ਰਾਸ਼ਟਰਪਤੀ ’ਤੇ ਰਾਜਨੀਤੀ : ‘ਥੋਥਾ ਚਨਾ, ਬਾਜੇ ਘਨਾ’
Wednesday, Mar 11, 2026 - 04:32 PM (IST)
‘ਥੋਥਾ ਚਨਾ, ਬਾਜੇ ਘਨਾ?’ ਦੋ ਸੰਵਿਧਾਨਕ ਅਹੁਦੇਦਾਰਾਂ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਵਿਚਾਲੇ ਟਾਲਣਯੋਗ ਵਾਕ-ਯੁੱਧ? ਜੀ ਹਾਂ। ਕੀ ਇਸ ’ਤੇ ਜਨਤਕ ਰੂਪ ’ਚ ਤੂੰ-ਤੂੰ, ਮੈਂ-ਮੈਂ ਹੋਣੀ ਚਾਹੀਦੀ ਹੈ? ਬਿਲਕੁਲ ਨਹੀਂ। ਇਸ ਦੀ ਸ਼ੁਰੂਆਤ ਰਾਸ਼ਟਰਪਤੀ ਮੁਰਮੂ ਦੇ ਸਿਲੀਗੁੜੀ ’ਚ 7 ਮਾਰਚ ਨੂੰ 9ਵੇਂ ਅੰਤਰਰਾਸ਼ਟਰੀ ਸੰਥਾਲ ਸੰਮੇਲਨ ’ਚ ਹਿੱਸਾ ਲੈਣ ਨਾਲ ਹੋਈ, ਜਿੱਥੇ ਪੱਛਮੀ ਬੰਗਾਲ ਸਰਕਾਰ ਵੱਲੋਂ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਗਈ।
ਇਸ ਸੰਮੇਲਨ ’ਚ ਆਦਿਵਾਸੀਆਂ ਦੀ ਘੱਟ ਹਾਜ਼ਰੀ ’ਤੇ ਗੁੱਸਾ ਪ੍ਰਗਟ ਕਰਦਿਆਂ ਰਾਸ਼ਟਰਪਤੀ ਨੇ ਸਵਾਲ ਉਠਾਇਆ ਕਿ ਸੰਮੇਲਨ ਵਾਲੀ ਜਗ੍ਹਾ ਵਿਧਾਨ ਨਗਰ ਤੋਂ ਗੋਸੀਆਪੁਰ ਕਿਉਂ ਤਬਦੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਮਮਤਾ ਮੇਰੀ ਛੋਟੀ ਭੈਣ ਵਰਗੀ ਹੈ। ਮੈਂ ਵੀ ਬੰਗਾਲ ਦੀ ਬੇਟੀ ਹਾਂ। ਮੈਂ ਨਹੀਂ ਜਾਣਦੀ ਕਿ ਕੀ ਉਹ ਪਰੇਸ਼ਾਨ ਹਨ। ਸ਼ਾਇਦ ਰਾਜ ਸਰਕਾਰ ਆਦਿਵਾਸੀਆਂ ਦਾ ਵੈੱਲਫੇਅਰ ਕਰਨਾ ਨਹੀਂ ਚਾਹੁੰਦੀ, ਇਸ ਲਈ ਉਨ੍ਹਾਂ ਨੂੰ ਇੱਥੇ ਆਉਣ ਤੋਂ ਰੋਕਿਆ ਗਿਆ ਹੈ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਖ਼ੂਬ ਸ਼ੋਰ-ਸ਼ਰਾਬਾ ਹੋਇਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਬਲਿਊ ਬੁੱਕ’, ਜਿਸ ’ਚ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸੁਰੱਖਿਆ ਅਤੇ ਪ੍ਰੋਟੋਕੋਲ ਦੀ ਰੂਪਰੇਖਾ ਨਿਰਧਾਰਿਤ ਕੀਤੀ ਗਈ ਹੈ, ਪੱਛਮੀ ਬੰਗਾਲ ਸਰਕਾਰ ਵੱਲੋਂ ਰਾਸ਼ਟਰਪਤੀ ਦੀ ਯਾਤਰਾ ਦੌਰਾਨ ਉਸ ਦੀ ਉਲੰਘਣਾ ਦੀ ਜਾਂਚ ਸ਼ੁਰੂ ਕੀਤੀ ਗਈ ਜਿਸ ’ਚ ਸੰਮੇਲਨ ’ਚ ਮੁੱਖ ਮੰਤਰੀ, ਰਾਜ ਦੇ ਮੁੱਖ ਸਕੱਤਰ ਅਤੇ ਪੁਲਸ ਡਾਇਰੈਕਟਰ ਜਨਰਲ ਵੱਲੋਂ ਰਾਸ਼ਟਰਪਤੀ ਦੇ ਆਗਮਨ ’ਤੇ ਉਨ੍ਹਾਂ ਦੇ ਸਵਾਗਤ ’ਚ ਹਾਜ਼ਰ ਨਾ ਹੋਣਾ ਵੀ ਸ਼ਾਮਲ ਹੈ।
ਰਾਜ ਸਰਕਾਰ ਨੇ ਇਹ ਕਹਿੰਦਿਆਂ ਕਿਸੇ ਵੀ ਪ੍ਰੋਟੋਕੋਲ ਦੀ ਉਲੰਘਣਾ ਦਾ ਖੰਡਨ ਕੀਤਾ ਕਿ ਰਾਸ਼ਟਰਪਤੀ ਦੀ ਅਗਵਾਈ ਸਿਲੀਗੁੜੀ ਦੇ ਮੇਅਰ, ਪੁਲਸ ਕਮਿਸ਼ਨਰ ਅਤੇ ਜ਼ਿਲਾ ਮੈਜਿਸਟ੍ਰੇਟ ਵੱਲੋਂ ਕੀਤੀ ਗਈ। ਇਸ ਦੀ ਬਜਾਏ ਮਮਤਾ ਬੈਨਰਜੀ ਨੇ ਇਸ ਚੋਣਵੇਂ ਵਿਰੋਧ ’ਤੇ ਸਵਾਲ ਉਠਾਇਆ ਅਤੇ ਕਿਹਾ ਕਿ ਤੁਸੀਂ ਉਦੋਂ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਕਰਦੇ, ਜਦੋਂ ਆਦਿਵਾਸੀਆਂ ਦੇ ਵਿਰੁੱਧ ਅੱਤਿਆਚਾਰ ਹੁੰਦੇ ਹਨ? ਤੁਸੀਂ ਉਦੋਂ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਕਰਦੇ ਜਦੋਂ ਅਜਿਹਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਹੁੰਦਾ ਹੈ? ਚੋਣਾਂ ਦੇ ਸਮੇਂ ’ਤੇ ਭਾਜਪਾ ਦੀ ਸਲਾਹ ਅਨੁਸਾਰ ਰਾਜਨੀਤੀ ਨਾ ਕਰੋ, ਜੋ ਚੋਣਾਂ ਦੇ ਨੇੜੇ ਆਉਂਦਿਆਂ ਹੀ ਬੰਗਾਲ ਨੂੰ ਨਿਸ਼ਾਨਾ ਬਣਾ ਰਹੀ ਹੈ।
ਮਮਤਾ ਨੇ ਕਿਹਾ ਕਿ ਮੈਂ ਇਸ ਪ੍ਰੋਗਰਾਮ ’ਚ ਹਿੱਸਾ ਨਹੀਂ ਲੈ ਸਕੀ ਕਿਉਂਕਿ ਮੈਂ ਐੱਸ. ਆਰ. ਆਈ. ਦੇ ਮੁੱਦੇ ’ਤੇ ਲੋਕਾਂ ਲਈ ਧਰਨੇ ’ਤੇ ਬੈਠੀ ਹਾਂ। ਮੇਰੀ ਤਰਜੀਹ ਕੀ ਹੋਣੀ ਚਾਹੀਦੀ ਹੈ? ਰਾਸ਼ਟਰਪਤੀ ਪ੍ਰਤੀ ਸਨਮਾਨ ਪ੍ਰਗਟ ਕਰਦਿਆਂ ਉਨ੍ਹਾਂ ਸੁਝਾਅ ਦਿੱਤਾ ਕਿ ਮੁਰਮੂ ਦੀਆਂ ਟਿੱਪਣੀਆਂ ਭਾਜਪਾ ਵੱਲੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੂੰ ਇੱਥੇ ਰਾਜਨੀਤੀ ਕਰਨ ਲਈ ਭੇਜਿਆ ਗਿਆ ਹੈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੰਮੇਲਨ ਵਾਲੀ ਜਗ੍ਹਾ ਜਾਂ ਬਾਗਡੋਗਰਾ ਹਵਾਈ ਅੱਡੇ ’ਤੇ ਵਿਵਸਥਾ ’ਚ ਉਨ੍ਹਾਂ ਦੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ ਕਿਉਂਕਿ ਬਾਗਡੋਗਰਾ ਹਵਾਈ ਅੱਡਾ ਭਾਰਤੀ ਹਵਾਬਾਜ਼ੀ ਅਥਾਰਟੀ ਦੇ ਅਧੀਨ ਆਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰਪਤੀ ਤੋਂ ਇਸ ਸੰਮੇਲਨ ’ਚ ਹਿੱਸਾ ਲੈਣ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ ਕਿਉਂਕਿ ਇਹ ਰਾਜ ਸਰਕਾਰ ਵੱਲੋਂ ਪ੍ਰਾਯੋਜਿਤ ਨਹੀਂ, ਇਕ ਨਿੱਜੀ ਪ੍ਰੋਗਰਾਮ ਸੀ ਅਤੇ ਰਾਜ ਪ੍ਰਸ਼ਾਸਨ ਨੇ ਆਗਾਹ ਕਰ ਦਿੱਤਾ ਸੀ ਕਿ ਉਹ ਅਜਿਹੇ ਸੰਮੇਲਨ ਦਾ ਆਯੋਜਨ ਕਰਨ ਲਈ ਤਿਆਰ ਨਹੀਂ ਹੈ, ਜਿਸ ’ਚ ਰਾਸ਼ਟਰਪਤੀ ਵੀ ਆ ਰਹੇ ਹਨ।
ਇਹ ਮਾਮਲਾ ਇੱਥੇ ਹੀ ਸਮਾਪਤ ਨਹੀਂ ਹੋਇਆ। ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਰਾਸ਼ਟਰਪਤੀ ਦਾ ਸਨਮਾਨ ਨਹੀਂ ਕਰਦੀ। ਇਕ ਜਨਤਕ ਪ੍ਰੋਗਰਾਮ ਦੌਰਾਨ ਇਕ ਫੋਟੋ ਦਿਖਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਤਸਵੀਰ ’ਚ ਮੋਦੀ ਬੈਠੇ ਹੋਏ ਹਨ ਅਤੇ ਰਾਸ਼ਟਰਪਤੀ ਖੜ੍ਹੇ ਹਨ। ਇਹ ਸਰਾਸਰ ਰਾਸ਼ਟਰਪਤੀ ਦਾ ਅਪਮਾਨ ਹੈ।
ਪ੍ਰਧਾਨ ਮੰਤਰੀ ਨੇ ਇਸ ਘਟਨਾ ’ਤੇ ਟਿੱਪਣੀ ਕੀਤੀ ਕਿ ਇਹ ਸ਼ਰਮਨਾਕ ਅਤੇ ਬੇਮਿਸਾਲ ਹੈ ਅਤੇ ਤ੍ਰਿਣਮੂਲ ਸਰਕਾਰ ’ਤੇ ਰਾਸ਼ਟਰਪਤੀ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਪਰ ਮੁੱਖ ਤੱਥ ਇਹ ਹੈ ਕਿ ਰਾਸ਼ਟਰਪਤੀ ਆਪਣੇ ਭਾਈਚਾਰੇ ਦੇ ਸਨਮਾਨ ’ਚ ਆਯੋਜਿਤ ਸੰਮੇਲਨ ’ਚ ਗਏ ਅਤੇ ਉੱਥੇ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ ਜਾ ਰਿਹਾ। ਰਾਜਨੀਤਕ ਸੰਦਰਭ ਜੋ ਵੀ ਹੋਵੇ, ਇਹ ਅਜਿਹਾ ਦੋਸ਼ ਨਹੀਂ ਹੈ ਜਿਸ ਨੂੰ ਕੋਈ ਵੀ ਰਾਜ ਸਰਕਾਰ ਆਸਾਨੀ ਨਾਲ ਨਜ਼ਰਅੰਦਾਜ਼ ਕਰ ਸਕੇ। ਭਾਵੇਂ ਕੋਈ ਪ੍ਰੋਗਰਾਮ ਜਨਤਕ ਹੋਵੇ ਜਾਂ ਨਿੱਜੀ, ਰਾਜ ਸਰਕਾਰ ਸੰਵਿਧਾਨਕ ਦ੍ਰਿਸ਼ਟੀ ਤੋਂ ਰਾਸ਼ਟਰਪਤੀ ਨੂੰ ਪੂਰੀ ਵੀ. ਵੀ. ਆਈ. ਪੀ. ਸੁਰੱਖਿਆ ਅਤੇ ਵਿਵਸਥਾ ਕਰਨ ਲਈ ਪਾਬੰਦ ਹੈ।
ਫਿਰ ਵੀ ਇਹ ਘਟਨਾ ਹੋਰਨਾਂ ਆਮ ਰਾਜਨੀਤਕ ਟਕਰਾਵਾਂ ਤੋਂ ਵੱਖਰੀ ਹੈ। ਰਾਸ਼ਟਰਪਤੀ ਮੁਰਮੂ ਖੁਦ ਸੰਥਾਲ ਭਾਈਚਾਰੇ ਤੋਂ ਹਨ ਅਤੇ ਉਹ ਆਦਿਵਾਸੀ ਭਾਈਚਾਰੇ ਦੀ ਪਹਿਲੀ ਰਾਸ਼ਟਰਪਤੀ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਆਪਣੀ ਨਿਰਾਸ਼ਾ ਅਤੇ ਗੁੱਸਾ ਪ੍ਰਗਟ ਕਰਨਾ ਪਿਆ ਜੋ ਕੇਂਦਰ-ਰਾਜ ਸਬੰਧਾਂ ਨੂੰ ਚਲਾਉਣ ਵਾਲੇ ਸਥਾਪਿਤ ਮਾਪਦੰਡਾਂ ਤੋਂ ਵੱਖਰਾ ਹੈ ਕਿਉਂਕਿ ਭਾਰਤ ਦੇ ਹਾਲੀਆ ਰਾਜਨੀਤਕ ਇਤਿਹਾਸ ’ਚ ਅਜਿਹੀ ਕੋਈ ਘਟਨਾ ਨਹੀਂ ਹੋਈ ਜਿੱਥੇ ਮੌਜੂਦਾ ਰਾਸ਼ਟਰਪਤੀ ਨੇ ਆਪਣੀ ਯਾਤਰਾ ਦੌਰਾਨ ਰਾਜ ਸਰਕਾਰ ਦੇ ਇਰਾਦਿਆਂ ’ਤੇ ਸਵਾਲ ਉਠਾਇਆ ਹੋਵੇ।
ਅਸਲ ’ਚ ਇਹ ਵਿਵਾਦ ਇਕ ਗਰਮਾ-ਗਰਮ ਚੋਣ ਮਾਹੌਲ ਦੇ ਸਮੇਂ ਪੈਦਾ ਹੋਇਆ ਜਿੱਥੇ ਭਾਜਪਾ ਅਤੇ ਤ੍ਰਿਣਮੂਲ ਦੋਵੇਂ ਹੀ ਇਸ ਤੋਂ ਲਾਭ ਉਠਾਉਣਾ ਚਾਹੁੰਦੀਆਂ ਹਨ। ਸਪੱਸ਼ਟ ਹੈ ਕਿ ਭਾਜਪਾ ਤਿਲ ਦਾ ਤਾੜ ਬਣਾਉਣਾ ਚਾਹੁੰਦੀ ਹੈ ਕਿਉਂਕਿ ਤ੍ਰਿਣਮੂਲ ਕਾਂਗਰਸ ਦੇ ਨਾਲ ਉਸ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ ਅਤੇ ਦੋਵੇਂ ਹੀ ਪੱਖ ਰਾਜ ’ਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਨੈਰੇਟਿਵ ਬਣਾਉਣਾ ਚਾਹੁੰਦੇ ਹਨ। ਭਾਜਪਾ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਰਾਸ਼ਟਰਪਤੀ ਦਾ ਅਪਮਾਨ ਇਕ ਗੰਭੀਰ ਸੰਵਿਧਾਨਕ ਮੁੱਦਾ ਹੈ ਤਾਂ ਤ੍ਰਿਣਮੂਲ ਦਾ ਕਹਿਣਾ ਹੈ ਕਿ ਬੰਗਾਲ ਸਰਕਾਰ ’ਤੇ ਹਮਲਾ ਕਰਨ ਲਈ ਨਿਯਮਤ ਪ੍ਰਸ਼ਾਸਨਿਕ ਮੁੱਦੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਸਮਾਂ ਆ ਗਿਆ ਹੈ ਕਿ ਕੇਂਦਰ ਅਤੇ ਰਾਜਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇਕ-ਦੂਜੇ ਦੇ ਅਧਿਕਾਰਾਂ ਅਤੇ ਖੁਦਮੁਖਤਿਆਰੀ ਦੇ ਵਿਚਾਲੇ ਸੰਤੁਲਨ ਨਾ ਬਣਾਇਆ ਜਾਵੇ ਤਾਂ ਉਨ੍ਹਾਂ ਦਾ ਮਾਣ ਨਹੀਂ ਰਹਿ ਜਾਂਦਾ। ਹਰ ਸੰਘੀ ਪ੍ਰਣਾਲੀ ਸ਼ਕਤੀ, ਅਧਿਕਾਰ ਅਤੇ ਸੰਜਮ ਦੇ ਨਾਜ਼ੁਕ ਸੰਤੁਲਨ ਨਾਲ ਚਲਦੀ ਹੈ। ਇਸ ਦੇ ਲਈ ਸੰਘ ਦੀ ਇੱਛਾ ਅਤੇ ਰਾਜ ਦੇ ਫਤਵੇ ਦੇ ਵਿਚਾਲੇ ਸੰਤੁਲਨ ਬਣਾਇਆ ਜਾਣਾ ਚਾਹੀਦਾ ਹੈ। ਸੰਵਿਧਾਨ ’ਚ ਇਹ ਸੰਤੁਲਨ ਕੇਂਦਰ ਦੇ ਪੱਖ ’ਚ ਹੈ ਅਤੇ ਇਹ ਪ੍ਰਣਾਲੀ ਇਸ ਲਈ ਚੱਲ ਰਹੀ ਹੈ ਕਿ ਕੇਂਦਰ ਨੇ ਪ੍ਰੰਪਰਾਵਾਂ ਨੂੰ ਮੰਨਿਆ ਹੈ।
ਇਸ ਘਟਨਾਕ੍ਰਮ ’ਚ ਸਭ ਤੋਂ ਮਹੱਤਵਪੂਰਨ ਰਾਸ਼ਟਰਪਤੀ ਦੀ ਭੂਮਿਕਾ ਹੈ। ਸੰਵਿਧਾਨਕ ਰਾਖੇ ਦੇ ਰੂਪ ’ਚ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦਲਗਤ ਸੰਘਰਸ਼ ਤੋਂ ਉੱਪਰ ਉੱਠਣ ਅਤੇ ਗਣਤੰਤਰ ਦੀ ਸ਼ਾਨ ਦਾ ਪ੍ਰਤੀਕ ਬਣਨ ਅਤੇ ਤੁੱਛ ਮੁੱਦਿਆਂ ਲਈ ਇਸ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ। ਮਮਤਾ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇਕ ਸਟ੍ਰੀਟ ਫਾਈਟਰ ਅਤੇ ਸਮੱਸਿਆ ਪੈਦਾ ਕਰਨ ਵਾਲੇ ਦੇ ਤੌਰ ’ਤੇ ਉਨ੍ਹਾਂ ਦਾ ਵੱਕਾਰ ਉਨ੍ਹਾਂ ਦੇ ਲੰਬੇ ਸਮੇਂ ਦੇ ਹਿੱਤ ’ਚ ਨਹੀਂ ਹੈ। ਉਨ੍ਹਾਂ ਦੇ ਲੋਕਪ੍ਰਿਯਤਾਵਾਦ ਨੇ ਉਨ੍ਹਾਂ ਨੂੰ ਇੱਥੇ ਤੱਕ ਪਹੁੰਚਣ ’ਚ ਮਦਦ ਕੀਤੀ ਹੈ। ਇਹ ਗੱਲ ਭਾਜਪਾ ’ਤੇ ਵੀ ਲਾਗੂ ਹੁੰਦੀ ਹੈ। ਦੋਵਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੱਤਾ ਤੋਂ ਹੰਕਾਰ ਪੈਦਾ ਹੁੰਦਾ ਹੈ ਜਿਸ ਕਾਰਨ ਹਾਰ ਹੁੰਦੀ ਹੈ।
ਪੂਨਮ ਆਈ. ਕੌਸ਼ਿਸ਼
