ਬੇਰੋਜ਼ਗਾਰਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੁੱਟਣ ਦੇ ਵਧ ਰਹੇ ਅਪਰਾਧ

Thursday, Aug 29, 2024 - 03:36 AM (IST)

ਬੇਰੋਜ਼ਗਾਰਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੁੱਟਣ ਦੇ ਵਧ ਰਹੇ ਅਪਰਾਧ

ਅੱਜ  ਸਾਡਾ ਦੇਸ਼ ਭਾਰਤ ਘਪਲਿਆਂ ਦਾ ਦੇਸ਼ ਬਣ ਕੇ ਰਹਿ ਗਿਆ ਹੈ ਅਤੇ ਕੋਈ ਵੀ ਖੇਤਰ ਅਜਿਹਾ  ਨਹੀਂ ਬਚਿਆ ਜਿਸ ’ਚ ਕੋਈ ਨਾ ਕੋਈ ਹੇਰਾ-ਫੇਰੀ ਨਾ ਹੋਈ ਹੋਵੇ। ਇਨ੍ਹਾਂ ’ਚ ਸਰਕਾਰੀ ਅਤੇ ਗੈਰ-ਸਰਕਾਰੀ ਨੌਕਰੀਆਂ ਜਾਂ ਰੋਜ਼ਗਾਰ ਦੇਣ ਦੇ ਨਾਂ ’ਤੇ ਕੀਤੀਆਂ ਜਾ ਰਹੀਆਂ  ਹੇਰਾ-ਫੇਰੀਆਂ ਵੀ ਸ਼ਾਮਲ ਹਨ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 1 ਅਪ੍ਰੈਲ, 2024 ਨੂੰ  ਕੋਰਬਾ (ਛੱਤੀਸਗੜ੍ਹ) ਦੇ ‘ਢੋਢੀਪਾਰਾ’ ’ਚ ਪਾਨ ਦੀ ਦੁਕਾਨ ਚਲਾਉਣ ਵਾਲੇ ਵਿਕਾਸ ਰਾਠੌਰ ਅਤੇ ਉਸ ਦੀ ਭੈਣ ਨੂੰ ਮਾਲੀਆ ਵਿਭਾਗ ’ਚ ਪਟਵਾਰੀ ਦੀ ਨੌਕਰੀ  ਦਿਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਨਕਲੀ ਨਿਯੁਕਤੀ ਪੱਤਰ  ਫੜਾ ਕੇ 7 ਲੱਖ  ਰੁਪਏ ਠੱਗ ਲੈਣ ਦੇ ਦੋਸ਼ ’ਚ  ਪੁਲਸ ਨੇ ਭਿਖਾਰੀ  ਲਾਲ ‘ਕਰਸ਼’ ਨਾਂ ਦੇ ਵਿਅਕਤੀ ’ਤੇ ਕੇਸ ਦਰਜ ਕੀਤਾ।
* 5 ਜੁਲਾਈ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ  ’ਤੇ ਨੌਕਰੀ  ਦਿਵਾਉਣ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਨੇ ਗ੍ਰਿਫਤਾਰ ਕੀਤਾ।
* 17 ਜੁਲਾਈ ਨੂੰ ਨੋਇਡਾ ( ਉੱਤਰ ਪ੍ਰਦੇਸ਼) ’ਚ ਥਾਣਾ ਸੈਕਟਰ -49 ਦੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਭਰਮਾਊ ਇਸ਼ਤਿਹਾਰ ਦੇ ਕੇ ਨੌਕਰੀ ਦਿਵਾਉਣ  ਦੇ ਨਾਂ ’ਤੇ ਪਿਛਲੇ ਡੇਢ ਸਾਲ ਤੋਂ ਲੋਕਾਂ ਨਾਲ ਠੱਗੀ ਕਰਦੇ ਆ ਰਹੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 4 ਔਰਤਾਂ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ’ਚੋਂ 11 ਮੋਬਾਈਲ, 5 ਮੋਹਰਾਂ, ਰੈਜ਼ਮੇ ਫਾਰਮ, 2 ਕਾਰਾਂ ਅਤੇ ਨਕਦ ਰਾਸ਼ੀ ਬਰਾਮਦ ਕੀਤੀ। 
* 18 ਜੁਲਾਈ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਆਨਲਾਈਨ ਨੌਕਰੀ ਦੀ ਭਾਲ ਕਰ ਰਹੇ ਇਕ ਨੌਜਵਾਨ ਤੋਂ ਕੈਨੇਡਾ ’ਚ ਨੌਕਰੀ ਦਿਵਾਉਣ ਦੇ ਬਹਾਨੇ ਸਾਈਬਰ ਠੱਗਾਂ ਨੇ 14 ਲੱਖ ਰੁਪਏ ਠੱਗ ਲਏ। ਸਾਈਬਰ ਠੱਗਾਂ ਨੇ ਉਸ ਨੂੰ ਮੋਬਾਈਲ ’ਤੇ ਮੈਸੇਜ ਭੇਜ ਕੇ ਕੈਨੇਡਾ ਦੀ ਇਕ ਕੰਪਨੀ ’ਚ ਨੌਕਰੀ ਦੀ ਆਫਰ ਦਿੱਤੀ ਅਤੇ ਫਿਰ ਰਜਿਸਟ੍ਰੇਸ਼ਨ ਅਤੇ ਵੀਜ਼ਾ ਲਵਾਉਣ ਸਮੇਤ ਤਰ੍ਹਾਂ-ਤਰ੍ਹਾਂ ਦੇ ਬਹਾਨਿਆਂ ਨਾਲ 14 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਲਈ। ਨਾ ਹੀ ਉਸ ਨੂੰ ਨੌਕਰੀ ਮਿਲੀ ਅਤੇ ਨਾ ਹੀ ਆਪਣੀ ਰਕਮ।
* 24 ਅਗਸਤ ਨੂੰ ਠਾਣੇ (ਮਹਾਰਾਸ਼ਟਰ) ’ਚ ਇਕ ਔਰਤ ਨੂੰ ਨਵੀਂ ਮੁੰਬਈ ਪੁਲਸ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 12.65 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਪੁਲਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ। 
ਪਹਿਲਾਂ ਹੀ ਰੋਜ਼ਗਾਰ ਨਾ ਹੋਣ ਕਾਰਨ ਆਰਥਿਕ ਤੰਗੀ ਦੇ ਸ਼ਿਕਾਰ ਲੋਕਾਂ ਦੀ ਮਜਬੂਰੀ ਦਾ ਲਾਭ ਉਠਾਉਂਦੇ ਹੋਏ ਉਨ੍ਹਾਂ ਨੂੰ ਠੱਗਣਾ ਗੰਭੀਰ ਜੁਰਮ ਹੈ, ਇਸ ਲਈ  ਬੇਰੋਜ਼ਗਾਰ ਲੋਕਾਂ  ਨਾਲ ਨੌਕਰੀਆਂ  ਦੇ ਨਾਂ ’ਤੇ ਧੋਖਾ ਕਰਨ ਦੇ ਜ਼ਿੰਮੇਵਾਰ ਲੋਕਾਂ ’ਤੇ ਫਾਸਟ ਟ੍ਰੈਕ ਅਦਾਲਤਾਂ ’ਚ ਕੇਸ ਚਲਾ ਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਮਜਬੂਰ ਲੋਕ ਅਜਿਹੇ ਸਮਾਜ ਵਿਰੋਧੀ ਤੱਤਾਂ ਦੇ ਝਾਂਸੇ ’ਚ ਆਉਣ ਤੋਂ ਬਚ ਸਕਣ।
–ਵਿਜੇ ਕੁਮਾਰ
 


author

Inder Prajapati

Content Editor

Related News