ਸੋਮਨਾਥ ਤੋਂ ਸਿੰਧੂਰ ਤੱਕ : ਮੁੜ ਸੁਰਜੀਤ ਹੋ ਰਹੀ ਭਾਰਤ ਦੀ ਭਾਵਨਾ
Monday, May 11, 2026 - 05:48 PM (IST)
75 ਵਰ੍ਹੇ ਪਹਿਲਾਂ ਕੀਤਾ ਗਿਆ ਸ਼ਾਨਦਾਰ ਸੋਮਨਾਥ ਮੰਦਰ ਦਾ ਪੁਨਰ-ਜਾਗਰਣ ਅਤੇ ਪ੍ਰਾਣ-ਪ੍ਰਤਿਸ਼ਠਾ ਭਾਰਤ ਦੇ ਸੱਭਿਅਤਾਗਤ ਗੌਰਵ ਦੀ ਮੁੜ-ਸਥਾਪਨਾ ਦਾ ਫੈਸਲਾਕੁੰਨ ਪਲ ਸੀ। ਇਸ ਨੇ ਭਾਰਤ ਦੀ ਉਸ ਦ੍ਰਿੜ੍ਹਤਾ ਅਤੇ ਸੰਕਲਪ ਨੂੰ ਮੁੜ–ਸਥਾਪਿਤ ਕੀਤਾ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ 2047 ਮਿਸ਼ਨ ਦਾ ਮੂਲ ਆਧਾਰ ਹੈ।
ਇਸ ਪਵਿੱਤਰ ਪ੍ਰਾਪਤੀ ਦੀ 75ਵੀਂ ਵਰ੍ਹੇਗੰਢ ਰਾਸ਼ਟਰ ਨੂੰ ਭਾਰਤੀ ਸੱਭਿਆਚਾਰ ਦੀ ਮਜ਼ਬੂਤ ਨੀਂਹ ਅਤੇ ਸ਼ਕਤੀ ’ਤੇ ਸਰਬਉੱਚ ਭਰੋਸਾ ਪ੍ਰਦਾਨ ਕਰਦੀ ਹੈ, ਜੋ ਕਿ 1,000 ਵਰ੍ਹਿਆਂ ਤੱਕ ਕੱਟੜਪੰਥੀਆਂ ਦੁਆਰਾ ਮੰਦਰ ’ਤੇ ਕੀਤੇ ਗਏ ਭਿਆਨਕ ਹਮਲਿਆਂ ਨੂੰ ਝੱਲਣ ਤੋਂ ਬਾਅਦ ਵੀ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਉਭਰੀ।
ਗੁਜਰਾਤ ਦੇ ਸ਼ਾਂਤ ਸਮੁੰਦਰ ਕਿਨਾਰੇ ’ਤੇ ਸਥਿਤ ਇਹ ਮੰਦਰ ਹਰ ਹਮਲੇ ਤੋਂ ਬਾਅਦ ਖੰਡਰਾਂ ਤੋਂ ਆਪਣੀ ਪੂਰੀ ਸ਼ਾਨ ਨਾਲ ਮੁੜ ਉੱਠ ਖੜ੍ਹਾ ਹੋਇਆ। ਕਈ ਮਾਅਨਿਆਂ ਵਿਚ ਇਸ ਦਾ ਇਤਿਹਾਸ ਭਾਰਤ ਦੇ ਅਤੀਤ ਦਾ ਪ੍ਰਤੀਬਿੰਬ ਹੈ, ਜਿੱਥੇ ਸਾਡੇ ਸ਼ਾਂਤੀਪਸੰਦ ਲੋਕਾਂ ਨੇ ਆਪਣੀ ਆਸਥਾ, ਸੱਭਿਆਚਾਰ ਅਤੇ ਵਿਰਾਸਤ ’ਤੇ ਹੋਏ ਭਿਆਨਕ ਹਮਲਿਆਂ ਤੋਂ ਬਾਅਦ ਫਿਰ ਵੀ ਮਜ਼ਬੂਤੀ ਨਾਲ ਵਾਪਸੀ ਕੀਤੀ।
ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ਜਿਸ ਤਰ੍ਹਾਂ ਨਾਲ ਸੋਮਨਾਥ ਨੂੰ ਖਤਮ ਕਰਨ ਲਈ ਵਾਰ-ਵਾਰ ਸਾਜ਼ਿਸ਼ਾਂ ਰਚੀਆਂ ਅਤੇ ਯਤਨ ਕੀਤੇ, ਉਸੇ ਤਰ੍ਹਾਂ ਵਿਦੇਸ਼ੀ ਹਮਲਾਵਰਾਂ ਨੇ ਸਦੀਆਂ ਤੱਕ ਭਾਰਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਨਾ ਤਾਂ ਇਹ ਪੂਜਨੀਕ ਤੀਰਥ ਨਸ਼ਟ ਹੋਇਆ ਅਤੇ ਨਾ ਹੀ ਭਾਰਤ।
ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੋਮਨਾਥ ’ਤੇ ਹਮਲਿਆਂ ਦਾ ਉਦੇਸ਼ ਲੁੱਟ-ਖੋਹ ਤੋਂ ਵੱਧ ਖਤਰਨਾਕ ਸੀ। ਉਨ੍ਹਾਂ ਕਿਹਾ ਕਿ, “ਜੇਕਰ ਹਮਲੇ ਸਿਰਫ਼ ਲੁੱਟ ਲਈ ਹੁੰਦੇ, ਤਾਂ ਇਕ ਹਜ਼ਾਰ ਵਰ੍ਹੇ ਪਹਿਲਾਂ ਹੋਈ ਪਹਿਲੀ ਵੱਡੀ ਲੁੱਟ ਤੋਂ ਬਾਅਦ ਹੀ ਰੁਕ ਗਏ ਹੁੰਦੇ ਪਰ ਅਜਿਹਾ ਨਹੀਂ ਹੋਇਆ। ਸੋਮਨਾਥ ਦੀ ਪਵਿੱਤਰ ਮੂਰਤੀ ਨੂੰ ਅਪਵਿੱਤਰ ਕੀਤਾ ਗਿਆ, ਮੰਦਰ ਦੇ ਸਰੂਪ ਨੂੰ ਵਾਰ-ਵਾਰ ਬਦਲਿਆ ਗਿਆ ਅਤੇ ਸਾਨੂੰ ਇਹ ਸਿਖਾਇਆ ਗਿਆ ਕਿ ਸੋਮਨਾਥ ਨੂੰ ਸਿਰਫ਼ ਲੁੱਟ-ਖੋਹ ਲਈ ਖਤਮ ਕੀਤਾ ਗਿਆ ਸੀ। ਨਫ਼ਰਤ, ਜ਼ੁਲਮ ਅਤੇ ਦਹਿਸ਼ਤ ਦਾ ਇਹ ਬੇਰਹਿਮ ਇਤਿਹਾਸ ਸਾਡੇ ਤੋਂ ਲੁਕਾਇਆ ਗਿਆ ਸੀ।”
ਨਹਿਰੂ ਦਾ ਵਿਰੋਧ : ਆਜ਼ਾਦੀ ਤੋਂ ਬਾਅਦ ਸਰਦਾਰ ਪਟੇਲ ਨੇ ਸੋਮਨਾਥ ਮੰਦਰ ਦੇ ਮੁੜ-ਨਿਰਮਾਣ ਦੇ ਮਿਸ਼ਨ ਦੀ ਅਗਵਾਈ ਕੀਤੀ। ਇਹ ਨਵੇਂ ਆਜ਼ਾਦ ਭਾਰਤ ਵਿਚ ਰਾਸ਼ਟਰੀ ਆਤਮਵਿਸ਼ਵਾਸ ਦੇ ਸ਼ੁਰੂਆਤੀ ਪ੍ਰਗਟਾਵਿਆਂ ਵਿਚੋਂ ਇਕ ਸੀ ਪਰ ਇਸ ਯਤਨ ਦੀ ਰਾਹ ਵਿਚ ਵੀ ਰੁਕਾਵਟਾਂ ਆਈਆਂ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਦੇ ਇਤਿਹਾਸਕ ਉਦਘਾਟਨ ਸਮਾਰੋਹ ਵਿਚ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦੇ ਸ਼ਾਮਲ ਹੋਣ ਦਾ ਰਸਮੀ ਤੌਰ ’ਤੇ ਵਿਰੋਧ ਕੀਤਾ। ਇਸ ਦੇ ਬਾਵਜੂਦ ਰਾਸ਼ਟਰਪਤੀ ਨੇ 11 ਮਈ, 1951 ਨੂੰ ਮੰਦਰ ਦਾ ਉਦਘਾਟਨ ਕੀਤਾ।
ਸਦੀਆਂ ਦੇ ਬੇਰਹਿਮ ਜ਼ੁਲਮਾਂ ਤੋਂ ਬਾਅਦ, ਇਸ ਪੁਨਰ-ਨਿਰਮਾਣ ਨੇ ਭਾਰਤ ਦੀ ਸੱਭਿਆਚਾਰਕ ਪੁਨਰ-ਜਾਗਰਣ ਅਤੇ ਸੱਭਿਆਚਾਰ ਦੇ ਮਾਣ ਦੇ ਬੀਜ ਬੀਜੇ।
ਆਲਮੀ ਪਛਾਣ : ਸੋਮਨਾਥ ਦੀ ਹੀ ਤਰ੍ਹਾਂ ਭਾਰਤ ਵੀ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਉਭਰਿਆ ਹੈ। ਇਹ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੋਣ ਦੇ ਨਾਲ-ਨਾਲ ਆਪਣੀ ਅਮੀਰ ਵਿਰਾਸਤ ਅਤੇ ਆਧੁਨਿਕਤਾ ਦੇ ਮਿਸਾਲੀ ਸੰਗਮ ਲਈ ਆਲਮੀ ਪਛਾਣ ਬਣਾ ਰਿਹਾ ਹੈ। 2014 ਵਿਚ ਜਦੋਂ ਦੇਸ਼ ਭਾਰੀ ਬਹੁਮਤ ਨਾਲ ਮੋਦੀ ਸਰਕਾਰ ਨੂੰ ਸੱਤਾ ਵਿਚ ਲਿਆਇਆ, ਤਾਂ ਸੰਯੁਕਤ ਰਾਸ਼ਟਰ ਮਹਾਸਭਾ ਨੇ ਰਿਕਾਰਡ 175 ਦੇਸ਼ਾਂ ਦੇ ਸਮਰਥਨ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ। ਯੋਗਾ ਅੱਜ ਇਕ ਗਲੋਬਲ ਵੈੱਲਨੈੱਸ ਮੁਹਿੰਮ ਬਣ ਚੁੱਕੀ ਹੈ, ਜਿਸ ਨੇ ਦੁਨੀਆ ਦੇ ਸਾਰੇ ਸੱਭਿਆਚਾਰਾਂ ਦੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ।
ਇਕ ਦਹਾਕੇ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੱਛਮੀ ਏਸ਼ੀਆ ਵਿਚ ਸੰਯੁਕਤ ਅਰਬ ਅਮੀਰਾਤ ਸਰਕਾਰ ਦੁਆਰਾ ਤੋਹਫੇ ਵਿਚ ਦਿੱਤੀ ਗਈ ਜ਼ਮੀਨ ’ਤੇ ਬਣੇ ਇਕ ਸ਼ਾਨਦਾਰ ਮੰਦਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਬਹਿਰੀਨ ਵਿਖੇ 200 ਵਰ੍ਹੇ ਪੁਰਾਣੇ ਮੰਦਰ ਦੇ ਪੁਨਰ-ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਸੀ।
ਆਯੁਸ਼ ਅਤੇ ਯੋਗਾ ਦਾ ਵਿਸ਼ਵੀਕਰਨ : ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਰਵਾਇਤੀ ਗਿਆਨ ਪ੍ਰਣਾਲੀਆਂ ਨਾਲ ਜੁੜੇ ਪੇਸ਼ੇਵਰਾਂ ਲਈ ਆਲਮੀ ਮੌਕੇ ਪੈਦਾ ਕਰਨਾ, ਹਾਲ ਹੀ ਦੇ ਵਰ੍ਹਿਆਂ ਵਿਚ ਭਾਰਤ ਦੁਆਰਾ ਵਿਕਸਿਤ ਦੇਸ਼ਾਂ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ (ਐੱਫ. ਟੀ. ਏਜ਼) ਦਾ ਮਹੱਤਵਪੂਰਨ ਹਿੱਸਾ ਰਿਹਾ ਹੈ। ਸਾਡੇ ਕਾਰੀਗਰਾਂ, ਕਾਮਿਆਂ, ਕਿਸਾਨਾਂ, ਮਛੇਰਿਆਂ, ਛੋਟੇ ਕਾਰੋਬਾਰਾਂ ਅਤੇ ਸਟਾਰਟਅੱਪਸ ਲਈ ਲਾਭਦਾਇਕ ਆਲਮੀ ਮੌਕਿਆਂ ਦੀ ਸਿਰਜਣਾ ਕਰਨ ਦੇ ਨਾਲ-ਨਾਲ ਇਹ ਸਮਝੌਤੇ ਪ੍ਰਧਾਨ ਮੰਤਰੀ ਦੇ ‘ਵਿਕਾਸ ਵੀ, ਵਿਰਾਸਤ ਵੀ’ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹਨ।
ਹਾਲ ਹੀ ਵਿਚ ਨਿਊਜ਼ੀਲੈਂਡ ਦੇ ਨਾਲ ਸੰਪੰਨ ਐੱਫ. ਟੀ. ਏ. ਰਵਾਇਤੀ ਮੈਡੀਕਲ ਅਤੇ ਹੌਲਿਸਟਿਕ ਹੈਲਥਕੇਅਰ ਸਰਵਿਸਿਜ਼ ਵਿਚ ਭਾਰਤ ਦੀ ਆਲਮੀ ਪਹੁੰਚ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਵਿਚ ਆਯੁਸ਼ ਡਾਕਟਰਾਂ ਅਤੇ ਯੋਗਾ ਟ੍ਰੇਨਰਾਂ ਦੇ ਨਾਲ-ਨਾਲ ਭਾਰਤੀ ਸੱਭਿਆਚਾਰਕ ਅਤੇ ਗਿਆਨ ਆਧਾਰਿਤ ਪੇਸ਼ੇਵਰਾਂ ਨੂੰ ਨਿਊਜ਼ੀਲੈਂਡ ਵਿਚ ਕੰਮ ਕਰਨ ਲਈ ਵੀਜ਼ਾ ਕੋਟਾ ਪ੍ਰਦਾਨ ਕੀਤਾ ਗਿਆ ਹੈ।
ਬ੍ਰਿਟੇਨ, ਯੂਰਪੀਅਨ ਯੂਨੀਅਨ ਅਤੇ ਆਸਟ੍ਰੇਲੀਆ ਦੇ ਨਾਲ ਹੋਏ ਵਪਾਰ ਸਮਝੌਤਿਆਂ ਵਿਚ ਵੀ ਇਸੇ ਤਰ੍ਹਾਂ ਦੇ ਪ੍ਰਬੰਧ ਹਨ। ਯੂਰਪੀਅਨ ਯੂਨੀਅਨ ਦੇ ਨਾਲ ਐੱਫ. ਟੀ. ਏ. ਆਯੁਸ਼ ਡਾਕਟਰਾਂ ਨੂੰ ਭਾਰਤ ਵਿਚ ਪ੍ਰਾਪਤ ਕਾਰੋਬਾਰੀ ਯੋਗਤਾ ਦੇ ਆਧਾਰ ’ਤੇ ਯੂਰਪੀਅਨ ਦੇਸ਼ਾਂ ਵਿਚ ਸੇਵਾਵਾਂ ਦੇਣ ਦੀ ਪ੍ਰਵਾਨਗੀ ਦੇਵੇਗਾ। ਇਹ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਵਿਚ ਆਯੁਸ਼ ਵੈੱਲਨੈੱਸ ਸੈਂਟਰ ਅਤੇ ਕਲੀਨਿਕ ਬਣਾਉਣ ਵਿਚ ਵੀ ਮਦਦ ਕਰਦਾ ਹੈ।
ਨਵੀਆਂ ਚੁਣੌਤੀਆਂ ’ਤੇ ਜਿੱਤ : ਜਿੱਥੇ ਇਕ ਪਾਸੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੁਨੀਆ ਦਾ ਧਿਆਨ ਆਕਰਸ਼ਿਤ ਕਰ ਰਹੀ ਹੈ, ਇਸ ਦੇ ਨਾਲ ਹੀ, ਦੇਸ਼ ਕੱਟੜਪੰਥੀਆਂ ਦਾ ਨਿਸ਼ਾਨਾ ਬਣਿਆ ਹੋਇਆ ਹੈ, ਜੋ ਅੱਤਵਾਦ ਅਤੇ ਘੁਸਪੈਠ ਰਾਹੀਂ ਭਾਰਤ ਦੀ ਸਦਭਾਵਨਾਪੂਰਨ ਵਿਰਾਸਤ ਨੂੰ ਵਿਗਾੜ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਹੇਠ, ਨਵਾਂ ਭਾਰਤ ਅਜਿਹੀਆਂ ਚੁਣੌਤੀਆਂ ਦਾ ਜ਼ੋਰਦਾਰ ਜਵਾਬ ਦਿੰਦਾ ਹੈ। ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਭਾਰਤ ਨੇ ਅੱਤਵਾਦੀਆਂ ਅਤੇ ਸਰਹੱਦ ਪਾਰ ਮੌਜੂਦ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਢੁੱਕਵਾਂ ਸਬਕ ਸਿਖਾਇਆ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿਚ, ਪੱਛਮੀ ਬੰਗਾਲ ਦੇ ਵੋਟਰਾਂ ਨੇ ਉਨ੍ਹਾਂ ਪਾਰਟੀਆਂ ਨੂੰ ਨਕਾਰ ਦਿੱਤਾ, ਜੋ ਘੁਸਪੈਠੀਆਂ ਦਾ ਸਮਰਥਨ ਕਰ ਰਹੀਆਂ ਸਨ, ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਸਨ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਕਮਜ਼ੋਰ ਕਰ ਰਹੀਆਂ ਸਨ। ਇਹ ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਧੂਰ ਅਤੇ ਸੋਮਨਾਥ ਮੰਦਰ ਦਾ ਪੁਨਰ-ਨਿਰਮਾਣ, ਦੋਵਾਂ ਦੀ ਵਰ੍ਹੇਗੰਢ ਵਿਚ ਕੁਝ ਦਿਨਾਂ ਦਾ ਹੀ ਅੰਤਰ ਹੈ। ਇਹ ਦੋਵੇਂ ਭਾਰਤ ਦੀ ਦ੍ਰਿੜ੍ਹਤਾ ਅਤੇ ਸਖਤੀ ਨੂੰ ਦਰਸਾਉਂਦੀਆਂ ਹਨ।
ਸੋਮਨਾਥ ਦੀ ਕਹਾਣੀ ਆਖਰਕਾਰ ਰਾਜਨੀਤੀ ਤੋਂ ਕਿਤੇ ਅੱਗੇ ਹੈ। ਇਹ ਇਕ ਅਜਿਹੀ ਸੱਭਿਅਤਾ ਦੀ ਕਹਾਣੀ ਹੈ, ਜਿਸ ਨੇ ਕਦੇ ਆਤਮ-ਸਮਰਪਣ ਨਹੀਂ ਕੀਤਾ। ਆਪਣੇ ਪੁਨਰ-ਨਿਰਮਾਣ ਦੇ 75 ਵਰ੍ਹਿਆਂ ਬਾਅਦ, ਅੱਜ ਸੋਮਨਾਥ ਸਿਰਫ਼ ਮੰਦਰ ਨਹੀਂ, ਸਗੋਂ ਭਾਰਤ ਦੀ ਦ੍ਰਿੜ੍ਹਤਾ, ਨਿਰੰਤਰਤਾ ਅਤੇ ਰਾਸ਼ਟਰੀ ਆਤਮਵਿਸ਼ਵਾਸ਼ ਦਾ ਸਦੀਵੀ ਪ੍ਰਤੀਕ ਬਣ ਕੇ ਖੜ੍ਹਾ ਹੈ।
-ਪੀਯੂਸ਼ ਗੋਇਲ
(ਕੇਂਦਰੀ ਵਣਜ ਅਤੇ ਉਦਯੋਗ ਮੰਤਰੀ)
