ਰਾਸ਼ਟਰੀ ਰਾਜਨੀਤੀ ਵੀ ਤੈਅ ਕਰਨਗੀਆਂ ਵਿਧਾਨ ਸਭਾ ਚੋਣਾਂ
Monday, Mar 16, 2026 - 03:46 PM (IST)
ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਚੋਣ ਨਤੀਜੇ ਇਨ੍ਹਾਂ ਪੰਜ ਰਾਜਾਂ ’ਚ ਭਾਵੀ ਸਰਕਾਰ ਦਾ ਫੈਸਲਾ ਹੀ ਨਹੀਂ ਕਰਨਗੇ, ਰਾਸ਼ਟਰੀ ਰਾਜਨੀਤੀ ਦੀ ਦਿਸ਼ਾ ਵੀ ਦੱਸਣਗੇ। ਇਨ੍ਹਾਂ ਰਾਜਾਂ ਦਾ ਸੱਤਾ ਸੰਗਰਾਮ ਜ਼ਿਆਦਾ ਦਿਲਚਸਪ ਇਸ ਲਈ ਵੀ ਹੋਵੇਗਾ, ਕਿਉਂਕਿ ਦੋ ਰਾਜਾਂ ’ਚ ਕੇਂਦਰ ’ਚ ਸੱਤਾਧਾਰੀ ਗੱਠਜੋੜ ਰਾਜਗ ਦੀਆਂ ਸਰਕਾਰਾਂ ਹਨ ਤਾਂ ਤਿੰਨ ’ਚ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ। ਸੱਤਾ ਤਾਂ ਹਰ ਰਾਜ ਦੀ ਮਹੱਤਵਪੂਰਨ ਹੁੰਦੀ ਹੈ, ਪਰ ਸਭ ਤੋਂ ਜ਼ਿਆਦਾ ਨਿਗਾਹਾਂ ਪੱਛਮੀ ਬੰਗਾਲ ਦੀ ਚੋਣ ’ਤੇ ਰਹਿਣਗੀਆਂ। ਕਾਂਗਰਸ ਛੱਡ ਆਪਣੀ ਵੱਖਰੀ ਤ੍ਰਿਣਮੂਲ ਕਾਂਗਰਸ ਬਣਾਉਣ ਵਾਲੀ ਮਮਤਾ ਬੈਨਰਜੀ ਉੱਥੇ ਤਿੰਨ ਵਾਰ ਤੋਂ ਮੁੱਖ ਮੰਤਰੀ ਹਨ। ਦਿਲਚਸਪ ਸਮੀਕਰਨ ਇਹ ਕਿ ਪਹਿਲਾਂ ਸੱਤਾ ’ਚ ਰਹੀ ਕਾਂਗਰਸ ਅਤੇ ਫਿਰ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਸੱਤਾਧਾਰੀ ਰਿਹਾ ਖੱਬਾ ਮੋਰਚਾ ਹੁਣ ਬੰਗਾਲ ਦੀ ਰਾਜਨੀਤੀ ’ਚ ਹਾਸ਼ੀਏ ’ਤੇ ਹਨ, ਜਦਕਿ ਭਾਜਪਾ ਮੁੱਖ ਵਿਰੋਧੀ ਦਲ ਬਣ ਚੁੱਕੀ ਹੈ। ਪਿਛਲੀ ਚੋਣ ’ਚ ਵੀ ਭਾਜਪਾ ਨੇ ਬੰਗਾਲ ’ਚ ਬਦਲਾਅ ਦਾ ਮਾਹੌਲ ਤਾਂ ਬਣਾਇਆ ਸੀ, ਪਰ 294 ਮੈਂਬਰੀ ਵਿਧਾਨ ਸਭਾ ’ਚ 100 ਦਾ ਅੰਕੜਾ ਵੀ ਨਹੀਂ ਛੂਹ ਸਕੀ, ਜਦਕਿ ਮਮਤਾ ਦੀ ਤ੍ਰਿਣਮੂਲ 215 ਸੀਟਾਂ ਜਿੱਤ ਗਈ। ਦੋਵਾਂ ਦਲਾਂ ਦੇ ਵੋਟ ਫੀਸਦੀ ’ਚ ਵੀ 10 ਫੀਸਦੀ ਦਾ ਭਾਰੀ ਅੰਤਰ ਰਿਹਾ।
ਬੇਸ਼ੱਕ ਤਿੰਨ ਸੀਟਾਂ ਤੋਂ 77 ਸੀਟਾਂ ਦੀ ਛਲਾਂਗ ਘੱਟ ਚਮਤਕਾਰੀ ਨਹੀਂ, ਪਰ ਬਹੁਮਤ ਦਾ ਅੰਕੜਾ 147 ਹੈ। ਤਮਾਮ ਤਿਕੜਮਾਂ ਦੇ ਬਾਵਜੂਦ ਭਾਜਪਾ ਉਸ ਦਾ ਅੱਧਾ ਸਫ਼ਰ ਹੀ ਤੈਅ ਕਰ ਸਕੀ। ਦੋ ਸੀਟਾਂ ਤੋਂ ਲੜੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਰਚਿਤ ਨੰਦੀਗ੍ਰਾਮ ਸੀਟ ਤੋਂ ਸ਼ੁਭੇਂਦੂ ਅਧਿਕਾਰੀ ਵੱਲੋਂ ਹਰਾ ਦੇਣਾ ਸ਼ਾਇਦ ਭਾਜਪਾ ਦੀ ਸਭ ਤੋਂ ਵੱਡੀ ਉਪਲਬਧੀ ਰਹੀ। ਕਦੇ ਕਾਂਗਰਸ, ਫਿਰ ਤ੍ਰਿਣਮੂਲ ਕਾਂਗਰਸ ’ਚ ਰਹੇ ਸ਼ੁਭੇਂਦੂ ਬੰਗਾਲ ’ਚ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਹਨ। ਲਗਾਤਾਰ ਤਿੰਨ ਕਾਰਜਕਾਲਾਂ ਤੋਂ ਬਾਅਦ ਮਮਤਾ ਅਤੇ ਤ੍ਰਿਣਮੂਲ ਵਿਰੁੱਧ ਸੱਤਾ ਵਿਰੋਧੀ ਭਾਵਨਾ ਦੀ ਸੰਭਾਵਨਾ ਤੋਂ ਇਨਕਾਰ ਨਹੀਂ, ਪਰ ਉਸ ਦਾ ਚੋਣ ਲਾਭ ਉਠਾਉਣ ਲਈ ਸਵੀਕਾਰਯੋਗ ਭਰੋਸੇਯੋਗ ਚਿਹਰਾ ਅਤੇ ਮਜ਼ਬੂਤ ਸੰਗਠਨ ਤਾਂ ਚਾਹੀਦਾ ਹੈ। ਵਿਸ਼ਾਲ ਘੱਟਗਿਣਤੀ ਵੋਟ ਬੈਂਕ ਤ੍ਰਿਣਮੂਲ ਕਾਂਗਰਸ ਦੀ ਵੱਡੀ ਚੋਣ ਤਾਕਤ ਹੈ। ਇਸੇ ਲਈ ਭਾਜਪਾ ਹਿੰਦੂ ਵੋਟਰਾਂ ਨੂੰ ਆਪਣੇ ਪੱਖ ’ਚ ਲਾਮਬੰਦ ਕਰਨ ਦੀ ਕਵਾਇਦ ਕਰਦੀ ਰਹਿੰਦੀ ਹੈ। ਇਸ ਕਵਾਇਦ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਸਰਗਰਮੀ ਨਾਲ ਭਾਜਪਾ ਆਪਣੇ ਅਤੇ ਤ੍ਰਿਣਮੂਲ ਦੇ ਵਿਚਾਲੇ ਦੇ ਫਾਸਲੇ ਨੂੰ ਕਿੰਨਾ ਤੈਅ ਕਰ ਸਕੇਗੀ—ਪੱਛਮੀ ਬੰਗਾਲ ਦਾ ਚੋਣ ਨਤੀਜਾ ਇਸ ’ਤੇ ਕਾਫ਼ੀ ਨਿਰਭਰ ਕਰੇਗਾ।
ਪਿਛਲੀ ਵਾਰ ਮਿਲ ਕੇ ਲੜੇ ਕਾਂਗਰਸ ਅਤੇ ਖੱਬਾ ਮੋਰਚਾ ਇਸ ਵਾਰ ਵੱਖ-ਵੱਖ ਚੋਣ ਮੈਦਾਨ ’ਚ ਉਤਰਨਗੇ। ਉਨ੍ਹਾਂ ਦੀ ਸੀਮਤ ਚੋਣ ਭੂਮਿਕਾ ’ਚ ਇਹ ਵੇਖਣਾ ਦਿਲਚਸਪ ਰਹੇਗਾ ਕਿ ਉਹ ਤ੍ਰਿਣਮੂਲ ਦੇ ਘੱਟਗਿਣਤੀ ਵੋਟ ਬੈਂਕ ’ਚ ਸੰਨ੍ਹ ਲਗਾਉਂਦੇ ਹਨ ਜਾਂ ਫਿਰ ਸੱਤਾ ਵਿਰੋਧੀ ਵੋਟਰਾਂ ’ਚ ਹਿੱਸਾ ਵੰਡਾ ਕੇ ਭਾਜਪਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਕ ਗੱਲ ਤੈਅ ਹੈ ਕਿ ਇਹ ਚੋਣ ਮਮਤਾ ਅਤੇ ਭਾਜਪਾ, ਦੋਵਾਂ ਲਈ ਕਰੋ ਜਾਂ ਮਰੋ ਵਾਲੀ ਰਹੇਗੀ। ਮਮਤਾ ਲਈ ਇਹ ਚੋਣ ਸਭ ਤੋਂ ਚੁਣੌਤੀਪੂਰਨ ਹੋਵੇਗੀ। ਇਸ ਲਈ ਭਾਜਪਾ ਲਈ ਬੰਗਾਲ ’ਚ ਸਰਕਾਰ ਬਣਾਉਣ ਦਾ ਇਹ ਸਭ ਤੋਂ ਅਨੁਕੂਲ ਮੌਕਾ ਵੀ ਮੰਨਿਆ ਜਾ ਰਿਹਾ ਹੈ। ਜੇਕਰ ਮਮਤਾ ਚੌਥੀ ਵਾਰ ਵੀ ਫਤਵਾ ਹਾਸਲ ਕਰਨ ’ਚ ਸਫਲ ਰਹੀ ਤਾਂ ਵਿਰੋਧੀ ਗੱਠਜੋੜ ‘ਇੰਡੀਆ’ ਦੇ ਜ਼ਰੀਏ ਰਾਸ਼ਟਰੀ ਰਾਜਨੀਤੀ ’ਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨਾ ਕਾਂਗਰਸ ਲਈ ਮੁਸ਼ਕਲ ਹੋ ਜਾਵੇਗਾ।
ਤਾਮਿਲਨਾਡੂ ਦੀ ਰਾਜਨੀਤੀ ਅਰਸੇ ਤੱਕ ਡੀ. ਐੱਮ. ਕੇ. ਅਤੇ ਏ. ਆਈ. ਏ. ਡੀ. ਐੱਮ. ਕੇ. ਦੇ ਵਿਚਾਲੇ ਦੋ ਧਰੁਵੀ ਰਹੀ, ਪਰ ਜੈਲਲਿਤਾ ਦੇ ਦਿਹਾਂਤ ਤੋਂ ਬਾਅਦ ਉਹ ਸੰਤੁਲਨ ਗੜਬੜਾ ਗਿਆ ਹੈ। ਏ. ਆਈ. ਏ. ਡੀ. ਐੱਮ. ਕੇ. ਦੇ ਏਕੀਕਰਨ ਅਤੇ ਉਸ ਨਾਲ ਗੱਠਜੋੜ ਦੇ ਜ਼ਰੀਏ ਭਾਜਪਾ ਉੱਥੇ ਸੱਤਾ ਪਰਿਵਰਤਨ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ, ਪਰ ਐੱਮ. ਕੇ. ਸਟਾਲਿਨ ਸਰਕਾਰ ਦੇ ਕਾਰਜਕਾਲ ’ਚ ਰਹਿ-ਰਹਿ ਕੇ ਸਨਾਤਨ ਧਰਮ ਅਤੇ ਹਿੰਦੀ ਭਾਸ਼ਾ ਨੂੰ ਲੈ ਕੇ ਉੱਠਦੇ ਰਹੇ ਵਿਵਾਦਾਂ ਦੇ ਬਾਵਜੂਦ ਇਹ ਆਸਾਨ ਨਹੀਂ ਲੱਗਦਾ। ਹਾਂ, ਟੀ. ਵੀ. ਕੇ. ਨਾਮਕ ਦਲ ਬਣਾ ਕੇ ਫ਼ਿਲਮ ਅਭਿਨੇਤਾ ਤੋਂ ਰਾਜਨੇਤਾ ਬਣੇ ਥਲਾਪਤੀ ਵਿਜੇ ਜੇਕਰ ਵੱਡੀ ਤਾਕਤ ਬਣ ਕੇ ਉੱਭਰੇ ਤਾਂ ਤਮਾਮ ਸਮੀਕਰਨ ਗੜਬੜਾ ਸਕਦੇ ਹਨ। ਰਾਸ਼ਟਰੀ ਪੱਧਰ ’ਤੇ ਤਾਂ ਡੀ. ਐੱਮ. ਕੇ. ਅਤੇ ਕਾਂਗਰਸ, ‘ਇੰਡੀਆ’ ਗੱਠਜੋੜ ’ਚ ਸ਼ਾਮਲ ਹਨ ਹੀ, ਤਾਮਿਲਨਾਡੂ ’ਚ ਵੀ ਦੋਵਾਂ ’ਚ ਪੁਰਾਣਾ ਗੱਠਜੋੜ ਹੈ। ਜੇਕਰ ਡੀ. ਐੱਮ .ਕੇ. ਗੱਠਜੋੜ ਸੱਤਾ ਬਚਾਉਣ ’ਚ ਸਫਲ ਰਿਹਾ ਤਾਂ ਉਸ ਨਾਲ ਰਾਸ਼ਟਰੀ ਪੱਧਰ ’ਤੇ ‘ਇੰਡੀਆ’ ਗੱਠਜੋੜ ਦਾ ਵੀ ਮਨੋਬਲ ਵਧੇਗਾ ਹੀ।
ਉਂਝ ਸਨਾਤਨ ਅਤੇ ਹਿੰਦੀ ਵਿਰੋਧੀ ਚਿਹਰੇ ਦੇ ਮੱਦੇਨਜ਼ਰ ਐੱਮ. ਕੇ. ਸਟਾਲਿਨ ਲਈ ਰਾਸ਼ਟਰੀ ਰਾਜਨੀਤੀ ਦਾ ਰਾਹ ਆਸਾਨ ਹੋਵੇਗਾ ਵੀ ਨਹੀਂ। ‘ਇੰਡੀਆ’ ਗੱਠਜੋੜ ਵੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਤੋਂ ਬਚਣਾ ਹੀ ਚਾਹੇਗਾ। ਜੇਕਰ ਟੀ. ਵੀ. ਕੇ. ਦੀ ਚੋਣ ਮੌਜੂਦਗੀ ਨਾਲ ਗੈਰ-ਡੀ. ਐੱਮ. ਕੇ. ਦਲਾਂ ਦੀਆਂ ਸੱਤਾ ਸੰਭਾਵਨਾਵਾਂ ਬਣੀਆਂ ਤਾਂ ਉਹ ਇਕ ਪੂਰੀ ਤਰ੍ਹਾਂ ਦੱਖਣ ਭਾਰਤੀ ਰਾਜ ’ਚ ਭਾਜਪਾ ਲਈ ਬਿਨਾਂ ਟਿਕਟ ਖ਼ਰੀਦੇ ਹੀ ਲਾਟਰੀ ਖੁੱਲ੍ਹ ਜਾਣ ਤੋਂ ਘੱਟ ਨਹੀਂ ਹੋਵੇਗਾ।
5 ਚੋਣ ਰਾਜਾਂ ’ਚ ਭਾਜਪਾ ਦੀ ਜਿੱਤ ਦੀਆਂ ਸਭ ਤੋਂ ਬਿਹਤਰ ਸੰਭਾਵਨਾਵਾਂ ਅਾਸਾਮ ’ਚ ਹਨ। ਅਰਸੇ ਤੋਂ ਘੁਸਪੈਠ ਅਤੇ ਆਬਾਦੀ ਪਰਿਵਰਤਨ ਵਰਗੇ ਮੁੱਦਿਆਂ ਨਾਲ ਘਿਰੇ ਰਹੇ ਅਾਸਾਮ ’ਚ ਲਗਾਤਾਰ ਦੂਜੀ ਵਾਰ ਭਾਜਪਾ ਸਰਕਾਰ ਹੈ। ਸਾਬਕਾ ਕਾਂਗਰਸੀ ਹੇਮੰਤ ਬਿਸਵਾ ਸਰਮਾ ਨੇ ਪੂਰਬੀ ਰਾਜਾਂ ’ਚ ਭਾਜਪਾ ਦਾ ਜਿਵੇਂ ਵਿਸਥਾਰ ਕਰਵਾਇਆ, ਉਸ ਦੇ ਇਨਾਮ ਵਜੋਂ ਉਨ੍ਹਾਂ ਨੂੰ ਪਿਛਲੀ ਚੋਣ ਤੋਂ ਬਾਅਦ ਅਾਸਾਮ ਦਾ ਮੁੱਖ ਮੰਤਰੀ ਬਣਾਇਆ ਗਿਆ। ਭਾਜਪਾ ਦੇ ਲਾਡਲੇ ਹੇਮੰਤ ਇਸ ਸਮੇਂ ਕਾਂਗਰਸ ਹੀ ਨਹੀਂ, ਰਾਹੁਲ ਗਾਂਧੀ ਦੇ ਵੀ ਸਭ ਤੋਂ ਬੜਬੋਲੇ ਆਲੋਚਕ ਹਨ। ਸਾਬਕਾ ਪ੍ਰਦੇਸ਼ ਪ੍ਰਧਾਨ ਭੂਪੇਨ ਬੋਰਾ ਨੂੰ ਭਾਜਪਾ ’ਚ ਸ਼ਾਮਲ ਕਰਵਾ ਕੇ ਹੇਮੰਤ ਨੇ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਚੋਣਾਂ ਤੋਂ ਠੀਕ ਪਹਿਲਾਂ ਦਿੱਤਾ। ਬੇਸ਼ੱਕ ਅਾਸਾਮ ਦੀ ਰਾਜਨੀਤੀ ’ਚ ਗੱਠਜੋੜ ਅੱਜ ਵੀ ਫੈਸਲਾਕੁੰਨ ਭੂਮਿਕਾ ਨਿਭਾਅ ਸਕਦੇ ਹਨ। ਇਸ ਲਈ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਾਜਪਾ ਅਤੇ ਕਾਂਗਰਸ ’ਚੋਂ ਕੌਣ ਬਿਹਤਰ ਢੰਗ ਨਾਲ ਚੋਣ ਗੱਠਜੋੜ ਨੂੰ ਅੰਜਾਮ ਦੇ ਪਾਉਂਦਾ ਹੈ। ਰਾਹੁਲ ਦੇ ਕਰੀਬੀ ਗੌਰਵ ਗੋਗੋਈ ਦੇ ਰਾਜਨੀਤਕ ਭਵਿੱਖ ਦਾ ਫੈਸਲਾ ਵੀ ਕਾਫੀ ਹੱਦ ਤੱਕ ਇਹ ਚੋਣਾਂ ਕਰ ਦੇਣਗੀਆਂ।
ਕੇਰਲ ਦੀ ਦੋ ਧਰੁਵੀ ਰਾਜਨੀਤੀ ’ਚ ਭਾਜਪਾ ਲਈ ਜ਼ਿਆਦਾ ਸੰਭਾਵਨਾਵਾਂ ਨਹੀਂ ਹਨ। ਬੇਸ਼ੱਕ ਉੱਥੋਂ ਲੋਕ ਸਭਾ ਚੋਣ ਜਿੱਤੇ ਅਭਿਨੇਤਾ ਗੋਪੀ ਕੇਂਦਰ ’ਚ ਮੰਤਰੀ ਬਣਾਏ ਗਏ। ਹਾਲ ਹੀ ’ਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਚੋਣ ਖੇਤਰ ’ਚ ਭਾਜਪਾ ਆਪਣਾ ਮੇਅਰ ਵੀ ਬਣਾਉਣ ’ਚ ਸਫਲ ਹੋ ਗਈ, ਪਰ ਕੇਰਲ ਦੀ ਸੱਤਾ ਦੀ ਜੰਗ ਅਜੇ ਵੀ ਮੁੱਖ ਤੌਰ ’ਤੇ ਖੱਬਾ ਮੋਰਚਾ ਭਾਵ ਐੱਲ. ਡੀ. ਐੱਫ. ਅਤੇ ਕਾਂਗਰਸ ਦੀ ਅਗਵਾਈ ਵਾਲੇ ਮੋਰਚੇ ਯੂ. ਡੀ. ਐੱਫ. ਦੇ ਵਿਚਾਲੇ ਹੀ ਸਿਮਟੀ ਹੈ। ਕੋਈ ਵੀ ਜਿੱਤੇ, ਸੱਤਾ ‘ਇੰਡੀਆ’ ਗੱਠਜੋੜ ਦੇ ਕੋਲ ਹੀ ਰਹੇਗੀ, ਪਰ ਧਿਆਨ ਰਹੇ ਕਿ ਦੇਸ਼ ’ਚ ਕੇਰਲ ਇਕੋ-ਇਕ ਰਾਜ ਹੈ, ਜਿੱਥੇ ਖੱਬੇਪੱਖੀ ਸੱਤਾ ਬਚੀ ਹੋਈ ਹੈ। ਉਸ ਕਿਲੇ ਦਾ ਢਹਿਣਾ ਖੱਬੇਪੱਖੀ ਰਾਜਨੀਤੀ ’ਤੇ ਵਿਰਾਮ ਵਰਗਾ ਹੋਵੇਗਾ। ਕੇਂਦਰ ਸ਼ਾਸਿਤ ਪੁਡੂਚੇਰੀ ਦੀ ਰਾਜਨੀਤੀ ਬਹੁਤ ਕੁਝ ਤਾਮਿਲਨਾਡੂ ਦੀ ਤਰਜ਼ ’ਤੇ ਚੱਲਦੀ ਹੈ। ਪਿਛਲੀ ਵਾਰ ਪਾਸਾ ਪਲਟ ਗਿਆ, ਕਿਉਂਕਿ ਡੀ. ਐੱਮ. ਕੇ. ਦੀ ਦੋਸਤ ਕਾਂਗਰਸ ਦਾ ਚੋਣ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਨਤੀਜੇ ਵਜੋਂ ਖੇਤਰੀ ਦਲ ਐੱਨ. ਆਰ. ਕਾਂਗਰਸ ਅਤੇ ਭਾਜਪਾ ਮਿਲ ਕੇ ਸਰਕਾਰ ਬਣਾਉਣ ’ਚ ਸਫਲ ਹੋ ਗਏ। ਇਸ ਵਾਰ ਉੱਥੇ ਗੱਠਜੋੜ ਦੀ ਬਿਸਾਤ ’ਤੇ ਕੌਣ ਕਿਹੋ ਜਿਹਾ ਪ੍ਰਦਰਸ਼ਨ ਕਰੇਗਾ, ਸੱਤਾ ਦਾ ਫਤਵਾ ਉਸੇ ਸਮੀਕਰਨ ’ਤੇ ਨਿਰਭਰ ਕਰੇਗਾ।
ਰਾਜ ਕੁਮਾਰ ਸਿੰਘ
