ਨੇਪਾਲ ’ਚ ਸੱਤਾ ਪਲਟ : ਕ੍ਰਾਂਤੀ ਜਾਂ ਇਕ ਹੋਰ ਭਰਮ?
Wednesday, Sep 17, 2025 - 04:36 PM (IST)

ਚਾਰੇ ਪਾਸੇ ਇੰਨਾ ਹਨੇਰਾ ਹੈ ਕਿ ਅਸੀਂ ਰੌਸ਼ਨੀ ਦੇ ਹਰ ਕਤਰੇ ਵੱਲ ਦੌੜਨ ਲੱਗਦੇ ਹਾਂ। ਭਾਵੇਂ ਉਹ ਟਿਮਟਿਮਾਉਂਦਾ ਦੀਵਾ ਹੋਵੇ, ਜਾਂ ਜੁਗਨੂੰ ਦੀ ਰੌਸ਼ਨੀ ਦਾ ਭਰਮ ਜਾਂ ਫਿਰ ਅੱਗ ਲਾਉਣ ਵਾਲੀ ਚੰਗਿਆੜੀ, ਅਸੀਂ ਦੂਰੋਂ ਦੇਖਣ ਵਾਲੀ ਹਰ ਬਿੰਦੀ ’ਤੇ ਆਪਣੀਆਂ ਬੇਵੱਸ ਉਮੀਦਾਂ ਦਾ ਝੋਲਾ ਟੰਗਣ ਲਈ ਲਲਚਾਉਂਦੇ ਰਹਿੰਦੇ ਹਨ। ਕੁਝ ਅਜਿਹਾ ਹੀ ਨੇਪਾਲ ’ਚ ਹਾਲ ਹੀ ’ਚ ਹੋਏ ਸੱਤਾ ਪਲਟ ਦੇ ਨਾਲ ਹੋਇਆ। ਇਕ ਜ਼ਮਾਨਾ ਸੀ ਜਦੋਂ ਅਸੀਂ ਨੇਪਾਲ ਨੂੰ ਅੰਦਰੋਂ ਜਾਣਦੇ ਸੀ, ਅੱਜਕੱਲ ਸਿਰਫ ਬਾਹਰੀ ਪਰਛਾਵਿਆਂ ਤੋਂ ਜਾਣਦੇ ਹਾਂ। ਸਾਨੂੰ ਟੀ. ਵੀ. ਅਤੇ ਸੋਸ਼ਲ ਮੀਡੀਆ ’ਤੇ ‘ਜੈੱਨ-ਜ਼ੀ’ ਦੇ ਕੁਝ ਨੌਜਵਾਨ ਚਿਹਰੇ ਦਿਸੇ, ਸਿਆਸੀ ਵਿਵਸਥਾ ਪ੍ਰਤੀ ਗੁੱਸਾ ਦਿਸਿਆ ਅਤੇ ਰਾਤੋ-ਰਾਤ ਸੱਤਾ ਤਬਦੀਲੀ ਦੀ ਖਬਰ ਆਈ ਅਤੇ ਅਸੀਂ ਉਸ ਨੂੰ ਕ੍ਰਾਂਤੀ ਮੰਨ ਕੇ ਮੁੰਗਧ ਹੋ ਗਏ। ਭਾਰਤ ’ਚ ਵੀ ਅਜਿਹੇ ਹੀ ਬਦਲਾਅ ਦੇ ਸੁਪਨੇ ਲੈਣ ਲੱਗੇ। ਸਾਡੀਆਂ ਥੱਕੀਆਂ ਹੋਈਆਂ ਆਸਾਂ ਦਾ ਭਾਰ ਇੰਨਾ ਭਾਰੀ ਰਿਹਾ ਹੋਵੇਗਾ ਕਿ ਉਸ ਨੂੰ ਉਤਾਰਨ ਦੀ ਕਾਹਲੀ ’ਚ ਅਸੀਂ ਕੁਝ ਿਸੱਧੇ-ਸਾਧੇ ਸਵਾਲ ਪੁੱਛਣੇ ਭੁੱਲ ਗਏ : ਇਹ ‘ਜੈੱਨ-ਜ਼ੀ’ ਹੈ ਕੀ। ਨੇਪਾਲ ਦੀ ਰਾਜਧਾਨੀ ’ਚ ਇਕੱਠੇ ਹੋਏ ਇਹ ਸ਼ਹਿਰੀ ਨੌਜਵਾਨ ਕਿਸ ਮਾਅਨੇ ’ਚ ਨੇਪਾਲ ਦੀ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹਨ। ਕਿਸੇ ਦੇਸ਼ ਦੀ ਸੱਤਾ ਸਿਰਫ 40 ਘੰਟਿਆਂ ’ਚ ਕਿਵੇਂ ਡਿੱਗ ਸਕਦੀ ਹੈ? 8 ਸਤੰਬਰ ਦੇ ਗੋਲੀਕਾਂਡ ਤੋਂ ਬਾਅਦ ਅਗਲੇ ਦਿਨ ਸੜਕਾਂ ’ਤੇ ਹੋਈ ਹਿੰਸਾ ਦੇ ਪਿੱਛੇ ਕੌਣ ਸੀ? ਇਸ ਕਾਂਡ ’ਚ ਨੇਪਾਲੀ ਫੌਜ ਅਤੇ ਡੌਰ-ਭੌਰ ਖੜ੍ਹੇ ਗੱਦੀ ਤੋਂ ਲਾਹੇ ਰਾਜੇ ਦੀ ਕੀ ਭੂਮਿਕਾ ਸੀ। ਇਹ ਮਾਮੂਲੀ ਜਾਂ ਤਫਸੀਲ ਵਾਲੇ ਸਵਾਲ ਨਹੀਂ ਹਨ। ਇਨ੍ਹਾਂ ਦਾ ਜਵਾਬ ਮਿਲੇ ਬਿਨਾਂ ਅਸੀਂ ਇਸ ਸੱਤਾ ਪਲਟ ਦੇ ਚਰਿੱਤਰ ਦਾ ਮੁਲਾਂਕਣ ਨਹੀਂ ਕਰ ਸਕਦੇ। ਅਜੇ ਅਸੀਂ ਕਹਿ ਨਹੀਂ ਸਕਦੇ ਕਿ ਇਹ ਕ੍ਰਾਂਤੀ ਹੈ ਜਾਂ ਸਿਰਫ ਇਕ ਭਰਮ।
ਬੇਸ਼ੱਕ ਨੇਪਾਲ ਦੀ ਸਿਆਸਤ ਕਾਫੀ ਸਮੇਂ ਤੋਂ ਬੜੇ ਬੁਰੇ ਦੌਰ ’ਚੋਂ ਲੰਘ ਰਹੀ ਹੈ। ਜਨਤਾ ਇਕ ਨਹੀਂ ਦੋ ਵਾਰ ਕ੍ਰਾਂਤੀ ਕਰ ਚੁੱਕੀ ਹੈ। ਦੋਵੇਂ ਵਾਰ ਧੋਖਾ ਖਾ ਚੁੱਕੀ ਹੈ। ਪਹਿਲੀ ਵਾਰ 1990 ’ਚ ਰਾਣਾ ਰਾਜ ਦੇ ਵਿਰੁੱਧ ਪਰ ਸੰਵਿਧਾਨਿਕ ਰਾਜਤੰਤਰ ਦੀ ਬਜਾਏ ਮਿਲੀ ਪੁਰਾਣੇ ਜ਼ਮਾਨੇ ਦੀ ਰਾਜਸ਼ਾਹੀ। 2008 ’ਚ ਦੂਜਾ ਲੋਕ ਅੰਦੋਲਨ ਹੋਇਆ, ਰਾਜਸ਼ਾਹੀ ਨੂੰ ਖਤਮ ਕਰ ਕੇ ਇਕ ਲੋਕਤੰਤਰੀ ਸੈਕੂਲਰ ਨੇਪਾਲ ਦੀ ਸ਼ੁਰੂਆਤ ਹੋਈ ਪਰ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੇ ਲੋਕ ਅੰਦੋਲਨ ਦੀ ਭਾਵਨਾ ਨਾਲ ਖਿਲਵਾੜ ਕੀਤਾ।
7 ਸਾਲ ਤੱਕ ਸੰਵਿਧਾਨ ਹੀ ਨਹੀਂ ਬਣਿਆ ਅਤੇ ਜਦੋਂ ਬਣਿਆ ਤਾਂ ਵਿਵਾਦ ਤੋਂ ਮੁਕਤ ਨਹੀਂ ਰਿਹਾ। ਆਪਣੇ ਬਚਪਨ ’ਚ ਲੋਕਤੰਤਰ ਨੂੰ ਪਾਲਣ-ਪੋਸ਼ਣ ਦੀ ਵਿਹਲ ਹੀ ਨਹੀਂ ਮਿਲੀ। ਕਾਹਲੀ-ਕਾਹਲੀ ’ਚ ਸਾਰੀਆਂ ਪਾਰਟੀਆਂ ਅਤੇ ਨੇਤਾਵਾਂ ਨੇ ਕੁਰਸੀ ਦੀ ਹੋੜ ’ਚ ਹਰ ਨਿਯਮ, ਕਾਇਦੇ, ਮਰਿਆਦਾ ਨੂੰ ਅੱਖੋਂ-ਪਰੋਖੇ ਕਰ ਦਿੱਤਾ।
ਘੁਮਾ-ਫਿਰਾ ਕੇ ਉੱਥੇ ਦੋ-ਚਾਰ ਚਿਹਰੇ ਵਾਰ-ਵਾਰ ਪ੍ਰਧਾਨ ਮੰਤਰੀ ਬਣਨ ਲੱਗੇ ਅਤੇ ਉਸ ’ਤੇ ਭ੍ਰਿਸ਼ਟਾਚਾਰ, ਜਿਸ ਤੋਂ ਕੋਈ ਪਾਰਟੀ ਮੁਕਤ ਨਹੀਂ ਸੀ। ਆਮ ਤੌਰ ’ਤੇ ਖੱਬੇ-ਪੱਖੀ ਅੰਦੋਲਨ ਵਰਗੇ ਵਿਚਾਰਕ ਪਿਛੋਕੜ ਤੋਂ ਆਉਣ ਵਾਲੀਆਂ ਪਾਰਟੀਆਂ ਅਤੇ ਨੇਤਾਵਾਂ ’ਚ ਕਾਹਲੀ ਨਾਲ ਚਰਿੱਤਰ ਦਾ ਖਾਤਮਾ ਨਹੀਂ ਹੁੰਦਾ, ਪਰ ਇੱਥੇ ਪੁਰਾਣੀ ਨੇਪਾਲੀ ਕਾਂਗਰਸ ਦੇ ਨਾਲ-ਨਾਲ ਮਾਓਵਾਦੀ ਅੰਦੋਲਨ ’ਚੋਂ ਨਿਕਲੀਆਂ ਦੋਵੇਂ ਕਮਿਊਨਿਸਟ ਪਾਰਟੀਆਂ ਯੂ. ਐੱਮ. ਐੱਲ. ਅਤੇ ਮਾਓਵਾਦੀ ਦੇ ਨੇਤਾਵਾਂ ’ਤੇ ਵੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ।
ਉਂਝ ਨੇਪਾਲ ਦੀ ਅਰਥਵਿਵਸਥਾ ਮਜ਼ਬੂਤ ਹੋਈ, ਰਾਸ਼ਟਰੀ ਆਮਦਨ ਵਧੀ ਹੈ ਪਰ ਨਾਲ ਹੀ ਬੇਰੁਜ਼ਗਾਰੀ ਦਾ ਸੰਕਟ ਵੀ ਵਧਿਆ ਹੈ। ਹੁਣ ਨੌਜਵਾਨ ਪੀੜ੍ਹੀ ਦੀ ਅੱਖ ’ਚ ਨੇਤਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਅੱਯਾਸ਼ੀ ਚੁੱਭਦੀ ਹੈ। ਸਿਆਸਤ ਦੀ ਚੋਟੀ ’ਤੇ ਹੋ ਰਹੇ ਭ੍ਰਿਸ਼ਟਾਚਾਰ ਦਾ ਕੋਈ ਇਲਾਜ ਨਹੀਂ ਹੈ। ਨਿਆਂਪਾਲਿਕਾ ਸਮੇਤ ਸਾਰੀਆਂ ਰੈਗੂਲੇਟਰੀ ਸੰਸਥਾਵਾਂ ਫੇਲ ਹੋ ਚੁੱਕੀਆਂ ਹਨ ਜਾਂ ਖੁਦ ਭ੍ਰਿਸ਼ਟਾਚਾਰ ’ਚ ਸ਼ਾਮਲ ਹੋ ਗਈਆਂ ਹਨ। ਲੋਕਤੰਤਰ ਦੀ ਸਥਾਪਨਾ ਦੇ 20 ਸਾਲ ਵੀ ਨਹੀਂ ਹੋਏ ਅਤੇ ਪੂਰੀ ਸਿਆਸੀ ਵਿਵਸਥਾ ਆਪਣਾ ਰੋਹਬ ਗੁਆ ਚੁੱਕੀ ਹੈ।
ਅਜਿਹੇ ’ਚ ਜਨਤਾ ਦਾ ਦੁਖੀ ਹੋਣਾ ਅਤੇ ਨੌਜਵਾਨਾਂ ਦਾ ਗੁੱਸਾ ਸਮਝ ਆਉਂਦਾ ਹੈ, ਖਾਸ ਕਰਕੇ ਜਦੋਂ ਸਰਕਾਰ 20 ਨੌਜਵਾਨਾਂ ਨੂੰ ਪੁਲਸ ਦੀਆਂ ਗੋਲੀਆਂ ਨਾਲ ਭੁੰਨ ਦੇਵੇ ਪਰ ਇਸ ਦੀ ਤੁਲਨਾ ਸ਼੍ਰੀਲੰਕਾ ਜਾਂ ਬੰਗਲਾਦੇਸ਼ ’ਚ ਹੋਏ ਸੱਤਾ ਦੇ ਬਦਲਾਅ ਨਾਲ ਕਰਨੀ ਕਾਹਲੀ ਹੋਵੇਗੀ। ਸ਼੍ਰੀਲੰਕਾ ਦਾ ਲੋਕ ਅੰਦੋਲਨ ਮਹੀਨਿਆਂ ਤੱਕ ਚੱਲਿਆ ਸੀ। ਉਹ ਰਾਸ਼ਟਰਪਤੀ ਭਵਨ ਦੇ ਸਾਹਮਣੇ ਸੀ ਪਰ ਉਸ ਅੰਦੋਲਨ ਦੀਆਂ ਜੜ੍ਹਾਂ ਟਾਪੂ ਦੇ ਕੋਨੇ-ਕੋਨੇ ਤਕ ਫੈਲੀਆਂ ਹੋਈਆਂ ਸਨ। ਪੁਲਸ ਦੇ ਸਾਹਮਣੇ ਸ਼ਹਿਰੀ ਨੌਜਵਾਨ ਸਨ, ਪਰ ਉਸ ਦਾ ਆਧਾਰ ਡਾਵਾਂਡੋਲ ਅਰਥਵਿਵਸਥਾ ਦੇ ਸ਼ਿਕਾਰ ਸ਼੍ਰੀਲੰਕਾ ਦਾ ਗਰੀਬ ਅਤੇ ਹੇਠਲਾ ਵਰਗ ਸੀ।
ਉਸ ਦੇ ਪਿਛੋਕੜ ’ਚ ਇਕ ਵਿਚਾਰਕ ਅੰਦੋਲਨ ਸੀ। ਬੰਗਲਾਦੇਸ਼ ’ਚ ਸੱਤਾ ਪਲਟ ਬੇਸ਼ੱਕ ਨੇਪਾਲ ਵਾਂਗ ਨਾਟਕੀ ਸੀ ਪਰ ਉਸ ਦੇ ਪਿੱਛੇ ਬੜੀ ਲੰਬੀ ਜੱਦੋ-ਜਹਿਦ ਸੀ, ਗੁੱਸੇ ਦੀਆਂ ਜੜ੍ਹਾਂ ਬੰਗਲਾਦੇਸ਼ ਦੇ ਪਿੰਡ-ਪਿੰਡ ਤੱਕ ਸਨ। ਇਸ ਦਾ ਵਿਚਾਰਕ ਰੁਝਾਨ ਸ਼੍ਰੀਲੰਕਾ ਦੇ ਪ੍ਰਤੀਰੋਧ ਨਾਲੋਂ ਉਲਟ ਸੀ। ਬੰਗਲਾਦੇਸ਼ ਦੇ ਸੱਤਾ ਪਲਟ ਦੇ ਪਿੱਛੇ ਫਿਰਕੂ ਸ਼ਕਤੀਆਂ ਸਰਗਰਮ ਸਨ ਪਰ ਇਸ ’ਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ’ਚ ਵੱਡੀ ਗਿਣਤੀ ਲੋਕ ਭਾਈਵਾਲ ਸਨ।
ਨੇਪਾਲ ’ਚ ਅਜੇ ਤੱਕ ਇਸ ਪਰਿਵਰਤਨ ਦਾ ਚਰਿੱਤਰ ਸਪੱਸ਼ਟ ਨਹੀਂ ਹੈ। ‘ਜੈੱਨ-ਜ਼ੀ’ ਦੇ ਝੰਡੇ ਹੇਠ ਇਕੱਠੇ ਹੋਏ ਇਨ੍ਹਾਂ ਨੌਜਵਾਨਾਂ ਦਾ ਨਾ ਤਾਂ ਕੋਈ ਸੰਗਠਨ, ਨਾ ਹੀ ਕੋਈ ਵਿਚਾਰ। ਫਿਲਹਾਲ ਇਸ ਨੂੰ ਇਕ ਹੋਰ ਲੋਕ ਅੰਦੋਲਨ ਕਹਿਣਾ ਔਖਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਗੁੱਸੇ ਦਾ ਧਮਾਕਾ ਕੁਲ-ਮਿਲਾ ਕੇ ਕਾਠਮੰਡੂ ਘਾਟੀ ਤੱਕ ਸੀਮਤ ਸੀ। ਅਜੇ ਕਹਿਣਾ ਔਖਾ ਹੈ ਕਿ ਬਾਕੀ ਦੇਸ਼ ’ਚ ਇਸ ਨੂੰ ਕਿੰਨਾ ਸਮਰਥਨ ਹੈ। ਓਲੀ ਸਰਕਾਰ ਵਲੋਂ ਨੌਜਵਾਨਾਂ ’ਤੇ ਗੋਲੀਆਂ ਚਲਾਉਣ ਦੇ ਬਾਅਦ ਅਗਲੇ ਦਿਨ ਜਿਸ ਤਰ੍ਹਾਂ ਹਿੰਸਾ ਅਤੇ ਅਰਾਜਕਤਾ ਦਾ ਨਾਚ ਹੋਇਆ, ਉਸ ’ਚ ‘ਜੈੱਨ-ਜ਼ੀ’ ਮੁਹਿੰਮ ਦੀ ਅਗਵਾਈ ਬੇਵੱਸ ਨਜ਼ਰ ਆਈ। ਉਸੇ ਹਿੰਸਾ ਨੇ ਕਾਹਲੀ-ਕਾਹਲੀ ’ਚ ਦੇਸ਼ ਦੀ ਸਿਆਸੀ ਲੀਡਰਸ਼ਿਪ ਨੂੰ ਬੇਦਖਲ ਕਰ ਦਿੱਤਾ, ਉਸ ਤੋਂ ਇਸ ਸੱਤਾ ਪਲਟ ਦੇ ਪਿੱਛੇ ਕੁਝ ਅਦ੍ਰਿਸ਼ ਸ਼ਕਤੀਆਂ ਦਾ ਹੱਥ ਹੋਣ ਦਾ ਸ਼ੱਕ ਹੁੰਦਾ ਹੈ। ਬੇਸ਼ੱਕ ਨਵੀਂ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਭ੍ਰਿਸ਼ਟਾਚਾਰ ਵਿਰੁੱਧ ਬੜਬੋਲੀ ਆਵਾਜ਼ ਰਹੀ ਹੈ ਪਰ ਅਜਿਹਾ ਇਸ ਪ੍ਰਤੀਰੋਧ ਦੇ ਬਾਕੀ ਨੇਤਾਵਾਂ ਬਾਰੇ ਕਹਿਣਾ ਔਖਾ ਹੈ। ਕੋਈ ਨੇਤਾਵਾਂ ਦਾ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਦਾ ਇਤਿਹਾਸ ਹੈ ਅਤੇ ਕੁਝ ਖੁਦ ਭ੍ਰਿਸ਼ਟਾਚਾਰ ’ਚ ਡੁੱਬੇ ਹੋਏ ਹਨ।
ਨੇਪਾਲ ਦੇ ਸਿਆਸੀ ਤੰਤਰ ਦੇ ਅਚਾਨਕ ਟੁੱਟ ਜਾਣ ਦੇ ਇਸ ਨਾਟਕੀ ਘਟਨਾਕ੍ਰਮ ਦੇ ਪਿੱਛੇ ਤਿੰਨ ਬਾਹਰੀ ਸ਼ਕਤੀਆਂ ਦੀ ਭੂਮਿਕਾ ’ਤੇ ਨਜ਼ਰ ਰੱਖਣੀ ਜ਼ਰੂਰੀ ਹੈ– ਫੌਜ, ਸਾਬਕਾ ਰਾਜਾ ਅਤੇ ਵਿਦੇਸ਼ੀ ਖਿਡਾਰੀ। ਹੁਣ ਤੱਕ ਨੇਪਾਲੀ ਫੌਜ ਨੇ ਨੇਪਾਲ ਦੀ ਸਿਆਸਤ ’ਚ ਵੱਡੀ ਜਾਂ ਬੁਰੀ ਭੂਮਿਕਾ ਨਹੀਂ ਨਿਭਾਈ ਹੈ ਪਰ ਇਸ ਕਾਂਡ ’ਚ ਫੌਜ ਨੂੰ ਮਿਲੀ ਜ਼ਿੰਮੇਵਾਰੀ ਦੀ ਵਰਤੋਂ ਜਿਸ ਤਰ੍ਹਾਂ ਰਾਸ਼ਟਰਪਤੀ ’ਤੇ ਦਬਾਅ ਪਾਉਣ ਲਈ ਕੀਤੀ ਗਈ, ਉਹ ਭਵਿੱਖ ਲਈ ਚੰਗਾ ਸੰਕੇਤ ਨਹੀਂ ਹੈ। ਨੇਪਾਲ ’ਚ ਇਹ ਕਿਸੇ ਤੋਂ ਨਹੀਂ ਲੁਕਿਆ ਕਿ ਸੱਤਾਧਾਰੀ ਸਾਬਕਾ ਨੇਪਾਲ ਨਰੇਸ਼ ਗਿਆਨੇਂਦਰ ਲੁਕਵੇਂ ਤੌਰ ’ਤੇ ਆਪਣੀ ਵਾਪਸੀ ਦੀ ਸੰਭਾਵਨਾ ਲੱਭਦੇ ਰਹਿੰਦੇ ਹਨ ਅਤੇ ਇਸ ਛੋਟੇ ਜਿਹੇ ਪਹਾੜੀ ਦੇਸ਼ ’ਚ ਗੁਆਂਢੀ ਅਤੇ ਮਹਾਸ਼ਕਤੀਆਂ ਦੀ ਦਿਲਚਸਪੀ ਵੀ ਕੋਈ ਨਵੀਂ ਗੱਲ ਨਹੀਂ ਹੈ।
ਨਵੀਂ ਸਰਕਾਰ ਵਲੋਂ ਸੰਸਦ ਭੰਗ ਕਰਨ ਦਾ ਨੇਪਾਲ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਵਿਰੋਧ ਕੀਤਾ ਹੈ ਪਰ ਇਨ੍ਹਾਂ ਪਾਰਟੀਆਂ ਅਤੇ ਨੇਤਾਵਾਂ ਦੀ ਸਾਖ ਇੰਨੀ ਡਿੱਗ ਚੁੱਕੀ ਹੈ ਕਿ ਉਨ੍ਹਾਂ ਦੇ ਜਾਣ ’ਤੇ ਕੋਈ ਅੱਥਰੂ ਵਹਾਉਣ ਵਾਲਾ ਨਹੀਂ ਹੋਵੇਗਾ ਪਰ ਕਿਤੇ ਇਸ ਭ੍ਰਿਸ਼ਟ ਸਿਆਸੀ ਤੰਤਰ ਦੀ ਵਿਦਾਈ ਨੇਪਾਲ ’ਚ ਲੋਕਤੰਤਰ ਦੀ ਵਿਦਾਈ ਤਾਂ ਸਾਬਿਤ ਨਹੀਂ ਹੋਵੇਗੀ? ਅਜਿਹੇ ਸਾਰਾਂ ਸਵਾਲਾਂ ਦਾ ਜਵਾਬ ਮਿਲਣ ਤੋਂ ਪਹਿਲਾਂ ਨੇਪਾਲ ਦੀ ਇਸ ‘ਕ੍ਰਾਂਤੀ’ ’ਤੇ ਮੁੰਗਧ ਹੋਣ ਦਾ ਸਮਾਂ ਨਹੀਂ ਆਇਆ ਹੈ।
–ਯੋਗੇਂਦਰ ਯਾਦਵ