ਭਾਜਪਾ ਦੀ ਚੋਣਾਂ ਦੀ ਮਸ਼ੀਨ ਨੂੰ ਕਿਵੇਂ ਆਕਾਰ ਦਿੰਦੀ ਹੈ ਮੋਦੀ-ਸ਼ਾਹ ਦੀ ਭਾਈਵਾਲੀ
Tuesday, Mar 17, 2026 - 04:08 PM (IST)
ਜਿਵੇਂ ਕਿ ਹੁਣ ਕਈ ਸੂਬਿਆਂ ’ਚ ਚੋਣਾਂ ਨੇੜੇ ਆ ਰਹੀਆਂ ਹਨ, ਅਸੀਂ ਇਹ ਜਾਣਦੇ ਅਤੇ ਮਹਿਸੂਸ ਕਰਦੇ ਹਾਂ ਕਿ ਸਫਲਤਾ ਸ਼ਾਇਦ ਹੀ ਕਦੇ ਅਚਾਨਕ ਮਿਲੀ ਪ੍ਰੇਰਣਾ ਤੋਂ ਆਉਂਦੀ ਹੈ। ਇਹ ਆਮ ਤੌਰ ’ਤੇ ਯੋਜਨਾ, ਅਨੁਸ਼ਾਸਨ ਅਤੇ ਟੀਮ ਵਰਕ ਨਾਲ ਆਉਂਦੀ ਹੈ। ਪਿਛਲੇ ਇਕ ਦਹਾਕੇ ’ਚ, ਭਾਰਤੀ ਸਿਆਸਤ ਨੇ ਇਕ ਵਿਲੱਖਣ ਭਾਈਵਾਲੀ ਦੇਖੀ ਹੈ, ਜਿਸ ਨੂੰ ਅਕਸਰ ਆਧੁਨਿਕ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਸੁਮੇਲਾਂ ’ਚੋਂ ਇਕ ਵਜੋਂ ਬਿਆਨ ਕੀਤਾ ਗਿਆ ਹੈ—ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵਿਚਾਲੇ ਕੰਮਕਾਜੀ ਰਿਸ਼ਤਾ।
ਉਨ੍ਹਾਂ ਦੀ ਸਿਆਸੀ ਸ਼ੈਲੀ ਆਖਰੀ ਸਮੇਂ ਦੇ ਫੈਸਲਿਆਂ ਜਾਂ ਭਾਵੁਕ ਪ੍ਰਤੀਕਿਰਿਆਵਾਂ ’ਤੇ ਨਹੀਂ ਟਿਕੀ। ਇਸ ਦੀ ਬਜਾਏ, ਇਹ ਤਿਆਰੀ ਤਾਲਮੇਲ ਅਤੇ ਚੋਣਾਂ ਦੇ ਲੱਗਭਗ ਕਾਰਪੋਰੇਟ-ਸ਼ੈਲੀ ਦੇ ਪ੍ਰਬੰਧਨ ’ਤੇ ਅਾਧਾਰਿਤ ਹੈ। ਜਦੋਂ ਚੋਣਾਂ ਨਜ਼ਦੀਕ ਆਉਂਦੀਆਂ ਹਨ, ਤਾਂ ਪਾਰਟੀ ਅਚਾਨਕ ਪ੍ਰਚਾਰ ਲਈ ਨਹੀਂ ਜਾਗਦੀ। ਮੋਦੀ ਅਤੇ ਸ਼ਾਹ ਵਿਚਾਲੇ ਸਮਝ ਨਵੀਂ ਨਹੀਂ ਹੈ। ਉਨ੍ਹਾਂ ਦੀ ਸਿਆਸੀ ਭਾਈਵਾਲੀ ਗੁਜਰਾਤ ’ਚ ਇਕੱਠੇ ਕੰਮ ਕਰਨ ਦੇ ਸਮੇਂ ਤੋਂ ਕਈ ਸਾਲ ਪੁਰਾਣੀ ਹੈ। ਉਨ੍ਹਾਂ ਸਾਲਾਂ ਦੌਰਾਨ, ਉਨ੍ਹਾਂ ਨੇ ਕੰਮ ਕਰਨ ਦੀ ਅਜਿਹੀ ਸ਼ੈਲੀ ਵਿਕਸਿਤ ਕੀਤੀ, ਜਿੱਥੇ ਭੂਮਿਕਾਵਾਂ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ ਸਨ ਪਰ ਸੰਚਾਰ ਲਗਾਤਾਰ ਬਣਿਆ ਰਹਿੰਦਾ ਸੀ।
ਨਰਿੰਦਰ ਮੋਦੀ ਨੂੰ ਵਿਆਪਕ ਤੌਰ ’ਤੇ ਚਿਹਰੇ, ਸੰਚਾਰਕ ਅਤੇ ਉਸ ਨੇਤਾ ਵਜੋਂ ਦੇਖਿਆ ਜਾਂਦਾ ਹੈ, ਜੋ ਵੱਡੇ ਰਾਸ਼ਟਰੀ ਸੰਦੇਸ਼ ਨੂੰ ਅੱਗੇ ਵਧਾਉਂਦੇ ਹਨ। ਦੂਜੇ ਪਾਸੇ, ਅਮਿਤ ਸ਼ਾਹ ਨੂੰ ਅਕਸਰ ਰਣਨੀਤੀਕਾਰ ਵਜੋਂ ਬਿਆਨ ਕੀਤਾ ਜਾਂਦਾ ਹੈ, ਉਹ ਵਿਅਕਤੀ, ਜੋ ਸਿਆਸੀ ਜੰਗ ਦੇ ਮੈਦਾਨ ਦਾ ਬਾਰੀਕੀ ਨਾਲ ਅਧਿਐਨ ਕਰਦਾ ਹੈ। ਜ਼ਿੰਮੇਵਾਰੀਆਂ ਦੀ ਇਹ ਵੰਡ ਇਕ ਸੁਚਾਰੂ ਪ੍ਰਣਾਲੀ ਬਣਾਉਂਦਾ ਹੈ। ਇਕ ਵਿਅਕਤੀ ਵਿਜ਼ਨ ਅਤੇ ਸੰਦੇਸ਼ ’ਤੇ ਧਿਆਨ ਕੇਂਦਰਿਤ ਕਰਦਾ ਹੈ, ਜਦਕਿ ਦੂਜਾ ਸੰਗਠਨ ਅਤੇ ਲਾਗੂਕਰਨ ’ਤੇ। ਸਿਆਸੀ ਹਲਕਿਆਂ ’ਚ ਲੋਕ ਅਕਸਰ ਕਹਿੰਦੇ ਹਨ ਕਿ ਮੋਦੀ ਰਾਸ਼ਟਰ ਨਾਲ ਗੱਲ ਕਰਦੇ ਹਨ, ਜਦਕਿ ਸ਼ਾਹ ਪਾਰਟੀ ਨਾਲ।
ਭਾਜਪਾ ਦੇ ਚੋਣ ਪ੍ਰਬੰਧਨ ਦਾ ਹੈਰਾਨ ਕਰ ਦੇਣ ਵਾਲਾ ਪਹਿਲੂ ਇਹ ਹੈ ਕਿ ਤਿਆਰੀ ਕਿੰਨੀ ਜਲਦੀ ਸ਼ੁਰੂ ਹੋ ਜਾਂਦੀ ਹੈ। ਜਦੋਂ ਕਿਸੇ ਸੂਬੇ ’ਚ ਚੋਣਾਂ ਦੀ ਉਮੀਦ ਹੁੰਦੀ ਹੈ, ਤਾਂ ਜ਼ਮੀਨੀ ਕੰਮ ਆਮ ਤੌਰ ’ਤੇ ਘੱਟੋ-ਘੱਟ 6 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਉਸ ਸਮੇਂ ਤੱਕ, ਸਰਵੇਖਣ ਕੀਤੇ ਜਾ ਚੁੱਕੇ ਹੁੰਦੇ ਹਨ, ਸਥਾਨਕ ਨੇਤਾਵਾਂ ਦਾ ਮੁਲਾਂਕਣ ਕੀਤਾ ਜਾ ਚੁੱਕਾ ਹੁੰਦਾ ਹੈ ਅਤੇ ਚੋਣ ਹਲਕਾ ਪੱਧਰ ਦਾ ਡਾਟਾ ਕੇਂਦਰੀ ਲੀਡਰਸ਼ਿਪ ਤੱਕ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ।
ਅਮਿਤ ਸ਼ਾਹ ਵਿਸਥਾਰਿਤ ਜਾਣਕਾਰੀ ’ਤੇ ਜ਼ੋਰ ਦੇਣ ਲਈ ਜਾਣੇ ਜਾਂਦੇ ਹਨ। ਪਿਛਲੀ ਵਾਰ ਕਿਸ ਬੂਥ ’ਤੇ ਪ੍ਰਦਰਸ਼ਨ ਖਰਾਬ ਰਿਹਾ? ਕਿਹੜਾ ਸਥਾਨਕ ਮੁੱਦਾ ਵੋਟਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ? ਕਿਹੜਾ ਭਾਈਚਾਰਾ ਅਣਗੌਲਿਆ ਮਹਿਸੂਸ ਕਰ ਰਿਹਾ ਹੈ? ਇਹ ਸਵਾਲ ਚੋਣਾਂ ਤੋਂ ਇਕ ਹਫ਼ਤਾ ਪਹਿਲਾਂ ਨਹੀਂ ਪੁੱਛੇ ਜਾਂਦੇ, ਇਹ ਮਹੀਨਿਆਂ ਪਹਿਲਾਂ ਪੁੱਛੇ ਜਾਂਦੇ ਹਨ।
ਇਨ੍ਹਾਂ ਵੇਰਵਿਆਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰਨ ਲਈ ਟੀਮਾਂ ਬਣਾਈਆਂ ਜਾਂਦੀਆਂ ਹਨ। ਬੂਥ ਪੱਧਰ ਦੀਆਂ ਕਮੇਟੀਆਂ ਸਰਗਰਮ ਕੀਤੀਆਂ ਜਾਂਦੀਆਂ ਹਨ। ਸਥਾਨਕ ਵਰਕਰਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਹੌਲੀ-ਹੌਲੀ, ਪੂਰੇ ਸੂਬੇ ’ਚ ਸਿਆਸੀ ਸਰਗਰਮੀਆਂ ਦਾ ਇਕ ਨੈੱਟਵਰਕ ਫੈਲਣ ਲੱਗਦਾ ਹੈ। ਜਦੋਂ ਤੱਕ ਚੋਣ ਤਰੀਕਾਂ ਦਾ ਐਲਾਨ ਹੁੰਦਾ ਹੈ, ਉਦੋਂ ਤੱਕ ਜ਼ਿਆਦਾਤਰ ਜ਼ਮੀਨੀ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੁੰਦਾ ਹੈ।
ਬੂਥ-ਪੱਧਰ ’ਤੇ ਧਿਆਨ: ਭਾਜਪਾ ਸੰਗਠਨ ਦੇ ਅੰਦਰ ਸਭ ਤੋਂ ਵੱਧ ਦੁਹਰਾਏ ਜਾਣ ਵਾਲੇ ਵਾਕਾਂ ’ਚੋਂ ਇਕ ‘ਬੂਥ ਪ੍ਰਬੰਧਨ’ ਹੈ। ਵਿਚਾਰ ਸਰਲ ਹੈ—ਚੋਣਾਂ ਅਖੀਰ ਨਿੱਜੀ ਪੋਲਿੰਗ ਕੇਂਦਰਾਂ ਦੇ ਪੱਧਰ ’ਤੇ ਤੈਅ ਹੁੰਦੀਆਂ ਹਨ। ਅਮਿਤ ਸ਼ਾਹ ਦੀ ਸੰਗਠਨਾਤਮਕ ਸ਼ੈਲੀ ਦੇ ਤਹਿਤ, ਪਾਰਟੀ ਅਕਸਰ ਹਰੇਕ ਬੂਥ ਦੀ ਜ਼ਿੰਮੇਵਾਰੀ ਖ਼ਾਸ ਵਰਕਰਾਂ ਨੂੰ ਸੌਂਪਦੀ ਹੈ। ਉਨ੍ਹਾਂ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਵੋਟਰਾਂ ਨਾਲ ਸੰਪਰਕ ਕੀਤਾ ਜਾਵੇ, ਸਥਾਨਕ ਚਿੰਤਾਵਾਂ ਨੂੰ ਸਮਝਿਆ ਜਾਵੇ ਅਤੇ ਪਾਰਟੀ ਦਾ ਸੰਦੇਸ਼ ਹਰ ਘਰ ਤੱਕ ਪਹੁੰਚੇ।
ਹਾਲਾਂਕਿ ਇਹ ਸੁਣਨ ’ਚ ਸੌਖਾ ਲੱਗ ਸਕਦਾ ਹੈ ਪਰ ਇਸ ਦੇ ਲਈ ਭਾਰੀ ਤਾਲਮੇਲ ਦੀ ਲੋੜ ਹੁੰਦੀ ਹੈ। ਸੂਚੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਅਤੇ ਸੰਚਾਰ ਕੇਂਦਰੀ ਲੀਡਰਸ਼ਿਪ ਤੋਂ ਲੈ ਕੇ ਪਾਰਟੀ ਦੀਆਂ ਸਭ ਤੋਂ ਛੋਟੀਆਂ ਇਕਾਈਆਂ ਤੱਕ ਪਹੁੰਚਦਾ ਹੈ। ਇਸ ਤਰ੍ਹਾਂ ਦਾ ਅਨੁਸ਼ਾਸਨ ਇਹ ਯਕੀਨੀ ਬਣਾਉਂਦਾ ਹੈ ਕਿ ਜਦੋਂ ਮੁਹਿੰਮ ਆਪਣੇ ਸਿਖਰ ’ਤੇ ਪਹੁੰਚੇ, ਤਾਂ ਢਾਂਚਾ ਪਹਿਲਾਂ ਹੀ ਮਜ਼ਬੂਤ ਹੋਵੇ।
ਮੋਦੀ ਦੀ ਭੂਮਿਕਾ: ਸੰਦੇਸ਼ ਅਤੇ ਸਪੀਡ, ਜਦਕਿ ਪਿਛੋਕੜ ’ਚ ਚੁੱਪਚਾਪ ਕੰਮ ਕਰਦਾ ਹੈ, ਨਰਿੰਦਰ ਮੋਦੀ ਮੁਹਿੰਮ ਨੂੰ ਜਨਤਕ ਊਰਜਾ ਪ੍ਰਦਾਨ ਕਰਦੇ ਹਨ। ਉਨ੍ਹਾਂ ਦੀਆਂ ਰੈਲੀਆਂ ਅਕਸਰ ਵੱਡੇ ਸਮਾਗਮ ਬਣ ਜਾਂਦੀਆਂ ਹਨ, ਜੋ ਭਾਰੀ ਭੀੜ ਅਤੇ ਿਵਆਪਕ ਮੀਡੀਆ ਦਾ ਧਿਆਨ ਖਿੱਚਦੀਆਂ ਹਨ ਪਰ ਹਰੇਕ ਰੈਲੀ ਦੇ ਪਿੱਛੇ ਸਾਵਧਾਨੀਪੂਰਵਕ ਯੋਜਨਾ ਹੁੰਦੀ ਹੈ।
ਸਥਾਨਾਂ ਦੀ ਚੋਣ ਰਣਨੀਤਕ ਤੌਰ ’ਤੇ ਕੀਤੀ ਜਾਂਦੀ ਹੈ। ਵਿਸ਼ਿਆਂ ਦੀ ਚੋਣ ਉਸ ਵਿਸ਼ੇਸ਼ ਖੇਤਰ ਦੀਆਂ ਚਿੰਤਾਵਾਂ ਦੇ ਅਾਧਾਰ ’ਤੇ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਦੌਰਿਆਂ ਦਾ ਸਮਾਂ ਵੀ ਵੱਧ ਤੋਂ ਵੱਧ ਸਿਆਸੀ ਪ੍ਰਭਾਵ ਪੈਦਾ ਕਰਨ ਲਈ ਤੈਅ ਕੀਤਾ ਜਾਂਦਾ ਹੈ। ਕਈ ਮਾਅਨਿਆਂ ’ਚ, ਮੋਦੀ ਦੇ ਭਾਸ਼ਣ ਮੁਹਿੰਮ ਨੂੰ ਭਾਵਨਾਤਮਕ ਅਤੇ ਪ੍ਰੇਰਕ ਪਰਤ ਮੁਹੱਈਆ ਕਰਦੇ ਹਨ।
ਇਸ ਲੀਡਰਸ਼ਿਪ ਸ਼ੈਲੀ ਦੀ ਇਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਪਾਰਟੀ ਵਰਕਰਾਂ ਨਾਲ ਨਿਯਮਤ ਗੱਲਬਾਤ ਹੈ। ਮੀਟਿੰਗਾਂ ਵਾਰ-ਵਾਰ ਕੀਤੀਆਂ ਜਾਂਦੀਆਂ ਹਨ—ਕਦੇ ਸਰੀਰਕ, ਕਦੇ ਆਭਾਸੀ , ਜਿੱਥੇ ਜ਼ਮੀਨੀ ਪੱਧਰ ਦੇ ਨੇਤਾਵਾਂ ਤੋਂ ਫੀਡਬੈਕ ਇਕੱਠਾ ਕੀਤਾ ਜਾਂਦਾ ਹੈ। ਇਹ ਇਕ ਦੋ-ਪਾਸੜ ਪ੍ਰਣਾਲੀ ਬਣਾਉਂਦਾ ਹੈ। ਕੇਂਦਰੀ ਲੀਡਰਸ਼ਿਪ ਨਿਰਦੇਸ਼ ਦਿੰਦੀ ਹੈ ਪਰ ਉਹ ਜ਼ਿਲਾ ਨੇਤਾਵਾਂ ਅਤੇ ਬੂਥ ਪੱਧਰ ਦੇ ਵਰਕਰਾਂ ਦੀ ਰਿਪੋਰਟ ਵੀ ਸੁਣਦੀ ਹੈ।
ਉਮੀਦਵਾਰਾਂ ਦੀ ਸਾਵਧਾਨੀਪੂਰਵਕ ਚੋਣ : ਉਮੀਦਵਾਰ ਚੋਣ ਇਕ ਹੋਰ ਖੇਤਰ ਹੈ, ਜਿੱਥੇ ਮੋਦੀ-ਸ਼ਾਹ ਦੀ ਸ਼ੈਲੀ ਦਿਖਾਈ ਦਿੰਦੀ ਹੈ। ਿਸਰਫ ਸੀਨੀਅਾਰਤਾ ਜਾਂ ਹਰਮਨ-ਪਿਆਰਤਾ ’ਤੇ ਭਰੋਸਾ ਕਰਨ ਦੀ ਬਜਾਏ, ਕਈ ਕਾਰਕਾਂ ਦਾ ਅਧਿਐਨ ਕੀਤਾ ਜਾਂਦਾ ਹੈ। ਸਰਵੇਖਣ, ਸਥਾਨਕ ਫੀਡਬੈਕ, ਪ੍ਰਦਰਸ਼ਨ ਰਿਕਾਰਡ ਅਤੇ ਜਨਤਾ ਦੀ ਧਾਰਨਾ, ਸਭ ਇਸ ’ਚ ਭੂਮਿਕਾ ਨਿਭਾਉਂਦੇ ਹਨ। ਕਦੇ-ਕਦੇ ਇਸ ਨਾਲ ਹੈਰਾਨ ਕਰਨ ਵਾਲੇ ਫੈਸਲੇ ਵੀ ਹੁੰਦੇ ਹਨ। ਮੌਜੂਦਾ ਵਿਧਾਇਕਾਂ ਨੂੰ ਬਦਲਿਆ ਜਾ ਸਕਦਾ ਹੈ, ਜੇਕਰ ਪਾਰਟੀ ਨੂੰ ਲੱਗਦਾ ਹੈ ਕਿ ਕੋਈ ਨਵਾਂ ਚਿਹਰਾ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ।
ਉਨ੍ਹਾਂ ਦੀ ਰਣਨੀਤੀ ਦਾ ਇਕ ਹੋਰ ਤੱਤ ਲਗਾਤਾਰ ਸਿੱਖਣਾ ਹੈ। ਹਰੇਕ ਚੋਣ ਤੋਂ ਬਾਅਦ, ਭਾਵੇਂ ਜਿੱਤ ਹੋਵੇ ਜਾਂ ਹਾਰ, ਪਾਰਟੀ ਅੰਦਰੂਨੀ ਸਮੀਖਿਆ ਕਰਦੀ ਹੈ। ਡੇਟਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਗ਼ਲਤੀਆਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਭਵਿੱਖ ਲਈ ਰਣਨੀਤੀਆਂ ਬਣਾਈਆਂ ਕੀਤੀਆਂ ਜਾਂਦੀਆਂ ਹਨ।
ਅਨੁਸ਼ਾਸਨ ਦਾ ਸੱਭਿਆਚਾਰ: ਸ਼ਾਇਦ ਮੋਦੀ-ਸ਼ਾਹ ਭਾਈਵਾਲੀ ਦਾ ਸਭ ਤੋਂ ਮਹੱਤਵਪੂਰਨ ਪ੍ਰਭਾਵ ਪਾਰਟੀ ਦੇ ਅੰਦਰ ਅਨੁਸ਼ਾਸਨ ਦਾ ਸੱਭਿਆਚਾਰ ਹੈ। ਵਰਕਰ ਸਮਝਦੇ ਹਨ ਕਿ ਮੁਹਿੰਮ ਕੋਈ ਬੇਤਰਤੀਬ ਘਟਨਾਵਾਂ ਨਹੀਂ, ਸਗੋਂ ਸਾਵਧਾਨੀਪੂਰਵਕ ਯੋਜਨਾਬੱਧ ਆਪ੍ਰੇਸ਼ਨ ਹਨ। ਹਰ ਪੱਧਰ ਦੇ ਨੇਤਾਵਾਂ ਤੋਂ ਸਮਾਂ ਹੱਦ ਦੀ ਪਾਲਣਾ ਕਰਨ, ਮੀਟਿੰਗਾਂ ’ਚ ਸ਼ਾਮਲ ਹੋਣ ਅਤੇ ਸੌਂਪੇ ਗਏ ਕਾਰਜਾਂ ਨੂੰ ਨਿਪਟਾਉਣ ਦੀ ਉਮੀਦ ਕੀਤੀ ਜਾਂਦੀ ਹੈ। ਇਹ ਅਨੁਸ਼ਾਸਿਤ ਪਹੁੰਚ ਪਾਰਟੀ ਨੂੰ ਦਿਸ਼ਾ ਅਤੇ ਸਪੀਡ ਦਾ ਅਹਿਸਾਸ ਕਰਾਉਂਦੀ ਹੈ।
ਭਾਵੇਂ ਕੋਈ ਭਾਜਪਾ ਦੀ ਹਮਾਇਤ ਕਰੇ ਜਾਂ ਨਹੀਂ, ਕਈ ਸਿਆਸੀ ਆਬਜ਼ਰਵਰ ਇਕ ਗੱਲ ’ਤੇ ਸਹਿਮਤ ਹਨ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਭਾਈਵਾਲੀ ਨੇ ਭਾਰਤ ’ਚ ਚੋਣਾਂ ਕਰਵਾਉਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਉਨ੍ਹਾਂ ਦੀ ਵਿਧੀ ਦਿਖਾਉਂਦੀ ਹੈ ਕਿ ਸਿਆਸੀ ਸਫਲਤਾ ਸਿਰਫ ਭਾਸ਼ਣਾਂ ਜਾਂ ਨਾਅਰਿਆਂ ਬਾਰੇ ਨਹੀਂ ਹੈ, ਇਹ ਯੋਜਨਾ, ਟੀਮ ਵਰਕ ਅਤੇ ਉਸ ਪਲ ਤੋਂ ਮਹੀਨਿਆਂ, ਕਦੇ-ਕਦੇ ਸਾਲਾਂ ਪਹਿਲਾਂ ਕੰਮ ਕਰਨ ਦੀ ਸਮਰੱਥਾ ਬਾਰੇ ਵੀ ਹੈ, ਜਦੋਂ ਵੋਟਰ ਅੰਤ ’ਚ ਪੋਲਿੰਗ ਬੂਥ ’ਚ ਕਦਮ ਰੱਖਦੇ ਹਨ। ਅਤੇ ਆਧੁਨਿਕ ਰਾਜਨੀਤੀ ’ਚ ਇਹੀ ਤਿਆਰੀ ਸਾਰਾ ਅੰਤਰ ਪੈਦਾ ਕਰ ਸਕਦੀ ਹੈ, ਜਿਸ ਨੂੰ ਮੰਦਭਾਗੇ ਤੌਰ ’ਤੇ ਸਾਡੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਪੂਰੀ ਤਰ੍ਹਾਂ ਭੁੱਲ ਅਤੇ ਛੱਡ ਚੁੱਕੀ ਹੈ। ਇਹੀ ਕਾਰਨ ਹੈ ਕਿ ਆਉਣ ਵਾਲੇ ਸਾਲਾਂ ’ਚ ਭਾਜਪਾ ਦੇ ਭਵਿੱਖ ਦੀ ਪਾਰਟੀ ਬਣੇ ਰਹਿਣ ਦੀ ਵਧੇਰੇ ਸੰਭਾਵਨਾ ਹੈ।
ਦੇਵੀ ਚੇਰੀਅਨ
