‘ਬੱਸਾਂ-ਕਾਰਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ’ ਲਾਪ੍ਰਵਾਹੀ ਬਣ ਰਹੀ ਮੁਸਾਫਰਾਂ ਦੀ ਜਾਨ ਦੀ ਦੁਸ਼ਮਣ!
Wednesday, Oct 29, 2025 - 05:21 AM (IST)
ਪਿਛਲੇ ਕੁਝ ਸਮੇਂ ਤੋਂ ਮੁਸਾਫਰ ਬੱਸਾਂ ਅਤੇ ਕਾਰਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ ਭਾਰੀ ਵਾਧਾ ਦੇਖਣ ’ਚ ਆ ਰਿਹਾ ਹੈ, ਜਿਸ ਨਾਲ ਮੁਸਾਫਰਾਂ ਦੀਆਂ ਜਾਨਾਂ ਜੋਖਮ ’ਚ ਪੈ ਰਹੀਆਂ ਹਨ। ਇਸੇ ਮਹੀਨੇ ਸਾਹਮਣੇ ਆਈਆਂ ਬੱਸਾਂ-ਕਾਰਾਂ ’ਚ ਅੱਗ ਲੱਗਣ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 6 ਅਕਤੂਬਰ ਨੂੰ ‘ਫਰੀਦਾਬਾਦ’ (ਹਰਿਆਣਾ) ’ਚ ਚੱਲਦੀ ਕਾਰ ਦੇ ਡਿਵਾਈਡਰ ਨਾਲ ਵੱਜਣ ਦੇ ਬਾਅਦ ਗੈਸ ਦੇ ਰਿਸਣ ਨਾਲ ਉਸ ’ਚ ਅੱਗ ਲੱਗ ਜਾਣ ਦੇ ਨਤੀਜੇ ਵਜੋਂ ਡਰਾਈਵਰ ਦੀ ਸੜ ਕੇ ਮੌਤ ਹੋ ਗਈ।
* 9 ਅਕਤੂਬਰ ਨੂੰ ‘ਵਿਕਾਰਾਬਾਦ’ (ਤੇਲੰਗਾਨਾ) ’ਚ ‘ਹੈਦਰਾਬਾਦ-ਬੀਜ਼ਾਪੁਰ ਹਾਈਵੇਅ’ ’ਤੇ ਇਕ ਚੱਲਦੀ ਕਾਰ ’ਚ ਅੱਗ ਲੱਗਣ ਨਾਲ ਕਾਰ ਪੂਰੀ ਤਰ੍ਹਾਂ ਸੜ ਗਈ।
* 14 ਅਕਤੂਬਰ ਨੂੰ ‘ਜੈਸਲਮੇਰ’ (ਜੋਧਪੁਰ) ਮਾਰਗ ’ਤੇ ‘ਜੋਧਪੁਰ’ ਜਾ ਰਹੀ ਇਕ ਪ੍ਰਾਈਵੇਟ ਬੱਸ ’ਚ ਅੱਗ ਲੱਗ ਜਾਣ ਦੀ ਦਰਦਨਾਕ ਘਟਨਾ ’ਚ 3 ਬੱਚਿਆਂ ਸਮੇਤ 28 ਮੁਸਾਫਰਾਂ ਦੀ ਮੌਤ ਹੋ ਗਈ। ‘ਮੋਡੀਫਾਈ’ ਕਰਵਾਈ ਗਈ ਬੱਸ ’ਚ ਵਰਤਿਆ ਗਿਆ ਫਾਈਬਰ ਬੜਾ ਹੀ ਬਲਣਸ਼ੀਲ ਹੋਣ ਦੇ ਕਾਰਨ ਤੇਜ਼ੀ ਨਾਲ ਅੱਗ ਫੈਲ ਗਈ ਅਤੇ ਉਸ ਦਾ ਮੇਨ ਡੋਰ ਵੀ ਲਾਕ ਹੋ ਜਾਣ ਕਾਰਨ ਇਹ ਹਾਦਸਾ ਹੋਇਆ।
* 22 ਅਕਤੂਬਰ ਨੂੰ ‘ਲਖੀਮਪੁਰ ਖੀਰੀ’ (ਉੱਤਰ ਪ੍ਰਦੇਸ਼) ਦੇ ‘ਮੈਗਲਗੰਜ’ ਇਲਾਕੇ ’ਚ ‘ਦਿੱਲੀ’ ਤੋਂ ‘ਸੀਤਾਪੁਰ’ ਜਾ ਰਹੀ ਇਕ ਸਲੀਪਰ ਬੱਸ ’ਚ ਅਚਾਨਕ ਅੱਗ ਲੱਗ ਜਾਣ ਨਾਲ ਬੱਸ ਅਤੇ ਉਸ ’ਚ ਰੱਖਿਆ ਮੁਸਾਫਰਾਂ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਕਿਉਂਕਿ ਹਾਦਸੇ ਦੇ ਸਮੇਂ ਮੁਸਾਫਰ ਬੱਸ ਨੂੰ ਰੁਕਵਾ ਕੇ ਇਕ ਢਾਬੇ ’ਤੇ ਖਾਣਾ ਖਾ ਰਹੇ ਸਨ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
* 24 ਅਕਤੂਬਰ ਨੂੰ ‘ਕੁਰਨੂਲ’ (ਆਂਧਰਾ ਪ੍ਰਦੇਸ਼) ’ਚ ਇਕ ਮੋਟਰਸਾਈਕਲ ਨਾਲ ਵੱਜਣ ਦੇ ਬਾਅਦ ‘ਬੈਂਗਲੁਰੂ’ ਜਾ ਰਹੀ ਇਕ ਬੱਸ ’ਚ ਅੱਗ ਲੱਗ ਜਾਣ ਦੇ ਕਾਰਨ 20 ਮੁਸਾਫਰਾਂ ਦੀ ਮੌਤ ਹੋ ਗਈ ਅਤੇ ਕਈ ਬੁਰੀ ਤਰ੍ਹਾਂ ਝੁਲਸ ਗਏ।
* 26 ਅਕਤੂਬਰ ਨੂੰ ਹੀ ‘ਲਖਨਊ’ ’ਚ ‘ਆਗਰਾ ਐਕਸਪ੍ਰੈੱਸਵੇਅ’ ’ਤੇ ਇਕ ਪ੍ਰਾਈਵੇਟ ਏ. ਸੀ. ਬੱਸ ਦੀ ਵਾਇਰਿੰਗ ’ਚ ਨੁਕਸ ਪੈਣ ਕਾਰਨ ਸ਼ਾਰਟ ਸਰਕਟ ਨਾਲ ਅੱਗ ਲੱਗ ਜਾਣ ਨਾਲ ਉਹ ਕੁਝ ਹੀ ਮਿੰਟਾਂ ’ਚ ਅੱਗ ਦਾ ਗੋਲਾ ਬਣ ਗਈ। ਅੱਗ ਇੰਨੀ ਭਿਆਨਕ ਸੀ ਕਿ ਧੂੰਏਂ ਦਾ ਗੁਬਾਰ 2 ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਿਹਾ ਸੀ।
* ਅਤੇ ਹੁਣ 28 ਅਕਤੂਬਰ ਨੂੰ ‘ਰਾਏਸੇਨ’ (ਮੱਧ ਪ੍ਰਦੇਸ਼) ’ਚ ਇਕ ਤੇਜ਼ ਰਫਤਾਰ ਕਾਰ ’ਚ ਨੈਸ਼ਨਲ ਹਾਈਵੇਅ ’ਤੇ ਇਕ ਵੱਛੇ ਨਾਲ ਵੱਜਣ ਦੇ ਬਾਅਦ ਅੱਗ ਲੱਗ ਗਈ।
* 28 ਅਕਤੂਬਰ ਨੂੰ ਹੀ ‘ਦਿੱਲੀ’ ਹਵਾਈ ਅੱਡੇ ਦੇ ਟਰਮੀਨਲ-3 ’ਤੇ ਖੜ੍ਹੀ ‘ਏਅਰ ਇੰਡੀਆ ਐੱਸ. ਟੀ. ਐੱਸ. ਏਅਰਪੋਰਟ ਸਰਵਿਸਿਜ਼ ਪ੍ਰਾ. ਲਿ.’ ਵਲੋਂ ਮੁਸਾਫਰਾਂ ਨੂੰ ਜਹਾਜ਼ ਤੱਕ ਲਿਜਾਣ ਵਾਲੀ ਬੱਸ ’ਚ ਅੱਗ ਲੱਗ ਗਈ ਪਰ ਉਦੋਂ ਬੱਸ ਖਾਲੀ ਹੋਣ ਕਾਰਨ ਕੁਝ ਜਾਨੀ ਨੁਕਸਾਨ ਨਹੀਂ ਹੋਇਆ।
* 28 ਅਕਤੂਬਰ ਨੂੰ ਹੀ ‘ਜੌਨਪੁਰ’ (ਉੱਤਰ ਪ੍ਰਦੇਸ਼) ਦੇ ‘ਗਹਿਲਾਈ’ ਪਿੰਡ ਦੇ ਨੇੜੇ ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ’ਚ ਅਚਾਨਕ ਅੱਗ ਲੱਗ ਜਾਣ ਕਾਰਨ ਉਹ ਬੁਰੀ ਤਰ੍ਹਾਂ ਸੜ ਗਈ ਪਰ ਚੰਗੀ ਕਿਸਮਤ ਨਾਲ ਕਾਰ ’ਚੋਂ ਬਾਹਰ ਨਿਕਲ ਆਉਣ ਕਾਰਨ ਉਸ ’ਚ ਸਵਾਰ 2 ਔਰਤਾਂ ਸਮੇਤ 5 ਵਿਅਕਤੀ ਵਾਲ-ਵਾਲ ਬਚ ਗਏ।
* 28 ਅਕਤੂਬਰ ਨੂੰ ਹੀ ‘ਜੈਪੁਰ’ (ਰਾਜਸਥਾਨ) ’ਚ ‘ਮਨੋਹਰਪੁਰ’ ਇਲਾਕੇ ’ਚ ਮਜ਼ਦੂਰਾਂ ਨਾਲ ਭਰੀ ਇਕ ਬੱਸ 11,000 ਵੋਲਟ ਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆ ਗਈ ਅਤੇ ਇਸ ’ਚ ਅੱਗ ਲੱਗ ਜਾਣ ਨਾਲ ਘੱਟੋ-ਘੱਟ 2 ਮਜ਼ਦੂਰਾਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ।
ਅਜਿਹੀਆਂ ਘਟਨਾਵਾਂ ਦੇ ਪਿੱਛੇ ਜਿੱਥੇ ਬੱਸਾਂ ਅਤੇ ਕਾਰਾਂ ’ਚ ਕੀਤੀ ਗਈ ਵਾਇਰਿੰਗ ਦੇ ਫਾਲਟ ਜ਼ਿੰਮੇਵਾਰ ਹਨ, ਉਥੇ ਹੀ ਏ. ਸੀ. ਦਾ ਸਹੀ ਰੱਖ-ਰਖਾਅ ਨਾ ਕਰਨਾ, ਪਾਬੰਦੀਸ਼ੁਦਾ ਜਲਣਸ਼ੀਲ ਪਦਾਰਥ ਨਾਲ ਲੈ ਕੇ ਚੱਲਣਾ ਅਤੇ ਪ੍ਰਸ਼ਾਸਨ ਵਲੋਂ ਟਰਾਂਸਪੋਰਟਰਾਂ ਦੀਆਂ ਬੱਸਾਂ ਦੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਨਾ ਕਰਨਾ ਵੀ ਅੱਗ ਲੱਗਣ ਦਾ ਕਾਰਨ ਬਣ ਰਿਹਾ ਹੈ।
ਇਸ ਲਈ ਜਿੱਥੇ ਟਰਾਂਸਪੋਰਟਰਾਂ ਨੂੰ ਸਮੇਂ-ਸਮੇਂ ’ਤੇ ਨਾ ਸਿਰਫ ਆਪਣੇ ਵਾਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ, ਸਗੋਂ ਟਰਾਂਸਪੋਰਟ ਵਿਭਾਗ ਨੂੰ ਵੀ ਸੁਰੱਖਿਆ ਮਾਪਦੰਡ ਸਖਤੀ ਨਾਲ ਲਾਗੂ ਕਰਨੇ ਚਾਹੀਦਾ ਹਨ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਹੋਣ ਵਾਲੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।
–ਵਿਜੇ ਕੁਮਾਰ
