ਇਕ ਨੌਜਵਾਨ ਆਈ. ਪੀ. ਐੱਸ. ਪ੍ਰੋਬੇਸ਼ਨਰ ਦੀ ਸ਼ਲਾਘਾ ’ਚ
Friday, Sep 19, 2025 - 05:34 PM (IST)

ਇਕ 9 ਜ਼ਿੰਦਗੀਆਂ ਵਾਲੀ ਬਿੱਲੀ ਵਾਂਗ, ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ, ਅਜੀਤ ਪਵਾਰ ਨੂੰ ਸ਼ਾਇਦ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਜਿਊਣ ਦਾ ਮੌਕਾ ਮਿਲੇਗਾ। ਉਹ ਉਸ ਸਮੇਂ ਫੰਦੇ ਤੋਂ ਬਚ ਨਿਕਲੇ ਜਦੋਂ ਦੇਵੇਂਦਰ ਫੜਨਵੀਸ ਦੀ ਭਾਜਪਾ ਸਰਕਾਰ ਨੇ ਉਨ੍ਹਾਂ ’ਤੇ ਕਾਂਗਰਸ ’ਚ ਸਿੰਚਾਈ ਮੰਤਰੀ ਰਹਿੰਦੇ ਹੋਏ ਸਿੰਚਾਈ ਪ੍ਰਾਜੈਕਟ ਲਈ ਨਿਰਧਾਰਿਤ ਕੁਝ ਧਨ ਰਾਸ਼ੀ ਹੜੱਪਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੂੰ ਉਦੋਂ ਦੋਸ਼ਮੁਕਤ ਕਰ ਦਿੱਤਾ ਗਿਆ ਜਦੋਂ ਉਨ੍ਹਾਂ ਨੇ ਆਪਣੇ ਕੁਝ ਸਮਰਥਕਾਂ ਜੋ ਮੂਲ ਰੂਪ ਨਾਲ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ ਵਲੋਂ ਸਥਾਪਿਤ ਐੱਨ. ਸੀ. ਪੀ. (ਰਾਸ਼ਟਰਵਾਦੀ ਕਾਂਗਰਸ ਪਾਰਟੀ) ਤੋਂ ਸਨ, ਨਾਲ ਮਿਲ ਕੇ ਇਕ ਵੱਖਰਾ ਐੱਨ. ਸੀ. ਪੀ. ਸਮੂਹ ਬਣਾਇਆ, ਜਿਸ ਨੇ ਭਾਜਪਾ ਨੂੰ ਸਮਰਥਨ ਦਿੱਤਾ।
ਇਸ ਵਾਰ ਉਨ੍ਹਾਂ ਦਾ ਬਚਣਾ ਇੰਨਾ ਸੌਖਾ ਨਹੀਂ ਸੀ। ਵੋਟਰਾਂ ਦੀਆਂ ਨਜ਼ਰਾਂ ’ਚ ਉਹ ਬੁਰੀ ਤਰ੍ਹਾਂ ਨਾਲ ਆ ਗਏ। ਸ਼ੋਲਾਪੁਰ ਜ਼ਿਲੇ ਦੇ ਕਰਨਾਲਾ ’ਚ ਹਾਲ ਹੀ ’ਚ ਐੱਸ. ਡੀ. ਪੀ. ਓ. (ਸਬ ਡਿਵੀਜ਼ਨਲ ਪੁਲਸ ਆਫਿਸਰ) ਦੇ ਅਹੁਦੇ ’ਤੇ ਤਾਇਨਾਤ ਇਕ ਨੌਜਵਾਨ ਮਹਿਲਾ ਆਈ. ਪੀ. ਐੱਸ. ਪ੍ਰੋਬੇਸ਼ਨਰ ਨੇ ਉਨ੍ਹਾਂ ਨੂੰ ਮਾਤ ਦੇ ਦਿੱਤੀ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਅਤੇ ਉਪ-ਮੁੱਖ ਮੰਤਰੀ (ਅਜੀਤ ਪਵਾਰ) ਵਿਚਾਲੇ ਹੋਈ ਗੱਲਬਾਤ ਰਿਕਾਰਡ ਕਰ ਲਈ ਹੈ, ਜਿਸ ’ਚ ਅਜੀਤ ਦਾ ਬੇਹੱਦ ਖਰਾਬ ਅਕਸ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਜਾਲ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਬੁਰੀ ਤਰ੍ਹਾਂ ਉਲਝ ਗਏ।
ਫੜਨਵੀਸ ਦੀ ਅਗਵਾਈ ਵਾਲੀ ਭਾਜਪਾ ਸਰਕਾਰ, ਜਿਸ ਦੇ ਦੋ ਉਪ-ਮੁੱਖ ਮੰਤਰੀ ਸਨ, ਜਿਨ੍ਹਾਂ ’ਚੋਂ ਇਕ ਅਜੀਤ ਪਵਾਰ ਵੀ ਸਨ, ਨੇ ਇਹ ਨਿਯਮ ਬਣਾਇਆ ਸੀ ਕਿ ਸੂਬੇ ’ਚ ਨਦੀ ਤਲ ਤੋਂ ਰੇਤ ਖਨਨ ਕਿਸੇ ਵੀ ਸਥਿਤੀ ’ਚ ਜ਼ਿਲਾ ਮਾਲ ਅਧਿਕਾਰੀ ਦੀ ਲਿਖਤ ਇਜਾਜ਼ਤ ਦੇ ਬਿਨਾਂ ਨਹੀਂ ਕੀਤੀ ਜਾਵੇਗੀ। ਸੂਬੇ ਦੇ ਸਾਰੇ ਮਹੱਤਵਪੂਰਨ ਰਾਜਨੇਤਾਵਾਂ ਦੇ ਵਫਾਦਾਰ ਫਾਲੋਅਰਜ਼ ਵਾਂਗ, ਅਜੀਤ ਪਵਾਰ ਦੇ ਵਫਾਦਾਰ ਫਾਲੋਅਰਜ਼ ਵੀ ਇਹ ਮੰਨਣ ਨੂੰ ਤਿਆਰ ਸਨ ਕਿ ਸੱਤਾਧਾਰੀ ਪਾਰਟੀਆਂ ਵਲੋਂ ਬਣਾਏ ਗਏ ਸਾਰੇ ਕਾਨੂੰਨਾਂ ਅਤੇ ਨਿਯਮਾਂ ਨੂੰ ਉਨ੍ਹਾਂ ਹੀ ਲੋਕਾਂ ਦੇ ਦੋਸਤਾਂ ਅਤੇ ਫਾਲੋਅਰਜ਼ ਵਲੋਂ ਨਿਯਮਿਤ ਤੌਰ ’ਤੇ ਤੋੜਿਆ ਜਾ ਸਕਦਾ ਹੈ ਜਿਨ੍ਹਾਂ ਨੇ ਉਨ੍ਹਾਂ ਕਾਨੂੰਨਾਂ ਨੂੰ ਹੋਂਦ ’ਚ ਲਿਆਂਦਾ ਸੀ।
1981 ’ਚ ਠਾਣੇ ਦੇ ਪੁਲਸ ਕਮਿਸ਼ਨਰ ਦੇ ਤੌਰ ’ਤੇ, ਸੂਬੇ ਦੇ ਮੁੱਖ ਮੰਤਰੀ ਏ. ਆਰ. ਅੰਤੁਲੇ ਦੇ ਬੇਹੱਦ ਕਰੀਬੀ ਇਕ ਕਾਂਗਰਸੀ ਵਿਧਾਇਕ ਨੇ ਮੈਨੂੰ ‘ਅਪੀਲ’ ਕੀਤੀ ਸੀ ਕਿ ਮੈਂ ਨਾਜਾਇਜ਼ ਸ਼ਰਾਬ ਬਣਾਉਣ ਵਾਲੀਆਂ ਭੱਠੀਆਂ ’ਤੇ ਛਾਪੇਮਾਰੀ ਨਾ ਕਰਾਂ। ਮੈਂ ਨਿਮਰਤਾ ਨਾਲ ਉਸ ਸੱਜਣ ਨੂੰ ਦੱਸਿਆ ਕਿ ਇਹ ਕਾਨੂੰਨ ਉਨ੍ਹਾਂ ਦੀ ਆਪਣੀ ਪਾਰਟੀ ਨੇ ਬਣਾਏ ਹਨ, ਪੁਲਸ ਨੇ ਨਹੀਂ। ਜੇਕਰ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਿਸੇ ਵੀ ਕਾਰਨ ਤੋਂ ਫਲਦਾ-ਫੁਲਦਾ ਰਹੇ ਤਾਂ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਚੋਟੀ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਮਨਾਹੀ ਵਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੋਵੇਗਾ ਜਿਨ੍ਹਾਂ ਤਹਿਤ ਪੁਲਸ ਨੂੰ ਲੋਕਾਂ ਦੀ ਸਿਹਤ ਦੇ ਹਿੱਤ ’ਚ ਸ਼ਰਾਬ ਬਣਾਉਣ ’ਤੇ ਰੋਕ ਲਗਾਉਣੀ ਪੈਂਦੀ ਹੈ।
ਪੁਲਸ ਕਮਿਸ਼ਨਰ ਹੋਣ ਦੇ ਨਾਤੇ, ਮੈਂ ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਮਜਬੂਰ ਸੀ। ਆਪਣੇ ਦਫ਼ਤਰ ਤੋਂ ਬਾਹਰ ਨਿਕਲਦੇ ਹੋਏ, ਵਿਧਾਇਕ ਨੇ ਆਪਣੇ ਸੰਕੇਤ ਦਾ ਇੰਤਜ਼ਾਰ ਕਰ ਰਹੇ ਕੁਝ ਚਿੰਤਤ ਪੁਲਸ ਇੰਸਪੈਕਟਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ‘ਪਾਗਲ’ ਬੌਸ ਨਾਲ ਜੋੜ ਦਿੱਤਾ ਗਿਆ ਹੈ ਜੋ ਵਿਧਾਇਕਾਂ ਦੁਆਰਾ ਬਣਾਏ ਕਾਨੂੰਨਾਂ ਨੂੰ ਪਵਿੱਤਰ ਮੰਨਦਾ ਹੈ!
ਨੌਜਵਾਨ ਆਈ. ਪੀ. ਐੱਸ. ਉਪ-ਮੁੱਖ ਮੰਤਰੀ ਨਾਲ ਉਨ੍ਹਾਂ ਦੇ ਇਕ ਫਾਲੋਅਰ, ਜੋ ਕਰਮਾਲਾ ਤੋਂ ਉਨ੍ਹਾਂ ਨਾਲ ਸੰਪਰਕ ਕਰ ਰਿਹਾ ਸੀ, ਦੇ ਫੋਨ ’ਤੇ ਗੱਲ ਕਰਦੇ ਹੋਏ, ਅਧਿਕਾਰੀ ਅੰਜਨਾ ਕ੍ਰਿਸ਼ਨ ਬਹੁਤ ਨਿਮਰ ਸੀ। ਅਧਿਕਾਰੀ ਨੇ ਉਪ-ਮੁੱਖ ਮੰਤਰੀ ਨੂੰ ਬਹੁਤ ਨਿਮਰਤਾ ਨਾਲ ਕਿਹਾ ਕਿ ਉਹ ਸਿੱਧੇ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਫੋਨ ਕਰਨ ਤਾਂ ਕਿ ਉਨ੍ਹਾਂ ਨੂੰ ਯਕੀਨ ਹੋ ਜਾਵੇ ਕਿ ਅਜੀਤ ਪਵਾਰ ਹੀ ਉਨ੍ਹਾਂ ਨੂੰ ਆਪਣੇ ਫਾਲੋਅਰਜ਼ ਨੂੰ ਨਦੀ ਤਲ ਤੋਂ ਰੇਤ ਖਨਨ ਦੀ ਇਜ਼ਾਜਤ ਦੇਣ ਦਾ ਹੁਕਮ ਦੇ ਰਹੇ ਸਨ, ਇਸ ਤਰ੍ਹਾਂ ਸਰਕਾਰ ਦੇ ਲਿਖਤ ਆਦੇਸ਼ਾਂ ਦੀ ਅਣਦੇਖੀ ਕਰ ਰਹੇ ਸਨ।
ਇੱਥੇ ਰੇਤ ਖਨਨ ਦਾ ਸੰਦਰਭ ਦੇਣਾ ਉਚਿਤ ਹੋਵੇਗਾ। ਨਿਰਮਾਣ ਕਾਰਜਾਂ ’ਤੇ ਐੱਸ. ਐੱਸ. ਆਈ. ਵਧਾ ਕੇ, ਮਹਾਰਾਸ਼ਟਰ ਸਰਕਾਰ ਮੌਜੂਦਾ ਸਮੇਂ ਬਿਲਡਰਾਂ ਨੂੰ ਆਪਣੇ ਵਿਕਾਸ ਏਜੰਡੇ ਤਹਿਤ ਪੂਰੀ ਤਰ੍ਹਾਂ ਨਾਲ ਬਣੀਆਂ ਹੋਈਆਂ ਅਤੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਇਮਾਰਤਾਂ ਦਾ ਵੀ ਮੁੜ ਵਿਕਾਸ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਸੱਚ ਤਾਂ ਇਹ ਹੈ ਕਿ ਨਿਵਾਸੀਆਂ, ਇੱਥੋਂ ਤੱਕ ਕਿ ਮੇਰੇ ਵਰਗੇ ਲੋਕਾਂ ਨੂੰ ਵੀ ਜੋ ਪਰਲੋਕ ਜਾਣ ਦੀ ਉਡੀਕ ਕਰ ਰਹੇ ਹਨ, ‘ਬੇਦਖਲ’ ਕਰਨਾ (ਸ਼ਾਬਦਿਕ ਤੌਰ ’ਤੇ) ਇਕ ਘਿਨੌਣਾ ਕਾਰਾ ਹੈ ਜੋ ਕਦੇ ਵੱਡੇ ਪਰਿਵਾਰਾਂ ਦੀਆਂ ਲੋੜਾਂ ’ਤੇ ਆਧਾਰਿਤ ਹੁੰਦਾ ਹੈ ਪਰ ਜ਼ਿਆਦਾਤਰ ਸਿਰਫ ਲਾਲਚ ’ਤੇ।
ਅਜਿਹਾ ਲੱਗਦਾ ਹੈ ਕਿ ਸਰਕਾਰ ਨਾਗਰਿਕਾਂ ਦੀ ਸਿਹਤ ਦੀ ਪਰਵਾਹ ਨਹੀਂ ਕਰਦੀ, ਖਾਸ ਕਰ ਉਨ੍ਹਾਂ ਬੇਹੱਦ ਨੌਜਵਾਨ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਦੀ, ਿਜਨ੍ਹਾਂ ਨੂੰ ਇਮਾਰਤਾਂ ਦੇ ਢਹਿਣ ਅਤੇ ਉਸ ਦੇ ਬਾਅਦ ਹੋਣ ਵਾਲੇ ਿਨਰਮਾਣ ਕਾਰਜਾਂ ਨਾਲ ਪ੍ਰਦੂਸ਼ਣ ਦੇ ਪੱਧਰ ’ਚ ਭਾਰੀ ਵਾਧਾ ਝੱਲਣਾ ਪੈਂਦਾ ਹੈ। ਜਦੋਂ ਨਦੀਆਂ ਤੋਂ ਅੰਨ੍ਹੇਵਾਹ ਰੇਤ ਦੀ ਖਨਨ ਹੁੰਦੀ ਹੈ ਤਾਂ ਉਹ ਕੁਦਰਤ ਦੇ ਬਦਲੇ ਬਾਰੇ ਨਹੀਂ ਸੋਚਦੀਆਂ। ਜੇਕਰ ਇਸ ਤਰ੍ਹਾਂ ਦੀ ਰੇਤ ਖਨਨ ਨੂੰ ਰੋਕਣ ਲਈ ਿਨਯਮ-ਕਾਨੂੰਨ ਹਨ ਤਾਂ ਛੋਟੇ ਅਧਿਕਾਰੀਆਂ ਨੂੰ ਨਿਯਮਾਂ ਨੂੰ ਦਰਕਿਨਾਰ ਕਰਨ ਦਾ ਅਧਿਕਾਰ ਦੇ ਕੇ ਕਮੀਆਂ ਛੱਡ ਦਿੱਤੀਆਂ ਜਾਂਦੀਆਂ ਹਨ!
ਇਕ ਸ਼ਕਤੀਸ਼ਾਲੀ ਰਾਜਨੇਤਾ ਨੂੰ ਹਰਾਉਣ ਵਾਲੀ ਲੜਕੀ ਦੀ ਗੱਲ ਕਰੀਏ ਤਾਂ ਮੈਨੂੰ ਉਸ ਨੂੰ ਇਸ ਗੱਲ ਦਾ ਕ੍ਰੈਡਿਟ ਦੇਣਾ ਚਾਹੀਦਾ ਹੈ ਕਿ ਉਸ ਨੇ ਸ਼ਕਤੀਸ਼ਾਲੀ ਰਾਜਨੇਤਾਵਾਂ ਵਲੋਂ ਨਿਮਰ ਨੌਕਰਸ਼ਾਹਾਂ ਅਤੇ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਕਾਨੂੰਨਾਂ ਦੀ ਅਣਡਿੱਠਤਾ ਕਰਨ ਲਈ ਮਜਬੂਰ ਕਰਨ ਦੀ ਇਹ ਘਟਨਾ ਸ਼ੁਰੂ ਕੀਤੀ, ਜਿਸ ਨੂੰ ਉਨ੍ਹਾਂ ਨੇ ਖੁਦ ਭੋਲੀ-ਭਾਲੀ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਬਣਾਇਆ ਹੈ ਕਿ ਉਨ੍ਹਾਂ ਦੇ ਮਨ ’ਚ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਉਪਰ ਹੈ, ਜਦਕਿ ਅਸਲ ’ਚ ਉਹ ਇਕ ਅਜਿਹਾ ਰਸਤਾ ਚਾਹੁੰਦੇ ਹਨ ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਉਨ੍ਹਾਂ ਕੋਲ ਵੋਟ ਪਾਉਣ ਲਈ ਜ਼ਰੂਰੀ ਧਨ ਹੋਵੇ ਜੋ ਉਨ੍ਹਾਂ ਨੂੰ ਸੰਭਵ ਤੌਰ ’ਤੇ ਲੰਬੇ ਸਮੇਂ ਤੱਕ ਸੱਤਾ ’ਚ ਬਣਾਈ ਰੱਖੇਗਾ।
ਇੰਝ ਲੱਗਦਾ ਹੈ ਕਿ ਨੌਜਵਾਨ ਮਹਿਲਾ, ਅੰਜਨਾ ਕ੍ਰਿਸ਼ਨਾ, ਆਪਣੀ ਬੁੱਧੀ ’ਤੇ ਅੜੀ ਹੋਈ ਹੈ। ਮੈਂ ਤਾਂ ਕਿਸੇ ਵੀ ਰਾਜਨੇਤਾ, ਭਾਵੇਂ ਉਹ ਵੱਡਾ ਹੋਵੇ ਜਾਂ ਛੋਟਾ, ਦੇ ਨਾਲ ਕੋਈ ਗੱਲਬਾਤ ਨੂੰ ਰਿਕਾਰਡ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਸੀ, ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਵੇਂ ਕੀਤਾ, ਪਰ ਲੋਕ ਉਸ ਦੇ ਤਰੀਕਿਆਂ ਬਾਰੇ ਭਾਵੇਂ ਜੋ ਵੀ ਕਹਿਣ, ਇਸ ਮਾਮਲੇ ਵਿਚ, ਅੰਤ ਉਨ੍ਹਾਂ ਦੇ ਤਰੀਕਿਆਂ ਨੂੰ ਜਾਇਜ਼ ਠਹਿਰਾਇਆ ਗਿਆ। ਅਧਿਕਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਵਾਲੇ ਸਿਆਸਤਦਾਨਾਂ ਨੂੰ ਹੁਣ ਨੋਟਿਸ ’ਤੇ ਰੱਖਿਆ ਜਾਵੇਗਾ।
ਅੰਜਨਾ ਕ੍ਰਿਸ਼ਨਾ ਦੇ ਕਰੀਅਰ ’ਤੇ ਇਸ ਸਮੇਂ ਸਖਤ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਜੇਕਰ ਉਹ ਦੇਸ਼ ਦੇ ਸੰਵਿਧਾਨ ਦੀ ਐਲਾਨੀ ਨੈਤਿਕਤਾ ਦੀ ਪਾਲਣਾ ਕਰਦੀ ਹੈ ਅਤੇ ਨਿਆਂ-ਕਾਨੂੰਨ ਦੇ ਸ਼ਾਸਨ ਦੀ ਵੇਦੀ ’ਤੇ ਪੂਜਾ ਕਰਦੀ ਹੈ, ਪੁਲਸ ਸੇਵਾ ਵਿਚ ਆਪਣੇ ਸਫਰ ਦੌਰਾਨ ਆਉਣ ਵਾਲੇ ਅਣਗਿਣਤ ਲਾਲਚਾਂ ਤੋਂ ਦੂਰ ਰਹਿੰਦੀ ਹੈ, ਤਾਂ ਉਨ੍ਹਾਂ ਨੇ ਆਈ. ਪੀ. ਐੱਸ. ਅਤੇ ਇਸ ਮਹਾਨ ਦੇਸ਼ ਦੇ ਲੋਕਾਂ ਦੀ ਬਹੁਤ ਵੱਡੀ ਸੇਵਾ ਕੀਤੀ ਹੋਵੇਗੀ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)