ਰਾਜਨੀਤੀ ਵਿਚ ਸਵੱਛ ਲੋਕਾਂ ਨਾਲ ਮਜ਼ਬੂਤ ਹੋਵੇਗਾ ਭਾਰਤ ਦਾ ਲੋਕਤੰਤਰ

Saturday, Mar 01, 2025 - 06:11 PM (IST)

ਰਾਜਨੀਤੀ ਵਿਚ ਸਵੱਛ ਲੋਕਾਂ ਨਾਲ ਮਜ਼ਬੂਤ ਹੋਵੇਗਾ ਭਾਰਤ ਦਾ ਲੋਕਤੰਤਰ

ਰਾਜਨੀਤੀ ਵਿਚ ਚੰਗੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਮਾਜ ਨੂੰ ਦਿਸ਼ਾ ਮਿਲੇਗੀ। ਜੇਕਰ ਸਾਫ਼ ਅਤੇ ਪਾਰਦਰਸ਼ੀ ਰਾਜਨੀਤੀ ਹੋਵੇਗੀ ਤਾਂ ਇਹ ਇਕ ਵੱਡੀ ਤਬਦੀਲੀ ਲਿਆਏਗੀ। ਨਗਰ ਨਿਗਮ ਤੋਂ ਲੈ ਕੇ ਵਿਧਾਨ ਸਭਾ ਅਤੇ ਸੰਸਦ ਤੱਕ ਲੋਕਾਂ ਦੇ ਮਹੱਤਵਪੂਰਨ ਮੁੱਦਿਆਂ ’ਤੇ ਉਨ੍ਹਾਂ ਦੀ ਗੱਲ ਰੱਖਣ ਅਤੇ ਹੱਲ ਕਰਨ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਮਹਾਨ ਮੁਹਿੰਮ ਨਿਸ਼ਚਿਤ ਤੌਰ ’ਤੇ ਵੱਡੇ ਨਤੀਜੇ ਲਿਆਏਗੀ।

ਡਾਕਟਰ, ਵਕੀਲ, ਅਧਿਆਪਕ, ਕਾਰੋਬਾਰੀ, ਇੰਜੀਨੀਅਰ ਅਤੇ ਹੋਰ ਇਸ ਤੋਂ ਪ੍ਰੇਰਿਤ ਹੋਣਗੇ ਅਤੇ ਅੱਗੇ ਆਉਣਗੇ। ਸਾਫ਼-ਸੁਥਰੀ ਅਤੇ ਉਦੇਸ਼ਪੂਰਨ ਰਾਜਨੀਤੀ ਨੂੰ ਵੱਡਾ ਹੁਲਾਰਾ ਮਿਲੇਗਾ। ਰਾਜਨੀਤੀ ਵਿਚ ਪੜ੍ਹੇ-ਲਿਖੇ ਲੋਕਾਂ ਦੀ ਵਧਦੀ ਭਾਗੀਦਾਰੀ ਸਮਾਜ ਨੂੰ ਲਾਭ ਪਹੁੰਚਾਏਗੀ। ਅਜਿਹੇ ਯਤਨ ਹੋਣੇ ਬਹੁਤ ਜ਼ਰੂਰੀ ਹਨ।

ਸਮਾਜਿਕ ਜੀਵਨ ਵਿਚ ਚੰਗੇ ਲੋਕਾਂ ਦੀ ਲੋੜ ਹਮੇਸ਼ਾ ਬਣੀ ਰਹਿੰਦੀ ਹੈ। ਜਦੋਂ ਚੰਗੇ ਲੋਕ ਕਿਸੇ ਵੀ ਖੇਤਰ ਵਿਚ ਵੱਡੀ ਗਿਣਤੀ ਵਿਚ ਆਉਣਗੇ ਤਾਂ ਗਲਤ ਪ੍ਰਵਿਰਤੀਆਂ ਵਾਲੇ ਲੋਕ ਨਿਰਾਸ਼ ਹੋਣਗੇ। ਅੱਜ ਵੀ ਸਮਾਜ ਵਿਚ 95 ਫੀਸਦੀ ਲੋਕ ਚੰਗੇ ਹਨ ਪਰ ਉਹ ਆਪਣੀ ਆਵਾਜ਼ ਨਹੀਂ ਉਠਾਉਂਦੇ ਜਦੋਂ ਕਿ ਸਿਰਫ਼ 5 ਫੀਸਦੀ ਬੁਰੇ ਲੋਕ ਹੀ ਹੱਲਾ ਕਰਦੇ ਹਨ। ਰਾਜਨੀਤੀ ਨੂੰ ਬਿਹਤਰ ਬਣਾਉਣ ਲਈ ਚੰਗੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਇਸ ਲਈ ਪ੍ਰਤਿਭਾਸ਼ਾਲੀ ਅਤੇ ਪੜ੍ਹੇ-ਲਿਖੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਦੇਸ਼ ਦੀ ਰਾਜਨੀਤੀ ਨੂੰ ਸਵੱਛ (ਸਾਫ਼-ਸੁਥਰਾ) ਅਤੇ ਸ਼ੁੱਧ ਬਣਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਦੇਸ਼ ਅਤੇ ਸਮਾਜ ਦਾ ਵਿਕਾਸ ਰਾਜਨੀਤੀ ਰਾਹੀਂ ਹੀ ਸੰਭਵ ਹੈ। ਅੱਜਕੱਲ੍ਹ ਨੌਜਵਾਨ ਸਿਰਫ਼ ਸੋਸ਼ਲ ਮੀਡੀਆ ’ਤੇ ਹੀ ਸਰਗਰਮ ਹਨ, ਜਦੋਂ ਕਿ ਉਨ੍ਹਾਂ ਨੂੰ ਜ਼ਮੀਨ ’ਤੇ ਆ ਕੇ ਕੰਮ ਕਰਨਾ ਚਾਹੀਦਾ ਹੈ। ਦੇਸ਼ ਅਤੇ ਸਮਾਜ ਦਾ ਵਿਕਾਸ ਰਾਜਨੀਤੀ ਰਾਹੀਂ ਹੀ ਸੰਭਵ ਹੈ।

ਭਵਿੱਖ ਨੌਜਵਾਨਾਂ ਦਾ ਹੈ। ਤੁਸੀਂ 18 ਸਾਲ ਦੇ ਹੋ ਗਏ ਹੋ, ਹੁਣ ਤੁਹਾਡੇ ਕੋਲ ਲੋਕਤੰਤਰ ਦੀ ਅਥਾਹ ਸ਼ਕਤੀ ਹੈ ਜਿਸ ਦਾ ਨਾਂ ਵੋਟ ਹੈ। ਤੁਸੀਂ ਇਕ ਵੋਟ ਨਾਲ ਕਿਸੇ ਦੀ ਕਿਸਮਤ ਬਣਾ ਜਾਂ ਵਿਗਾੜ ਸਕਦੇ ਹੋ। ਰਾਜਨੀਤੀ ਵਿਚ ਅਜਿਹੇ ਬਹੁਤ ਸਾਰੇ ਨੌਜਵਾਨਾਂ ਨੇ ਆਪਣੀ ਰਾਇ ਪ੍ਰਗਟ ਕੀਤੀ ਕਿ ਚੋਣਾਂ ਸਮੇਂ, ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਕੁਝ ਪ੍ਰੋਤਸਾਹਨ ਦਿੰਦੇ ਹਨ ਅਤੇ ਫਿਰ 5 ਸਾਲ ਲਈ ਜਾ ਕੇ ਜੰਮ ਜਾਂਦੇ ਹਨ, ਫਿਰ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਰਹਿੰਦਾ।

ਹੁਣ ਰਾਜਨੀਤੀ ਦੀ ਪਰਿਭਾਸ਼ਾ ਬਦਲ ਗਈ ਹੈ। ਹੁਣ ਰਾਜੇ ਦਾ ਪੁੱਤਰ ਰਾਜਾ ਨਹੀਂ ਰਿਹਾ, ਹੁਣ ਲੋਕਤੰਤਰ ਵਿਚ ਆਮ ਲੋਕ ਮਹੱਤਵਪੂਰਨ ਹਨ ਪਰ ਇਸ ਲਈ ਵੋਟਰਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਜਾਗਰੂਕਤਾ ਤੋਂ ਬਿਨਾਂ ਬਦਲਾਅ ਦੀ ਉਮੀਦ ਕਰਨਾ ਵਿਅਰਥ ਹੋਵੇਗਾ। ਜੇਕਰ ਅਸੀਂ ਤਸਵੀਰ ਬਦਲਣਾ ਚਾਹੁੰਦੇ ਹਾਂ ਤਾਂ ਸਾਰਿਆਂ ਨੂੰ ਲੋਕਤੰਤਰ ਦੇ ਯੁੱਗ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਪਵੇਗਾ।

ਜਦੋਂ ਵੀ ਰਾਜਨੀਤੀ ਵਿਚ ਕਿਸੇ ਵਿਅਕਤੀ ਦੀ ਕੀਮਤ ਸਿਰਫ਼ ਇਕ ਵੋਟ ਦੇ ਆਧਾਰ ’ਤੇ ਤੈਅ ਹੋਣ ਲੱਗਦੀ ਹੈ ਤਾਂ ਰਾਜਨੀਤੀ ਗੁੰਮਰਾਹਕੁੰਨ ਅਤੇ ਭਰਮਾਊ ਹੋ ਜਾਂਦੀ ਹੈ। ਜਿਵੇਂ ਹੀ ਰਾਜਨੀਤੀ ਸਮਾਜਿਕ ਸਰੋਕਾਰ ਦੇ ਆਪਣੇ ਮੂਲ ਉਦੇਸ਼ ਤੋਂ ਦੂਰ ਹੁੰਦੀ ਹੈ, ਇਹ ਸਿਰਫ਼ ਵੋਟਾਂ ਹਾਸਲ ਕਰਨ ਦਾ ਸਾਧਨ ਬਣ ਕੇ ਰਹਿ ਜਾਂਦੀ ਹੈ ਅਤੇ ਵੰਡ ਤੇ ਨਫ਼ਰਤ ਫੈਲਾਉਣਾ ਸ਼ੁਰੂ ਕਰ ਦਿੰਦੀ ਹੈ। ਅਜਿਹੀ ਸਥਿਤੀ ਵਿਚ ਇਹ ਹੁਣ ਸੇਵਾ ਦਾ ਸਾਧਨ ਨਾ ਰਹਿ ਕੇ ਸਿਰਫ਼ ਸੱਤਾ ਹਾਸਲ ਕਰਨ ਦਾ ਮੌਕਾ ਰਹਿ ਜਾਂਦੀ ਹੈ।

ਇਹ ਸੱਚ ਹੈ ਕਿ ਲੋਕਤੰਤਰੀ ਪ੍ਰਣਾਲੀ ਵਿਚ ਕੋਈ ਵੀ ਵਿਅਕਤੀ ਰਾਜਨੀਤੀ ਦੇ ਪ੍ਰਭਾਵ ਤੋਂ ਵਾਂਝਾ ਨਹੀਂ ਰਹਿ ਸਕਦਾ। ਇਕ ਸਿਹਤਮੰਦ ਲੋਕਤੰਤਰ ਦੀ ਜੀਵੰਤਤਾ ਇਸ ਗੱਲ ਨਾਲ ਨਿਰਧਾਰਤ ਹੁੰਦੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਆਖਰੀ ਪੜਾਅ ’ਤੇ ਖੜ੍ਹੇ ਆਖਰੀ ਵਿਅਕਤੀ ਨੂੰ ਕਿੰਨੀ ਆਸਾਨੀ ਨਾਲ ਸਮਾਜਿਕ-ਆਰਥਿਕ ਨਿਆਂ ਪ੍ਰਦਾਨ ਕਰ ਸਕਦਾ ਹੈ।

ਇਹ ਪੰਡਿਤ ਦੀਨਦਿਆਲ ਉਪਾਧਿਆਏ ਜੀ ਦਾ ਸੁਪਨਾ ਸੀ ਅਤੇ ਇਹੀ ਉਹ ਥਾਂ ਹੈ ਜਿੱਥੇ ਰਾਜਨੀਤੀ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਅੱਜ ਵੀ ਦੇਸ਼ ਦੀ ਲਗਭਗ 70 ਫੀਸਦੀ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ ਅਤੇ ਇਨ੍ਹਾਂ ਪਿੰਡਾਂ ਵਿਚ ਵਿਕਾਸ ਦਾ ਪੱਧਰ ਅਜੇ ਵੀ ਸ਼ਹਿਰਾਂ ਦੇ ਬਰਾਬਰ ਹੋਣਾ ਬਾਕੀ ਹੈ। ਪਿੰਡਾਂ ਵਿਚ ਜ਼ਿਆਦਾਤਰ ਆਬਾਦੀ ਜਾਂ ਤਾਂ ਅਨਪੜ੍ਹ ਹੈ ਜਾਂ ਨਾਮਾਤਰ ਪੜ੍ਹੀ-ਲਿਖੀ ਹੁੰਦੀ ਹੈ। ਸਰਕਾਰ ਦੇ ਕਈ ਯਤਨਾਂ ਦੇ ਬਾਵਜੂਦ, ਪਿੰਡਾਂ ਵਿਚ ਪੂਰੀ ਤਰ੍ਹਾਂ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਅਜੇ ਵੀ ਘੱਟ ਹੈ।

ਅਜਿਹੀ ਸਥਿਤੀ ਵਿਚ ਹੀ ਜੇਕਰ ਰਾਜਨੀਤੀ ਗਲਤ ਹੱਥਾਂ ਵਿਚ ਚਲੀ ਜਾਂਦੀ ਹੈ ਜੋ ਅਨਪੜ੍ਹ ਅਤੇ ਘੱਟ ਜਾਣਕਾਰੀ ਵਾਲੇ ਲੋਕਾਂ ਦਾ ਫਾਇਦਾ ਉਠਾਉਂਦੇ ਹਨ, ਤਾਂ ਸਮਾਜ ਨਾਲ ਕਈ ਤਰ੍ਹਾਂ ਦੀਆਂ ਬੇਇਨਸਾਫ਼ੀਆਂ ਹੋਣ ਲੱਗਦੀਆਂ ਹਨ। ਕਿਉਂਕਿ ਸ਼ਾਸਨ ਪ੍ਰਣਾਲੀ ਨਾਲ ਸਬੰਧਤ ਨੀਤੀਆਂ ਜੋ ਲੋਕ ਭਲਾਈ ਲਈ ਲਾਗੂ ਕੀਤੀਆਂ ਜਾਂਦੀਆਂ ਹਨ, ਭ੍ਰਿਸ਼ਟਾਚਾਰ ਕਾਰਨ ਆਪਣੇ ਲੋੜੀਂਦੇ ਉਦੇਸ਼ਾਂ ਨੂੰ ਪ੍ਰਾਪਤ ਨਹੀਂ ਕਰਦੀਆਂ। ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਬਣਾ ਕੇ, ਦੇਸ਼ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੀ ਸਹਿਮਤੀ ਪ੍ਰਗਟ ਕੀਤੀ।

ਇਕ ਦੂਰਦਰਸ਼ੀ ਅਤੇ ਇਨਕਲਾਬੀ ਸਮਾਜ ਸੁਧਾਰਕ ਦੇ ਰੂਪ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਮਹਾਨ ਵਿਦਵਾਨਾਂ, ਮਹਾਪੁਰਖਾਂ ਅਤੇ ਨੀਤੀ ਨਿਰਮਾਤਾਵਾਂ ਦੇ ਨਾਲ ਮਿਲ ਕੇ ਸਾਨੂੰ ਉਨ੍ਹਾਂ ਸੰਕਲਪਾਂ ਵਾਲਾ ਸੰਵਿਧਾਨ ਦਿੱਤਾ ਜਿਸ ਨਾਲ ਸਮੁੱਚੀ ਰਾਜਨੀਤੀ ਨੇ ਇਕ ਸਰਪ੍ਰਸਤ ਵਜੋਂ ਆਪਣੀ ਭੂਮਿਕਾ ਨਿਭਾਈ ਪਰ ਸਮੇਂ ਦੇ ਬੀਤਣ ਨਾਲ, ਰਾਜਨੀਤੀ ਪ੍ਰਤੀ ਗਲਤ ਵਿਚਾਰ ਰੱਖਣ ਵਾਲੇ ਲੋਕਾਂ ਨੇ ਜਨਤਕ ਪ੍ਰਤੀਨਿਧੀ ਦਾ ਮਖੌਟਾ ਪਹਿਨ ਕੇ, ਰਾਜਨੀਤੀ ਦੀ ਅਗਵਾਈ ਵੋਟਰ ਤੋਂ ਸਿਆਸਤਦਾਨ ਵੱਲ ਤਬਦੀਲ ਕਰ ਦਿੱਤੀ ਅਤੇ ਇਸ ਕਾਰਨ ਰਾਜਨੀਤੀ ਵਿਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋਣ ਲੱਗੇ।

ਰਾਜਨੀਤੀ ਨੂੰ ਸਵੱਛ ਬਣਾਉਣ ਲਈ ਚੰਗੇ ਨਾਗਰਿਕਾਂ ਨੂੰ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ ਅਤੇ 2047 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਅਤੇ ਸਵੈ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਕਜੁੱਟ ਹੋ ਕੇ ਭਾਰਤ ਨੂੰ ਦੁਨੀਆ ਦੀ ਪਹਿਲੀ ਅਰਥਵਿਵਸਥਾ, ਵਿਸ਼ਵ ਨੇਤਾ, ਵਿਸ਼ਵ ਸ਼ਕਤੀ ਅਤੇ ਇਕ ਵਾਰ ਫਿਰ ਸੋਨੇ ਦੀ ਚਿੜੀ ਬਣਾਉਣਾ ਚਾਹੀਦਾ ਹੈ।

ਸ਼ਵੇਤ ਮਲਿਕ (ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਭਾਜਪਾ ਪੰਜਾਬ)


author

Rakesh

Content Editor

Related News