾ ਨਾਨਕ, ਰਵਿਦਾਸ ਜੀ, ਦਾਦੂ ਵਰਗੇ ਸੰਤਾਂ-ਮਹਾਪੁਰਸ਼ਾਂ ਦੇ ਜਨਮ ਦਿਨ ਅਤੇ ਸਰੀਰ ਤਿਆਗਣ ਦੀਆਂ ਮਿਤੀਆਂ ਸਿਰਫ ਰਸਮੀ ਨਾ ਹੋਣ ਸਗੋਂ ਗਿਆਨ ਅਤੇ ਚੇਤਨਾ ਦਾ ਉਤਸਵ ਵੀ ਬਣਨ, ਇਸ ਨਾਲ ਨਵੀਂ ਪੀੜ੍ਹੀ ਇਕ ਬਰਾਬਰ ਦੇ ਸੱਭਿਅਕ ਅਤੇ ਜਾਗਰੂਕ ਸਮਾਜ ਨੂੰ ਬਣਾਉਣ ਦੀ ਦਿਸ਼ਾ ’ਚ ਪ੍ਰੇਰਿਤ ਹੋਵੇਗੀ।

–ਸੱਤ ਪ੍ਰਕਾਸ਼ ਜਰਾਵਤਾ


author

Tanu

Content Editor

Related News