ਇਜ਼ਰਾਈਲ-ਈਰਾਨ ਜੰਗ ਦਾ ਪ੍ਰਭਾਵ ਕੀ ਹੈ?

Thursday, Jun 26, 2025 - 04:35 PM (IST)

ਇਜ਼ਰਾਈਲ-ਈਰਾਨ ਜੰਗ ਦਾ ਪ੍ਰਭਾਵ ਕੀ ਹੈ?

ਆਖਿਰਕਾਰ ਇਜ਼ਰਾਈਲ-ਈਰਾਨ ਦੇ ਵਿਚਕਾਰ ਜੰਗਬੰਦੀ ਹੋ ਗਈ ਪਰ ਇਹ ਕਿੰਨੇ ਦਿਨ ਟਿਕੇਗੀ, ਇਸ ਬਾਰੇ ਸ਼ੱਕ ਹੈ। ਭਾਵੇਂ ਹੀ ਇਹ ਲੜਾਈ 13 ਜੂਨ ਤੋਂ ਸ਼ੁਰੂ ਹੋ ਕੇ 24 ਜੂਨ ਨੂੰ ਰੁਕ ਗਈ ਹੋਵੇ ਪਰ ਸੱਚ ਇਹ ਹੈ ਕਿ ਇਨ੍ਹਾਂ ਦੋਵਾਂ ਵਿਚਾਲੇ ਟਕਰਾਅ ਉਸੇ ਦਿਨ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਲਗਭਗ 80 ਸਾਲ ਪਹਿਲਾਂ ਇਜ਼ਰਾਈਲ ਨੇ ਖੁਦ ਨੂੰ ਇਕ ਆਜ਼ਾਦ ਯਹੂਦੀ ਰਾਸ਼ਟਰ ਐਲਾਨ ਦਿੱਤਾ ਸੀ। ਇਹ ਸੰਘਰਸ਼ ਸਿਰਫ ਦੋ ਦੇਸ਼ਾਂ ਦਾ ਹੀ ਨਹੀਂ ਸਗੋਂ ਤਿੰਨ ਅਬ੍ਰਾਹਮਿਕ ਮਜ਼੍ਹਬਾਂ-ਯਹੂਦੀ, ਈਸਾਈ ਅਤੇ ਇਸਲਾਮ ਦਰਮਿਆਨ ਦਾ ਟਕਰਾਅ ਹੈ। ਇਜ਼ਰਾਈਲ ਯਹੂਦੀ ਮਜ਼੍ਹਬ ਦਾ ਪ੍ਰਤੀਨਿਧੀ ਹੈ, ਜੋ ਇਨ੍ਹਾਂ ਤਿੰਨਾਂ ’ਚ ਸਭ ਤੋਂ ਪੁਰਾਣਾ ਹੈ। ਇਸਾਈਅਤ ਬਾਅਦ ’ਚ ਆਇਆ ਅਤੇ ਉਸ ’ਚ ਚੌਥੀ ਸਦੀ ਤੋਂ ਯਹੂਦੀਆਂ ਵਿਰੁੱਧ ਮਜ਼੍ਹਬੀ ਤਸ਼ੱਦਦ ਸ਼ੁਰੂ ਹੋਇਆ। ਇਸ ਦੇ ਬਾਅਦ ਸੱਤਵੀਂ ਸਦੀ ’ਚ ਇਸਲਾਮ ਦਾ ਜਨਮ ਹੋਇਆ, ਜਿਸ ਨੇ ਆਪਣੇ ਸ਼ੁਰੂਆਤੀ ਦੌਰ ਤੋਂ ਹੀ ਯਹੂਦੀਆਂ ਅਤੇ ਗੈਰ-ਮੁਸਲਿਮਾਂ ਵਿਰੁੱਧ ‘ਕਾਫਿਰ-ਕੁਫਰ’ ਧਾਰਨਾ ਤੋਂ ਪ੍ਰੇਰਣਾ ਲੈ ਕੇ ਜਿਹਾਦ ਨੂੰ ਅਪਣਾਇਆ।

ਇਹ ਮਜ਼੍ਹਬੀ ਸੰਘਰਸ਼, ਜਿਸ ਨੇ ਬੀਤੇ ਸੈਂਕੜੇ ਸਾਲਾਂ ’ਚ ਲੱਖਾਂ ਬੇਕਸੂਰਾਂ ਦੀ ਜਾਨ ਲਈ, ਉਸ ਚਿੰਤਨ ਦਾ ਨਤੀਜਾ ਹੈ ਜੋ ਮੰਨਦਾ ਹੈ - ‘ਸਿਰਫ ਉਨ੍ਹਾਂ ਦਾ ਭਗਵਾਨ ਹੀ ਸੱਚਾ ਹੈ, ਬਾਕੀ ਸਭ ਝੂਠੇ।’ ਅਤੇ ਇਹ ਵੀ ਕਿ ਜੋ ਕੋਈ ਵੀ ਉਨ੍ਹਾਂ ਦੇ ਮਜ਼੍ਹਬ ਨੂੰ ਨਹੀਂ ਮੰਨਦਾ ਉਸ ਕੋਲ ਸਿਰਫ ਦੋ ਰਸਤੇ ਹਨ ਜਾਂ ਤਾਂ ਉਹ ਉਨ੍ਹਾਂ ਦੇ ਮਜ਼੍ਹਬ ’ਚ ਸ਼ਾਮਲ ਹੋ ਜਾਵੇ ਜਾਂ ਫਿਰ ਮੌਤ ਨੂੰ ਸਵੀਕਾਰ ਕਰੇ। ਯਰੂਸ਼ਲਮ ਦਾ ਇਤਿਹਾਸ ਇਸ ਟਕਰਾਅ ਨਾਲ ਭਰਿਆ ਪਿਆ ਹੈ। ਯਹੂਦੀ-ਰੋਮਨ ਜੰਗ (66-73 ਈ.), ਬਰਖੋਬਾ ਵਿਦਰੋਹ (132-135 ਈ.), ਯਰੂਸ਼ਲਮ ਦੀ ਇਸਲਾਮੀ ਘੇਰਾਬੰਦੀ (636-637), ਕਰੂਸੇਡ (1095-1291 ਈ.), ਯਰੂਸ਼ਲਮ ’ਤੇ ਇਸਲਾਮੀ ਕਬਜ਼ਾ (1187 ਈ.), ਓਟੋਮਨ ਸਾਮਰਾਜ ਨੂੰ ਅਪਣਾਉਣਾ (1517 ਈ.), ਅਰਬ-ਇਜ਼ਰਾਈਲ ਜੰਗ (1948), ਛੇ-ਦਿਨਾ ਜੰਗ (1967) ਅਤੇ ਫਿਲਿਸਤੀਨੀ ਸੰਘਰਸ਼ (ਹੁਣ ਤੱਕ)–ਇਹ ਸਭ ਅਬ੍ਰਾਹਮਿਕ ਮਜ਼੍ਹਬਾਂ ਦੇ ਵਿਚਾਲੇ ਚੱਲੀ ਆ ਰਹੀ ਲੜਾਈ ਦੇ ਅਧਿਆਏ ਹਨ। ਜਦੋਂ ਤਕ ਇਹ ਕੱਟੜ ਅਤੇ ਦੂਸ਼ਿਤ ਸੋਚ ਜ਼ਿੰਦਾ ਹੈ, ਕੀ ਉਦੋਂ ਤਕ ਦੁਨੀਆ ’ਚ ਅਮਨ ਅਤੇ ਸਥਾਈ ਸ਼ਾਂਤੀ ਮੁਮਕਿਨ ਹੈ?

ਜੇਕਰ ਹਾਲੀਆ ਇਜ਼ਰਾਈਲ-ਈਰਾਨ ਜੰਗ ’ਚ ਪਾਕਿਸਤਾਨੀ ਭੂਮਿਕਾ ਨੂੰ ਹਰਿਆਣਵੀ ਸ਼ੈਲੀ ’ਚ ਸਹੇਜਨ ਦਾ ਯਤਨ ਕਰੀਏ, ਤਾਂ ਕਿਹਾ ਜਾ ਸਕਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੂੰ ਮੋਰ ਬਣਾ ਦਿੱਤਾ ਹੈ। ਜਿਸ ਸਮੇਂ ਇਜ਼ਰਾਈਲ ਦਾ ਸਾਥ ਦਿੰਦੇ ਹੋਏ ਅਮਰੀਕਾ ਨੇ ਈਰਾਨ ’ਤੇ ਬੰਬਾਰੀ ਕੀਤੀ, ਉਦੋਂ ਪਾਕਿਸਤਾਨ ਦੇ ਅਸਲ ਕਰਤਾ-ਧਰਤਾ ਅਤੇ ਸ਼ਾਸਕ ਮੁਨੀਰ ਰਾਸ਼ਟਰਪਤੀ ਟਰੰਪ ਨੂੰ ‘ਰਣਨੀਤਿਕ ਦੂਰਦਰਸ਼ੀ ਅਤੇ ਸ਼ਾਨਦਾਰ ਸਿਆਸਤਦਾਨ’ ਦੱਸਦੇ ਹੋਏ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਂ ਸੁਝਾਅ ਰਹੇ ਸਨ।

ਭਾਰਤ ਲਈ ਈਰਾਨ ਅਤੇ ਇਜ਼ਰਾਈਲ-ਦੋਵੇਂ ਹੀ ਕੂਟਨੀਤਿਕ-ਯੁੱਧਨੀਤਿਕ ਕਾਰਨਾਂ ਕਰ ਕੇ ਮਿੱਤਰ ਰਾਸ਼ਟਰ ਹਨ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤੀ ਲੀਡਰਸ਼ਿਪ ਰਾਸ਼ਟਰ ਹਿੱਤ ’ਚ ਨਿਰਪੱਖ ਰਹੀ। ਜਿਸ ਸਮੇਂ ਪਾਕਿਸਤਾਨੀ ਫੌਜ ਮੁਖੀ ਅਮਰੀਕੀ ਰਾਸ਼ਟਰਪਤੀ ਦੇ ਇਕ ਬੁਲਾਰੇ ’ਤੇ ਵਾਸ਼ਿੰਗਟਨ ਪਹੁੰਚ ਗਏ ਅਤੇ ਉਸ ਨੂੰ ‘ਸਨਮਾਨ’ ਸਮਝਿਆ, ਉਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੇ ਅਮਰੀਕਾ ਆਉਣ ਦੇ ਸੱਦੇ ਨੂੰ ਦੇਸ਼ਹਿੱਤ ’ਚ ਨਕਾਰ ਦਿੱਤਾ। ਸੰਖੇਪ ’ਚ ਕਹੀਏ ਤਾਂ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਸਾਹਮਣੇ ਭਾਰਤੀ ਲੀਡਰਸ਼ਿਪ ਨੇ ਝੁਕਣ ਤੋਂ ਇਨਕਾਰ ਕਰ ਦਿੱਤਾ। ਇਹ ਸੰਸਾਰਕ ਮੁਸਲਿਮ ਸਮਾਜ-ਵਿਸ਼ੇਸ਼ ਤੌਰ ’ਤੇ ਦੁਨੀਆ ਦੇ ਇਸ ਖੇਤਰ ’ਚ ਵੱਸਣ ਵਾਲੇ ਮੁਸਲਮਾਨਾਂ ਲਈ ਵੱਡਾ ਸੰਦੇਸ਼ ਹੈ ਕਿ ਜਿਸ ਪਾਕਿਸਤਾਨ ਨੂੰ ਮੁਸਲਮਾਨਾਂ ਦੀਆਂ ਮਜ਼੍ਹਬੀ ਸੰਵੇਦਨਾਵਾਂ ਅਤੇ ਆਸਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉਸ ਦਾ ਇਸਲਾਮ ਨਾਲ ਕੋਈ ਲੈਣਾ-ਦੇੇਣਾ ਨਹੀਂ ਹੈ ਅਤੇ ਉਹ ਅਸਲ ’ਚ ਆਪਣੇ ਜਨਮ ਤੋਂ ਬਸਤੀਵਾਦੀ ਸ਼ਕਤੀਆਂ ਦੀ ਕਠਪੁਤਲੀ ਬਣਿਆ ਹੋਇਆ ਹੈ।

ਇਹ ਕਈ ਵਾਰ ਸਥਾਪਿਤ ਹੋ ਚੁੱਕਾ ਹੈ ਕਿ ਇਸਲਾਮੀ ‘ਉੱਮਾਹ’ (ਸੰਸਾਰਕ ਮੁਸਲਿਮ ਏਕਤਾ) ਸਿਰਫ ਇਕ ਕਲਪਨਾ ਹੀ ਹੈ। ਕਈ ਮੁਸਲਿਮ ਦੇਸ਼ ਫਿਲਿਸਤਨੀਆਂ ਨਾਲ ਹਮਦਰਦੀ ਤਾਂ ਪ੍ਰਗਟ ਕਰਦੇ ਹਨ, ਪਰ ਆਪਣੇ ਹਿੱਤਾਂ ਦੀ ਖਾਤਿਰ ਉਨ੍ਹਾਂ ਨੂੰ ਧੋਖਾ ਦੇਣ ’ਚ ਝਿਜਕ ਵੀ ਨਹੀਂ ਕਰਦੇ। ਜੇਕਰ ਹਾਲੀਆ ਸੰਘਰਸ਼ ’ਚ ਪਾਕਿਸਤਾਨ ਨੇ ਈਰਾਨ (ਫਿਲਿਸਤੀਨ) ਦੀ ਪਿੱਠ ’ਚ ਛੁਰਾ ਮਾਰਿਆ ਹੈ ਤਾਂ 1970 ’ਚ ਵੀ ਅਜਿਹਾ ਹੀ ਕੁਝ ਹੋਇਆ ਸੀ। ਇਜ਼ਰਾਈਲ, ਮਿਸਰ ਅਤੇ ਜਾਰਡਨ ਵਿਚਾਲੇ 1970 ’ਚ ਜੰਗਬੰਦੀ ਹੋਈ ਸੀ। ਇਸ ਨਾਲ ਜਾਰਡਨ ’ਚ ਕਈ ਫਿਲਿਸਤੀਨੀ ਹਮਾਇਤੀ (100 ਫੀਸਦੀ ਮੁਸਲਿਮ) ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਜਾਰਡਨ ’ਚ ਹੀ ‘ਫਿਲਿਸਤੀਨ’ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਉਦੋਂ ਉਸੇ ਸਾਲ ਸਤੰਬਰ ਮਹੀਨੇ ’ਚ ਜਾਰਡਨ ਦੇ ਰਾਜਾ ਹੁਸੈਨ ਨੇ ਵਿਦਰੋਹੀਆਂ ਨੂੰ ਕੁਚਲਣ ਦਾ ਹੁਕਮ ਦਿੱਤਾ। ਕਈ ਰਿਪੋਰਟਾਂ ਮੁਤਾਬਕ ਇਸ ’ਚ ਲਗਭਗ 25 ਹਜ਼ਾਰ ਫਿਲਿਸਤੀਨੀ ਲੜਾਕੇ ਮਾਰੇ ਗਏ ਸਨ। ਪਾਕਿਸਤਾਨੀ ਫੌਜ ਅਧਿਕਾਰੀ ਮੁਹੰਮਦ ਜਿਆ-ਉਲ-ਹੱਕ, ਜੋ ਕਿ ਬਾਅਦ ’ਚ ਪਾਕਿਸਤਾਨ ਦੇ ਤਾਨਾਸ਼ਾਹ ਵੀ ਬਣੇ, ਉਨ੍ਹਾਂ ਨੇ ਜਾਰਡਨ ’ਚ ਹਜ਼ਾਰਾਂ ਫਿਲਿਸਤੀਨੀਆਂ ਦੇ ਇਸ ਕਤਲੇਆਮ ’ਚ ਰਣਨੀਤਿਕ ਭੂਮਿਕਾ ਨਿਭਾਈ ਸੀ।

ਗੱਲ ਸਿਰਫ ਇਥੋਂ ਤਕ ਹੀ ਸੀਮਤ ਨਹੀਂ ਹੈ ਕਿ ਅਹਿਮਦੀਆ ਮੁਸਲਮਾਨਾਂ ਨੇ ਪਾਕਿਸਤਾਨ ਦੇ ਨਿਰਮਾਣ ’ਚ ਵੱਡੀ ਭੂਮਿਕਾ ਨਿਭਾਈ ਸੀ। ਸੰਨ 1940 ’ਚ ‘ਪਾਕਿਸਤਾਨ’ ਦੇ ਮਜ਼੍ਹਬੀ ਵਿਚਾਰ ਨੂੰ ਅਹਿਮਦੀਆ ਮੁਸਲਿਮ ਨੇਤਾ ਮੁਹੰਮਦ ਜਫਰੂੱਲ੍ਹਾ ਨੇ ਕਲਮਬੱਧ ਕੀਤਾ ਸੀ, ਜੋ ਬਾਅਦ ’ਚ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਬਣੇ ਅਤੇ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਵਿਰੁੱਧ ਪੈਰਵੀ ਵੀ ਕਰਦੇ ਰਹੇ।

ਜਦੋਂ ਅਕਤੂਬਰ 1947 ’ਚ ਪਾਕਿਸਤਾਨ ਨੇ ਕਸ਼ਮੀਰ ’ਤੇ ਹਮਲਾ ਕੀਤਾ, ਉਦੋਂ ਅਹਿਮਦੀਆ ਫਿਰਕੇ ਦੇ ਖਲੀਫਾ ਮਿਰਜ਼ਾ ਬਸ਼ੀਰ-ਉਦ-ਦੀਨ ਮਹਿਮੂਦ ਅਹਿਮਦ ਨੇ ਭਾਰਤ ਵਿਰੁੱਧ ‘ਫੁਰਕਾਨ ਫੋਰਸ’ ਨਾਂ ਦੇ ਫੌਜੀ ਬਲ ਦਾ ਗਠਨ ਕਰ ਦਿੱਤਾ। ਕਿੰਨੀ ਵੱਡੀ ਤ੍ਰਾਸਦੀ ਹੈ ਕਿ ਜਿਸ ਪਾਕਿਸਤਾਨ ਲਈ ਅਹਿਮਦੀਆ ਮੁਸਲਮਾਨਾਂ ਨੇ ਲੜਾਈ ਲਈ, ਉਸੇ ਪਾਕਿਸਤਾਨ ਨੇ 1974 ’ਚ ਉਨ੍ਹਾਂ ਨੂੰ ਗੈਰ-ਮੁਸਲਿਮ ਐਲਾਨ ਦਿੱਤਾ। ਉਦੋਂ ਤੋਂ ਉਨ੍ਹਾਂ ਨੂੰ ਵੀ ਪਾਕਿਸਤਾਨ ’ਚ ਹੋਰਨਾਂ ‘ਕਾਫਰਾਂ’ ਵਾਂਗ ਮਜ਼੍ਹਬੀ ਜ਼ੁਲਮ ਅਤੇ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਸੱਚਾਈ ਹੈ ਕਿ ਜਿਸ ਤਰ੍ਹਾਂ ਪਾਕਿਸਤਾਨ ਭਾਰਤ ਦੀ ਹੋਂਦ ਨੂੰ ਮਿਟਾਉਣ ਲਈ ਅੱਤਵਾਦੀਆਂ ਦੀ ਵਰਤੋਂ ਕਰਦਾ ਹੈ, ਉਸੇ ਤਰ੍ਹਾਂ ਈਰਾਨ ਦਾ ਵੀ ਇਜ਼ਰਾਈਲ ਪ੍ਰਤੀ ਵਤੀਰਾ ਰਿਹਾ ਹੈ ਅਤੇ ਉਹ ਵੀ ਉਸ ਨੂੰ ਦੁਨੀਆ ਤੋਂ ਖਤਮ ਕਰਨਾ ਚਾਹੁੰਦਾ ਹੈ। ਇਸ ਲਈ ਇਜ਼ਰਾਈਲ ਵਿਰੋਧੀ ਹਮਾਸ, ਹਿਜ਼ਬੁੱਲਾ ਅਤੇ ਹੂਤੀ ਵਰਗੇ ਅੱਤਵਾਦੀ ਸੰਗਠਨਾਂ ਦਾ ਈਰਾਨ ਰੱਖਿਅਕ ਬਣਿਆ ਹੋਇਆ ਹੈ।

ਬਲਬੀਰ ਪੁੰਜ


author

DIsha

Content Editor

Related News