ਭਾਰਤ ਦੇ ਸਾਹਮਣੇ ਕਈ ਮੁਸ਼ਕਿਲਾਂ
Monday, Mar 17, 2025 - 04:13 PM (IST)

ਅਜੋਕੇ ਸਮੇਂ ‘ਖਤਰਿਆਂ’ ਦੀ ਭਰਮਾਰ ਹੈ। ਇਨ੍ਹਾਂ ’ਚੋਂ ਕਈ ਬਿਨਾਂ ਸ਼ੱਕ ਗੰਭੀਰ ਤੇ ਚਿੰਤਾਜਨਕ ਸ਼੍ਰੇਣੀ ’ਚ ਆਉਂਦੇ ਹਕੀਕੀ ਖ਼ਤਰੇ ਹਨ ਪ੍ਰੰਤੂ ਅਨੇਕਾਂ ਖ਼ਤਰੇ ਖਿਆਲੀ ਜਾਂ ਮਨਘੜਤ ਹਨ, ਜੋ ਸੌੜੀ ਸੋਚ ਵਾਲੇ ਤੱਤਾਂ ਵੱਲੋਂ ਸਾਜ਼ਿਸ਼ ਅਧੀਨ ਘੜੇ ਜਾ ਰਹੇ ਹਨ। ਮਹਿੰਗਾਈ-ਬੇਰੁਜ਼ਗਾਰੀ, ਗਰੀਬੀ, ਕੁਪੋਸ਼ਣ, ਕਰਜ਼ਿਆਂ ਦੇ ਭਾਰ, ਅਮੀਰੀ-ਗਰੀਬੀ ਦੇ ਵਧ ਰਹੇ ਪਾੜੇ ਆਦਿ ਦਾ ਖ਼ਤਰਾ ਦਿਨੋਂ-ਦਿਨ ਡਰਾਉਣੀ ਸ਼ਕਲ ਅਖਤਿਆਰ ਕਰਦਾ ਜਾ ਰਿਹਾ ਹੈ। ਵਧ ਰਹੀ ਬੇਰੁਜ਼ਗਾਰੀ ਦੇ ਦੌਰ ’ਚ ਮਜ਼ਦੂਰਾਂ ਨੂੰ ਆਪਣੇ ਰੁਜ਼ਗਾਰ ਖੁੱਸਣ ਦਾ ਤੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਹੱਥੀਂ ਸੌਂਪ ਦਿੱਤੇ ਜਾਣ ਦਾ ਖ਼ਤਰਾ ਸਤਾ ਰਿਹਾ ਹੈ।
ਆਪਣੇ ਪਰਿਵਾਰ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ, ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਰੁਜ਼ਗਾਰ ਨਾ ਦੇ ਸਕਣ ਦਾ ਖ਼ਤਰਾ ਕਿਰਤੀ ਲੋਕਾਂ ਦੀ ਨੀਂਦ ਖੋਹ ਰਿਹਾ ਹੈ। ਨਾਲ ਹੀ ਬੁਢਾਪਾ ਕੱਟ ਰਹੇ ਬਜ਼ੁਰਗ ਲੋੜੀਂਦੀ ਸਮਾਜਿਕ ਸੁਰੱਖਿਆ ਨਾ ਮਿਲਣ ਕਾਰਨ ਜੂਨ ਗੁਜ਼ਾਰੇ ਲਈ ਪੈਦਾ ਹੋ ਰਹੇ ਖਤਰਿਆਂ ਤੋਂ ਭੈਅਭੀਤ ਹਨ। ਇਨ੍ਹਾਂ ਹਾਲਤਾਂ ਅੰਦਰ ਕਤਲਾਂ, ਲੁੱਟਾਂ-ਖੋਹਾਂ, ਫਿਰੌਤੀਆਂ, ਨਸ਼ਿਆਂ ਦੇ ਵਧ ਰਹੇ ਰੁਝਾਨ, ਘਰੇਲੂ ਹਿੰਸਾ ਤੇ ਸਮਾਜਿਕ ਅਫਰਾ-ਤਫਰੀ ਫੈਲਣ ਦਾ ਖਤਰਾ ‘ਖਿਆਲੀ’ ਨਾ ਹੋ ਕੇ ਹਕੀਕੀ ਹੈ।
‘ਹਵਾਈ ਖਤਰਿਆਂ’ ਨਾਲ ਜੁੜੀਆਂ ਅਫਵਾਹਾਂ ਦਾ ਰਾਮ-ਰੌਲਾ ਇੰਨਾ ਜ਼ਿਆਦਾ ਹੈ ਕਿ ਇਸ ਨਾਲ ਆਮ ਲੋਕ ਚੋਖੇ ਪ੍ਰਭਾਵਿਤ ਹੋ ਰਹੇ ਹਨ। ਅਨਿਸ਼ਚਿਤਤਾਵਾਂ ਦੇ ਇਸ ਦੌਰ ’ਚ ਇਹ ਖਦਸ਼ਾ ਪੈਦਾ ਹੋਣਾ ਲਾਜ਼ਮੀ ਹੈ ਕਿ ਕਿਤੇ ਹਕੀਕੀ ਖਤਰਿਆਂ ਦਾ ਦੁੱਖ ਝੱਲ ਰਹੇ ਪੀੜਤਾਂ ਵੱਲੋਂ ਮਦਦ ਲਈ ਲਾਈ ਗਈ ਗੁਹਾਰ ਨੂੰ ਵੀ ਲੋਕ ਝੂਠੀ ਹੀ ਨਾ ਸਮਝ ਲੈਣ।
ਧਰਮਾਂ ਦੀ ਉਤਪਤੀ ਨੇ ਵੱਖੋ-ਵੱਖ ਸਮਿਆਂ ’ਤੇ ਸਮਾਜਿਕ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਹਾਲਾਂਕਿ ਸਮੇਂ ਦੇ ਵਹਾਅ ’ਚ ਵਿਗਿਆਨ ਦੇ ਵਿਕਾਸ ਸਦਕਾ ਕਈ ਧਾਰਮਿਕ ਮਿੱਥ ਅਲੋਪ ਜ਼ਰੂਰ ਹੋਏ ਹਨ ਤੇ ਕਈ ਧਰਮ ਆਪਣੀ ਹੱਠਧਰਮੀ ਅਤੇ ਅੰਤਰਮੁਖੀ ਸੋਚ ਸਦਕਾ ਸੁੰਗੜ ਵੀ ਰਹੇ ਹਨ। ਸੁਤੰਤਰਤਾ ਸੰਗਰਾਮ ਦੌਰਾਨ, ਸਾਮਰਾਜ ਦੀ ਸ਼ਹਿ ’ਤੇ ਕੁਝ ਲੋਕਾਂ ਨੇ ਹਿੰਦੂ, ਮੁਸਲਮਾਨ ਤੇ ਸਿੱਖ ਧਰਮ ਨੂੰ ਨਕਲੀ ਖਤਰਿਆਂ ਦੀ ਦੁਹਾਈ ਪਾ ਕੇ ਆਜ਼ਾਦੀ ਪ੍ਰਾਪਤ ਕਰਨ ਲਈ ਲੜੇ ਜਾ ਰਹੇ ਮਾਣਮੱਤੇ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਸੀ।
ਮੁਸਲਿਮ ਧਰਮ ਨੂੰ ਬੜ੍ਹਾਵਾ ਦੇਣ ਲਈ ਅੰਗਰੇਜ਼ੀ ਸਾਮਰਾਜ, ਮੁਸਲਿਮ ਲੀਗ ਤੇ ਕਾਂਗਰਸ ਵਿਚਕਾਰ ਹੋਏ ਸਮਝੌਤੇ ਦੇ ਆਧਾਰ ’ਤੇ 1947 ’ਚ ਹੋਈ ਦੇਸ਼ ਦੀ ਦੁਰਭਾਗੀ ਵੰਡ ਦੇ ਸਿੱਟੇ ਵਜੋਂ ਧਰਮ ਦੇ ਆਧਾਰ ’ਤੇ ਪਾਕਿਸਤਾਨ ਹੋਂਦ ’ਚ ਆਇਆ ਸੀ। ਅੱਜ ਜਦੋਂ ਇਸ ਗਲਤ ਤੇ ਗੈਰ-ਅਸੂਲੀ ਵੰਡ ਨਾਲ ਹੋਂਦ ’ਚ ਆਏ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਦੇਖਦੇ ਹਾਂ, ਤਾਂ ਸਪੱਸ਼ਟ ਸਮਝ ਆ ਜਾਂਦਾ ਹੈ ਕਿ ਜਿਸ ਧਰਮ ਦੇ ਖਤਰਿਆਂ ਦਾ ਵਾਸਤਾ ਪਾ ਕੇ ਪਾਕਿਸਤਾਨ ਦਾ ਜਨਮ ਹੋਇਆ ਸੀ, ਉਸ ਧਰਮ ਨਾਲ ਮਿਹਨਤਕਸ਼ ਲੋਕਾਂ ਨੂੰ ਗਰੀਬੀ, ਕੰਗਾਲੀ ਤੇ ਭੁੱਖਮਰੀ ਦੇ ਅਸਹਿ ਤੇ ਅਕਹਿ ਖਤਰੇ ਦਰਪੇਸ਼ ਹਨ।
ਉਸ ਸਮੇਂ ਕਈ ਸਿੱਖ ਨੇਤਾਵਾਂ ਨੇ ਵੀ ਸਿੱਖ ਧਰਮ ਨੂੰ ਦਰਪੇਸ਼ ਖਤਰਿਆਂ ਦਾ ਬਿਰਤਾਂਤ ਸਿਰਜ ਕੇ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਕੀਤੀ ਸੀ, ਜਿਸ ਨੂੰ ਸਿੱਖ ਲੋਕ ਸਮੂਹਾਂ ਦਾ ਵੱਡਾ ਸਮਰਥਨ ਨਹੀਂ ਮਿਲਿਆ ਸੀ ਪ੍ਰੰਤੂ ਜੇ ਕੁਝ ਸੌੜੀ ਸੋਚ ਵਾਲੇ ਲੋਕਾਂ ਵੱਲੋਂ ਸਿੱਖ ਧਰਮ ਨੂੰ ਭਵਿੱਖ ’ਚ ਦਰਪੇਸ਼ ਮਨੋ ਕਲਪਤ ਖਤਰਿਆਂ ਦੇ ਆਧਾਰ ’ਤੇ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਪ੍ਰਵਾਨ ਕਰ ਲਈ ਜਾਂਦੀ ਤਾਂ ਬਿਨਾਂ ਸ਼ੱਕ ਹਰ ਪੱਖੋਂ ਸਿੱਖਾਂ ਲਈ ਉਸ ਦੇਸ਼ ਦੇ ਹਾਲਾਤ ਅੱਜ ਦੇ ਪਾਕਿਤਸਾਨ ਨਾਲੋਂ ਵੀ ਭੈੜੇ ਹੋਣੇ ਸਨ। ਆਜ਼ਾਦੀ ਪ੍ਰਾਪਤੀ ਤੋਂ ਬਾਅਦ ਦੇਸ਼ ਅੰਦਰ ਸਾਰੇ ਧਰਮਾਂ ਦੇ ਲੋਕ ਇਕ-ਦੂਜੇ ਪ੍ਰਤੀ ਬਹੁਤ ਹੀ ਸਤਿਕਾਰ, ਆਪਸੀ ਮਿਲਵਰਤੋਂ ਤੇ ਅਮਨ-ਅਮਾਨ ਨਾਲ ਜ਼ਿੰਦਗੀ ਬਸਰ ਕਰਦੇ ਆ ਰਹੇ ਹਨ ਪ੍ਰੰਤੂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਨੂੰ ਕਈ ਕਿਸਮ ਦੀਆਂ ਗੰਭੀਰ ਆਰਥਿਕ ਮੁਸ਼ਕਲਾਂ ਨੇ ਘੇਰ ਰੱਖਿਆ ਹੈ।
ਹਿੰਦੂ ਆਬਾਦੀ ਨੂੰ ਮੁਸਲਮਾਨਾਂ, ਇਸਾਈਆਂ ਤੇ ਖੱਬੇਪੱਖੀਆਂ ਤੋਂ ਦਰਪੇਸ਼ ਖਤਰਿਆਂ ਦੀ ਦੁਹਾਈ ਦਿੱਤੀ ਜਾ ਰਹੀ ਹੈ। ਉਂਝ 20 ਫੀਸਦੀ ਮੁਸਲਿਮ ਆਬਾਦੀ ਤੋਂ 80 ਫੀਸਦੀ ਲੋਕਾਂ ਨੂੰ ਕਿੰਨਾ ਕੁ ਖਤਰਾ ਹੋ ਸਕਦਾ ਹੈ? ਕਾਂਵੜ ਯਾਤਰਾ ਤੇ ਮਹਾਕੁੰਭ ਵਰਗੇ ਵਿਸ਼ਾਲ ਧਾਰਮਿਕ ਇਕੱਠ ਅੰਦਰ ਮੁਸਲਮਾਨਾਂ ਦੀ ਸ਼ਮੂਲੀਅਤ ਹੋਣ ਜਾਂ ਉਨ੍ਹਾਂ ਦੀਆਂ ਦੁਕਾਨਾਂ ਖੁੱਲ੍ਹਣ ਨਾਲ ਹਿੰਦੂ ਧਰਮ ਨੂੰ ਕਿੰਨਾ ਕੁ ਖਤਰਾ ਹੋ ਸਕਦਾ ਸੀ? ਕੀ ਸਾਡੀਆਂ ਪ੍ਰੰਪਰਾਵਾਂ ਏਨੀਆਂ ਹੀ ਕਮਜ਼ੋਰ ਹਨ ਕਿ ਦੋ ਧਰਮਾਂ ਨਾਲ ਸੰਬੰਧਤ ਲੋਕਾਂ ਦੇ ਸਮਾਜਿਕ ਰਿਸ਼ਤਿਆਂ ’ਚ ਬੰਨ੍ਹੇ ਜਾਣ ਨਾਲ ਮਹਾਨ ਤੇ ਵਿਸ਼ਾਲ ਸੋਚ ਵਾਲੇ ‘ਹਿੰਦੂ ਧਰਮ’ ਦੀਆਂ ਮਾਣ ਕਰਨ ਯੋਗ ਪ੍ਰੰਪਰਾਵਾਂ ਢਹਿ ਢੇਰੀ ਹੋ ਜਾਣਗੀਆਂ? ਧਰਮ ਦੀਆਂ ਇਨ੍ਹਾਂ ਨੀਹਾਂ ਨੂੰ ਤਾਂ ਮਹਿਮੂਦ ਗਜ਼ਨਵੀ ਦੇ 17 ਹਮਲੇ ਵੀ ਨਹੀਂ ਸਨ ਹਿਲਾ ਸਕੇ!
ਮੁਸਲਮਾਨਾਂ ਦੇ ਅਖੌਤੀ ਧਰਮ ਗੁਰੂਆਂ ਨੂੰ ਤਾਂ ਮੁਸਲਮਾਨ ਕੁੜੀਆਂ ਦੇ ਬੁਰਕਾ ਲਾਹ ਕੇ ਮੂੰਹ ਨੰਗੇ ਰੱਖਣ ਜਾਂ ਪੜ੍ਹਨ-ਲਿਖਣ, ਖੇਡਣ, ਗਾਉਣ ਨਾਲ ਹੀ ‘ਇਸਲਾਮ’ ਨੂੰ ਵੱਡਾ ਖਤਰਾ ਮਹਿਸੂਸ ਹੋਣ ਲੱਗ ਪੈਂਦਾ ਹੈ। ਇਹ ਖਤਰਾ ਉਦੋਂ ਨਹੀਂ ਉਗਮਦਾ, ਜਦੋਂ ਆਪਣੀ ਪਤਨੀ ਨੂੰ ਕੋਈ ਮੁਸਲਮਾਨ ਮਰਦ ਜ਼ੁਬਾਨੀ ਹੀ ‘ਤਿੰਨ ਤਲਾਕ’ ਦੇ ਕੇ ਸੜਕਾਂ ’ਤੇ ਧੱਕੇ ਖਾਣ ਲਈ ਮਜਬੂਰ ਕਰ ਦਿੰਦਾ ਹੈ? ਬੱਚਿਆਂ ਨੂੰ ਵਿਗਿਆਨਕ ਸਿੱਖਿਆ ਦੇ ਕੇ ਤਰਕਸ਼ੀਲ ਤੇ ਅਗਾਂਹਵਧੂ ਬਣਦੇ ਦੇਖਣਾ ਇਨ੍ਹਾਂ ਅਖੌਤੀ ‘ਮੌਲਾਨਿਆਂ’ ਲਈ ਇਸੇ ਲਈ ਖਤਰੇ ਦੀ ਘੰਟੀ ਹੈ, ਕਿਉਂਕਿ ਅਜਿਹਾ ਹੋਣ ਨਾਲ ਉਨ੍ਹਾਂ ਦੀ ਧਰਮ ਦੇ ਨਾਂ ’ਤੇ ਚੱਲਣ ਵਾਲੀ ਦੁਕਾਨਦਾਰੀ ਖਤਰੇ ’ਚ ਆ ਜਾਵੇਗੀ!
ਕੁਝ ਲੋਕਾਂ ਵੱਲੋਂ ਸਿੱਖ ਧਰਮ ਨੂੰ ਦਰਪੇਸ਼ ਵੱਡੇ ਖਤਰਿਆਂ ਦੀ ਵੀ ਦੁਹਾਈ ਪਾਈ ਜਾਂਦੀ ਹੈ। ਅਜਿਹੇ ਖਤਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੋਰ ਸਿੱਖ ਗੁਰੂ ਸਾਹਿਬਾਨ ਅਤੇ ਭਗਤੀ ਲਹਿਰ ਦੇ ਮਹਾਨ ਪੁਰਸ਼ਾਂ ਨੇ ਕਦੀ ਅਨੁਭਵ ਵੀ ਨਹੀਂ ਕੀਤਾ ਹੋਣਾ। ਝੂਠੀਆਂ ਤੇ ਮਨਘੜਤ ਸਾਖੀਆਂ ਤੇ ਚਮਤਕਾਰੀ ਘਟਨਾਵਾਂ ਬਾਰੇ ਕਿੰਤੂ-ਪ੍ਰੰਤੂ ਕਰਨ, ਕਿਸੇ ਉਸਾਰੂ ਗੀਤ, ਡਰਾਮੇ ਜਾਂ ਫਿਲਮ ’ਚ ਸੰਕੇਤਕ ਤੌਰ ’ਤੇ ਪ੍ਰਛਾਵੇਂ ਦੇ ਰੂਪ ’ਚ ਕਿਸੇ ਗੁਰੂ ਸਾਹਿਬਾਨ ਜੀ ਦੇ ਨਜ਼ਰ ਆਉਣ ਆਦਿ ਨੂੰ ਲੈ ਕੇ ਸਿੱਖ ਧਰਮ ਲਈ ਗਰਦਾਨੇ ਗਏ ਵੱਡੇ ਮਨਘੜਤ ਖਤਰਿਆਂ ਦੀਆਂ ਕੁਝ ਕੁ ਉਦਾਹਰਣਾਂ ਹਨ।
ਨਿਮਰਤਾ ਹੀ ਸਿੱਖੀ ਦਾ ਮੂਲ ਆਧਾਰ ਹੈ। ਅੱਜ ਜਦੋਂ ਸਮੇਂ ਦੇ ਹਾਕਮ ਗੁਰੂ ਸਾਹਿਬਾਨ ਦੀ ਬਾਣੀ ਦੀ ਭਾਵਨਾ ਖ਼ਿਲਾਫ਼ ਭੰਬਲਭੂਸੇ ’ਤੇ ਆਧਾਰਿਤ ਸਮਾਜਿਕ, ਵਿਚਾਰਧਾਰਕ ਤੇ ਸੱਭਿਆਚਾਰਕ ਬਿਰਤਾਂਤ ਸਿਰਜਣ ਦਾ ਯਤਨ ਕਰ ਰਹੇ ਹਨ ਤਾਂ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਸੌੜੀ ਸੋਚ ਦੇ ਆਧਾਰ ’ਤੇ ਖਿਆਲੀ ਤੇ ਝੂਠੇ ਖਤਰਿਆਂ ਦੀ ਦੁਹਾਈ ਵੱਲ ਧਿਆਨ ਦੇਣ ਦੀ ਜਗ੍ਹਾ ਸਿੱਖ ਧਰਮ ਵਿਚਲੇ ਫਿਰਕੂ ਤੇ ਆਸਥਾ ਦੇ ਨਾਂ ’ਤੇ ਪਖੰਡਵਾਦ ਤੇ ਚਮਤਕਾਰ ਵਾਪਰਨ ਦਾ ਪ੍ਰਚਾਰ ਕਰਨ ਵਾਲੇ ਤੱਤਾਂ ਅਤੇ ਪਿਛਾਖੜੀ ਵਿਚਾਰਧਾਰਕ ਹੱਲਿਆਂ ਦੀ ਹਕੀਕਤ ਨੂੰ ਸਮਝਣ ਦੀ ਲੋੜ ਹੈ।
-ਮੰਗਤ ਰਾਮ ਪਾਸਲਾ