‘ਨਹੀਂ ਰੁਕ ਰਹੀ ਗੁੰਡਾਗਰਦੀ’ ਸੱਤਾਧਾਰੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੀ!
Friday, Jun 12, 2026 - 02:59 AM (IST)
ਸੱਤਾ ਅਦਾਰੇ ਨਾਲ ਜੁੜੇ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਸੰਬੰਧੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਖ਼ੁਦ ਨੂੰ ਸੱਚਾ ਜਨ-ਸੇਵਕ ਸਿੱਧ ਕਰਦੇ ਹੋਏ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਅੱਜ ਇਨ੍ਹਾਂ ’ਚੋਂ ਕੁਝ ਲੋਕ ਦਬੰਗਈ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ ਜਿਸ ਦੀਆਂ ਇਸੇ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 13 ਜਨਵਰੀ ਨੂੰ ‘ਰਾਮਪੁਰ’ (ਉੱਤਰ ਪ੍ਰਦੇਸ਼) ਦੇ ‘ਕੇਮਰੀ’ ’ਚ ਖ਼ੁਦ ਨੂੰ ‘ਬਜਰੰਗ ਦਲ’ ਦਾ ਨੇਤਾ ਦੱਸਣ ਵਾਲੇ ‘ਸੂਰਜ ਪਟੇਲ’ ਸਮੇਤ 2 ਲੋਕਾਂ ਵਿਰੁੱਧ ਜ਼ਬਰਦਸਤੀ ਥਾਣੇ ’ਚ ਵੜ ਕੇ ਉੱਥੇ ਬੰਦ ਇਕ ਮੁਲਜ਼ਮ ਨੂੰ ਮਿਲਣ ਦੀ ਜ਼ਿੱਦ ਕਰਨ ਅਤੇ ਪੁਲਸ ਵੱਲੋਂ ਇਸ ਦੀ ਇਜਾਜ਼ਤ ਨਾ ਦੇਣ ’ਤੇ ਗੁੱਸੇ ’ਚ ਆ ਕੇ ਪੁਲਸ ਮੁਲਾਜ਼ਮਾਂ ਨਾਲ ਗਾਲੀ-ਗਲੋਚ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
* 10 ਫਰਵਰੀ ਨੂੰ ‘ਚੰਦੇਰੀ’ (ਮੱਧ ਪ੍ਰਦੇਸ਼) ਵਿਧਾਨ ਸਭਾ ਖੇਤਰ ਦੇ ‘ਬਡੇਰਾ’ ਪਿੰਡ ’ਚ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਭਾਜਪਾ ਨੇਤਾ ‘ਬਲੀ ਸਿੰਘ’ ਨੇ ਇਕ ਨੌਜਵਾਨ ਨੂੰ ਜ਼ਮੀਨ ’ਤੇ ਸੁੱਟ ਕੇ ਬੁਰੀ ਤਰ੍ਹਾਂ ਕੁੱਟ ਦਿੱਤਾ।
* 26 ਮਾਰਚ ਨੂੰ ‘ਗੋਆ’ ਦੇ ਕੌਂਸਲਰ ‘ਸੁਸ਼ਾਂਤ ਨਾਇਕ’ (ਭਾਜਪਾ) ਦੇ ਬੇਟੇ ‘ਸੁਹਮ ਸੁਸ਼ਾਂਤ ਨਾਇਕ’ ਨੂੰ 2 ਦਰਜਨ ਤੋਂ ਵੱਧ ਨਾਬਾਲਗ ਕੁੜੀਆਂ ਦਾ ਯੌਨ ਸ਼ੋਸ਼ਣ ਕਰਨ, ਇਸ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਅਤੇ ਉਨ੍ਹਾਂ ਨੂੰ ਧਮਕਾਉਣ ਦੇ ਦੋਸ਼ ’ਚ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 26 ਅਪ੍ਰੈਲ ਨੂੰ ‘ਅਲੀਰਾਜਪੁਰ’ (ਮੱਧ ਪ੍ਰਦੇਸ਼) ’ਚ ਮੱਧ ਪ੍ਰਦੇਸ਼ ਸਰਕਾਰ ’ਚ ਮੰਤਰੀ ‘ਨਾਗਰ ਸਿੰਘ ਚੌਹਾਨ’ ਦੇ ਭਰਾ ‘ਇੰਦਰ ਸਿੰਘ ਚੌਹਾਨ’ ਨੇ ‘ਅਲੀਰਾਜਪੁਰ’ ਜ਼ਿਲੇ ’ਚ ਜਨਪਦ ਸੀ. ਈ. ਓ. ‘ਪ੍ਰਿਆ ਕਾਗ’ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
‘ਪ੍ਰਿਆ ਕਾਗ’ ਦਾ ਦੋਸ਼ ਹੈ ਕਿ ‘ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ’ ਲਈ ਪ੍ਰਾਪਤ ਬੇਨਤੀਆਂ ’ਚੋਂ ਕੁਝ ਬੇਨਤੀਆਂ ਰੱਦ ਕਰ ਦੇਣ ਕਾਰਨ ਇੰਦਰ ਸਿੰਘ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਉਸ ਨੂੰ ਧਮਕਾਉਂਦੇ ਹੋਏ ਕਿਹਾ, ‘‘ਮੈਂ ਤੇਰੇ ਦੰਦ ਤੋੜ ਦਿਆਂਗਾ ਅਤੇ ਇੱਥੇ ਹੀ ਗੱਡ ਦਿਆਂਗਾ।’’
ਇੰਨਾ ਕਹਿਣ ਦੇ ਨਾਲ ਹੀ ਉਹ 2 ਵਾਰ ‘ਪ੍ਰਿਆ ਕਾਗ’ ਨੂੰ ਮਾਰਨ ਲਈ ਅੱਗੇ ਵਧਿਆ ਪਰ ਲੋਕਾਂ ਨੇ ਉਸ ਨੂੰ ਰੋਕ ਲਿਆ। ਮਹਿਲਾ ਅਧਿਕਾਰੀ ਦੀ ਸ਼ਿਕਾਇਤ ’ਤੇ ਪੁਲਸ ਨੇ ‘ਇੰਦਰ ਸਿੰਘ ਚੌਹਾਨ’ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਨੂੰ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
* 19 ਮਈ ਨੂੰ ‘ਸ਼ਾਹਜਹਾਂਪੁਰ’ (ਉੱਤਰ ਪ੍ਰਦੇਸ਼) ’ਚ ਇਕ ਸਪਾ ਨੇਤਾ ‘ਸੰਦੀਪ ਯਾਦਵ’ ਉਰਫ਼ ‘ਗੁੱਡੂ’ ਨੇ ਆਪਣੇ ਗੁਆਂਢੀਆਂ ਦੀ ਗੈਰ-ਹਾਜ਼ਰੀ ’ਚ ਉਨ੍ਹਾਂ ਦੇ ਮਕਾਨ ’ਤੇ ਕਬਜ਼ਾ ਕਰਕੇ ਗੇਟ ’ਤੇ ਤਾਲਾ ਲਗਾ ਦਿੱਤਾ। ‘ਸ਼ਾਹਜਹਾਂਪੁਰ’ ਵਾਪਸ ਆਉਣ ’ਤੇ ਜਦੋਂ ਪੀੜਤ ਪਰਿਵਾਰ ਨੇ ਇਸ ’ਤੇ ਇਤਰਾਜ਼ ਕੀਤਾ ਤਾਂ ‘ਸੰਦੀਪ ਯਾਦਵ’ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਤ ਪਰਿਵਾਰ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ।
ਉਨ੍ਹਾਂ ਦੀ ਅਣਵਿਆਹੀ ਬੇਟੀ ਨੂੰ ਜ਼ਮੀਨ ’ਤੇ ਸੁੱਟ ਕੇ ਉਸ ’ਤੇ ਲਾਠੀਆਂ ਵਰ੍ਹਾਈਆਂ ਅਤੇ ਉਸ ਦੇ ਗੁਪਤ ਅੰਗ ’ਤੇ ਲਾਠੀ ਦੇ ਕਈ ਵਾਰ ਕੀਤੇ ਜਿਸ ਨੂੰ ਬੇਹੱਦ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
* 23 ਮਈ ਨੂੰ ‘ਭਰੂਚ’ (ਗੁਜਰਾਤ) ’ਚ ਪੁਲਸ ਨੇ ਭਾਜਪਾ ਵਿਧਾਇਕ ‘ਅਕਸ਼ੈ ਪਟੇਲ’ ਦੇ ਬੇਟੇ ਸਮੇਤ 5 ਲੋਕਾਂ ਵਿਰੁੱਧ ਇਕ ਕਬਾਇਲੀ ਡੰਪਰ ਚਾਲਕ ਨੂੰ ਜਾਤੀਸੂਚਕ ਗਾਲ੍ਹਾਂ ਕੱਢਣ, ਬੁਰੀ ਤਰ੍ਹਾਂ ਕੁੱਟਣ ਅਤੇ ਉਸ ਦੇ ਪੈਰ ਰੱਸੀ ਨਾਲ ਬੰਨ੍ਹ ਕੇ ਉਲਟਾ ਲਟਕਾਉਣ ਆਦਿ ਦੇ ਦੋਸ਼ ’ਚ ਕੇਸ ਦਰਜ ਕੀਤਾ।
* 27 ਮਈ ਨੂੰ ‘ਸਰਗੁਜਾ’ (ਛੱਤੀਸਗੜ੍ਹ) ’ਚ ਇਕ ਡਿਪਟੀ ਤਹਿਸੀਲਦਾਰ ਨੇ ਮੌਜੂਦਾ ਭਾਜਪਾ ਵਿਧਾਇਕ ‘ਰਾਮਕੁਮਾਰ ਟੋਪੋ’ ਅਤੇ ਉਸ ਦੇ ਸਮਰਥਕਾਂ ਵਿਰੁੱਧ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 2 ਜੂਨ ਨੂੰ ‘ਚੰਦੌਲੀ’ (ਉੱਤਰ ਪ੍ਰਦੇਸ਼) ’ਚ ਸਮਾਜਵਾਦੀ ਪਾਰਟੀ ਦੀ ‘ਮਹਿਲਾ ਸਭਾ’ ਦੀ ਜ਼ਿਲਾ ਪ੍ਰਧਾਨ ‘ਗਾਰਗੀ ਸਿੰਘ ਪਟੇਲ’ ਨੂੰ ਕਿਸੇ ਵਿਵਾਦ ਕਾਰਨ ਉਸੇ ਦੀ ਪਾਰਟੀ ਦੇ ‘ਮਨੋਜ ਯਾਦਵ’ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਘਰ ’ਚ ਵੜ ਕੇ ਵਾਲਾਂ ਤੋਂ ਫੜ ਕੇ ਘਸੀਟਣ ਤੋਂ ਇਲਾਵਾ ਲਾਠੀ-ਡੰਡਿਆਂ, ਲੋਹੇ ਦੀਆਂ ਛੜਾਂ, ਲੱਤਾਂ-ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟ ਸੁੱਟਿਆ ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ।
* 6 ਜੂਨ ਨੂੰ ‘ਦਿੱਲੀ’ (ਤਿਲਕ ਨਗਰ) ’ਚ ‘ਆਮ ਆਦਮੀ ਪਾਰਟੀ’ (ਆਪ) ਵਿਧਾਇਕ ਜਰਨੈਲ ਸਿੰਘ ਦੇ ਭਾਣਜੇ ਵਲੋਂ ਡਿਊਟੀ ’ਤੇ ਤਾਇਨਾਤ ਇਕ ਐੱਮ. ਸੀ. ਡੀ. ਕਰਮਚਾਰੀ ਨਾਲ ਬਦਸਲੂਕੀ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ।
ਪ੍ਰਭਾਵਸ਼ਾਲੀ ਲੋਕਾਂ ਅਤੇ ਉਨ੍ਹਾਂ ਦੇ ਸਕੇ-ਸੰਬੰਧੀਆਂ ਵਲੋਂ ਆਪਣੀ ਸ਼ਕਤੀ ਦੀ ਦੁਰਵਰਤੋਂ ਇਕ ਬਹੁਤ ਗਲਤ ਪਰੰਪਰਾ ਨੂੰ ਜਨਮ ਦੇਣ ਵਾਲਾ ਖ਼ਤਰਨਾਕ ਰੁਝਾਨ ਹੈ। ਜੇਕਰ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਆਮ ਲੋਕ ਵੀ ਪ੍ਰਤੀਕਿਰਿਆ ਵਜੋਂ ਇਨ੍ਹਾਂ ਦੀ ਹੀ ਤਰ੍ਹਾਂ ਕਾਨੂੰਨ ਆਪਣੇ ਹੱਥ ’ਚ ਲੈਣ ਲਈ ਮਜਬੂਰ ਹੋਣਗੇ ਅਤੇ ਇਸ ਦਾ ਨਤੀਜਾ ਸਾਰੀਆਂ ਧਿਰਾਂ ਲਈ ਦੁਖਦਾਈ ਹੀ ਹੋਵੇਗਾ।
—ਵਿਜੇ ਕੁਮਾਰ
