‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!

Wednesday, Mar 11, 2026 - 05:26 AM (IST)

‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!

ਭਾਰਤੀ ਰੇਲ 69,439 ਕਿਲੋਮੀਟਰ ਤੋਂ ਵੱਧ ਲੰਬੇ ਰੂਟ ਦੇ ਨਾਲ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਭਾਰਤ ’ਚ ਰੋਜ਼ਾਨਾ ਲੱਗਭਗ 2.6 ਕਰੋੜ ਤੋਂ ਵੱਧ ਯਾਤਰੀ ਟ੍ਰੇਨ ਜ਼ਰੀਏ ਸਫ਼ਰ ਕਰਦੇ ਹਨ ਅਤੇ ਯਾਤਰੀਆਂ ਦੀ ਇੰਨੀ ਵੱਧ ਗਿਣਤੀ ਇਸ ਨੂੰ ਦੁਨੀਆ ਦਾ ਸਭ ਤੋਂ ਵੱਧ ਰੁਝੇਵੇਂ ਭਰਿਆ ਰੇਲ ਨੈੱਟਵਰਕ ਬਣਾਉਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਟ੍ਰੇਨਾਂ ’ਚ ਚੋਰੀ ਅਤੇ ਜਬਰ-ਜ਼ਨਾਹ ਜਿਹੇ ਘਿਨਾਉਣੇ ਅਪਰਾਧ ਵੀ ਵਧ ਰਹੇ ਹਨ ਜਿਸ ਕਾਰਨ ਯਾਤਰੀਆਂ ’ਚ ਅਸੁਰੱਖਿਆ ਦੀ ਭਾਵਨਾ ਵੀ ਪੈਦਾ ਹੋਈ ਹੈ। ਪਿਛਲੇ ਕੁਝ ਮਹੀਨਿਆਂ ’ਚ ਹੋਈਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 3 ਅਪ੍ਰੈਲ, 2025 ਨੂੰ ‘ਬੈਂਗਲੁਰੂ’ ਦੇ ਕੇ. ਆਰ. ਪੁਰਮ ਸਟੇਸ਼ਨ ਕੋਲ ਇਕ ਔਰਤ ਨਾਲ ਉਸ ਸਮੇਂ ਸਮੂਹਿਕ ਜਬਰ-ਜ਼ਨਾਹ ਹੋਇਆ ਜਦੋਂ ਉਹ ਯਾਤਰਾ ਦੌਰਾਨ ਸਟੇਸ਼ਨ ਤੋਂ ਬਾਹਰ ਨਿਕਲੀ ਸੀ।

* 24 ਜੂਨ, 2025 ਨੂੰ ਹਰਿਆਣਾ ਦੇ ‘ਪਾਨੀਪਤ’ ’ਚ ਇਕ ਖੜ੍ਹੀ ਟ੍ਰੇਨ ਦੇ ਖਾਲੀ ਡੱਬੇ ’ਚ ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਦੀ ਘਿਨਾਉਣੀ ਘਟਨਾ ਸਾਹਮਣੇ ਆਈ। ਇਸ ਮਾਮਲੇ ’ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ।

* 27 ਜੁਲਾਈ, 2025 ਨੂੰ ‘ਦਰਭੰਗਾ’ (ਬਿਹਾਰ) ’ਚ ਦਰਭੰਗਾ-ਪਟਨਾ ਪੈਸੰਜਰ ਟ੍ਰੇਨ ’ਚ ਸਵਾਰ ਕੁਝ ਵਿਦਿਆਰਥੀਆਂ ਨੇ ਛੋਟੀ ਜਿਹੀ ਗੱਲ ’ਤੇ ਟ੍ਰੇਨ ਅੰਦਰ ਕੁਝ ਯਾਤਰੀਆਂ ਦੀ ਬੈਲਟਾਂ ਅਤੇ ਡੰਡਿਆਂ ਨਾਲ ਕੁੱਟਮਾਰ ਕਰ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।

* 30 ਜੁਲਾਈ, 2025 ਨੂੰ ‘ਰਾਏਪੁਰ’ (ਛੱਤੀਸਗੜ੍ਹ) ’ਚ ਸਿਕੰਦਰਾਬਾਦ-ਰਾਏਪੁਰ ਐਕਸਪ੍ਰੈੱਸ ਟ੍ਰੇਨ ਦੇ ‘ਮਿਲਾਈ ਪਾਵਰ ਹਾਊਸ’ ਸਟੇਸ਼ਨ ਤੋਂ ਅੱਗੇ ਵਧਦਿਆਂ ਹੀ ਜਬਰਨ ਵਸੂਲੀ ਕਰਨ ਆਈ ਇਕ ਕਿੰਨਰ ਨੇ ਯਾਤਰੀ ਵੱਲੋਂ ਪੈਸੇ ਨਾ ਦੇਣ ’ਤੇ ਉਸ ਨਾਲ ਕੁੱਟਮਾਰ ਕੀਤੀ ਜਿਸ ’ਤੇ ਟ੍ਰੇਨ ’ਚ ਸਵਾਰ ਯਾਤਰੀਆਂ ਨੇ ਫੜ ਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

* 12 ਨਵੰਬਰ, 2025 ਨੂੰ ਰੀਵਾ-ਕਮਲਾਪਤੀ ਟ੍ਰੇਨ ’ਚ ਚੋਰੀ ਕਰਦੇ ਫੜੇ ਗਏ 3 ਚੋਰਾਂ ਦੀ ਯਾਤਰੀਆਂ ਨੇ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ।

* 21 ਨਵੰਬਰ, 2025 ਨੂੰ ‘ਹਾਵੜਾ’ ਸਟੇਸ਼ਨ ’ਤੇ 1.44 ਕਰੋੜ ਮੁੱਲ ਦੇ ਸੋਨੇ ਦੇ ਬਿਸਕੁਟਾਂ ਦੀ ਚੋਰੀ ਦੇ ਮਾਮਲੇ ’ਚ ਜੀ. ਆਰ. ਪੀ. ਦੇ ਥਾਣਾ ਇੰਚਾਰਜ ਨੂੰ ਗ੍ਰਿਫਤਾਰ ਕੀਤਾ ਗਿਆ।

* 30 ਦਸੰਬਰ, 2025 ਨੂੰ ਤਾਮਿਲਨਾਡੂ ਦੇ ‘ਤਿਰੂਤਨੀ’ ਦੇ ਕੋਲ ਇਕ ਉਪ-ਨਗਰੀ ਟ੍ਰੇਨ ’ਚ ਓਡਿਸ਼ਾ ਦੇ ਇਕ ਵਿਅਕਤੀ ’ਤੇ ਦਾਤਰ ਨਾਲ ਹਮਲਾ ਕਰਨ ਦੇ ਦੋਸ਼ ’ਚ 4 ਨਾਬਾਲਗਾਂ ’ਤੇ ਮਾਮਲਾ ਦਰਜ ਕੀਤਾ ਗਿਆ।

* 2 ਜਨਵਰੀ, 2026 ਨੂੰ ‘ਬੈਂਗਲੁਰੂ’ ਦੇ ਐੱਸ. ਐੱਮ. ਵੀ. ਟੀ. ਸਟੇਸ਼ਨ ’ਤੇ ਇਕ ਯਾਤਰੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ 35,000 ਦੇ ਗਹਿਣੇ ਅਤੇ ਨਕਦੀ ਲੁੱਟ ਲਈ ਗਈ।

* 27 ਜਨਵਰੀ, 2026 ਨੂੰ ‘ਰਾਏਪੁਰ’ ਰੇਲਵੇ ਸਟੇਸ਼ਨ ’ਤੇ ਇਕ ਨੌਜਵਾਨ ਨਾਲ ਕੁੱਟਮਾਰ ਅਤੇ 8,000 ਦੀ ਲੁੱਟ ਦੀ ਘਟਨਾ ਸਾਹਮਣੇ ਆਈ।

* 15 ਫਰਵਰੀ, 2026 ਨੂੰ ‘ਬੋਲਪੁਰ’ ਅਤੇ ‘ਭਾਗਲਪੁਰ’ ਸਟੇਸ਼ਨਾਂ ’ਤੇ ਆਰ. ਪੀ. ਐੱਫ. ਨੇ ਮੋਬਾਈਲ ਚੋਰੀ ਕਰਨ ਵਾਲੇ 2 ਅਪਰਾਧੀਆਂ ਨੂੰ ਰੰਗੇ ਹੱਥੀਂ ਫੜਿਆ।

* 15 ਫਰਵਰੀ, 2026 ਨੂੰ ਹੀ ‘ਅਹਿਮਦਾਬਾਦ-ਗੋਰਖਪੁਰ’ ਐਕਸਪ੍ਰੈੱਸ ’ਚ ਇਕ ਮਹਿਲਾ ਯਾਤਰੀ ਨਾਲ ਦੁਰਵਿਵਹਾਰ ਦੇ ਦੋਸ਼ ’ਚ ਇਕ ਰੇਲ ਕਰਮਚਾਰੀ ਨੂੰ ਮੁਅੱਤਲ ਕੀਤਾ ਗਿਆ।

* 28 ਫਰਵਰੀ, 2026 ਨੂੰ ‘ਰਾਪਤੀ’ ਸਾਗਰ ਐਕਸਪ੍ਰੈੱਸ ਦੇ ਏ. ਸੀ. ਕੋਚ ’ਚ ਸਫ਼ਰ ਕਰ ਰਹੇ ਯਾਤਰੀਆਂ ਤੋਂ 50,000 ਰੁਪਏ ਨਕਦ ਅਤੇ ਹੋਰ ਕੀਮਤੀ ਸਾਮਾਨ ਦੀ ਚੋਰੀ ਦੀ ਰਿਪੋਰਟ ਦਰਜ ਕੀਤੀ ਗਈ।

* ਅਤੇ ਹੁਣ 6 ਮਾਰਚ, 2026 ਨੂੰ ‘ਨਾਗਪੁਰ’ ਰੇਲਵੇ ਸਟੇਸ਼ਨ ’ਤੇ ਆਰ. ਪੀ. ਐੱਫ. ਨੇ ਇਕ ਵਿਅਕਤੀ ਨੂੰ 25 ਕਿਲੋ ਗਾਂਜੇ ਨਾਲ ਗ੍ਰਿਫਤਾਰ ਕੀਤਾ ਅਤੇ ਉਸ ਨੂੰ ਜੀ. ਆਰ. ਪੀ. ਦੇ ਹਵਾਲੇ ਕਰ ਦਿੱਤਾ। ਸਮੱਗਲਰ ਇਹ ‘ਗਾਂਜਾ’ ਗਵਾਲੀਅਰ ਲੈ ਕੇ ਜਾ ਰਿਹਾ ਸੀ।

ਹਾਲਾਂਕਿ ਟ੍ਰੇਨਾਂ ’ਚ ਅਪਰਾਧ ਨੂੰ ਰੋਕਣ ਲਈ ਹੁਣ ਐਮਰਜੈਂਸੀ ਨੰਬਰ ਵੀ ਦਿੱਤੇ ਗਏ ਹਨ ਅਤੇ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ ’ਤੇ ਟ੍ਰੇਨ ਦੇ ਅਗਲੇ ਸਟੇਸ਼ਨ ’ਤੇ ਪਹੁੰਚਦਿਆਂ ਹੀ ਸੁਰੱਖਿਆ ਬਲ ਅਪਰਾਧ ਨੂੰ ਲੈ ਕੇ ਕਾਰਵਾਈ ਵੀ ਕਰਦੇ ਹਨ ਪਰ ਗਵਰਨਮੈਂਟ ਰੇਲਵੇ ਪੁਲਸ (ਜੀ. ਆਰ. ਪੀ.) ’ਚ ਲੋੜੀਂਦੇ ਸੁਰੱਖਿਆ ਬਲਾਂ ਦੀ ਤਾਇਨਾਤੀ ਨਾ ਹੋਣ ਕਾਰਨ ਦੇਸ਼ ਦੇ ਸਾਰੇ ਸਟੇਸ਼ਨਾਂ ’ਤੇ ਇਸ ਤਰ੍ਹਾਂ ਦੀ ਤੁਰੰਤ ਕਾਰਵਾਈ ਨਹੀਂ ਹੋ ਪਾ ਰਹੀ। ਇਸ ਤਰ੍ਹਾਂ ਦੇ ਅਪਰਾਧਾਂ ਨੂੰ ਰੋਕਣ ਲਈ ਜੀ. ਆਰ. ਪੀ. ਨੂੰ ਜ਼ਿਆਦਾ ਮੁਸਤੈਦ ਹੋਣ ਦੀ ਲੋੜ ਹੈ। ਇਸ ਤੋਂ ਇਲਾਵਾ ਅਜਿਹੇ ਮਾਮਲਿਆਂ ਦੇ ਦੋਸ਼ੀਆਂ ’ਤੇ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਲੋੜ ਹੈ ਤਾਂ ਜੋ ਰੇਲਵੇ ’ਚ ਅਪਰਾਧ ਰੁਕ ਸਕਣ ਅਤੇ ਯਾਤਰਾ ਸੁਰੱਖਿਅਤ ਹੋਵੇ।

–ਵਿਜੇ ਕੁਮਾਰ


author

Sandeep Kumar

Content Editor

Related News