ਅਮਰੀਕਾ ’ਚ ਭਾਰਤੀਆਂ ਦੇ ਬੁਰੇ ਦਿਨ

Tuesday, Feb 03, 2026 - 05:18 PM (IST)

ਅਮਰੀਕਾ ’ਚ ਭਾਰਤੀਆਂ ਦੇ ਬੁਰੇ ਦਿਨ

2023 ’ਚ ਅਮਰੀਕਾ ਦੇ ਕੋਲੇਰੇਡੋ ਯੂਨੀਵਰਸਿਟੀ ’ਚ ਇਕ ਜੋੜਾ ਆਦਿਤਿਆ ਪ੍ਰਕਾਸ਼ ਅਤੇ ਉਰਮੀ ਭੱਟਾਚਾਰਿਆ ਪੀ. ਐੱਚ. ਡੀ. ਕਰ ਰਹੇ ਸਨ। ਉਹ ਉਥੇ ਆਪਣਾ ਲੰਚ ਓਵਨ ’ਚ ਗਰਮ ਕਰ ਰਹੇ ਸਨ। ਖਾਣ ’ਚ ਪਾਲਕ ਪਨੀਰ ਸੀ ਪਰ ਕਾਲਜ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਖਾਣਾ ਗਰਮ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ’ਚ ਬਦਬੂ ਆ ਰਹੀ ਹੈ। ਇਸ ਲਈ ਇਸ ਨੂੰ ਇਥੇ ਗਰਮ ਨਹੀਂ ਕੀਤਾ ਜਾ ਸਕਦਾ। ਇਹ ਵੀ ਹੈ ਕਿ ਅਸੀਂ ਤਾਂ ਇਥੇ ਬ੍ਰੋਕਲੀ ਵੀ ਗਰਮ ਨਹੀਂ ਕਰਨ ਦਿੰਦੇ। ਇਸ ਗੱਲ ਦੀ ਸ਼ਿਕਾਇਤ ਕਾਲਜ ਦੇ ਪ੍ਰਸ਼ਾਸਨ ਨੂੰ ਕੀਤੀ ਗਈ। ਉਰਮੀ ਉਥੇ ਅਧਿਆਪਕ ਵੀ ਸੀ। ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਦੋਵਾਂ ਨੂੰ ਪੀ. ਐੱਚ. ਡੀ. ਦੀ ਡਿਗਰੀ ਵੀ ਨਹੀਂ ਦਿੱਤੀ ਗਈ।

ਉਦੋਂ ਇਨ੍ਹਾਂ ਦੋਵਾਂ ਨੇ ਕੋਰਟ ’ਚ ਸ਼ਿਕਾਇਤ ਕੀਤੀ ਕਿ ਮਾਮੂਲੀ ਗੱਲ ਨੂੰ ਇੰਨਾ ਵੱਡਾ ਬਣਾ ਦਿੱਤਾ ਗਿਆ। ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਨਾਲ ਤੰਗ ਕੀਤਾ ਗਿਆ ਅਤੇ ਡਿਗਰੀ ਵੀ ਨਹੀਂ ਮਿਲੀ। ਅਦਾਲਤ ਨੇ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਇਸ ਜੋੜੇ ਨੂੰ 2 ਲੱਖ ਡਾਲਰ ਮੁਆਵਜ਼ੇ ਦੇ ਰੂੁਪ ’ਚ ਦੇਣ। ਉਨ੍ਹਾਂ ਦੀ ਪੀ. ਐੱਚ. ਡੀ. ਦੀ ਡਿਗਰੀ ਵੀ ਦਿੱਤੀ ਗਈ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਮੇਸ਼ਾ ਦੇ ਲਈ ਆਪਣੇ ਇਥੇ ਉਨ੍ਹਾਂ ਨੂੰ ਬੈਨ ਕਰ ਦਿੱਤਾ। ਜਿਸ ਮਾਮਲੇ ’ਚ ਇਨ੍ਹਾਂ ਦੋਵਾਂ ਦਾ ਕੋਈ ਦੋਸ਼ ਨਹੀਂ ਸੀ। ਉਸਦੇ ਲਈ ਇਨ੍ਹਾਂ ਨੂੰ ਇਸ ਤਰ੍ਹਾਂ ਦੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ।

ਯਾਦ ਰਹੇ ਕਿ ਇਹ ਟਰੰਪ ਦੇ ਦੋਬਾਰਾ ਸੱਤਾ ’ਚ ਆਉਣ ਦੇ ਪਹਿਲਾਂ ਦੀ ਗੱਲ ਹੈ। ਇਨ੍ਹੀਂ ਦਿਨੀਂ ਉਥੇ ਪ੍ਰਸ਼ਾਸਨ ਲਗਾਤਾਰ ਭਾਰਤੀਆਂ ’ਤੇ ਹਮਲਾਵਾਰ ਹੈ। ਕਿਹਾ ਜਾ ਰਿਹਾ ਹੈ ਕਿ ਨੌਕਰੀਆਂ ਸਿਰਫ ਅਮਰੀਕੀ ਲੋਕਾਂ ਨੂੰ ਹੀ ਦਿੱਤੀਆਂ ਜਾਣ। ਇਨ੍ਹਾਂ ’ਚ ਵੀ ਬਿਨਾਂ ਕਹੇ ਗੋਰਿਆਂ ਨੂੰ ਪਹਿਲ ਦਿੱਤੀ ਜਾਵੇ। ਪਿਛਲੇ ਦਿਨੀਂ ਟੈਕਸਾਸ ਯੂਨੀਵਰਸਿਟੀ ’ਚ ਵੀ ਅਜਿਹੀ ਹੀ ਗਾਈਡਲਾਈਨਜ਼ ਭੇਜੀਆਂ ਗਈਆਂ। ਹੁਣ ਤਕ ਲੋਕ ਸਮਝ ਰਹੇ ਸਨ ਕਿ ਐੱਚ.ਵਨ ਬੀ ਵੀਜ਼ਾ ਦੇ ਸ਼ਿਕਾਰ ਸਿਰਫ ਆਈ. ਟੀ. ਸੈਕਟਰ ਦੇ ਲੋਕ ਹੀ ਬਣਨਗੇ ਪਰ ਹੁਣ ਯੂਨੀਵਰਸਿਟੀਜ਼ ਵੀ ਇਸ ਤੋਂ ਨਹੀਂ ਬਚ ਰਹੀਆਂ।

ਉਹ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਹਨ ਕਿ ਜੇਕਰ ਅਮਰੀਕਾ ’ਚ ਲੋਕ ਇੰਨੇ ਹੀ ਮਿਹਨਤੀ ਹੁੰਦੇ ਤਾਂ ਬਾਹਰ ਦੇ ਲੋਕਾਂ ਨੂੰ ਬੁਲਾਉਣ ਦੀ ਲੋੜ ਹੀ ਕਿਉਂ ਪੈਂਦੀ। ਕੁਝ ਦਿਨ ਪਹਿਲਾਂ ਬਿਲ ਗੇਟਸ ਨੇ ਕਿਹਾ ਸੀ ਕਿ ਜੇਕਰ ਅਸੀਂ ਭਾਰਤੀਆਂ ਨੂੰ ਰੋਕਾਂਗੇ ਤਾਂ ਉਹ ਆਪਣਾ ਗੂਗਲ ਖੁਦ ਬਣਾ ਲੈਣਗੇ ਪਰ ਨਫਰਤੀ ਨੇਤਾਵਾਂ ਨੂੰ ਇਹ ਗੱਲ ਭਲਾ ਕਿਉਂ ਸਮਝ ’ਚ ਆਉਣ ਲੱਗੀ।

ਪ੍ਰਸ਼ਾਸਨ ਦੀ ਸ਼ਹਿ ਪਾ ਕੇ ਇਨ੍ਹੀਂ ਦਿਨੀਂ ਅਮਰੀਕਾ ’ਚ ਭਾਰਤੀਆਂ ਦੇ ਖਿਲਾਫ ਲਗਾਤਾਰ ਨਫਰਤ ਫੈਲਾਈ ਜਾ ਰਹੀ ਹੈ। ਉਨ੍ਹਾਂ ’ਤੇ ਹਮਲੇ ਬੋਲੇ ਜਾ ਰਹੇ ਹਨ। ਪਿੱਛਾ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਸਕੂਲਾਂ ’ਚ ਪਰੇਸ਼ਾਨ ਕੀਤਾ ਜਾ ਰਿਹਾ ਹੈ। ਲੋਕ ਦੀਵਾਲੀ ਮਨਾਉਣ ਦੀ ਸ਼ਿਕਾਇਤ ਕਰ ਰਹੇ ਹਨ। ਭਾਰਤੀਆਂ ਦੇ ਖਿਲਾਫ ਨਾਅਰੇ ਲਗਾਏ ਜਾ ਰਹੇ ਹਨ ਕਿ ਆਪਣੇ ਦੇਸ਼ ਵਾਪਸ ਜਾਓ। ਉਨ੍ਹਾਂ ਦੇ ਬਾਰੇ ’ਚ ਤਰ੍ਹਾਂ-ਤਰ੍ਹਾਂ ਦੇ ਭੈੜੇ ਪ੍ਰਚਾਰ ਕੀਤੇ ਜਾ ਰਹੇ ਹਨ ਕਿ ਉਹ ਗੋਹਾ ਖਾਂਦੇ ਹਨ। ਗਊ ਮੂਤਰ ਪੀਂਦੇ ਹਨ। ਉਹ ਅਮਰੀਕਾ ਨੂੰ ਬਰਬਾਦ ਕਰਨ ਦੇ ਲਈ ਆਏ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਕਈ ਸਾਲ ਪਹਿਲਾਂ ਪੋਲੈਂਡ ’ਚ ਘੁੰਮਦੇ ਇਕ ਭਾਰਤੀ ਨੂੰ ਇਕ ਅਮਰੀਕੀ ਨੇ ਰੋਕ ਕੇ ਕਿਹਾ ਸੀ ਕਿ ਤੂੰ ਇੱਥੇ ਵੀ ਆ ਪਹੁੰਚਿਆ, ਆਪਣੇ ਦੇਸ਼ ਵਾਪਸ ਜਾ। ਦਰਅਸਲ ਜਦੋਂ ਸਰਕਾਰਾਂ ਕੋਲ ਆਪਣੇ ਵੋਟਰਾਂ ਨੂੰ ਦੇਣ ਲਈ ਕੁਝ ਨਹੀਂ ਹੁੰਦਾ, ਤਾਂ ਉਹ ਨਫਰਤੀ ਵਿਚਾਰਾਂ ਅਤੇ ਨਾਅਰਿਆਂ ਨੂੰ ਹਵਾ ਦਿੰਦੀਆਂ ਹਨ। ਲੋਕਾਂ ਨੂੰ ਇਕ-ਦੂਜੇ ਨਾਲ ਲੜਵਾ ਕੇ ਨੇਤਾ ਚਾਂਦੀ ਕੁਟਦੇ ਹਨ।

ਜ਼ੋਹਰਾਨ ਮਮਦਾਨੀ ਜਦੋਂ ਨਿਊਯਾਰਕ ਦੇ ਮੇਅਰ ਦੀ ਚੋਣ ਜਿੱਤੇ, ਉਸ ਸਮੇਂ ਇਹ ਲੇਖਿਕਾ ਨਿਊਯਾਰਕ ’ਚ ਹੀ ਸੀ। ਜਿਸ ਵਰਲਡ ਟ੍ਰੇਡ ਸੈਂਟਰ ਨੂੰ ਨੌਂ ਗਿਆਰ੍ਹਾਂ ’ਚ ਤੋੜਿਆ ਗਿਆ ਸੀ, ਉਹ ਹੁਣ ਦੋਬਾਰਾ ਬਣ ਗਿਆ ਹੈ। ਉਸ ਦੇ ਹੇਠਾਂ ਖੜ੍ਹੀ ਇਹੀ ਸੋਚ ਰਹੀ ਸੀ ਕਿ ਇਸ ਨੂੰ ਤੋੜਨ ’ਚ ਅਪ੍ਰਵਾਸੀਆਂ ਦਾ ਹੀ ਹੱਥ ਦੱਸਿਆ ਗਿਆ ਸੀ ਪਰ ਹੁਣ ਕੀ ਹੋਇਆ ਕਿ ਮਮਦਾਨੀ ਦੇ ਖ਼ਿਲਾਫ਼ ਲਗਾਤਾਰ ਦਿੱਤੇ ਬਿਆਨਾਂ ਦੇ ਬਾਵਜੂਦ, ਉਹ ਜਿੱਤ ਗਏ। ਧਿਆਨ ਨਾਲ ਦੇਖੀਏ, ਤਾਂ ਨਿਊਯਾਰਕ ’ਚ ਬਾਹਰ ਤੋਂ ਆਏ ਲੋਕ ਵੱਡੀ ਗਿਣਤੀ ’ਚ ਰਹਿੰਦੇ ਹਨ। ਪਿਛਲੇ ਦਿਨੀਂ ਜਿਸ ਤਰ੍ਹਾਂ ਅਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਇਸ ਨਾਲ ਉਨ੍ਹਾਂ ’ਚ ਅਸੁਰੱਖਿਆ ਦੀ ਭਾਵਨਾ ਵਧੀ। ਉਨ੍ਹਾਂ ਨੂੰ ਲੱਗਿਆ ਕਿ ਮਮਦਾਨੀ ਉਨ੍ਹਾਂ ਦੇ ਪੱਖ ’ਚ ਲਗਾਤਾਰ ਬੋਲਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਠਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਜਿਤਾ ਦਿੱਤਾ। ਅਮਰੀਕਾ, ਅਮਰੀਕੀ ਲੋਕਾਂ ਲਈ ਹੀ ਹੈ, ਇਹ ਗੱਲ ਤਾਂ ਠੀਕ ਹੈ ਪਰ ਖੁਦ ਅਮਰੀਕਾ ਦੇ ਗੋਰੇ ਉੱਥੋਂ ਦੇ ਮੂਲ ਨਿਵਾਸੀ ਨਹੀਂ ਹਨ। ਉਹ ਵੀ ਬਾਹਰੋਂ ਆਏ ਅਤੇ ਉਨ੍ਹਾਂ ਨੇ ਉੱਥੋਂ ਦੇ ਮੂਲ ਨਿਵਾਸੀਆਂ ਨੂੰ ਤਹਿਸ-ਨਹਿਸ ਕਰ ਦਿੱਤਾ।

ਮੇਕ ਅਮਰੀਕਾ ਗ੍ਰੇਟ ਅਗੇਨ ਦਾ ਜੋ ਨਾਅਰਾ ਦਿੱਤਾ ਗਿਆ ਹੈ, ਅਰਸੇ ਤੋਂ ਭਾਰਤੀ ਉਸੇ ’ਚ ਯੋਗਦਾਨ ਦੇ ਰਹੇ ਹਨ। ਸਿਲੀਕਾਨ ਵੈਲੀ ਨੂੰ ਸਫਲ ਬਣਾਉਣ ’ਚ ਭਾਰਤੀਆਂ ਦਾ ਹੀ ਵੱਡਾ ਹੱਥ ਹੈ। ਭਾਰਤੀ ਡਾਕਟਰਾਂ ਨੂੰ ਅਮਰੀਕਾ ’ਚ ਬਹੁਤ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਮਰੀਜ਼ਾਂ ਦੀ ਗੱਲ ਸੁਣਦੇ ਹਨ, ਉਨ੍ਹਾਂ ਦਾ ਹੌਸਲਾਂ ਵੀ ਵਧਾਉਂਦੇ ਹਨ। ਜਦਕਿ ਅਮਰੀਕਾ ’ਚ ਆਮ ਡਾਕਟਰ ਦਾ ਤਿੰਨ ਮਹੀਨੇ ਤੋਂ ਪਹਿਲਾਂ ਟਾਈਮ ਮਿਲਣਾ ਵੀ ਮੁਸ਼ਕਲ ਹੁੰਦਾ ਹੈ। ਹਸਪਤਾਲ ’ਚ ਜਾਣਾ ਪਵੇ, ਤਾਂ ਬਹੁਤ ਦੇਰ ਬਾਅਦ ਹੀ ਡਾਕਟਰੀ ਸਹਾਇਤਾ ਮਿਲ ਪਾਉਂਦੀ ਹੈ।

ਇਨ੍ਹਾਂ ਸਭ ਗੱਲਾਂ ਨੂੰ ਦੇਖ ਕੇ 70 ਦੇ ਦਹਾਕੇ ਦੀ ਯਾਦ ਆਉਂਦੀ ਹੈ, ਜਦੋਂ ਯੂਗਾਂਡਾ ਦੇ ਰਾਸ਼ਟਰਪਤੀ ਈਦੀ ਅਮੀਨ ਨੇ ਪੀੜ੍ਹੀਆਂ ਤੋਂ ਰਹਿ ਰਹੇ ਭਾਰਤੀਆਂ ਨੂੰ ਉੱਥੋਂ ਕੱਢਿਆ ਸੀ। ਉਨ੍ਹਾਂ ਦੇ ਬੈਂਕ ਅਕਾਊਂਟ ਵੀ ਫ੍ਰੀਜ਼ ਕਰ ਦਿੱਤੇ ਗਏ ਸਨ। ਉਸ ਸਮੇਂ ਈਦੀ ਅਮੀਨ ਦੇ ਅੱਤਿਆਚਾਰ ਬਹੁਤ ਸੁਰਖੀਆਂ ਵੀ ਬਣੇ ਸਨ। ਅਮਰੀਕਾ ਇਕ ਉਦਾਰ ਦੇਸ਼ ਰਿਹਾ ਹੈ। ਉਸ ਦੀ ਇਹੀ ਛਵੀ ਉਸ ਨੂੰ ਮਹਾਨ ਵੀ ਬਣਾਉਂਦੀ ਹੈ ਪਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਪੂਰੇ ਵਿਸ਼ਵ ’ਚ ਹੁਣ ਉਦਾਰਤਾ ਦੇ ਦਿਨ ਲੱਦ ਗਏ ਹਨ।

-ਸ਼ਮਾ ਸ਼ਰਮਾ


author

Harpreet SIngh

Content Editor

Related News