ਅੱਗ ਲੱਗਣ ਦੀ ਸਥਿਤੀ ’ਚ ਨਾ ਘਬਰਾਓ!

Friday, Jun 12, 2026 - 06:56 PM (IST)

ਅੱਗ ਲੱਗਣ ਦੀ ਸਥਿਤੀ ’ਚ ਨਾ ਘਬਰਾਓ!

ਦਿੱਲੀ ਦੇ ਮਾਲਵੀਆ ਨਗਰ ਇਲਾਕੇ ’ਚ ਹੋਏ ਦਰਦਨਾਕ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦਰਦਨਾਕ ਹਾਦਸੇ ’ਚ 20 ਤੋਂ ਵੱਧ ਲੋਕਾਂ ਦੀ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਸਵਾਲ ਪ੍ਰਸ਼ਾਸਨ ’ਤੇ, ਬਿਲਡਰ ’ਤੇ, ਹੋਟਲ ਚਲਾਉਣ ਵਾਲਿਆਂ ’ਤੇ, ਰਾਹਤ ਏਜੰਸੀਆਂ ’ਤੇ ਅਤੇ ਕੁਝ ਹੱਦ ਤੱਕ ਆਮ ਜਨਤਾ ’ਤੇ ਵੀ ਖੜ੍ਹੇ ਹੋ ਰਹੇ ਹਨ। ਆਏ ਦਿਨ ਅਸੀਂ ਅਜਿਹੀਆਂ ਅੱਗਜਨੀ ਦੀਆਂ ਘਟਨਾਵਾਂ ਬਾਰੇ ਸੁਣਦੇ ਰਹਿੰਦੇ ਹਾਂ। ਅਜਿਹੇ ਹਾਦਸਿਆਂ ’ਚ ਕਈ ਲੋਕ ਆਪਣੀ ਜਾਨ ਵੀ ਗੁਆ ਬੈਠਦੇ ਹਨ। ਅਕਸਰ ਜਾਨ-ਮਾਲ ਦੇ ਨੁਕਸਾਨ ਦਾ ਕਾਰਨ ਅਗਿਆਨਤਾ ਅਤੇ ਜਾਗਰੂਕਤਾ ਦੀ ਕਮੀ ਹੁੰਦੀ ਹੈ। ਅਗਨੀਕਾਂਡ ਵਰਗੇ ਹਾਦਸਿਆਂ ’ਚ ਜੇਕਰ ਧੀਰਜ ਅਤੇ ਸੂਝ-ਬੂਝ ਨਾਲ ਕੰਮ ਲਿਆ ਜਾਵੇ ਤਾਂ ਵੱਡੇ ਹਾਦਸੇ ਅਤੇ ਜਾਨ-ਮਾਲ ਦਾ ਨੁਕਸਾਨ ਟਾਲਿਆ ਜਾ ਸਕਦਾ ਹੈ ਪਰ ਪੱਛਮੀ ਦੇਸ਼ਾਂ ਦੀ ਤੁਲਨਾ ’ਚ ਸਾਡੇ ਦੇਸ਼ ਦੀਆਂ ਆਫ਼ਤ ਪ੍ਰਬੰਧਨ ਏਜੰਸੀਆਂ ਓਨੀ ਮੁਸਤੈਦੀ ਨਾਲ ਕੰਮ ਨਹੀਂ ਕਰਦੀਆਂ। ਜੇਕਰ ਸਕੂਲੀ ਬੱਚਿਆਂ ਅਤੇ ਸਾਰੇ ਨਾਗਰਿਕਾਂ ਨੂੰ ਆਫ਼ਤ ਪ੍ਰਬੰਧਨ ਦੀ ਮੁੱਢਲੀ ਜਾਣਕਾਰੀ ਵਿਆਪਕ ਰੂਪ ’ਚ ਦੇ ਦਿੱਤੀ ਜਾਵੇ ਤਾਂ ਦੁਰਘਟਨਾਵਾਂ ਦੇ ਸਮੇਂ ਇਹ ਜਾਣਕਾਰੀ ਜਾਨ-ਮਾਲ ਦਾ ਵੱਧ ਨੁਕਸਾਨ ਹੋਣ ਤੋਂ ਬਚਾ ਸਕਦੀ ਹੈ।

ਪਾਠਕਾਂ ਨੂੰ ਯਾਦ ਦਿਵਾ ਦੇਈਏ ਕਿ 1986 ’ਚ ਦੱਖਣੀ ਦਿੱਲੀ ਦੇ ਪੰਜ ਸਿਤਾਰਾ ਹੋਟਲ ਸਿਧਾਰਥ ’ਚ ਭਿਆਨਕ ਅੱਗ ਲੱਗੀ ਸੀ। ਇਸ ਦੁਰਘਟਨਾ ’ਚ 37 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ 40 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਗੌਰਤਲਬ ਹੈ ਕਿ ਇਸ ਹਾਦਸੇ ’ਚ ਮਰਨ ਵਾਲੇ ਸਿਰਫ਼ ਭਾਰਤੀ ਹੀ ਸਨ ਜਦਕਿ ਉਸ ਹੋਟਲ ’ਚ ਅਮਰੀਕਾ ਅਤੇ ਜਾਪਾਨ ਦੇ ਮਹਿਮਾਨ ਵੀ ਰਹਿ ਰਹੇ ਸਨ। ਵਿਦੇਸ਼ੀ ਮਹਿਮਾਨਾਂ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਆਈਆਂ ਸਨ। ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਹੋਇਆ?

ਜਿਵੇਂ ਹੀ ਅੱਗ ਦੀ ਖ਼ਬਰ ਲੱਗੀ, ਸਾਰੇ ਵਿਦੇਸ਼ੀਆਂ ਨੇ ਆਪਣੇ-ਆਪਣੇ ਕਮਰਿਆਂ ਦੇ ਦਰਵਾਜ਼ਿਆਂ ਦੇ ਹੇਠਾਂ ਵਾਲੀ ਜਗ੍ਹਾ ’ਤੇ ਗਿੱਲੇ ਤੌਲੀਏ ਲਗਾ ਦਿੱਤੇ ਸਨ। ਅਜਿਹਾ ਕਰਨ ਨਾਲ ਧੂੰਏਂ ਨੂੰ ਕਮਰੇ ਦੇ ਅੰਦਰ ਆਉਣ ਦਾ ਰਸਤਾ ਨਹੀਂ ਮਿਲਿਆ। ਜੇਕਰ ਧੂੰਆਂ ਕਿਸੇ ਕਾਰਨ ਕਮਰੇ ’ਚ ਵੜਿਆ ਵੀ ਤਾਂ ਬਹੁਤ ਘੱਟ ਮਾਤਰਾ ’ਚ। ਇਸ ਦੇ ਨਾਲ ਹੀ ਸਾਰੇ ਵਿਦੇਸ਼ੀਆਂ ਨੇ ਆਪਣੀ ਨੱਕ ਨੂੰ ਇਕ ਗਿੱਲੇ ਕੱਪੜੇ ਨਾਲ ਬੰਨ੍ਹ ਰੱਖਿਆ ਸੀ ਤਾਂ ਜੋ ਧੂੰਆਂ ਉਨ੍ਹਾਂ ਦੇ ਫੇਫੜਿਆਂ ’ਚ ਨਾ ਜਾ ਸਕੇ। ਕਿਉਂਕਿ ਇਨ੍ਹਾਂ ਸਾਰੇ ਵਿਦੇਸ਼ੀਆਂ ਨੂੰ ਆਫ਼ਤ ਪ੍ਰਬੰਧਨ ਦੀ ਮੁੱਢਲੀ ਜਾਣਕਾਰੀ ਸੀ, ਇਹ ਸਾਰੇ ਆਪਣੇ-ਆਪਣੇ ਕਮਰਿਆਂ ’ਚ ਜ਼ਮੀਨ ’ਤੇ ਲੇਟ ਗਏ। ਕਿਉਂਕਿ ਧੂੰਆਂ ਹਮੇਸ਼ਾ ਉੱਪਰ ਵੱਲ ਹੀ ਉੱਠਦਾ ਹੈ। ਅਜਿਹਾ ਕਰ ਕੇ ਇਨ੍ਹਾਂ ਵਿਦੇਸ਼ੀਆਂ ਨੇ, ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਖ਼ੁਦ ਨੂੰ ਜੀਵਿਤ ਰੱਖਿਆ। ਜਦਕਿ ਭਾਰਤੀਆਂ ਨੂੰ ਅਜਿਹੀ ਮੁੱਢਲੀ ਜਾਣਕਾਰੀ ਨਾ ਹੋਣ ਕਾਰਨ ਅੱਗ ਅਤੇ ਧੂੰਏਂ ਦਾ ਸ਼ਿਕਾਰ ਹੋਣਾ ਪਿਆ। ਹੜਬੜੀ ’ਚ ਸਾਰੇ ਭਾਰਤੀ ਇੱਧਰ-ਉੱਧਰ ਭੱਜਣ ਲੱਗੇ ਅਤੇ ਫੇਫੜਿਆਂ ’ਚ ਧੂੰਆਂ ਵੜਨ ਕਾਰਨ ਉਨ੍ਹਾਂ ਦਾ ਦਮ ਘੁੱਟ ਗਿਆ।

ਦਿੱਲੀ ਹੋਵੇ ਜਾਂ ਦੇਸ਼ ਦਾ ਕੋਈ ਹੋਰ ਸ਼ਹਿਰ, ਜਦੋਂ ਵੀ ਕਿਸੇ ਇਮਾਰਤ ਜਾਂ ਭਵਨ ’ਚ ਅੱਗ ਲੱਗਦੀ ਹੈ ਤਾਂ ਉੱਥੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਜਾਂਦਾ ਹੈ। ਲੋਕ ਅਗਿਆਨਤਾ ਅਤੇ ਘਬਰਾਹਟ ਦੇ ਕਾਰਨ ਇੱਧਰ-ਉੱਧਰ ਭੱਜਦੇ ਹਨ ਅਤੇ ਆਪਣੇ ਸਰੀਰ ’ਚ ਧੂੰਏਂ ਨੂੰ ਬੜੀ ਆਸਾਨੀ ਨਾਲ ਦਾਖਲ ਹੋਣ ਦਿੰਦੇ ਹਨ। ਗੌਰਤਲਬ ਹੈ ਕਿ ਅੱਗ ਲੱਗਣ ਦੀ ਸਥਿਤੀ ’ਚ ਜੇਕਰ ਅਸੀਂ ਇੱਧਰ-ਉੱਧਰ ਦੌੜਦੇ ਹਾਂ ਤਾਂ ਸਾਡੀ ਸਾਹ ਲੈਣ ਦੀ ਗਤੀ ਵੀ ਵਧ ਜਾਂਦੀ ਹੈ ਅਤੇ ਧੂੰਆਂ ਬਹੁਤ ਜ਼ਿਆਦਾ ਮਾਤਰਾ ’ਚ ਸਾਡੇ ਫੇਫੜਿਆਂ ’ਚ ਵੜ ਜਾਂਦਾ ਹੈ, ਨਤੀਜੇ ਵਜੋਂ ਅਸੀਂ ਬੇਹੋਸ਼ ਹੋ ਕੇ ਡਿੱਗ ਜਾਂਦੇ ਹਾਂ ਅਤੇ ਅੱਗ ਦੀਆਂ ਲਪਟਾਂ ਸਾਨੂੰ ਸਾੜ ਦਿੰਦੀਆਂ ਹਨ। ਅੰਕੜਿਆਂ ਅਨੁਸਾਰ ਅਗਨੀਕਾਂਡ ’ਚ ਜ਼ਿਆਦਾਤਰ ਮੌਤਾਂ ਦਮ ਘੁਟਣ ਕਾਰਨ ਹੁੰਦੀਆਂ ਹਨ।

ਇਸ ਲਈ ਜੇਕਰ ਤੁਸੀਂ ਕਦੇ ਅਜਿਹੀ ਸਥਿਤੀ ’ਚ ਫਸ ਜਾਓ ਤਾਂ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ। ਸਭ ਤੋਂ ਪਹਿਲੀ ਗੱਲ ਬਿਲਕੁਲ ਵੀ ਘਬਰਾਓ ਨਹੀਂ। ਜੇਕਰ ਤੁਸੀਂ ਹੋਸ਼ ’ਚ ਰਹੋਗੇ ਅਤੇ ਹਿੰਮਤ ਨਾਲ ਕੰਮ ਲਵੋਗੇ ਤਾਂ ਤੁਸੀਂ ਦੂਜਿਆਂ ਦੀ ਮਦਦ ਵੀ ਕਰ ਸਕੋਗੇ। ਆਪਣੇ ਮੂੰਹ ’ਤੇ ਇਕ ਗਿੱਲਾ ਰੁਮਾਲ ਜਾਂ ਕੱਪੜਾ ਬੰਨ੍ਹ ਲਓ ਅਤੇ ਜ਼ਮੀਨ ’ਤੇ ਲੇਟੇ ਰਹੋ। ਜੇਕਰ ਤੁਸੀਂ ਕਿਸੇ ਬੰਦ ਕਮਰੇ ’ਚ ਫਸ ਜਾਂਦੇ ਹੋ ਤਾਂ ਉਸ ਕਮਰੇ ’ਚ ਜਿੱਥੋਂ ਵੀ ਧੂੰਆਂ ਆਉਣ ਦੀ ਸੰਭਾਵਨਾ ਹੋਵੇ, ਉਸ ਰਸਤੇ ਨੂੰ ਕਿਸੇ ਗਿੱਲੇ ਕੱਪੜੇ ਨਾਲ ਜਾਮ (ਸੀਲ) ਕਰ ਦਿਓ। ਜਦੋਂ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੁਹਾਡੇ ਤੱਕ ਪਹੁੰਚਣ, ਅਜਿਹੀ ਹੀ ਸਲਾਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਦਿਓ। ਜੇਕਰ ਤੁਹਾਡਾ ਮੋਬਾਈਲ ਫ਼ੋਨ ਕੰਮ ਕਰ ਰਿਹਾ ਹੋਵੇ ਤਾਂ ਐਮਰਜੈਂਸੀ ਨੰਬਰਾਂ ’ਤੇ ਕਾਲ ਕਰਕੇ ਆਪਣੀ ਸਹੀ ਲੋਕੇਸ਼ਨ ਦੱਸੋ ਤਾਂ ਜੋ ਤੁਹਾਡੇ ਤੱਕ ਸਹਾਇਤਾ ਪਹੁੰਚ ਸਕੇ।

ਇਸ ਦੇ ਨਾਲ ਹੀ ਦੇਸ਼ ’ਚ ਆਫ਼ਤ ਪ੍ਰਬੰਧਨ ਦੀਆਂ ਏਜੰਸੀਆਂ ਨੂੰ ਵੀ ਨਾਗਰਿਕਾਂ ਦੇ ਵਿਚਾਲੇ ਜਾਗਰੂਕਤਾ ਨੂੰ ਵਧਾਉਣਾ ਚਾਹੀਦਾ ਹੈ। ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਪੁਲਸ ਕੰਟਰੋਲ ਰੂਮ ਦੀ ਤਰਜ਼ ’ਤੇ ਛੋਟੀਆਂ-ਛੋਟੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੁੱਖ ਸਥਾਨਾਂ ’ਤੇ ਖੜ੍ਹਾ ਕਰ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਟ੍ਰੈਫਿਕ ਜਾਮ ਦੇ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਹੁੰਚਣ ’ਚ ਦੇਰੀ ਵੀ ਨਹੀਂ ਲੱਗੇਗੀ। ਇਨ੍ਹਾਂ ਛੋਟੀਆਂ ਗੱਡੀਆਂ ’ਚ ਤਾਇਨਾਤ ਕਰਮਚਾਰੀਆਂ ਨੂੰ ਅੱਗ ਦੇ ਹਾਦਸਿਆਂ ’ਚ ਮੁੱਢਲੀ ਕਾਰਵਾਈ ਕਰਨ ਦੀ ਪੂਰੀ ਟ੍ਰੇਨਿੰਗ ਵੀ ਹੋਵੇ। ਦੁਰਘਟਨਾ ਦੀ ਸਥਿਤੀ ’ਚ ਅਜਿਹੇ ਕਰਮਚਾਰੀਆਂ ਦਾ ਨਜ਼ਦੀਕੀ ਫਾਇਰ ਸਟੇਸ਼ਨ ਨਾਲ ਸੰਪਰਕ ਹੋਵੇ ਅਤੇ ਉਹ ਸਹੀ ਸਥਿਤੀ ਦਾ ਜਾਇਜ਼ਾ ਲੈ ਕੇ ਉਚਿਤ ਮਦਦ ਮੰਗਵਾ ਸਕਣ। ਅੱਜ ਦੇ ਸੂਚਨਾ ਕ੍ਰਾਂਤੀ ਦੇ ਯੁੱਗ ’ਚ ਕਾਫ਼ੀ ਮਦਦ ਸੋਸ਼ਲ ਮੀਡੀਆ ਤੋਂ ਵੀ ਮਿਲ ਸਕਦੀ ਹੈ। ਜਿਵੇਂ ਪੁਲਸ ਦੀ ਮਦਦ ਲਈ ਸਿਵਲ ਡਿਫੈਂਸ ਦੇ ਵਾਲੰਟੀਅਰ ਤਿਉਹਾਰਾਂ ਅਤੇ ਹੋਰ ਵੱਡੇ ਆਯੋਜਨਾਂ ’ਤੇ ਤਾਇਨਾਤ ਕੀਤੇ ਜਾਂਦੇ ਹਨ, ਤਾਂ ਆਫ਼ਤ ਪ੍ਰਬੰਧਨ ਲਈ ਵੀ ਅਜਿਹਾ ਹੀ ਕੁਝ ਕੀਤਾ ਜਾਣਾ ਚਾਹੀਦਾ ਹੈ। ਇਹ ਸਭ ਉਦੋਂ ਹੀ ਸੰਭਵ ਹੈ ਜਦੋਂ ਆਫ਼ਤ ਪ੍ਰਬੰਧਨ ਵਿਭਾਗ ਨਾਗਰਿਕਾਂ ਵਿਚਾਲੇ ਵਿਆਪਕ ਜਾਗਰੂਕਤਾ ਫੈਲਾਏ ਅਤੇ ਸੰਬੰਧਤ ਸਰਕਾਰਾਂ ਵੀ ਆਫ਼ਤ ਪ੍ਰਬੰਧਨ ਨੂੰ ਪੂਰੀ ਸਹਾਇਤਾ ਪ੍ਰਦਾਨ ਕਰਨ। ਜਦੋਂ ਵੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸ ’ਤੇ ਸਿਆਸੀ ਰੋਟੀਆਂ ਨਾ ਸੇਕੀਆਂ ਜਾਣ। ਜਿੱਥੋਂ ਤੱਕ ਹੋ ਸਕੇ ਦੁਰਘਟਨਾ ਦੇ ਪ੍ਰਬੰਧਨ ਦੀ ਦਿਸ਼ਾ ’ਚ ਕੰਮ ਹੋਵੇ ਨਾ ਕਿ ਦੋਸ਼-ਪ੍ਰਤੀਦੋਸ਼ ਲਗਾਏ ਜਾਣ। ਪੱਛਮ ਦੀ ਤੁਲਨਾ ’ਚ ਸਾਨੂੰ ਵੀ ਆਫ਼ਤ ਦੀ ਸਥਿਤੀ ਨਾਲ ਜਾਗਰੂਕ ਹੋ ਕੇ ਲੜਨ ਦੀ ਲੋੜ ਹੈ।

—ਰਜਨੀਸ਼ ਕਪੂਰ


author

Shubam Kumar

Content Editor

Related News